ਜਨਮ ਦਿਨ ਦਾ ਕੇਕ ਕੱਟਣ ਲਈ ਦੋਸਤ ਫੋਨ ਕਰਨ ਲੱਗੇ ਤਾਂ ਮਨ ਨੇ ਆਪਣੇ ਆਪ ਨੂੰ ਘੂਰੀ ਵੱਟੀ, ਕਿਸ ਲਈ ਕੱਟੀਏ ਕੇਕ? ਮੇਰੇ ਮੁਲਕ ਦਾ ਅੰਨ ਦਾਤਾ ਤਾਂ ਦਿੱਲੀ ਦੀਆਂ ਸੜਕਾਂ ਉਤੇ ਰੁਲ ਰਿਹਾ ਹੈ। ਦਿੱਲੀ ਤੋਂ ਲਾਸ਼ਾਂ ਆ ਰਹੀਆ ਨੇ ਤੇ ਅਸੀਂ ਕੇਕ ਕੱਟਦੇ ਫਿਰੀਏ? ਦੋਸਤਾਂ ਨੂੰ ਇਹ ਸੁਨੇਹਾ ਉਸ ਦਿਨ ਫੋਨ ਉਤੇ ਲਿਖ ਕੇ ਸੁਰਖੁਰੂ ਹੋ ਗਿਆ ਸਾਂ। ਬੈਠੇ ਬੈਠੇ ਯਾਦ ਆਇਆ ਕਿ ਉਦੋਂ ਛੇ ਸੱਤ ਸਾਲਾਂ ਦਾ ਹੋਵਾਂਗਾ। ਮਾਂ ਕੜਾਹੀ ਵਿਚ ਕੜਾਹ ਬਣਾ ਰਹੀ ਸੀ ਦੇਸੀ ਘਿਓ ਪਾ ਕੇ। ਕੜਾਹ ਨੂੰ ਕੜਾਹੀ ਦੇ ਥੱਲੇ ਨਾਲ ਲੱਗਣ ਤੋਂ ਬਚਾਉਂਦੀ, ਖੁਰਚਣਾ ਫੇਰਦੀ ਤੇ ਚੁੱਲੇ ਹੇਠਾਂ ਬਲ ਰਹੀ ਵੱਧ-ਘੱਟ ਅੱਗ ਦਾ ਧਿਾਅਨ ਰੱਖ ਰਹੀ ਸੀ ਮਾਂ। ਜਦ ਸੇਕਾ ਵਧ ਜਾਂਦਾ, ਲੱਕੜ ਦਾ ਟੋਟਾ ਬਾਹਰ ਖਿੱਚ੍ਹ ਲੈਂਦੀ, ਸੇਕਾ ਘਟ ਜਾਂਦਾ ਤਾਂ ਲੱਕੜ ਦਾ ਟੋਟਾ ਅਗਾਂਹ ਕਰ ਦਿੰਦੀ।
ਉਸ ਦਿਨ ਉਹਨੇ ਮੈਨੂ ਲੱਸੀ ਨਾਲ ਮਲ ਮਲ ਕੇ ਨੁਹਾਇਆ। ਨਿੱਕੀਆ ਨਿੱਕੀਆਂ ਬੂਟੀਆਂ ਤੇ ਫੁੱਲਾਂ ਵਾਲਾ ਸੋਹਣਾ ਝੱਗਾ ਤੇ ਨੀਕਰ ਮੇਰੇ ਪਾਈ। ਢਿੱਲੀ ਤੜਾਂਗੀ ਵੀ ਕੱਸ ਦਿੱਤੀ ਤੇ ਪੈਰੀਂ ਨਿੱਕੇ ਨਿੱਕੇ ਸੈਂਡਲ ਪਾ ਦਿੱਤੇ। ਸਿਰ ਦੇ ਵਾਲ ਸਰੋਂ ਦੇ ਤੇਲ ਨਾਲ ਚੋਪੜ ਦਿੱਤੇ ਤੇ ਵਧੇ ਹੋਏ ਵਾਲਾਂ ਦੀ ਛੋਟੀ ਜਿਹੀ ਜੂੜੀ ਕਰਦਿਆਂ ਰਬੜਾਂ ਚਾੜ੍ਹ ਦਿੱਤੀਆਂ। ਚੁੱਲੇ ਕੋਲ ਪਏ ਕਾਲੇ ਤਵੇ ਦੇ ਪਿੱਛਿਓਂ ਕਾਲਖ ਦੀ ਉਂਗਲ ਲਬੇੜੀ ਤੇ ਮੇਰੇ ਮੱਥੇ ਉਤੇ ਕਾਲਾ ਟਿੱਕਾ ਲਾ ਦਿੱਤਾ, “ਮੇਰੇ ਸੋਹਣੇ ਪੁੱਤ ਨਜ਼ਰ ਨਾ ਲੱਗੇ।” ਮਾਂ ਬੋਲੀ।
ਆਪਣੀ ਮੈਲੀ ਚੰਨੀ ਨਾਲ ਕਾਲਖ ਵਾਲੀ ਉਂਗਲ ਪੂੰਝ ਉਹਨੇ ਮੇਰੀ ਗੱਲ੍ਹ ਚੁੰਮੀ ਤੇ ਪੋਲੀ ਜਿਹੀ ਥਪੇੜੀ ਮਾਰਦਿਆਂ ਕਲੇਜੇ ਨਾਲ ਘੁੱਟ ਲਿਆ, “ਨੀਂ ਅੱਜ ਮੇਰੇ ਸੋਹਣੇ ਪੁੱਤ ਦਾ ਜਨਮ ਦਿਨ ਆਂ, ਅੱਜ ਦੇ ਦਿਨ ਜੰਮਿਆਂ ਸੀ ਮੇਰਾ ਲਾਲ ਤੇ ਮੈਂ ਜਿਊਦਿਆਂ ‘ਚ ਗਿਣੀ ਗਈ ਸਾਂ...ਜੁਗ ਜੁਗ ਜੀਵੇ...ਜੁਆਨੀਆਂ ਮਾਣੇ...ਮੇਰੇ ਪੈਰ ਲਾਉਣ ਵਾਲਾ ਪੁੱਤ...।” (ਮੇਰਾ ਛੋਟਾ ਭਰਾ ਤੇ ਭੈਣ, ਮੈਥੋਂ ਕਾਫੀ ਛੋਟੇ ਸਨ ਉਦੋਂ)। ਸਾਰੇ ਟੱਬਰ ਨੂੰ ਕੌਲੀਆਂ ਵਿਚ ਪਾ ਕੇ ਕੜਾਹ ਵੰਡਿਆ ਗਿਆ ਤੇ ਤੇ ਬਚਦਾ ਕੜਾਹ ਵੱਡੇ ਬਾਟੇ ਵਿਚ ਪਾ ਕੇ ਮਾਂ ਨਾਲ ਲਗਦੇ ਮਾਸੀ ਕੇ ਘਰ ਦੇਣ ਤੁਰ ਪਈ। ਤਾਏ ਰਾਮ ਨੇ ਮੈਨੂੰ ਪੰਜ ਰੁਪੱਈਏ ਸ਼ਗਨ ਦਿੱਤਾ ਸੀ ਤੇ ਦੋ ਰੁਪੱਈਏ ਮੇਰੀ ਦਾਦੀ ਨੇ... ਤੇ ਬਸ...ਉਹ ਦਿਨ ਲੰਘ ਗਿਆ ਇੱਕ ਸੁਪਨੇ ਵਾਂਗਰ।
ਸਮੇਂ ਦੇ ਰੰਗ
ਹੁਣ ਸਮੇਂ ਨੇ ਆਪਣੇ ਵੰਨ ਸੁਵੰਨੇ ਰੰਗ ਵਿਖਾਏ ਹਨ। ਫੇਸ ਬੁੱਕਾਂ ਰੋਜ਼ ਆਪਣੇ ਆਪ ਹੀ ਦੱਸਣ ਲੱਗ ਪਈਆਂ ਨੇ ਜਨਮ ਦਿਨਾਂ ਬਾਰੇ ਤੇ ਮੈਰਿਜ ਜੁਬਲੀਆਂ ਬਾਰੇ। ਦੋਸਤ ਮਿੱਤਰ ਤੇ ਸੁਭਚਿੰਤਕ ਹਰ ਵਾਰ ਮੋਹ ਭਰੀ ਜਿੱਦ ਕਰਦੇ ਨੇ ਕੇਕ ਕੱਟਣ ਦੀ, ਫੋਟੋਆਂ ਖਿੱਚ੍ਹ ਕੇ ਸਾਂਝੀਆਂ ਕਰਨ ਦੀ। ਪਰ ਪਤਾ ਨਹੀਂ ਮੈਂ ਕੇਕ ਕਟਵਾਉਣ ਤੋਂ ਕਿਉਂ ਭਜਦਾ ਹਾਂ? ਹੁਣੇ ਜਿਹੇ 15 ਮਾਰਚ ਲੰਘੀ ਹੈ, ਵਧਾਈਆਂ ਦੇ ਢੇਰ ਮਿਲੇ ਹਨ। ਪਰ ਕੇਕ ਕੱਟਣ ਵਾਲੇ ਮਿੱਤਰਾਂ ਨੂੰ ਪਹਿਲਾਂ ਹੀ ਸੁਨੇਹੇ ਲਿਖ ਦਿੱਤੇ ਸਨ ਕਿ ਕੇਕ ਓਦਣ ਕੱਟਾਂਗੇ, ਜਿੱਦਣ ਸਾਡੇ ਕਿਸਾਨ ਜਿੱਤ ਕੇ ਦਿੱਲੀ ਤੋਂ ਪਿੰਡਾਂ ਨੂੰ ਮੁੜਨਗੇ। ਸਾਡੇ ਹੱਕ ਸਾਨੂੰ ਮਿਲਣਗੇ ਤੇ ਖੇਤੀ ਦੇ ਕਾਲੇ ਕਾਨੂੰਨਾਂ ਉਤੇ ਲੀਕ ਫਿਰੇਗੀ, ਉਸ ਦਿਨ ਕੱਟਾਂਗੇ ਆਪਾਂ ਕੇਕ ਬੇਲੀਓ ਤੇ ਏਸ ਵਾਰ ਲੱਗੇਗੀ ਬਰੇਕ ਬੇਲੀਓ। ਅੱਜ ਏਨਾ ਹੀ ਕਾਫੀ, ਬਾਕੀ ਦੇਣਾ ਮਾਫੀ!।।
-
ਨਿੰਦਰ ਘੁਗਿਆਣਵੀ, ਲੇਖਕ
ninderghugianvi2016@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.