ਹਰ ਦਿਵਸ ਹੀ ਕਵਿਤਾ ਵਰਗਾ ਹੋ ਸਕੇ, ਇਹੀ ਕਾਮਨਾ ਹੈ। ਧਰਤੀ ਦੇ ਬੰਧਨ ਕੱਟਣਹਾਰੇ ਸੂਰਮਿਆਂ ਦਾ ਅਗਲੇ ਦਿਨੀਂ ਕੁਰਬਾਨੀ ਦਿਹਾੜਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ 23 ਮਾਰਚ ਨੂੰ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ ਸਨ ਜਦ ਕਿ ਮੱਧ ਕਾਲ ਦਾ ਸੂਰਮਾ ਦੁੱਲਾ ਭੱਟੀ ਅਕਬਰ ਬਾਦਸ਼ਾਹ ਨਾਲ ਲੜਨ ਕਾਰਨ ਸ਼ਹੀਦ ਹੋਇਆ ਸੀ।
ਕਵਿਤਾ ਵਰਗੀ ਜ਼ਿੰਦਗੀ ਤਾਂਘਦੇ ਸੂਰਮਿਆਂ ਨੂੰ ਸਲਾਮ!
ਹੁਣ ਸਵਾਲ ਹੈ ਕਿ ਮੈ ਕਵਿਤਾ ਨੂੰ ਕੀ ਸਮਝਦਾ ਹਾਂ। ਮੈਂ ਆਪਣੀ ਕਾਵਿ ਕਿਤਾਬ ਧਰਤੀ ਨਾਦ ਵਿੱਚ ਪੰਦਰਾਂ ਸਾਲ ਪਹਿਲਾਂ ਹੀ ਲਿਖ ਚੁਕਾ ਹਾਂ। ਮੇਰੀ ਸਮਝ ਉਸ ਕਵਿਤਾ ਚੋਂ ਤੁਸੀਂ ਵੀ ਪੜ੍ਹੋ।
ਕਵਿਤਾ ਵਹਿਣ ਨਿਰੰਤਰ
ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾ
ਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ।
ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ।
ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ,
ਇਸ ਦੀ ਬੁੱਕਲ ਬਹਿੰਦੇ ਸਾਰੇ।
ਇਕਲਾਪੇ ਵਿਚ ਆਤਮ-ਬਚਨੀ।
ਗੀਤ ਕਿਸੇ ਕੋਇਲ ਦਾ ਸੱਚਾ।
ਅੰਬਾਂ ਦੀ ਝੰਗੀ ਵਿਚ ਬਹਿ ਕੇ,
ਜੋ ਉਹ ਖ਼ੁਦ ਨੂੰ ਆਪ ਸੁਣਾਵੇ।
ਜਿਉਂ ਅੰਬਰਾਂ 'ਚੋਂ,
ਸੜਦੀ ਤਪਦੀ ਧਰਤੀ ਉੱਪਰ ਮੀਂਹ ਵਰ੍ਹ ਜਾਵੇ।
ਪਹਿਲੀਆਂ ਕਣੀਆਂ ਪੈਣ ਸਾਰ ਜੋ,
ਮਿੱਟੀ 'ਚੋਂ ਇਕ ਸੋਂਧੀ ਸੋਂਧੀ ਖੁਸ਼ਬੂ ਆਵੇ।
ਓਹੀ ਤਾਂ ਕਵਿਤਾ ਅਖਵਾਏ।
ਕਵਿਤਾ ਤਾਂ ਜ਼ਿੰਦਗੀ ਦਾ ਗਹਿਣਾ,
ਇਸ ਬਿਨ ਰੂਹ ਵਿਧਵਾ ਹੋ ਜਾਵੇ।
ਰੋਗਣ ਸੋਗਣ ਮਨ ਦੀ ਬਸਤੀ,
ਤਰਲ ਜਿਹਾ ਮਨ,
ਇਕ ਦਮ ਜਿਉਂ ਪੱਥਰ ਬਣ ਜਾਵੇ।
ਸ਼ਬਦ 'ਅਹੱਲਿਆ' ਬਣ ਜਾਵੇ ਤਾਂ
ਕਵਿਤਾ ਵਿਚਲਾ 'ਰਾਮ' ਜਗਾਵੇ।
ਕਵਿਤਾ ਤਾਂ ਸਾਹਾਂ ਦੀ ਸਰਗਮ,
ਜੀਵੇ ਤਾਂ ਧੜਕਣ ਬਣ ਜਾਵੇ।
ਨਿਰਜਿੰਦ ਹਸਤੀ ਚੁੱਕ ਨਾ ਹੋਵੇ,
ਜਦ ਤੁਰ ਜਾਵੇ।
ਜ਼ਿੰਦਗੀ ਦੀ ਰਣ ਭੂਮੀ ਅੰਦਰ,
ਕਦੇ ਇਹੀ ਅਰਜੁਨ ਬਣ ਜਾਵੇ।
ਮੱਛੀ ਦੀ ਅੱਖ ਵਿੰਨ੍ਹਣ ਖ਼ਾਤਰ,
ਇਕ ਸੁਰ ਹੋਵੇ,
ਸਿਰਫ਼ ਨਿਸ਼ਾਨਾ ਫੁੰਡਣਾ ਚਾਹੇ।
ਪਰ ਸ਼ਬਦਾਂ ਦੀ ਅਦਭੁਤ ਲੀਲ੍ਹਾ,
ਚਿੱਲੇ ਉੱਪਰ ਤੀਰ ਚਾੜ੍ਹ ਕੇ,
ਸੋਚੀ ਜਾਵੇ।
ਆਪਣੀ ਜਿੱਤ ਦੀ ਖ਼ਾਤਰ,
ਮੱਛੀ ਨੂੰ ਵਿੰਨ੍ਹ ਦੇਵਾਂ?
ਇਹ ਨਾ ਭਾਵੇ।
ਕਵਿਤਾ ਤਾਂ ਸਾਜ਼ਾਂ ਦਾ ਮੇਲਾ,
ਸ਼ਬਦਾਂ ਦੀ ਟੁਣਕਾਰ ਜਗਾਵੇ।
ਤਬਲੇ ਦੇ ਦੋ ਪੁੜਿਆਂ ਵਾਂਗੂੰ
ਭਾਵੇਂ ਅੱਡਰੀ-ਅੱਡਰੀ ਹਸਤੀ,
ਮਿੱਲਤ ਹੋਵੇ ਇਕ ਸਾਹ ਆਵੇ।
ਕਾਇਨਾਤ ਨੂੰ ਝੂੰਮਣ ਲਾਵੇ।
ਬਿਰਖ਼ ਬਰੂਟਿਆਂ ਸੁੱਕਿਆਂ 'ਤੇ ਹਰਿਆਵਲ ਆਵੇ।
ਤੂੰਬੀ ਦੀ ਟੁਣਕਾਰ ਹੈ ਕਵਿਤਾ।
ਖੀਵਾ ਹੋ ਕੇ ਜਦ ਕੋਈ ਯਮਲਾ ਪੋਟੇ ਲਾਵੇ।
ਕਣ ਕਣ ਫੇਰ ਵਜਦ ਵਿਚ ਆਵੇ।
ਸਾਹ ਨੂੰ ਰੋਕਾਂ, ਧੜਕਣ ਦੀ ਰਫ਼ਤਾਰ ਨਾ ਕਿਧਰੇ,
ਮੇਰੇ ਤੋਂ ਪਲ ਖੋਹ ਲੈ ਜਾਵੇ।
ਇਹ ਕਰਤਾਰੀ ਪਲ ਹੀ ਤਾਂ ਕਵਿਤਾ ਅਖਵਾਵੇ।
ਕਵਿਤਾ ਤਾਂ ਕੇਸੂ ਦਾ ਫੁੱਲ ਹੈ,
ਖਿੜਦਾ ਹੈ ਜਦ ਜੰਗਲ ਬੇਲੇ।
ਅੰਬਰ ਦੇ ਵਿਚ,
ਰੰਗਾਂ ਦੇ ਫਿਰ ਲੱਗਦੇ ਮੇਲੇ।
ਤਪਦੇ ਜੂਨ ਮਹੀਨੇ ਵਿਚ ਵੀ,
ਬਿਰਖ਼ ਨਿਪੱਤਰੇ ਦੀ ਟਾਹਣੀ 'ਤੇ,
'ਕੱਲ੍ਹਾ ਖਿੜਦਾ, 'ਕੱਲਾ ਬਲ਼ਦਾ।
ਇਹ ਨਾ ਟਲ਼ਦਾ।
ਕਹਿਰਵਾਨ ਸੂਰਜ ਵੀ ਘੂਰੇ,
ਵਗਣ ਵਰ੍ਹੋਲੇ, ਅੰਨ੍ਹੇ ਬੋਲੇ,
ਆਪਣੀ ਧੁਨ ਦਾ ਪੱਕਾ,
ਇਹ ਨਾ ਪੈਰੋਂ ਡੋਲੇ।
ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,
ਕਵਿਤਾ ਮੇਰੀ ਧਿਰ ਬਣ ਜਾਵੇ।
ਮਸਲੇ ਦਾ ਹੱਲ ਨਹੀਂ ਦੱਸਦੀ,
ਤਾਂ ਫਿਰ ਕੀ ਹੋਇਆ?
ਦਏ ਹੁੰਗਾਰਾ ਫਿਰ ਅੰਬਰੋਂ 'ਨੇਰ੍ਹਾ ਛਟ ਜਾਵੇ।
ਰਹਿਮਤ ਬਣ ਜਾਂਦੀ ਹੈ ਕਵਿਤਾ,
ਜਦ ਬੰਦਾ ਕਿਧਰੇ ਘਿਰ ਜਾਵੇ।
ਜਦ ਫਿਰ ਜਾਪੇ ਸਾਹ ਰੁਕਦਾ ਹੈ,
ਅਗਲਾ ਸਾਹ ਹੁਣ ਖ਼ਬਰੇ,
ਆਵੇ ਜਾਂ ਨਾ ਆਵੇ।
ਪੋਲੇ ਪੈਰੀਂ ਤੁਰਦੀ-ਤੁਰਦੀ ਨੇੜੇ ਆਵੇ।
ਜੀਕਣ ਮੇਰੀ ਜੀਵਨ ਸਾਥਣ,
ਅਣਲਿਖਿਆ ਕੋਈ ਗੀਤ ਸੁਣਾਵੇ।
ਮਨ ਦਾ ਚੰਬਾ ਖਿੜ-ਖਿੜ ਜਾਵੇ।
ਮਖ਼ਮੂਰੀ ਵਿਚ ਮੈਨੂੰ,
ਕੁਝ ਵੀ ਸਮਝ ਨਾ ਆਵੇ।
ਕਵਿਤਾ ਵਹਿਣ ਨਿਰੰਤਰ ਜੀਕੂੰ,
ਚਸ਼ਮਿਉਂ ਫੁੱਟੇ, ਧਰਤੀ ਸਿੰਜੇ,
ਤੇ ਆਖ਼ਰ ਨੂੰ ਅੰਬਰ ਥਾਣੀਂ,
ਤਲਖ਼ ਸਮੁੰਦਰ ਵਿਚ ਰਲ ਜਾਵੇ।
ਆਪਣੀ ਹਸਤੀ ਆਪ ਮਿਟਾਵੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.