ਲੁਧਿਆਣਾ, ਜਿਹੜਾ ਬੇਤਰਤੀਬ ‘ਵਿਕਾਸ’ ਦੀ ਵਜ੍ਹਾ ਨਾਲ ਪੰਜਾਬ ਦਾ ਮਾਨਚੈਸਟਰ ਕਹਾਉਂਦਾ ਹੈ, ਏਸ ਉਦਯੋਗਕ ਸ਼ਹਿਰ ਦੇ ਕਾਲਪਨਿਕ ਉੱਜਲੇ ਪੱਖਾਂ ਬਾਰੇ ਅਸੀਂ ਫ਼ਰਜ਼ੀ ਖ਼ਬਰਾਂ ਤੇ ਤਾਰੀਫਾਂ ਵਗੈਰਾ ਪੜ੍ਹਦੇ ਰਹਿੰਦੇ ਹਾਂ ਪਰ ਓਥੋਂ ਦੇ ਮਾਇਆ-ਲੋਭੀ ਸਨਅਤਕਾਰਾਂ ਦੇ ਕਾਲੇ ਕਾਰੇ ਸਾਡੇ ਤੀਕ ਪੁੱਜਦੇ ਈ ਨਹੀਂ ਹਨ. ਦੂਰ ਕੀ ਜਾਣਾ ! ਭੱਖਦੀ ਮਿਸਾਲ ਤਾਂ ਬੁੱਢੇ ਦਰਿਆ ਦੀ ਹੈ, ਜਿਹੜਾ ਹੁਣ ਨਾ ਤਾਂ ਭਰ ਵੱਗਦਾ ਦਰਿਆ ਹੈ ਤੇ ਨਾ ਇਨਸਾਨੀ ਸੱਭਿਅਤਾ ਲਈ ਲਾਭਕਾਰੀ ਹੈ ਪਰ ਹਜ਼ਾਰਾਂ ਕਿਲੋ ਗਾਰ ਤੇ ਭਿਅੰਕਰ ਕੈਮੀਕਲਾਂ ਦਾ ਜ਼ਖੀਰਾ ਬਣ ਚੁੱਕਿਆ ਇਹ ਗੰਦਲਾ ‘ਰੋੜ੍ਹ’ ਇਨਸਾਨੀ ਵਜੂਦ ਲਈ ਖ਼ਤਰਾ ਬਣ ਚੁੱਕਿਆ ਹੈ.
****
ਲੰਘੀ ਸੋਲ੍ਹਾਂ ਮਾਰਚ ਦੇ ਨੇੜੇ ਅਹਿਮਤਰੀਨ ਘਟਨਾ ਵਾਪਰੀ ਹੈ, ਮੂਲਕ ਦੀ ਕੇਂਦਰ ਸਰਕਾਰ ਨੇ ਆਪਣੀ ਤਰਫ਼ੋਂ ਨੁਮਾਇੰਦਾ ਟੀਮ ਨੂੰ ਓਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਘੱਲਿਆ ਸੀ ਜਿਹਦੇ ਜ਼ਿੱਮੇ ਇਹ ਕਾਰਜ ਲੱਗਿਆ ਸੀ ਕਿ ਉਸ ਨੇ ਬੁੱਢਾ ਦਰਿਆ ਵਿਚ ਕੈਮੀਕਲ ਵਾਲੀ ਰਹਿੰਦ ਖੂੰਹਦ ਸੁੱਟ ਰਹੇ ਕਾਰਖ਼ਾਨਾਦਾਰਾਂ ਦੀ ਸ਼ਨਾਖ਼ਤ ਕਰਨੀ ਹੈ, ਏਸੇ ਨਿਰਦੇਸ਼ ਦੇ ਮੁਜਬ ਕੇਂਦਰੀ ਟੀਮ ਲੁਧਿਆਣਾ ਪੁੱਜੀ.ਸੂਰਤੇਹਾਲ ਦਾ ਦੂਜਾ ਪਾਸਾ ਇਹ ਹੈ ਕਿ "ਗੰਦਗੀ ਦਾ ਰੋੜ੍ਹ" ਜੀਹਨੂੰ ਬੁੱਢੇ ਦਰਿਆ ਦਾ ਨਾਂ ਦਿੱਤਾ ਗਿਆ ਹੈ, ਹੁਣ ਪੰਜਾਬ ਦੀਆਂ ਜੂਹਾਂ ਟੱਪ ਕੇ ਰਾਜਸਥਾਨ ਦੇ ਪਾਣੀ ਨੂੰ ਪਲੀਤ ਤੇ ਮਲੀਨ ਕਰ ਰਿਹਾ ਹੈ, ਯਕੀਨ ਨਹੀਂ ਆਉਂਦਾ ਤਾਂ ਆਓ ਕੁਝ ਦਿਨ ਪੁਰਾਣੀਆਂ ਮੀਡੀਆ ਰਿਪੋਰਟਾਂ ਨੂੰ ਘੋਖਦੇ ਹਾਂ.
ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਦਾ ‘ਪਾਣੀ ਸੰਭਾਲ ਮੰਤਰਾਲਾ’ ਤੇ ਇਸ ਵਜ਼ਾਰਤ ਦੇ ਮਾ-ਤਹਿਤ ਅਫਸਰਾਂ ਲਈਜ਼ਹਿਰੀ ਧਾਤਾਂ ਵਾਲਾ ਇਹ ਬੁੱਢਾ ਠੇਰਾ ਦਰਿਆ, ਗਲ਼ ਦੀ ਹੱਡੀ ਬਣ ਚੁੱਕਿਆ ਹੈ. ਵਜ੍ਹਾ ਇਹ ਹੈ ਕਿ ਏਸ ਦਰਿਆ ਦਾ ਕਾਲਾ ਵਹਾਅ, ਕੁਲ ਦੁਨੀਆ ਵਿਚ ਸਾਡੇ ਦੇਸ ਦਾ ਨਾਂ ਖ਼ਰਾਬ ਕਰ ਰਿਹਾ ਹੈ.
***
ਭਰੋਸਾਯੋਗ ਸੂਤਰ ਦੱਸਦੇ ਹਨ “ਬੁੱਢਾ ਦਰਿਆ ਦੇ ਗੰਦੇ ਤੇ ਸਿਹਤ-ਮਾਰੂ ਪਾਣੀ ਦੀ ਮਾਰ, ਸਾਡੇ ਵਤਨ ਭਾਰਤ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਜੱਦੀ ਸੂਬਾ ਰਾਜਸਥਾਨ (ਵੀ) ਝੱਲ ਰਿਹਾ ਹੈ। ਕੇਂਦਰ ਦਾ ਇਹ ਮੰਤਰੀ ਹੁਣ ਬੁੱਢਾ ਦਰਿਆ ਦੇ ਕਾਲੇ ਜ਼ਹਿਰੀ ਵਹਾਅ ਦੇ ਮਸਲੇ ਕਾਰਨ ਸਖਤੀ ਦੇ ਰੌ ਵਿਚ ਹੈ"। ਭੇਤੀ ਦੱਸਦੇ ਨੇ ਕਿ ਰਾਜਸਥਾਨ ਦੀ ਸੂਬਾ ਸਰਕਾਰ ਵਾਰ-ਵਾਰ ਕੇਂਦਰ ਸਰਕਾਰ ਨੂੰ ਲੁੱਧਿਆਣੇ ਦੇ ਬੁੱਢਾ ਦਰਿਆ ਨੂੰ ਜ਼ਹਿਰੀ ਧਾਤਾਂ ਤੋਂ ਮੁਕਤ ਕਰਾਉਣ ਲਈ ਪ੍ਰਾਜੈਕਟ ‘ਸ਼ੁਰੁੂ’ ਕਰਨ ਦਾ ਵਾਸਤਾ ਪਾਉਂਦੀ ਰਹੀ ਹੈ।
*****
ਰਾਜਸਥਾਨ ਸਰਕਾਰ ਦੇ ਤਮਾਮ ਦਾਵਿਆਂ ਦੀ ਹਕੀਕਤ ਪਰਖਣ ਲਈ ਕੇਂਦਰੀ ਮੰਤਰੀ ਨੇ ਦਿੱਲੀ ਤੋਂ ਕੇਂਦਰੀ ਟੀਮ, ਸੋਲ੍ਹਾਂ ਮਾਰਚ ਨੂੰ ਲੁਧਿਆਣੇ ਭੇਜੀ ਸੀ। ਕੇਂਦਰੀ ਟੀਮ ਨੇ ਬੁੱਢਾ ਦਰਿਆ ਵਿਚ, ਜਾਣ ਬੁੱਝ ਕੇ, ਕਈ ਸਾਲਾਂ ਤੋਂ ਆਪਣੇ ਕਾਰਖਾਨਿਆਂ ਦੇ ਜ਼ਹਿਰੀ ਧਾਤਾਂ ਵਾਲੇ ਅਨਟ੍ਰੀਟਿਡ ਪਾਣੀ ਨੂੰ ਧੋਖੇ ਨਾਲ ਪਾਉਣ ਤੇ ਕੁਲ ਲੋਕਾਈ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਦੇ ਬਾਵਜੂਦ, ਸਨਅਤੀ ਉਦੱਮੀਆਂ ਉੱਤੇ ਬਣਦੀ ਸਖ਼ਤੀ ਨਾ ਕਰਨ ਕਰ ਕੇ, ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਏਸ ਜ਼ਹਿਰੀਲੇ ਕਾਲੇ ਰੋੜ੍ਹ ਵਾਲੇ ਦਰਿਆ ਨੂੰ ਜ਼ਹਿਰੀ ਧਾਤਾਂ ਤੋਂ ਨਜਾਤ ਦੁਆ ਕੇ, ਸਾਫ਼ ਸ਼ਫ਼ਾਫ਼ ਬਣਾਉਣ ਦੇ ਪ੍ਰਾਜੈਕਟ ਵਿਚ ਹੋ ਰਹੀ ਦੇਰ ’ਤੇ ਮਲਾਲ ਜ਼ਾਹਰ ਕੀਤਾ।
******
ਕੇਂਦਰੀ ਟੀਮ ਨੇ ਪੀ.ਸੀ.ਸੀ.ਬੀ. ਦੇ ਅਫਸਰਾਂ ਨੂੰ ਦੋ ਟੁੱਕ ਆਖ ਦਿੱਤਾ ਕਿ ਜਿਹੜੀਆਂ ਏਜੰਸੀਆਂ ਦੇ ਵਿਹਲੜ ਅਫ਼ਸਰ ਪ੍ਰਾਜੈਕਟਾਂ ਵਿਚ ਦੇਰ ਕਰ ਰਹੇ ਹਨ, ਉਨ੍ਹਾਂ ਦੀ ਜਵਾਬਤਲਬੀ ਕੀਤੀ ਜਾਵੇ... ਹੁਣ ਦਰਿਆ ਨੂੰ ਜ਼ਿਆਦਾ ਦੇਰ ਤਕ ਜ਼ਹਿਰੀਲਾ ਨਹੀਂ ਰਹਿਣ ਦਿੱਤਾ ਜਾਵੇਗਾ। ਕੇਂਦਰੀ ਟੀਮ ਨੇ ਪੀ.ਸੀ.ਸੀ.ਬੀ ਨੂੰ ਹੁਕ਼ਮ ਕੀਤੇ ਕਿ ਜਿਹੜੇ ਕਾਰਖ਼ਾਨਾ ਮਾਲਕ, ਦਰਿਆ ਨੂੰ ਜ਼ਹਿਰੀ ਬਣਾ ਚੁੱਕੇ ਹਨ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਅਤੇ ਉਨ੍ਹਾਂ ਨੂੰ ਦਰਿਆ ਵਿਚ ਜ਼ਹਿਰੀ ਧਾਤਾਂ ਸੁੱਟਣ ਤੋਂ ਰੋਕਿਆ ਜਾਵੇ। ਓਹ ਸਨਅਤੀ ਉੱਦਮੀ ਹਨ, ਸੈਂਕੜੇ ਕਾਮਿਆਂ ਨੂੰ ਰੁਜ਼ਗਾਰ ਦੇ ਰਹੇ ਨੇ ਪਰ ਇਹਦਾ ਕੁਲ ਮਤਲਬ ਇਹ ਨਹੀਂ ਕਿ ਇਹ ਅਯਾਸ਼ ਕਾਰਖ਼ਾਨਾ ਮਾਲਕ, ਚੌਗਿਰਦਾ ਖ਼ਰਾਬ ਕਰਨ ਲਈ ਖੁੱਲ੍ਹੇ ਛੱਡ ਦਿੱਤੇ ਨੇ...ਨਹੀਂ... ਕਦੇ ਵੀ ਨਹੀਂ.. !
******
ਕੇਂਦਰੀ ਟੀਮ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਤਰਫ਼ੋਂ ਰਿਜਨਲ ਅਫਸਰ ਸੁਨੀਲ ਦੇਵ, ਨੈਸ਼ਨਲ ਰਿਵਰ ਕੰਜਰਵੇਸ਼ਨ ਡਾਇਰੈਕਟੋਰੇਟ ਦੀ ਤਰਫ਼ੋਂ ਸੰਜੇ ਕੁਮਾਰ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਦੀ ਤਰਫ਼ੋਂ ਡਾ. ਪ੍ਰਵੀਨ ਤੇ ਮਾ-ਤਹਿਤ ਟੀਮ ਲੁਧਿਆਣੇ ਪੁੱਜੀ ਸੀ. ਟੀਮ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲਿਆ। ਭੇਤ ਖੁੱਲ੍ਹ ਗਿਆ ਕਿ ਨਿਗਮ ਦੇ ਬਹੁਤੇ ਟਰੀਟਮੈਂਟ ਪਲਾਂਟ ਕੰਮ ਨਹੀਂ ਕਰ ਰਹੇ ਹਨ, ਇਸ ਵਜ੍ਹਾ ਨਾਲ ਕੇਂਦਰੀ ਟੀਮ ਨੇ ਨਾਰਾਜ਼ਗੀ ਪ੍ਰਗਟਾਈ। ਪੀ.ਪੀ.ਸੀ.ਬੀ ਦੇ ਅਫਸਰਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਸੀਵਰੇਜ ਟਰੀਟਮੈਂਟ ਪਲਾਂਟ ਅਪਗਰੇਡ ਕੀਤੇ ਜਾ ਰਹੇ ਹਨ ਅਤੇ ਦੋ ਸਾਲਾਂ ਵਿਚ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਟੀਮ ਨੇ ਸੀ.ਈ.ਟੀ.ਪੀ ਦਾ ਜਾਇਜ਼ਾ ਲਿਆ।
*******
ਬਹਾਦਰਕੇ ਰੋਡ ’ਤੇ ਬਣੇ ਸੀ.ਈ.ਟੀ.ਪੀ. ’ਤੇ ਸੰਤੁਸ਼ਟੀ ਜ਼ਾਹਰ ਕੀਤੀ ਪਰ ਬਾਕੀ ਦੇ 2 ਸੀ.ਈ.ਟੀ.ਪੀਜ਼ ਦਾ ਕੰਮ ਸ਼ੁਰੂ ਨਾ ਹੋਣ ’ਤੇ ਗੁੱਸਾ ਜ਼ਾਹਰ ਕੀਤਾ ਗਿਆ ਹੈ. ਉਸ ਤੋਂ ਬਾਅਦ ਟੀਮ ਦੇ ਜੀਆਂ ਨੇ ਡੇਅਰੀਆਂ ਦਾ ਜਾਇਜ਼ਾ ਲਿਆ ਪਰ ਓਥੇ ਕਿਹੜਾ ਹਾਲਤ ਚੰਗੀ ਸੀ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਗੁਲਸ਼ਣ ਰਾਏ ਨੂੰ ਸਖਤ ਹਦਾਇਤ ਕਰਦਿਆਂ ਹੋਇਆਂ ਕਿਹਾ ਕਿ ਜਿਹੜੀਆਂ ਏਜੰਸੀਆਂ ਦਰਿਆ ਨੂੰ ਸਾਫ ਕਰਨ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਤੈਅ ਡੈੱਡਲਾਈਨ (ਆਖ਼ਰੀ ਵਕ਼ਤ) ਤਕ ਇਹ ਲੋਕ-ਕਾਰਜ ਮੁਕੰਮਲ ਕਰਨਾ ਪਏਗਾ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਚੀਫ ਇੰਜੀਨੀਅਰ ਨੂੰ ਕਿਹਾ, "ਸੀ.ਈ.ਟੀ.ਪੀ. ਨੂੰ ਫ਼ੌਰੀ ਬਿਜਲੀ ਕੁਨੈਕਸ਼ਨ ਦਿਓ."
*******
ਅਸੀਂ ਕਿਓਂ ਹਾਂ ਫ਼ਿਕ਼ਰਮੰਦ?
ਲੁਧਿਆਣਾ ਹੀ ਨਹੀਂ, ਸਾਰੇ ਪੰਜਾਬ ਦੇ ਪਾਣੀ ਮਾਮਲਿਆਂ ਦੇ ਮਾਹਰਾਂ ਤੋਂ ਅਲਾਵਾ ਲੋਕ ਹਿਤੈਸ਼ੀ ਕਾਰਕੁਨ ਜਿੱਥੇ ਕੇਂਦਰੀ ਟੀਮ ਦੀ ਫੇਰੀ ਤੋਂ ਉਤਸ਼ਾਹਤ ਹਨ ਓਥੇ ਏਸ ਗੱਲੋਂ ਫ਼ਿਕ਼ਰਮੰਦ ਹਨ ਕਿ ਕਿਤੇ ਕਾਰਖ਼ਾਨਾ ਮਾਲਕਾਂ ਦੀ ਕੂਟ ਕੁਨੀਤੀ ਕਾਰਨ ਪੰਜਾਬ ਤੇ ਰਾਜਸਥਾਨ ਵਿਚਾਲੇ ਵੈਰ ਨਾ ਪੈ ਜਾਵੇ. ਇਕ ਤਾਂ ਸਤਲੁਜ ਜਮਨਾ ਲਿੰਕ ਨਹਿਰ ਦਾ ਹਊਆ ਬਣਾ ਕੇ ਪੰਜਾਬ ਤੇ ਹਰਿਆਣੇ ਦੇ ਜਗੀਰਦਾਰਾਂ ਨੇ ਦੋਵਾਂ ਸੂਬਿਆਂ ਵਿਚਾਲੇ ਖ਼ਿਆਲੀ ਦੁਸ਼ਮਣੀ ਦੀ ਕੰਧ ਉਸਾਰ ਦਿੱਤੀ ਹੋਈ ਹੈ ਕਿਤੇ ਕਾਰਖ਼ਾਨਾਦਾਰਾਂ ਦੇ ਨਿਜੀ ਲੋਭ ਕਾਰਨ ਰਾਜਸਥਾਨ, ਪੰਜਾਬ ਨਾਲ ਵੈਰ ਭਾਵ ਰੱਖਣ ਦਾ ਇਰਾਦਾ ਨਾ ਕਰ ਲਵੇ. ਏਸ ਸਾਜ਼ਸ਼ ਨੂੰ ਪਨਪਣ ਨਹੀਂ ਦਿੱਤਾ ਜਾਣਾ ਚਾਹੀਦਾ. ਇਹ ਬੁੱਢਾ ਦਰਿਆ ਤਾਂ ਜ਼ਹਿਰੀ ਧਾਤਾਂ ਵਾਲੇ ਪਾਣੀ ਦਾ ਰੋੜ੍ਹ ਹੈ ਪਰ ਇਸ ਜ਼ਹਿਰੀਲੇ ਪਾਣੀ ਵਿਚ ਸ਼ਾਮਲ ਕੈਮੀਕਲ ਧਾਤਾਂ ਜਿੱਥੇ ਪੰਜਾਬ ਵਿਚ ਤਬਾਹੀ ਵਰਤਾਅ ਚੁੱਕੀਆਂ ਹਨ ਓਥੇ ਰਾਜਸਥਾਨ ਦੇ ਪਾਣੀਆਂ ਵਿਚ ਜ਼ਹਿਰੀ ਧਾਤਾਂ ਨੂੰ ਰਲਾਉਣ ਲਈ ਬੁੱਢਾ ਦਰਿਆ ਵਹਾਅਸ਼ੀਲ ਨਜ਼ਰ ਆ ਰਿਹਾ ਹੈ.
**** ਮੰਤ੍ਰੀ ਮਹੋਦਯ ਗਜੇਂਦਰ ਸ਼ੇਖਾਵਤ ਤਾਂ ਏਸ ਮਾਮਲੇ ਨੂੰ ਵੋਟ ਬੈਂਕ ਦੇ ਨਜ਼ਰੀਏ ਵਿੱਚੋਂ ਵੇਖਦੇ ਹੋ ਸਕਦੇ ਹਨ ਪਰ ਇਹ ਰਾਜਸਥਾਨ ਦੇ ਲੋਕਾਂ ਦੀ ਸਿਹਤ ਸਲਾਮਤੀ ਦਾ (ਵੀ) ਸੁਆਲ ਹੈ ਤੇ ਇਹ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਦਾ ਮਸਲਾ ਵੀ ਹੈ. ਬੁੱਢਾ ਦਰਿਆ ਓਹ ਸੰਤਾਪ ਹੈ, ਜਿਹੜਾ ਪੰਜਾਬ ਦੀ ਲੋਕਾਈ ਲਈ ਸਰਾਪ ਤੋਂ ਘੱਟ ਨਹੀਂ ਹੈ.
*********
ਸਖ਼ਤੀ ਕੀਤਿਆਂ ਹੀ ਰੁਕ ਸਕੇਗੀ ਸਾਲਾਂ ਪੁਰਾਣੀ ਸਾਜ਼ਸ਼
ਬੁੱਢਾ ਦਰਿਆ ਵਿਚ ਕਾਰਖਾਨਿਆਂ ਦੀਆਂ ਜ਼ਹਿਰੀ ਧਾਤਾਂ ਪਾ ਰਹੇ ਸਨਅਤੀ ਉੱਦਮੀਆਂ ਨੂੰ ਸਬਕ਼ ਸਿਖਾਏ ਬਿਨਾਂ ਇਹ ਮਸਲਾ ਹੱਲ ਨਹੀਂ ਹੋ ਸਕੇਗਾ. ਵਜ੍ਹਾ ਇਹ ਹੈ ਕਿ ਜਿਧਰੋਂ ਜਿਧਰੋਂ ਵੀ ਇਹ ਜ਼ਹਿਰੀਲਾ ਬੁੱਢਾ ਦਰਿਆ ਲੰਘਦਾ ਹੈ, ਉਥੇ ਗੰਦਗੀ ਤੇ ਮੁਸ਼ਕ਼ ਕਾਰਨ ਸਾਹ ਲੈਣਾ ਮੁਹਾਲ ਹੈ. ਕਾਰਖਾਨਿਆਂ ਵਿਚ ਜਿੱਥੇ ਕੰਮ ਕਰਵਾਇਆ ਜਾਂਦਾ ਹੈ, ਬਹੁਤੀ ਥਾਈਂ ਓਹ ਥਾਵਾਂ, ਧਰਤ ਉੱਤੇ ਨਰਕ ਦੀ ਮਿਸਾਲ ਹੁੰਦੀਆਂ ਹਨ. ਜੇ, ਕੇਂਦਰ ਸਰਕਾਰ ਸਖ਼ਤੀ ਕਰੇ ਤਾਂ ਵਿਗੜੇ ਤਿਗੜੇ ਕਾਰਖਾਨੇਦਾਰ ਬਾਜ਼ ਆ ਸਕਦੇ ਹਨ. ਨਹੀਂ ਤਾਂ ਆਖ਼ਰੀ ਸਚੁ ਇਹੀ ਏ ਕਿ ਬੁੱਢੇ ਦਰਿਆ ਦਾ ਜ਼ਹਿਰੀ ਕਾਲਾ ਪਾਣੀ, ਖ਼ਤਮ ਕਰ ਸਕਦੈ ਨੌਜਵਾਨਾਂ ਦੀ ਜਵਾਨੀ ਤੇ ਸਾਡੀ ਜੀਵਨ-ਕਹਾਣੀ! ਦਾ ਖ਼ਦਸ਼ਾ ਇੰਨ ਬਿੰਨ ਸਹੀ ਸਾਬਤ ਹੋ ਸਕਦਾ ਹੈ.
-
ਯਾਦਵਿੰਦਰ,
info.babushahi@gmail.com
+91-9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.