ਪਰਸੋਂ ਮੈਂ ਹਰਜਿੰਦਰ ਬੱਲ ਦੀ ਮੁਲਾਕਾਤ ਯੂ ਟਿਊਬ ਤੇ ਸੁਣ ਰਿਹਾ ਸਾਂ। ਨੱਕਾਸ਼ ਚਿੱਟੇਵਾਣੀ ਦੀ ਪੇਸ਼ਕਸ਼। ਬੱਲ ਦੀਪਕ ਜੀ ਦਾ ਸ਼ਾਗਿਰਦ ਹੈ। ਗ਼ਜ਼ਲ ਤੇ ਗੀਤ ਦਾ ਸਿੱਧ ਹਸਤ ਪੇਸ਼ਕਾਰ ਸਿਰਜਕ।
ਗੱਲਾਂ ਗੱਲਾਂ ਵਿੱਚ ਉਸ ਦੱਸਿਆ ਕਿ ਕਿਵੇਂ ਫੀਰੋਜ਼ਖਾਨ ਲਈ ਇੱਕ ਗੀਤ ਲਿਖਦਿਆਂ ਉਸ ਕੋਲੋਂ ਇੱਕ ਉਕਾਈ ਹੋ ਗਈ। ਗੀਤ ਸੁਣ ਕੇ ਜੈਤੋਈ ਜੀ ਜੈਤੋ ਤੋਂ ਆ ਧਮਕੇ, ਡਾਂਗ ਸਣੇ। ਬੱਲ ਨੇ ਚਰਨ ਬੰਦਨਾ ਕੀਤੀ ਤਾਂ ਪੂਰੇ ਗੁੱਸੇ ‘ ਬੋਲੇ।
ਇਹ ਗੀਤ ਤੂੰ ਲਿਖਿਆ ਹੈ?
ਮੈਂ ਹਾਂ ਕਿਹਾ
ਉਨ੍ਹਾਂ ਡਾਂਗ ਮੇਰੇ ਹੱਥ ਤੇ ਮਾਰੀ, ਉਂਗਲ ਟੁੱਟ ਗਈ, ਹੁਣ ਵੀ ਟੇਢੀ ਜੁੜੀ ਹੈ ਪਰ ਸੋਚ ਸਿੱਧੀ ਕਰ ਗਏ।
ਦੀਪਕ ਸਾਹਿਬ ਬਾਰੇ ਕੁਝ ਸਮਾਂ ਪਹਿਲਾਂ ਮੈਂ ਕੁਝ ਲਿਖਿਆ ਸੀ ਹੁਣ ਬੱਲ ਬਹਾਨੇ ਮੁੜ ਪੜ੍ਹਿਉ ਤੁਸੀਂ ਵੀ।
ਦੀਪਕ ਜੈਤੋਈ ਚੇਤੇ ਆਇਆ
ਅੱਜ ਕਰਮਜੀਤ ਬੁੱਟਰ ਨੇ ਸਵੇਰਸਾਰ ਦੀਪਕ ਜੈਤੋਈ ਚੇਤੇ ਕਰਵਾ ਦਿੱਤਾ।
ਇਹ ਗੀਤ ਭੇਜ ਕੇ। ਦੀਪਕ ਜੈਤੋਈ ਜੈਤੋ ਦਾ ਜ਼ਰਗਰ। ਸੋਨੇ ਦਾ ਕਾਰੀਗਰ।
ਸ਼ਬਦਾਂ ਦਾ ਘਾੜਾ ਜਾਦੂਗਰ।
ਗ਼ਜ਼ਲ ਤੇ ਗੀਤ ਦਾ ਬੁਲੰਦ ਦਰਵਾਜ਼ਾ।
ਉਸ ਦੇ ਜ਼ਿਆਦਾ ਗੀਤ ਨਰਿੰਦਰ ਬੀਬਾ ਜੀ ਨੇ ਹੀ ਗਾਏ। ਲੋਕ ਗੀਤ ਬਣ ਗਏ।
ਆਕਾਸ਼ਵਾਣੀ ਨੇ ਮੈਨੂੰ ਇੱਕ ਵਾਰ ਮੌਕਾ ਦਿੱਤਾ, ਦੀਪਕ ਜੀ ਨੂੰ ਇੰਟਰਵਿਊ ਕਰਨ ਦਾ। ਮੈਂ ਪੁੱਛਿਆ ਜੀ ਤੁਹਾਡੇ ਕਿੰਨੇ ਪੁੱਤਰ ਨੇ। ਤਨਜ਼ ਚ ਬੋਲੇ, ਅਰੇ ਸਾਹਿਬ, ਬਾਪ ਕਹੋ, ਸਵਾਲ ਗਲਤ ਨਾ ਕਰੋ।
ਕੱਟ ਕਹਿ ਕੇ ਪ੍ਰੋਗਰਾਮ ਸਹਾਇਕ ਚੈਨ ਸਿੰਘ ਨੇ ਜਵਾਬ ਕੱਟ ਦਿੱਤਾ।
ਮੈਨੂੰ ਜਵਾਬ ਮਿਲ ਗਿਆ ਸੀ।
ਦਰਵੇਸ਼ ਰੂਹ। ਨਿਰਛਲ, ਨਿਰਕਪਟ, ਨਿਰਵਿਕਾਰ। ਗੀਤ ਕਲਾ ਸਿਖ਼ਰ ਦੀ।
ਹਰ ਗੀਤ ਲੋਕ ਗੀਤ ਵਰਗਾ।
ਕਿਸੇ ਵੇਲੇ ਧੀਆਂ ਭੈਣਾਂ ਆਪਣੇ ਦਾਜ ਵਾਲੇ ਦਰੀਆਂ ਚਤੱਈਆਂ ਦੀ ਬੁਣਤੀ ਇਹ ਗੀਤ ਪਰੋਂਦੀਆਂ ਰਹੀਆਂ।
ਚਾਰ ਦਿਨ ਮੌਜਾਂ ਮਾਣ ਕੇ
ਲਾ ਕੇ ਸੁਖਾਂ ਦੇ ਸਮੁੰਦਰਾਂ ਚ ਤਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ।
ਅਣਖੀਲਾ ਸੀ। ਕਿਸੇ ਗੱਲੋਂ ਜੈਤੋ ਦੇ ਜ਼ੈਲਦਾਰ ਨਾਲ ਖਟਪਟੀ ਹੋ ਗਈ ਤੇ ਗੀਤ ਲਿਖ ਮਾਰਿਆ।
ਗੱਲ ਸੋਚ ਕੇ ਕਰੀਂ ਵੇ ਜ਼ੈਲਦਾਰਾ
ਅਸਾਂ ਨਹੀਂ ਤਨੌੜ ਝੱਲਣੀ।
ਹੋਇਆ ਕੀ ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ।
ਸਾਨੂੰ ਵੀ ਏ ਜਾਨੋਂ ਵੱਧ ਇੱਜ਼ਤ
ਪਿਆਰੀ ਵੇ।
ਅਸਾਂ ਫੂਕਣੈਂ ਕਿਸੇ ਦਾ ਸ਼ਾਹੂਕਾਰਾ।
ਦੀਪਕ ਜੈਤੋਈ ਦਾਰੂਦਾਸੀਆ ਸੀ ਸਿਰੇ ਦਾ ਪਰ ਸ: ਜਗਦੇਵ ਸਿੰਘ ਜੱਸੋਵਾਲ ਨਾਲ ਇੱਕ ਵੇਰ ਬੁੱਕਲ ਖੋਲ੍ਹ ਕੇ ਇਸ ਇੱਲਤ ਨੂੰ ਕੋਹੜ ਦੱਸਦਾ ਮੈਂ ਆਪ ਸੁਣਿਆ ਹੈ।
ਵੱਡਾ ਸ਼ਾਇਰ ਸੀ ਪਰ ਅਸੀਂ ਹੀ ਉਸ ਦੀ ਬੁਲੰਦੀ ਨਾ ਵੇਖ ਸਕੇ। ਗ਼ਜ਼ਲ ਦਾ ਉਸਤਾਦ ਸ਼ਾਇਰ ਕਮਾਲ ਦਾ।
ਇੱਕ ਗੀਤ ਹੋਰ ਚੇਤੇ ਆ ਗਿਆ।
ਜੁੱਤੀ ਲੱਗਦੀ ਵੈਰੀਆ ਮੇਰੇ
ਵੇ ਪੁੱਟ ਨਾ ਪੁਲਾਂਘਾਂ ਲੰਮੀਆਂ।
ਮੈਥੋਂ ਨਾਲ ਨਹੀਂ ਤੁਰੀਦਾ ਤੇਰੇ
ਵੇ ਪੁੱਟ ਨਾ ਪੁਲਾਂਘਾਂ ਲੰਮੀਆਂ।
ਉਨ੍ਹਾਂ ਦੀ ਨਿੱਕੀ ਭੈਣ ਬੀਬੀ ਗੁਰਚਰਨ ਕੌਰ ਰਾਜ ਸਭਾ ਮੈਂਬਰ ਰਹੇ ਨੇ ਵਾਜਪਾਈ ਸਰਕਾਰ ਵੇਲੇ, ਪਰ ਦੀਪਕ ਜੀ ਨੇ ਕੋਈ ਸਿਆਸੀ ਲਾਹਾ ਨਾ ਲਿਆ।
ਮੇਰੇ ਸ਼ਾਇਰ ਮਿੱਤਰ ਮੰਗਲ ਮਦਾਨ ਦੇ ਪੁੱਤਰ ਪ੍ਰੋ: ਰਿਸ਼ੀ ਹਿਰਦੇਪਾਲ ਨੇ ਦੀਪਕ ਜੈਤੋਈ ਦੀ ਗੀਤ ਕਲਾ ਬਾਰੇ ਪੁਸਤਕ ਲਿਖੀ ਹੈ। ਵਧੀਆ ਵਿਸ਼ਲੇਸ਼ਣੀ ਕਿਤਾਬ।
ਦੀਪਕ ਜੈਤੋਈ ਦਾ ਸੰਪੂਰਨ ਕਲਾਮ ਸੰਪਾਦਤ ਕਰਨਾ ਚਾਹੀਦਾ ਹੈ। ਕੋਈ ਸ਼ਾਗਿਰਦ ਇਹ ਕਾਰਜ ਕਰੇ ਤਾਂ ਮਹਿੰਗੇ ਸੋਨ ਟੁਕੜੇ ਸਾਂਭੇ ਜਾ ਸਕਦੇ ਨੇ।
ਜਿਵੇਂ ਆਹ ਲੈ ਮਾਏ ਸਾਂਭ ਕੁੰਜੀਆਂ ਗੀਤ ਹੈ।
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।
ਡਾਰ ਵਿੱਚੋਂ ਕੂੰਜ ਨਿਖੜੀ ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ ।
ਧੀਆਂ, ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਬੜੀਏ ਜਾਵੇ ।
ਕੱਲ੍ਹ ਤੱਕ ਰਾਜ ਕਰਿਆ ਅੱਜ ਖੁਸ ਗਈ ਹਕੂਮਤ ਸਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਅੱਛਾ ਸੁਖੀ ਵੱਸੇ ਅੰਮੀਏਂ ਮੇਰੇ ਰਾਜੇ ਬਾਬਲ ਦਾ ਖੇੜਾ ।
ਅਸੀਂ ਕਿਹੜਾ ਨਿੱਤ ਆਵਣਾ ਸਾਡਾ ਵੱਜਣਾ ਸਬੱਬ ਨਾਲ ਗੇੜਾ ।
ਧੀਆਂ ਪਰਦੇਸਣਾਂ ਦੀ ਹੁੰਦੀ ਚਿੜੀਆਂ ਦੇ ਵਾਂਗ ਉਡਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਬਾਪੂ ਤੇਰੇ ਪਿਆਰ ਸਦਕਾ ਅਸਾਂ ਰੱਜ ਰੱਜ ਪਹਿਨਿਆ ਹੰਢਾਇਆ ।
ਪੱਗ ਤੇਰੀ ਰੱਖੀ ਸਾਂਭ ਕੇ ਇਹਨੂੰ ਦਾਗ਼ ਨਾ ਹਵਾ ਜਿੰਨਾਂ ਲਾਇਆ ।
ਇੱਕ ਰਾਤ ਹੋਰ ਰੱਖ ਲੈ ਜਾਵਾਂ ਬਾਬਲਾ ਤੇਰੇ ਬਲਿਹਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਵੀਰਾ ਵੇ ਮੁਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਵਰ ਲਾਵੇ ।
ਭਾਬੀ ਸਾਨੂੰ ਮੁਆਫ਼ ਕਰ ਦਈਂ ਸਾਡੇ ਐਵੇਂ ਸੀ ਕੂੜ ਦੇ ਦਾਅਵੇ ।
ਅੱਗੇ ਤਾਂ ਤੂੰ ਰਹੀ ਹਾਰਦੀ ਅੱਜ ਤੂੰ ਜਿੱਤ ਗਈ ਮੈਂ ਹਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਆਉ ਸਈਉ ਆਉ ਮਿਲ ਲਉ ਮੁੜ ਕੱਠੀਆਂ ਸਬੱਬ ਨਾਲ ਬਹਿਣਾ ।
ਤੁਸੀਂ ਵੀ ਤਾਂ ਮੇਰੇ ਵਾਂਗਰਾਂ ਸਦਾ ਬੈਠ ਨਾ ਜੈਤੋ ਵਿੱਚ ਰਹਿਣਾ ।
ਵੱਡੀਆਂ ਮਜਾਜਾਂ ਵਾਲੀਉ ਤੁਹਾਡੀ ਚਾਰ ਦਿਨ ਦੀ ਮੁਖਤਿਆਰੀ ।
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਦੀਪਕ ਜੈਤੋਈ ਜੀ ਦਾ ਜੀਵਨ ਵੇਰਵਾ ਵੀ ਪੜ੍ਹੋ
Deepak Jaitoi ਦੀਪਕ ਜੈਤੋਈ
ਦੀਪਕ ਜੈਤੋਈ 18 ਅਪਰੈਲ 1925 ਨੂੰ ਜਨਮੇ ਤੇ 12 ਫ਼ਰਵਰੀ 2005 ਨੂੰ ਅਲਵਿਦਾ ਕਹਿ ਗਏ। ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ 350 ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੋਅ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ)
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.