ਉਦੋਂ ਅਜੇ ਮੈਂ ਅਠਵੀਂ ਨੌਵੀਂ ਚ ਪੜ੍ਹਦਾ ਸਾਂ ਜਦ ਪਹਿਲੀ ਵਾਰ ਰੰਜਨਾ ਨੂੰ ਜਗਜੀਤ ਸਿੰਘ ਜ਼ੀਰਵੀ ਨਾਲ ਗਾਉਂਦਿਆਂ ਧਿਆਨਪੁਰ ਸਕੂਲੇ ਸੁਣਿਆ।
ਸੌਂਗ ਐਂਡ ਡਰਾਮਾ ਡਿਵੀਯਨ ਦਾ ਪ੍ਰੋਗਰਾਮ ਸੀ ਪਰਿਵਾਰ ਨਿਯੋਜਨ ਬਾਰੇ।
ਗੀਤ ਵਿੱਚ ਰੰਜਨਾ ਕਹਿ ਰਹੀ ਸੀ ਕਿ
ਟੱਬਰ ਵੱਲ ਝਾਤੀ ਮਾਰ ਵੇ ਕੋਈ ਕਰ ਲੈ ਹੀਲਾ।
ਤੂੰ ਪਿੰਡ ਦਾ ਲੰਬੜਦਾਰ ਵੇ ਕੋਈ ਕਰ ਲੈ ਹੀਲਾ।
ਉਸ ਦੀ ਹਾਲੇ ਆਪਣੀ ਉਮਰ ਵੀ ਬਹੁਤੀ ਨਹੀਂ ਸੀ ਲੱਗ ਰਹੀ। ਜ਼ੀਰਵੀ ਸਾਹਿਬ ਉਦੋਂ ਵੀ ਪਕਰੋੜ ਲੱਗ ਰਹੇ ਸਨ।
ਸਮਾਂ ਬੀਤਿਆ
ਰੇਡੀਉ ਤੇ ਰੰਜਨਾ ਦੇ ਗੀਤ ਸੁਣਨ ਨੂੰ ਮਿਲਦੇ ਰਹੇ
ਡੂੰਘਾ ਵਾਹ ਲੈ ਹਲ਼ ਵੇ, ਤੇਰੀ ਘਰੇ ਨੌਕਰੀ
ਛੱਲੀਆਂ ਛੱਲੀਆਂ ਛੱਲੀਆਂ
ਵੀਰਾ ਮੈਨੂੰ ਲੈ ਚੱਲ ਵੇ
ਮੇਰੀਆਂ ਕੱਤਣ ਸਹੇਲੀਆਂ ‘ਕੱਲ੍ਹੀਆਂ।
ਹਾਣੀਆ! ਟਾਹਲੀ ਤੇ ਘੁੱਗੀ ਕਰੇ ਘੂੰ ਘੂੰ
ਟੀ ਵੀ ਜਲੰਧਰ ਸ਼ੁਰੂ ਹੋਇਆ ਤਾਂ ਰੰਜਨਾ ਨੇ ਬੇਹੱਦ ਸੁਰੀਲੇ ਗੀਤ ਗਾਏ। ਬਹੁਤ ਵਾਰ ਪਿੱਠਵਰਤੀ ਆਵਾਜ਼ ਰਹਿੰਦੀ। ਉਸ ਦਾ ਚਿਹਰਾ ਘੱਟ ਵੱਧ ਹੀ ਵਿਖਾਉਂਦੇ।
ਮੈਨੂੰ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ
ਗੀਤ ਨੇ ਤਾਂ ਕਮਾਲ ਕਰ ਵਿਖਾਈ।
ਅਮਰੀਕ ਸਿੰਘ ਤਲਵੰਡੀ ਨੇ ਸੁਰਿੰਦਰ ਸ਼ਿੰਦਾ ਦੇ ਨਾਲ ਕੁਝ ਦੋਗਾਣੇ ਤੋਹਫ਼ਾ ਸੱਜਣਾਂ ਦਾ ਨਾਮ ਹੇਠ ਕੈਸਿਟ ਚ ਰੀਕਾਰਡ ਕਰਵਾਏ। ਲੱਗਦਾ ਹੀ ਨਹੀਂ ਕਿ ਉਹ ਕੇਰਲਾ ਦੀ ਜੰਮੀ ਜਾਈ ਹੈ। ਸ਼ੁੱਧ ਪੰਜਾਬਣ ਵਾਂਗ ਹਾਵ ਭਾਵ ਗੀਤਾਂ ਚ ਪਰੋਂਦੀ ਹੈ।
ਪਿਛਲੇ ਦਿਨੀਂ ਭਾਸ਼ਾ ਵਿਭਾਗ ਨੇ ਸੰਗੀਤ ਖੇਤਰ ਦੀਆਂ ਕੁਝ ਹਸਤੀਆਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਤਾਂ ਮੈਨੂੰ ਮਗਰੋਂ ਚੇਤੇ ਆਇਆ ਕਿ ਰੰਜਨਾ ਕਿੱਥੇ ਹੈ?
ਰੰਜਨਾ ਲੱਭਣ ਲਈ ਮੈਂ ਵੱਡੇ ਸੰਚਾਰ ਮਾਧਿਅਮਾਂ ਨਾਲ ਸੰਪਰਕ ਕੀਤਾ ਪਰ ਕਿਸੇ ਦਾ ਵੀ ਉਸ ਨਾਲ ਸੱਜਰਾ ਸੰਪਰਕ ਨਹੀਂ ਸੀ। ਸਾਲ ਪਹਿਲਾਂ ਤਾਂ ਉਹ ਰੇਡੀਉ ਤੇ ਮਸੀਹੀ ਭਜਨ ਰੀਕਾਰਡ ਕਰਵਾਉਣ ਆਈ ਸੀ ਪਰ ਹੁਣ ਦਾ ਪਤਾ ਨਹੀਂ।
ਮੇਰੇ ਮਿੱਤਰ ਸਰਬਜੀਤ ਰਿਸ਼ੀ ਨੇ ਕੱਲ੍ਹ ਸਵੇਰੇ ਸੰਪਰਕ ਨੰਬਰ ਦਿੱਤਾ ਤਾਂ ਗੱਲ ਹੋਣ ਤੇ ਪਤਾ ਲੱਗਿਆ ਕਿ ਉਹ ਦੂਰਦਰਸ਼ਨ ਜਲੰਧਰ ਪਿਛਵਾੜੇ ਅਵਤਾਰ ਨਗਰ ਚ ਧੀ ਸਮੇਤ ਰਹਿੰਦੀ ਹੈ।
ਉਸ ਕਿਹਾ ਮੈਂ ਤੁਹਾਡੀ ਇੱਕ ਗ਼ਜ਼ਲ ਅਖ਼ਬਾਰ ਚੋਂ ਲੈ ਕੇ ਕਾਪੀ ਤੇ ਚੜ੍ਹਾਈ ਹੋਈ ਹੈ। ਮਾਂ ਬਾਰੇ
ਉਹ ਤਾਂ ਕੇਵਲ ਚੋਲ਼ਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ।
ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ।
ਉਸ ਦੱਸਿਆ ਕਿ ਉਹ ਪਿਛਲੇ ਸਾਲ ਆਪਣੀ ਭਾਣਜੀ ਕੋਲ ਡੈਲਸ(ਅਮਰੀਕਾ) ਗਈ ਸੀ ਜਿੱਥੇ ਕੋਵਿਡ ਹਾਲਾਤ ਨੇ ਘੇਰ ਲਿਆ। ਅੱਠ ਮਹੀਨੇ ਘਰ ਬੰਦੀ ਰਹੀ। ਸਰੀਰ ਤਾਂ ਤੰਦਰੁਸਤ ਰਿਹਾ ਪਰ ਮਨ ਉਚਾਟ ਹੋ ਗਿਆ।
ਮੈਂ ਰੰਜਨਾ ਜੀ ਤੋਂ ਜੀਵਨ ਵੇਰਵਾ ਮੰਗਿਆ ਤਾਂ ਕਹਿਣ ਲੱਗੇ, ਕੀ ਕਰਨਾ ਹੈ?
ਅਸੀਂ ਤਾਂ ਬੀਤੇ ਵਕਤ ਦੀ ਕਹਾਣੀ ਹਾਂ।
ਇਸ ‘ਚ ਉਦਾਸੀ ਨਹੀਂ, ਰੂਹ ਦਾ ਰੱਜ ਸੀ। ਪਛਤਾਵਾ ਨਹੀਂ, ਪ੍ਰੇਰਨਾ ਸੀ ਕਿ ਜ਼ਿੰਦਗੀ ਨੂੰ ਇਸ ਜ਼ਾਵੀਏ ਤੋਂ ਵੀ ਵੇਖਿਆ ਜਾ ਸਕਦਾ ਹੈ।
ਸੰਗੀਤਕਾਰ ਪਤੀ ਮੇਵੀ ਭੱਟੀ ਸੁਰਗਵਾਸ ਹੋ ਗਿਆ ਤਾਂ ਇਕੱਲ ਹੋਰ ਵੀ ਸੰਘਣੀ ਹੋ ਗਈ ਹੈ। ਧੀ ਸੰਗੀਤ ਦੀਆਂ ਬਾਰੀਕੀਆਂ ਜਾਣਦੀ ਹੈ। ਘਰ ਚ ਹੀ ਰੀਕਾਰਡਿੰਗ ਸਿਸਟਮ ਬਣਾਇਆ ਹੈ ਉਸ।
ਰੰਜਨਾ ਜੀ ਨੇ ਦੱਸਿਆ ਕਿ ਸੰਗੀਤ ਚ ਉਨ੍ਹਾਂ ਦੇ ਉਸਤਾਦ ਚਰਨ ਦਾਸ ਸਫ਼ਰੀ ਸਨ ਜਲੰਧਰ ਛਾਉਣੀ ਵਾਲੇ। ਪੰਜਾਬੀ ਦਾ ਸ਼ੁੱਧ ਉਚਾਰਣ ਜਗਜੀਤ ਸਿੰਘ ਜ਼ੀਰਵੀ ਜੀ ਨੇ ਸਿਖਾਇਆ। ਸਟੇਜ ਪੇਸ਼ਕਾਰੀ ਪ੍ਰਾਣ ਨਾਥ ਪ੍ਰੇਮੀ ਜੀ ਨੇ ਦੱਸੀ।
ਰੰਜਨਾ ਜੀ ਭਾਵੇਂ ਕੇਰਲਾ ਦੇ ਮੂਲ ਵਾਸੀ ਹਨ ਪਰ ਪਿਛਲੇ 75 ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਪੰਜਾਬ ਚ ਹੀ ਹੈ।
ਉਨ੍ਹਾਂ ਨੂੰ ਬੋਲਦਿਆਂ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਕੰਠ ਕੋਕਿਲਾ ਨਾਲ ਗੱਲ ਕਰ ਰਹੇ ਹੋ।
ਜਲੰਧਰ ਦੂਰਦਰਸ਼ਨ ਤੋਂ ਸ: ਹਰਜੀਤ ਸਿੰਘ ਨੇ ਉਸ ਨਾਲ ਬਹੁਤ ਸਮਾਂ ਪਹਿਲਾਂ ਯਾਦਗਾਰੀ ਸੰਗੀਤਕ ਮਹਿਫ਼ਲ ਰੀਕਾਰਡ ਕੀਤੀ ਸੀ। ਮੈਂ ਦੂਰਦਰਸ਼ਨ ਦੇ ਵਰਤਮਾਨ ਮੁਖੀ ਪੁਨੀਤ ਸਹਿਗਲ ਨੂੰ ਬੇਨਤੀ ਕੀਤੀ ਹੈ ਕਿ ਉਹ ਰੰਜਨਾ ਵਰਗੇ ਕਲਾਕਾਰਾਂ ਦੀਆਂ ਮੁਲਾਕਾਤਾਂ ਕਰਕੇ ਆਰਕਾਈਵਜ਼ ਚ ਸੰਭਾਲ ਲੈਣ। ਮਣਕੇ ਕਿਰਦੇ ਜਾਂਦੇ ਐ।
ਪੰਜਾਬ ਸਰਕਾਰ ਦੇ ਪ੍ਰਬੰਧ ਹੇਠਲੀ ਪੰਜਾਬ ਆਰਟਸ ਕੌਂਸਲ ਤੇ ਭਾਸ਼ਾ ਵਿਭਾਗ ਨੂੰ ਵੀ ਬੇਨਤੀ ਕਰੀਏ ਕਿ ਇਸ ਮਹਾਨ ਗਾਇਕਾ ਨੂੰ ਬਣਦਾ ਸਤਿਕਾਰ ਭੇਂਟ ਕਰੀਏ।
ਜਲੰਧਰ ਵੱਸਦੇ ਪੱਤਰਕਾਰ ਤੇ ਲਿਖਾਰੀ ਮਿੱਤਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਰੰਜਨਾ ਜੀ ਦਾ ਜੀਵਨ ਵੇਰਵਾ ਤਿਆਰ ਕਰਕੇ ਸਬੰਧਿਤ ਧਿਰਾਂ ਨੂੰ ਸੌਂਪਣ।
ਸਹੀ ਕਲਾਕਾਰ ਦੀ ਕਦਰਦਾਨੀ ਵੀ ਅਸਲ ਧਰਮ ਹੁੰਦਾ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.