ਅਜੋਕੇ ਸੰਗੀਤ ਦੀ ਦੁਨੀਆਂ 'ਚ ਬੇਸ਼ੱਕ ਬਹੁਤ ਸਾਰੇ ਨਵੇਂ ਗਾਇਕਾਂ ਨੇ ਪ੍ਰਸਿੱਧੀ ਹਾਸਲ ਕੀਤੀ ਹੈ ਪ੍ਰੰਤੂ ਪਹਿਲਾਂ ਵਰਗੀ ਗਾਇਕੀ ਦੀ ਮਿਠਾਸ ਘੱਟ ਹੀ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਅਨੇਕਾਂ ਸੁਰੀਲੇ ਗਾਇਕਾਂ ਨੇ ਜਨਮ ਲਿਆ ਜਿੰਨ੍ਹਾਂ ਨੇ ਆਪਣੀ ਗਾਇਕੀ ਸਦਕਾ ਦੁਨੀਆਂ 'ਤੇ ਵੱਖਰੀ ਪਹਿਚਾਣ ਹਾਸਿਲ ਕੀਤੀ ਹੈ। ਅੱਜ ਅਸੀਂ ਨਵੇਂ ਉੱਭਰਦੇ ਸੁਰੀਲੇ ਅਤੇ ਹੱਸਮੁੱਖ ਫਨ਼ਕਾਰ ਰਵੀ ਗਿੱਲ ਦੀ ਗੱਲ ਕਰਨ ਜਾ ਰਹੇ ਹਾਂ।
ਰਵੀ ਗਿੱਲ ਦਾ ਜਨਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਘੱਗਾ ਵਿਖੇ ਪਿਤਾ ਗੁਰਮੇਲ ਸਿੰਘ ਦੇ ਘਰ ਮਾਤਾ ਸੁਨੀਤਾ ਕੌਰ ਦੀ ਕੁੱਖੋਂ ਹੋਇਆ। ਰਵੀ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਘੱਗਾ ਤੋਂ ਅਤੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਗ੍ਰੈਜੂਏਸ਼ਨ ਮਿਊਜ਼ਿਕ ਦੀ ਪੜ੍ਹਾਈ ਡੀ.ਏ.ਵੀ ਕਾਲਜ ਮਲੋਟ ਤੋਂ ਪ੍ਰਾਪਤ ਕੀਤੀ। ਬਚਪਨ ਤੋਂ ਹੀ ਰਵੀ ਦਾ ਸੰਗੀਤ ਨਾਲ ਕਾਫ਼ੀ ਲਗਾਵ ਸੀ। ਅਕਸਰ ਘਰ ਵਿੱਚ ਉਸ ਨੇ ਸੁਰੀਲੇ ਗਾਇਕਾਂ ਨੂੰ ਸੁਣਦੇ ਰਹਿਣਾ ਅਤੇ ਬਾਅਦ ਵਿੱਚ ਇਕੱਲੇ ਬੈਠ ਕੇ ਗੀਤ ਗੁਣਗੁਣਾਉਂਦੇ ਰਹਿਣਾ। ਪੰਜਵੀਂ ਜਮਾਤ ਵਿੱਚ ਪੜਦਿਆਂ ਉਸ ਨੇ ਹਰਮੋਨੀਅਮ ਤੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਰਵੀ ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮ ਬਾਲ ਸਭਾ 'ਚ ਗਾਉਣ ਨਾਲ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਹਰਮਨ ਪਿਆਰਾ ਬਣ ਗਿਆ। ਰਵੀ ਦਾ ਕਹਿਣਾ ਹੈ ਕਿ ਜਦੋਂ ਵੀ ਹਰ ਸਾਲ ਉਨ੍ਹਾਂ ਦੇ ਪਿੰਡ ਮੇਲਾ ਲੱਗਦਾ ਹੈ ਉਸਨੂੰ ਗਾਉਣ ਦਾ ਮੌਕਾ ਮਿਲਦਾ ਹੈ ਤਾਂ ਪੂਰੇ ਪਿੰਡ ਵਾਸੀਆਂ ਵੱਲੋਂ ਉਸਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਗਾਇਕੀ ਦੀ ਤਾਲੀਮ ਰਵੀ ਨੇ ਆਪਣੇ ਉਸਤਾਦ ਵਿਨੋਦ ਖੁਰਾਣਾ ਤੋਂ ਹਾਸਿਲ ਕੀਤੀ ਜਿਨ੍ਹਾਂ ਨੇ ਉਸ ਨੂੰ ਗਾਇਕੀ ਦੀਆਂ ਬਾਰੀਕੀਆਂ ਬਾਰੇ ਗਿਆਨ ਦਿੱਤਾ। ਰਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਹਰਮੋਨੀਅਮ, ਗਿਟਾਰ, ਤਬਲਾ ਅਤੇ ਢੋਲਕ ਦਾ ਪੂਰਾ ਗਿਆਨ ਹੈ। ਕਾਲਜ ਵਿੱਚ ਹੋਣ ਵਾਲੇ ਸੰਗੀਤਕ ਮੁਕਾਬਲਿਆਂ 'ਚ ਉਸ ਨੇ ਗਜ਼ਲ ਗਾਇਨ, ਸ਼ਬਦ ਗਾਇਨ ਅਤੇ ਫੋਕ ਗੀਤਾਂ 'ਚ ਪਹਿਲਾ ਸਥਾਨ ਹਾਸਲ ਕੀਤਾ ਜਿਸ ਕਰਕੇ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਰਵੀ ਦੀ ਅਵਾਜ਼ ਦੇ ਦੀਵਾਨੇ ਬਣ ਗਏ।
ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਨਕਾਬ' ਰਾਹੀਂ ਰਵੀ ਨੇ ਮਿਊਜ਼ਿਕ ਇੰਡਸਟਰੀ 'ਚ ਜ਼ਬਰਦਸਤ ਐਂਟਰੀ ਕੀਤੀ ਹੈ। ਇਸ ਗੀਤ ਨੇ ਉਸਦੀ ਵੱਖਰੀ ਪਹਿਚਾਣ ਬਣਾ ਦਿੱਤੀ ਹੈ। ਇਸ ਗਾਣੇ ਨੂੰ ਮਨਜੀਤ ਸੂਖਮ ਨੇ ਕਲਮਬੱਧ ਕੀਤਾ ਹੈ ਅਤੇ ਬਹੁਤ ਹੀ ਸੋਹਣਾ ਸੰਗੀਤ ਪ੍ਰਸਿੱਧ ਸੰਗੀਤਕਾਰ ਰਿਆਜ਼ ਰੋਹਿਤ ਨੇ ਬਾਖੂਬੀ ਨਾਲ ਤਿਆਰ ਕੀਤਾ ਹੈ। ਗਾਣੇ ਦਾ ਬੇਹਤਰੀਨ ਵੀਡੀਓ ਡਾਇਰੈਕਟਰ ਪ੍ਰੀਤ ਕੈਂਥ ਨੇ ਬਣਾਇਆ ਹੈ। ਇਸ ਗਾਣੇ ਰਾਹੀਂ ਰਵੀ ਗਿੱਲ ਨੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਕਾਫੀ ਰੌਸ਼ਨ ਕੀਤਾ ਹੈ। ਰਵੀ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਕੁੰਚਣ ਲਈ ਉਸਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਇਸ ਸਫ਼ਰ 'ਚ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਮੈਡਮ ਏਕਤਾ ਖੋਸਲਾ, ਮਿਊਜ਼ਿਕ ਟੀਚਰ ਨਵਦੀਪ ਬਾਠ, ਗੌਰਵ ਗਰੋਵਰ ਅਤੇ ਜਾਨੂੰ ਮੌਰੀਆ ਦਾ ਕਾਫ਼ੀ ਸਹਿਯੋਗ ਰਿਹਾ ਹੈ।
-
ਗੁਰਲਾਲ ਸਿੰਘ, ਲੇਖਕ
gurlalsinghgurlal123@gmail.com
96468-92123
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.