11 ਮਾਰਚ ਲਈ ਵਿਸ਼ੇਸ਼
ਕਿਹੋ ਜਿਹੇ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੇ 79ਵੇਂ ਜਨਮ ਦਿਨ ਵਾਲੇ ਜਸ਼ਨ ?
ਕੀ ਐਤਕੀਂ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਵਾਲੇ ਜਸ਼ਨ ਬੀਤੇ ਸਾਲਾਂ ਨਾਲ਼ੋਂ ਵਧੇਰੇ ਧੂਮ ਧੜੱਕੇ ਵਾਲੇ ਹੋ ਸਕਦੇ ਹਨ ? ਆਓ ਜਾਣਦੇ ਹਾਂ ਇਸ ਗੱਲ ਦੀ ਸੰਭਾਵਨਾ ਕਿਵੇਂ ਬਣਦੀ ਹੈ।ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ 11 ਮਾਰਚ ਨੂੰ ਪੈਂਦੇ 79 ਵੇਂ ਜਨਮ ਦੀ ਅਹਿਮੀਅਤ ਇਹ ਹੈ ਕਿ ਪਟਿਆਲਾ ਰਾਜ ਘਰਾਣੇ ਦੇ ਹੁਣ ਤੱਕ ਹੋਏ ਜੇਠੇ ਪੁੱਤਰਾਂ ਚੋਂ ਉਹਨਾਂ ਨੂੰ ਹੀ ਸਭ ਤੋ ਲੰਮੀ ਉਮਰ ਭੋਗਣ ਦੀ ਖ਼ੁਸ਼ਕਿਸਮਤੀ ਮਿਲੀ ਹੈ। ਹਾਲਾਂਕਿ ਬਾਬਾ ਆਲਾ ਸਿੰਘ ਦੀ ਉਮਰ ਦੀ ਬਰਾਬਰੀ ਕਰਨ ਦਾ ਸੁਭਾਗ ਤਾਂ ਉਹਨਾਂ ਨੂੰ 2016 ਚ ਹੀ ਹਾਸਲ ਹੋ ਗਿਆ ਸੀ ਤੇ ਐਤਕੀਂ ਉਨ੍ਹਾਂ ਨੇ ਇਸ ਰਿਕਾਰਡ ਵਿੱਚ 5 ਸਾਲਾਂ ਹੋਰ ਇਜ਼ਾਫਾ ਕਰ ਲਿਆ ਹੈ
ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੋਂ ਲੈ ਕੇ ਲੰਘੀਆਂ 11 ਪੁਸ਼ਤਾਂ ਮਗਰੋਂ ਸਿਰਫ਼ ਅਮਰਿੰਦਰ ਸਿੰਘ ਹੀ ਹਨ ਜਿੰਨਾ ਨੂੰ 79 ਦੀਵਾਲੀਆਂ ਦੇਖਣੀਆਂ ਨਸੀਬ ਹੋਈਆਂ ਹਨ । ਬਾਬਾ ਆਲਾ ਸਿੰਘ ਤਾਂ 74 ਵਰ੍ਹੇ ਦੀ ਉਮਰ ਭੋਗ ਗਏ ਪਰ ਉਨ੍ਹਾਂ ਤੋਂ ਮਗਰੋਂ ਰਿਆਸਤ ਦੇ ਮੁਖੀ ਛੋਟੀਆਂ-ਛੋਟੀਆਂ ਉਮਰਾਂ ਵਿੱਚ ਹੀ ਰੱਬ ਨੂੰ ਪਿਆਰੇ ਹੁੰਦੇ ਗਏ । ਰਿਆਸਤੀ ਪਰਿਵਾਰ ਦੇ ਵੱਡੇ ਪੁੱਤਰਾਂ ਦੀ ਔਸਤ ਉਮਰ ਮਸਾਂ 45 ਸਾਲ ਬਣਦੀ ਹੈ ਇਸ ਮਾਮਲੇ ਵਿੱਚ ਰਿਆਸਤ ਦਾ ਲਗਭਗ 3 ਸਦੀਆਂ ਦਾ ਇਤਿਹਾਸ ਕੁੱਝ ਇਸ ਤਰਾਂ ਹੈ ।
1691 ਨੂੰ ਜਨਮੇ ਤੇ ਪਟਿਆਲਾ ਰਿਆਸਤ ਦਾ ਮੁੱਢ ਬੰਨ੍ਹਣ ਵਾਲੇ ਬਾਬਾ ਆਲਾ ਸਿੰਘ 74 ਵਰ੍ਹੇ ਦੀ ਉਮਰ ਭੋਗ ਕੇ 1765 ਨੂੰ ਫ਼ੌਤ ਹੋਏ । 1711 ਵਿੱਚ ਜੰਮਿਆ ਉਨ੍ਹਾਂ ਦਾ ਪੁੱਤਰ ਟਿੱਕਾ ਸਰਦੂਲ ਸਿੰਘ ਆਪਣੇ ਪਿਤਾ ਦੇ ਜਿਉਂਦੇ ਜੀ ਹੀ 42 ਸਾਲ ਦੀ ਉਮਰ ਵਿੱਚ 1753 ਨੂੰ ਚੜ੍ਹਾਈ ਕਰ ਗਿਆ । ਸਰਦੂਲ ਸਿੰਘ ਦਾ ਪੁੱਤਰ ਰਾਜਾ ਅਮਰ ਸਿੰਘ ਰਿਆਸਤ ਦਾ ਦੂਜਾ ਮੁਖੀ ਬਣਿਆ ਉਸ ਦਾ ਜਨਮ 1748 ਨੂੰ ਹੋਇਆ ਅਤੇ ਆਪਣੀ ਉਮਰ ਦੇ 33 ਵੇਂ ਸਾਲ 1781 ਚ ਉਹਨੂੰ ਕਾਲ ਨੇ ਆ ਦਬੋਚਿਆ ।
ਰਿਆਸਤ ਦਾ ਤੀਜਾ ਮੁਖੀ ਰਾਜਾ ਸਾਹਿਬ ਸਿੰਘ ( 1773-1813 ) , 40 ਸਾਲਾਂ ਦੀ ਉਮਰ ਵਿੱਚ ਇਸ ਜਹਾਨੋਂ ਕੂਚ ਕਰ ਗਿਆ । ਚੌਥੇ ਰਾਜਾ ਮਹਾਰਾਜਾ ਕਰਮ ਸਿੰਘ ਨੇ (1789- 1845 ) 56 ਸਾਲਾਂ ਦੀ ਉਮਰ ਵਿੱਚ ਹੀ ਇਸ ਆਲਮ ਨੂੰ ਅਲਵਿਦਾ ਕਹਿ ਦਿੱਤੀ ,1823 ਵਿੱਚ ਪੈਦਾ ਹੋਏ ਮਹਾਰਾਜਾ ਨਰਿੰਦਰ ਸਿੰਘ ਰਿਆਸਤ ਦੇ ਪੰਜਵੇਂ ਮਹਾਰਾਜਾ ਬਣੇ ਜ਼ਿੰਦਗੀ ਦੇ 45 ਵਰ੍ਹੇ ਭੋਗਣ ਮਗਰੋਂ ਹੀ ਉਹ 1862 ਨੂੰ ਉਹ ਹੋਣੀ ਦੇ ਗੇੜ ਵਿੱਚ ਆ ਗਏ।
ਰਿਆਸਤ ਦੇ ਛੇਵੇਂ ਮੁਖੀ ਮਹਾਰਾਜਾ ਮਹਿੰਦਰ ਸਿੰਘ ਨੂੰ ਭਰ ਜਵਾਨੀ ਵਿੱਚ ਹੀ ਮੌਤ ਨੇ ਆ ਦਬੋਚਿਆ । 1852 ਵਿੱਚ ਜਨਮੇ ਮਹਿੰਦਰ ਸਿੰਘ ਦੀ ਮੌਤ 24 ਵੇਂ ਸਾਲ ਵਿੱਚ 1876 ਨੂੰ ਹੋਈ । ਸੱਤਵੇਂ ਮਹਾਰਾਜੇ ਰਜਿੰਦਰ ਸਿੰਘ ਵੀ ਆਪਣੇ ਪਿਤਾ ਨਾਲੋਂ ਕੋਈ ਬਹੁਤੀ ਉਮਰ ਨਾ ਭੋਗ ਸਕੇ । 1872 ਵਿੱਚ ਜਨਮੇ ਰਜਿੰਦਰ ਸਿੰਘ ਜ਼ਿੰਦਗੀ ਦੇ 28 ਵੇਂ ਵਰ੍ਹੇ ਵਿੱਚ ਹੀ ਸਨ 1900 ਨੂੰ ਉਹਨਾਂ ਸਿਰ ਮੌਤ ਦਾ ਕਹਿਰ ਟੁੱਟ ਪਿਆ । ਅੱਠਵੇਂ ਮਹਾਰਾਜੇ ਭੁਪਿੰਦਰ ਸਿੰਘ (1891- 1938) ਨੂੰ ਵੀ ਸਿਰਫ਼ 47 ਵਰ੍ਹੇ ਜਿਊਣਾ ਨਸੀਬ ਹੋਇਆ। ਉਹਨਾਂ ਦਾ ਪੁੱਤਰ ਯਾਦਵਿੰਦਰ ਸਿੰਘ ਪਟਿਆਲਾ ਰਿਆਸਤ ਦਾ ਨੌਵਾਂ ਮਹਾਰਾਜਾ ਬਣਿਆ । 1913 ਵਿੱਚ ਜਨਮੇ ਯਾਦਵਿੰਦਰ ਸਿੰਘ 61 ਵਰ੍ਹਿਆਂ ਦੀ ਉਮਰ ਵਿੱਚ 1974 ਨੂੰ ਵਫ਼ਾਤ ਪਾ ਗਏ । ਰਾਜ ਗੱਦੀ ਦੇ ਹਿਸਾਬ ਨਾਲ ਤਾਂ ਉਨ੍ਹਾਂ ਦਾ ਨੰਬਰ ਨੌਵਾਂ ਸੀ ਪਰ ਬਾਬਾ ਆਲਾ ਸਿੰਘ ਦਾ ਜੇਠਾ ਪੁੱਤਰ ਟਿੱਕਾ ਸਰਦੂਲ ਸਿੰਘ ਰਾਜ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਫ਼ੌਤ ਹੋ ਗਿਆ ਸੀ ਜਿਸ ਕਰਕੇ ਪੁਸ਼ਤ ਦੇ ਹਿਸਾਬ ਨਾਲ ਪਟਿਆਲਾ ਰਾਜ ਘਰਾਣੇ ਵਿੱਚ ਉਨ੍ਹਾਂ ਦੀ ਪੁਸ਼ਤ ਦਸਵੀਂ ਬਣਦੀ ਹੈ ।
ਫ਼ਰਵਰੀ 2021 'ਚ ਆਪਣੀ ਪੋਤੀ ਦੇ ਵਿਆਹ ਮੌਕੇ ਆਪਣੇ ਪਰਿਵਾਰ ਨਾਲ ਕੈਪਟਨ ਅਮਰਿੰਦਰ ਸਿੰਘ
ਮਹਾਰਾਜਾ ਯਾਦਵਿੰਦਰ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਅਮਰਿੰਦਰ ਸਿੰਘ ਨੂੰ ਬਾਬਾ ਆਲਾ ਸਿੰਘ ਮਗਰੋਂ 11 ਵੀਂ ਪੁਸ਼ਤ ਵਿੱਚ ਜਾ ਕੇ ਰਾਜ ਘਰਾਣੇ ਦੇ ਕਿਸੇ ਵੱਡੇ ਫ਼ਰਜ਼ੰਦ ਵੱਲੋਂ ਸਭ ਤੋਂ ਲੰਮੀ ਉਮਰ ਭੋਗਣ ਦਾ ਸੁਭਾਗ ਮਿਲਿਆ ਹੈ । ਯਾਦਵਿੰਦਰ ਸਿੰਘ ਦੇ ਵੱਡੇ ਪੁੱਤਰ ਅਮਰਿੰਦਰ ਸਿੰਘ ਨੂੰ ਰਿਆਸਤ ਦਾ ਦਸਵਾਂ ਮੁਖੀ ਹੋਣ ਦਾ ਮਾਣ ਮਿਲਿਆਂ ।ਭਾਵੇਂ ਸਰਕਾਰ ਨੇ ਮਹਾਰਾਜਿਆਂ ਦੇ ਖ਼ਿਤਾਬ ਦਾ ਤਾਂ 1971 ਚ ਹੀ ਖ਼ਤਮ ਕਰ ਦਿੱਤੇ ਸਨ ਪਰ ਪਰ ਵੱਡੀਆਂ ਰਿਆਸਤਾਂ ਦੇ ਵੱਡੇ ਪੁੱਤਰਾਂ ਦੀ ਬਤੌਰ ਮਹਾਰਾਜਾ ਤਾਜਪੋਸ਼ੀ ਦੀ ਰਸਮ ਬਕਾਇਦਾ ਤੌਰ ਤੇ ਅਜੇ ਤੱਕ ਕੀਤੀ ਜਾਂਦੀ ਹੈ ।ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੀ 1974 ਚ ਹੋਈ ਮੌਤ ਮਗਰੋਂ ਉਹਨਾਂ ਦੇ ਜੇਠੇ ਪੁੱਤਰ ਅਮਰਿੰਦਰ ਸਿੰਘ ਦੀ ਰਸਮ ਤਾਜਪੋਸ਼ੀ ਮੌਕੇ ਉਸ ਵੇਲੇ ਦੇ ਜਥੇਦਾਰ ਅਕਾਲ ਤਖ਼ਤ ਸਹੀ ਸਿੰਘ ਭੌਰਾ ਅਤੇ ਐਸ ਜੀ ਪੀ ਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਿਰੋਪਾ ਦਿੱਤਾ ਸੀ।
ਪਟਿਆਲ਼ਾ ਦੇ ਰਿਆਸਤੀ ਘਰਾਣੇ ਚ ਅਮਰਿੰਦਰ ਸਿੰਘ ਦੇ ਸਭ ਤੋਂ ਲੰਮੀ ਉਮਰ ਵਾਲਾ ਮਹਾਰਾਜਾ ਬਣਨ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਜਨਮ ਦਿਨ ਦੀ ਰਾਜ ਘਰਾਣੇ ਲਈ ਖ਼ਾਸ ਅਹਿਮੀਅਤ ਹੈ।
ਅਮਰਿੰਦਰ ਸਿੰਘ ਨੇ 2012 ਵਾਲਾ ਆਪਦਾ 70 ਵਾਂ ਜਨਮ ਦਿਨ ਇੰਨੇ ਜੋਸ਼-ਓ-ਖਰੋਸ਼ ਨਾਲ ਮਨਾਇਆ ਸੀ ਜੀਹਦੇ ਜਸ਼ਨਾਂ ਚ ਇਲੈੱਕਸ਼ਨ ਹਾਰ ਦੀ ਵੱਡੀ ਸੱਟ ਵੀ ਫਿੱਕ ਨਹੀਂ ਸੀ ਪਾ ਸਕੀ , 7 ਮਾਰਚ 2012 ਨੂੰ ਪੰਜਾਬ ਵਿਧਾਨ ਚੋਣ ਦਾ ਨਤੀਜਾ ਨਿਕਲਿਆ ਜਿਸ ਦੌਰਾਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਨੂੰ ਲਗਾਤਾਰ ਦੂਜੀ ਵਾਰ ਅਣਕਿਆਸੀ ਹਾਰ ਮਿਲੀ।
ਬਾਦਲ ਪਾਰਟੀ ਨੂੰ ਮਿਲੀ ਜਿੱਤ ਤੋਂ ਇਉਂ ਜਾਪਣ ਲੱਗਿਆ ਕਿ ਹੁਣ ਤਾਂ ਬਾਦਲਾਂ ਦਾ ਰਾਜ 25 ਵਰ੍ਹਿਆਂ ਤੱਕ ਹਿੱਲਣ ਵਾਲਾ ਨਹੀਂ ਪਰ 10 ਸਾਲ ਬਾਅਦ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤ ਨਸੀਬ ਹੋਈ .
2012 'ਚਾਹੀਦਾ ਇੱਕ ਪਾਸੇ ਤਾਂ ਅਜਿਹੀ ਨਮੋਸ਼ੀ ਵਾਲੀ ਸੁਰਮੇਲ ਦੇ ਮੱਦੇ ਨਜ਼ਰ ਕਾਂਗਰਸੀ ਵਰਕਰ ਅਜੇ ਘਰੋਂ ਬਾਹਰ ਨਹੀਂ ਸੀ ਨਿਕਲੇ ਪਰ ਦੂਜੇ ਪਾਸੇ ਆਪਣੀ ਅਤੇ ਪਾਰਟੀ ਦੀ ਹਾਰ ਦੇ ਰੰਜੋ-ਗ਼ਮ ਤੋਂ ਬੇ-ਪਰਵਾਹ ਹੁੰਦਿਆਂ ਅਮਰਿੰਦਰ ਸਿੰਘ ਨੇ ਹਾਰ ਤੋਂ ਮਹਿਜ਼ 3 ਦਿਨ ਬਾਅਦ ਜਨਮ ਦਿਨ ਦੇ ਢੋਲ ਖੜਕਾਏ। ਦਿੱਲੀ ਦੇ ਇੱਕ ਫਾਰਮ ਹਾਊਸ ਤੇ 10 ਮਾਰਚ 2012 ਨੂੰ ਮਨਾਏ ਗਏ ਜਨਮ ਦਿਨ ਦੇ ਜਸ਼ਨ .
ਇਸ ਤੋਂ ਬਾਅਦ ਉਹ ਆਪਣੇ ਇੱਕ ਨਜ਼ਦੀਕੀ ਰਾਣਾ ਸੋਢੀ ਦੇ ਹੌਲੀ ਦੇ ਜਸ਼ਨ ਵਿਚ ਸ਼ਾਮਲ ਹੋਏ ਤਾਂ ਹਾਰ ਨਾਲ ਝੰਬੇ ਪਏ ਉਨ੍ਹਾਂ ਦੇ ਵਿਰੋਧੀ ਕਾਂਗਰਸੀਆ ਨੂੰ ਸੂਲ਼ ਵਾਂਗੂ ਚੁੱਭੇ.
ਉਨ੍ਹਾਂ ਚੋਂ ਕਈਆਂ ਨੇ ਨੇ ਜਨਤਕ ਤੌਰ 'ਤੇ ਗ਼ੁੱਸਾ ਵੀ ਜ਼ਾਹਰ ਕੀਤਾ ਸੀ।ਪਰ ਕਾਂਗਰਸੀਆਂ ਦੀ ਗ਼ਮੀ ਨਾਲ਼ੋਂ ਰਾਜ ਘਰਾਣੇ ਚ ਇਸ ਗੱਲ ਦੀ ਵੱਧ ਖ਼ੁਸ਼ੀ ਸੀ ਕਿ 9 ਪੁਸ਼ਤਾਂ ਮਗਰੋਂ ਕਿਸੇ ਰਿਆਸਤੀ ਰਾਜੇ ਨੂੰ 70 ਦੀਵਾਲੀਆਂ ਦੇਖਣ ਦੀ ਖ਼ੁਸ਼ਨਸੀਬੀ ਮਿਲੀ ਹੈ। ਹੁਣ ਤਾਂ ਉਹ ਆਪਣੀ ਤੀਜੀ ਪੀੜ੍ਹੀ ਦੇ ਵਿਆਹ ਵਿਚ ਸ਼ਾਮਲ ਜੋ ਕੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਦਾ ਸੁਭਾਗ ਵੀ ਪ੍ਰਾਪਤ ਕਰ ਚੁੱਕੇ ਹਨ . ਹਾਲ ਹੀ ਵਿਚ ਕੈਪਟਨ ਅਮਰਿੰਦਰ ਆਪਣੀ ਪੋਤੀ ਦੇ ਵਿਆਹ 'ਚਾਹੀਦਾ ਸੁਹਾਗ ਗਾਉਂਦੇ ਅਤੇ ਡਾਂਸ ਕਰਦੇ ਦਿਖਾਈ ਦਿੱਤੇ ਸਨ .
70 ਵੇਂ ਤੋਂ ਅਗਾਂਹ ਅਗਲੀ ਦਹਾਈ ਵਾਲਾ 80 ਵਾਂ ਜਨਮ ਦਿਨ 10 ਮਾਰਚ 2022 ਨੂੰ ਆਉਣਾ ਹੈ, ਪਰ ਉਦੋਂ ਤੱਕ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹੋਣਗੀਆਂ ਜਿਹਦੇ ਨਤੀਜੇ ਬਾਰੇ ਕੁਝ ਕਹਿਣਾ ਠੀਕ ਨਹੀਂ. ਰਾਜ ਭਾਗ ਦੇ ਹੁੰਦਿਆਂ ਜਸ਼ਨ ਮਨਾਉਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ .
ਦੇਖਣਾ ਇਹ ਹੈ ਕਿ ਅਮਰਿੰਦਰ ਸਿੰਘ ਐਤਕੀਂ 79 ਵੇਂ ਜਨਮ ਦਿਨ ਤੇ ਆਪਣੀ ਮੌਜੂਦਾ ਸਰਕਾਰ ਦੇ ਆਖ਼ਰੀ ਸਾਲ ਚ ਕਿਵੇਂ ਜਸ਼ਨ ਮਨਾਉਂਦੇ ਹਨ .
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਮੀਡੀਆਕਰਮੀ , ਸਪੈਸ਼ਲ ਰਿਪਰੋਟਰ, ਬਾਬੂਸ਼ਾਹੀ ਨੈਟਵਰਕ
gurpreetmandiani@gmail.com
+91-8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.