...ਮੋਦੀ ਸਾਹਿਬ ਨੂੰ ਰਾਏ ਦੇਣ ਵਾਲੇ ਜ਼ਾਹਿਰਾ ਤੌਰ ਤੇ ਬਿਬੇਕੀ ਪੁਰਖ ਨਹੀਂ ਹਨ।ਉਨ੍ਹਾਂ ਦੀਆਂ ਅੱਖਾਂ ਤੇ ਤੇ ਤਾਂਂਕਤ ਦੀ ਹਵੱਸ ਦੀ ਪੱਟੀ ਬੰਨ੍ਹੀ ਹੋਈ ਹੈ।ਬੀਜੇਪੀ, ਹਿੰਦੂ ਧਰਮ, ਅਤੇ ਭਾਰਤ ਦੇਸ਼ ਦਾ ਸਭ ਤੋ ਵੱਧ ਨੁਕਸਾਨ ਇਹ ਲੋਕ ਕਰ ਰਹੇ ਨੇ..
ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਨਵੀਂ ਸ਼ਬਦਾਵਲੀ ਘੜਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਲੋਕਾਂ ਨੂੰ ਅੰਦੋਲਨ ਜੀਵੀ ਕਹਿ ਕੇ ਭੰਡਿਆ ਜਿਸ ਦਾ ਸੱਤਾਧਾਰੀ ਪਾਰਟੀ ਦੇ ਮੈਂਬਰਾਨ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।ਉਨ੍ਹਾਂ ਇੱਥੇ ਹੀ ਵੱਸ ਨਹੀਂ ਕੀਤੀ ਬਲਕਿ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਪਰਜੀਵੀ ਵੀ ਆਖ ਦਿੱਤਾ।ਪਰਜੀਵੀ ਸੁਆਰਥੀ ਅਤੇ ਮੁਫ਼ਤਖ਼ੋਰੇ ਲੋਕਾਂ ਨੂੰ ਆਖਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਪਰਜੀਵੀ ਨੂੰ ਪੈਰਾਸਾਈਟ ਆਖਦੇ ਨੇ।ਇਸ ਦੇ ਪ੍ਰਤੀਕਰਮ ਵਜੋਂ ਬਹੁਤ ਸਾਰੇ ਵੀਡੀਓਜ਼ ਸੋਸ਼ਲ ਮੀਡੀਆ ਤੇ ਆਏ ਤੇ ਆ ਰਹੇ ਨੇ।ਰਵੀਸ਼ ਕੁਮਾਰ ਨੇ ਬੜੇ ਸੁਚੱਜੇ ਢੰਗ ਨਾਲ ਇਤਿਹਾਸ ਦੇ ਵਰਕੇ ਫਰੋਲ ਇਸਦਾ ਉੱਤਰ ਦਿੱਤਾ।ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਤਾਂ ਮੰਨਿਆ ਹੈ ਕਿ ਅੰਦੋਲਨ ਲੋਕਤੰਤਰ ਵਿੱਚ ਇੱਕ ਜਾਇਜ਼ ਕਿਰਿਆ ਹੈ।ਉਨ੍ਹਾ ਇਸ ਲਈ ਪਵਿੱਤਰ ਲਫ਼ਜ਼ ਵੀ ਵਰਤਿਆ ਜੋ ਸ਼ਲਾਘਾਯੋਗ ਹੈ।ਉਹਦਾ ਨੂੰ ਇਤਰਾਜ਼ ਟੋਲਪਲਾਜ਼ਿਆਂ ਤੇ ਕਬਜ਼ੇ ਤੇ ਮੋਬਾਈਲ ਟਾਵਰਾਂ ਦੀ ਭੰਨਤੋੜ ਤੇ ਹੈ ਜਾਂ ਉਨ੍ਹਾਂ ਲੋਕਾਂ ਤੇ ਹੈ ਜੋ ਇਸ ਅੰਦੋਲਨ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ।ਇਸ ਕਰਕੇ ਉਹ ਅੰਦੋਲਨਕਾਰੀ ਤੇ ਅੰਦੋਲਨਜੀਵੀ ਵਿੱਚ ਭੇਦ ਕਰਦੇ ਨੇ।ਆਓ ਦੇਖੀਏ ਕਿ ਕੀ ਸਰਕਾਰ ਸੱਚਮੁੱਚ ਅੰਦੋਲਨ ਨੂੰ ਜਾਇਜ਼ ਲੋਕਤੰਤਰੀ ਕਿਰਿਆ ਮੰਨਦੀ ਹੈ।ਕੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਤਾਂ ਨਹੀਂ।
ਅੰਦੋਲਨ ਸ਼ਬਦ ਦੇ ਅੱਖਰੀ ਅਰਥ ਹਲੂਣਾ ਦੇਣ ਦੀ ਕਿਰਿਆ ਹੈ।ਲੋਕਤੰਤਰ ਵਿੱਚ ਲੋਕ ਅੰਦੋਲਨ ਦਾ ਰਾਹ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਚੁਣਦੇ ਨੇ।ਜਾਣੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਂਦੇ ਨੇ ਕਿ ਉਨ੍ਹਾਂ ਦੀ ਗੱਲ ਸੁਣੀ ਜਾਵੇ।ਮੋਦੀ ਸਾਹਿਬ ਕਹਿੰਦੇ ਤਾਂ ਇਹ ਨੇ ਕਿ ਅੰਦੋਲਨ ਕਰਨਾ ਲੋਕਾਂ ਦਾ ਹੱਕ ਹੈ ਪਰ ਅਸਲੀਅਤ ਵਿੱਚ ਉਹ ਇਹ ਹੱਕ ਲੋਕਾਂ ਨੂੰ ਦੇ ਨਹੀਂ ਰਹੇ ਜਿਸ ਕਰਕੇ ਉਨ੍ਹਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਵੀ ਸ਼ੱਕ ਦੇ ਦਾਇਰੇ ਵਿੱਚ ਆ ਜਾਂਦਾ ਹੈ। ਉਨ੍ਹਾਂ ਦੀ ਸਰਕਾਰ ਦਾ ਕਿਸਾਨ ਅੰਦੋਲਨ ਵਾਰੇ ਪੂਰਾ ਜ਼ੋਰ ਇਸ ਗਲ ਤੇ ਲੱਗਾ ਹੋਇਆ ਹੈ ਕਿ:
ਇਹ ਅੰਦੋਲਨ ਹੋਣ ਹੀ ਨ ਦਿੱਤਾ ਜਾਏ
ਸਰਕਾਰ ਦੀ ਇਹ ਪੁਰਜ਼ੋਰ ਕੋਸ਼ਿਸ਼ ਰਹੀ ਹੈ ਕਿ ਕਿਸਾਨ ਇਹ ਅੰਦੋਲਨ ਕਰ ਹੀ ਨ ਸਕਣ।ਕਿਸਾਨਾਂਂ ਨੂੰ ਧਰਨੇ ਵਾਲੀ ਜਗ੍ਹਾ ਤੇ ਪਹੁੰਚਣ ਤੋਂ ਰੋਕਣ ਲਈ ਰਾਹ ਵਿੱਚ ਭਾਰੀ ਪੱਥਰ ਰੱਖ ਰੁਕਾਵਟਾਂ ਪਾਈਆਂ ਗਈਆਂ, ਪਾਣੀ ਦੀ ਬੁਛਾੜਾਂ ਮਾਰ ਕਿਸਾਨਾਂ ਨੂੰ ਰੋਕਿਆ ਗਿਆ, ਸੜਕਾਂ ਤੇ ਮਿੱਟੀ ਦੇ ਪਹਾੜ ਖੜੇ ਕਰ ਦਿੱਤੇ ਗਏ।ਇੱਥੋਂ ਤਕ ਕਿ ਸਰਕਾਰ ਨੇ ਖ਼ੁਦ ਸੜਕਾਂ ਹੀ ਪੁੱਟ ਦਿੱਤੀਆਂ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।ਕੀ ਇਹ ਕਾਰਵਾਈ ਇੱਕ ਲੋਕਤੰਤਰੀ ਸਰਕਾਰ ਨੂੰ ਸੋਹੰਦੀ ਹੈ।ਪ੍ਰਧਾਨ ਮੰਤਰੀ ਸਾਹਿਬ ਨੂੰ ਮੋਬਾਈਲ ਟਾਵਰਾਂ ਦੇ ਹੋਏ ਨੁਕਸਾਨ ਤਾਂ ਨਜ਼ਰ ਆਉਂਦੇ ਨੇ ਪਰ ਉਸਦੀ ਆਪਣੀ ਸਰਕਾਰ ਵੱਲੋਂ ਕੀਤੀ ਭੰਨ ਤੋੜ ਨਹੀਂ ਨਜ਼ਰ ਆ ਰਹੀ।ਹੁਣ ਸੜਕਾਂ ਤੇ ਵੱਡੇ ਵੱਡੇ ਕਿੱਲ ਲਾਏ ਗਏ ਨੇ ਤਾਂ ਜੋ ਕਿਸਾਨ ਆਪਣੇ ਟ੍ਰੈਕਟਰ ਅੱਗੇ ਨ ਲਿਜਾ ਸਕਣ।ਕਿਸਾਨਾਂ ਨੇ ਇਹਨਾਂ ਕਿੱਲਾਂ ਦੇ ਨਾਲ ਫੁੱਲ ਲਗਾ ਕਿ ਸਰਕਾਰ ਨੂੰ ਆਪਣਾ ਜਵਾਬ ਦਿੱਤਾ।ਪਰ ਸਰਕਾਰੀ ਮੀਡੀਆ ਇਹ ਨਹੀਂ ਦਿਖਾਉਂਦਾ।ਸਰਕਾਰ ਦਾ ਤਾਂ ਪਤਾ ਨਹੀਂ ਪਰ ਲੋਕਤੰਤਰ ਇਹ ਦੇਖ ਕੇ ਜ਼ਰੂਰ ਸ਼ਰਮਸਾਰ ਹੋਇਆ ਹੋਏਗਾ।
ਕਿਸਾਨ ਦੀ ਗੱਲ ਸੁਣੀ ਅਣਸੁਣੀ ਕੀਤੀ ਜਾਵੇ
ਜਦ ਕਿਸਾਨ ਹਿੰਮਤ ਕਰਕੇ ਅੰਦੋਲਨ ਕਰਨ ਲਈ ਦਿੱਲੀ ਪਹੁੰਚ ਹੀ ਗਏ ਤਾਂ ਸਰਕਾਰ ਉਹਨਾਂ ਦੀ ਗੱਲ ਸੁਣਨ ਮੰਨਣ ਲਈ ਤਿਆਰ ਨਹੀਂ ਹੈ।ਕਿਸੇ ਦੀ ਗੱਲ ਨੂੰ ਅਣਸੁਣਿਆ ਕਰਨ ਦਾ ਅਸਾਨ ਤਰੀਕਾ ਇਹੀ ਹੁੰਦਾ ਹੈ ਕਿ ਉਸ ਨੂੰ ਅਹਿਸਾਸ ਦਵਾ ਦਿਓ ਕਿ ਉਸ ਦੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ।ਸਰਕਾਰ ਬਿਲਕੁਲ ਇਹੀ ਕਰ ਰਹੀ ਹੈ।ਕਿਸਾਨ ਦੇ ਵਾਰ ਵਾਰ ਇਹ ਕਹਿਣ ਦੇ ਕਿ ਇਹ ਕਨੂੰਨ ਉਸ ਦੇ ਭਲੇ ਲਈ ਨਹੀਂ ਹਨ ਇਸ ਕਰਕੇ ਇਹਨਾਂ ਨੂੰ ਰੱਦ ਕਰੋ।ਸਰਕਾਰ ਬਜ਼ਿਦ ਹੈ ਕਿ ਇਹ ਕਨੂੰਨ ਕਿਸਾਨ ਦੇ ਭਲੇ ਲਈ ਹਨ ਇਸ ਲਈ ਵਾਪਸ ਨਹੀਂ ਹੋ ਸਕਦੇ।ਸਰਕਾਰ ਇਨ੍ਹਾਂਂ ਕਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ (ਜੋ ਕਿ ਅਸਿੱਧੇ ਤੌਰ ਤੇ ਇਹ ਮੰਨਣਾ ਹੈ ਕਿ ਕਨੂੰਨ ਗ਼ਲਤ ਨੇ), ਇਹਨਾਂ ਨੂੰ ਕੁਝ ਸਮੇਂ ਲਈ ਟਾਲਣ ਲਈ ਵੀ ਤਿਆਰ ਹੈ ਪਰ ਕਨੂੰਨ ਰੱਦ ਕਰਨ ਲਈ ਕਤਈ ਰਾਜ਼ੀ ਨਹੀਂ ਹੋ ਰਹੀ।ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਉਹ ਇੱਕ ਫ਼ੋਨ ਕਾਲ ਆਵੇ ਨੇ ਭਾਵ ਫ਼ੋਨ ਕਰਨ ਦੀ ਦੇਰ ਹੈ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਆ ਜਾਣਗੇ।ਪਿਛਲੇ ਚਾਰ ਮਹੀਨਿਆਂ ਤੋ ਕਿਸਾਨ ਕੜਾਕੇ ਦੀ ਠੰਢ ਵਿੱਚ ਖੁੱਲ੍ਹੇ ਅਸਮਾਨ ਹੇਠ ਅੰਦੋਲਨ ਵਾਲੀ ਜਗ੍ਹਾ ਤੇ ਪੁਕਾਰ ਪਰ ਪੁਕਾਰ ਦੇ ਰਿਹਾ ਹੈ।ਦੋ ਸੌ ਤੋਂ ਉੱਪਰ ਕਿਸਾਨ ਮਰ ਚੁੱਕੇ ਨੇ।ਪਰ ਪ੍ਰਧਾਨ ਮੰਤਰੀ ਹਾਲੇ ਵੀ ਫ਼ੋਨ ਦੀ ਉਡੀਕ ਵਿੱਚ ਹਨ।ਕੀ ਕਿਸਾਨ ਉਸ ਦੇਸ਼ ਦੇ ਵਸ਼ਿੰਦੇ ਨਹੀਂ ਜਿਸ ਦੇਸ ਦੇ ਉਹ ਪ੍ਰਧਾਨ ਮੰਤਰੀ ਹਨ।ਸਰਕਾਰ ਦੀ ਨੀਤੀ ਤੋਂ ਸਪਸ਼ਟ ਹੈ ਕਿ ਉਹ ਕਿਸਾਨ ਦੀ ਗੱਲ ਸੁਣੀ ਅਣਸੁਣੀ ਕਰ ਉਸ ਨੂੰ ਥਕਾਉਣਾ ਤੇ ਪਰੇਸ਼ਾਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਅੰਦੋਲਨ ਖ਼ਤਮ ਕਰ ਦੇਣ।ਅਗਰ ਖ਼ਤਮ ਨਹੀਂ ਕਰਦੇ ਤਾਂ ਅਜਿਹੀ ਕੋਈ ਕਾਰਵਾਈ ਕਰਨ ਜਿਸ ਨਾਲ ਸਰਕਾਰ ਨੂੰ ਸਖ਼ਤੀ ਕਰਨ ਦਾ ਬਹਾਨਾ ਮਿਲ ਜਾਏ।ਇੱਕ ਗੱਲ ਜੋ ਹੁਣ ਤੱਕ ਸਾਫ਼ ਹੋ ਚੁੱਕੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਜਾਂ ਤਾਂ ਸਮਝ ਹੀ ਨਹੀਂ ਰਹੀ ਜਾਂ ਜਾਣ ਬੁਝ ਕੇ ਅਣਜਾਣ ਬਣਦੀ ਹੈ।ਗਾਹੇ ਬਜ੍ਹਾਏ ਇਸ ਦੇ ਜ਼ੁੰਮੇਵਾਰ ਕਾਰਕੁਨ ਅਜਿਹਾ ਬਿਆਨ ਦਾਗਦੇ ਨੇ ਜਿਨ੍ਹਾਂ ਤੋਂ ਇਨ੍ਹਾਂ ਦੀ ਕਿਸਾਨ ਨਾਲ ਦੁਸ਼ਮਣੀ ਜ਼ਾਹਿਰ ਹੁੰਦੀ ਹੈ।ਇਸ ਸਰਕਾਰ ਦੇ ਮੰਤਰੀ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਵੀ ਮਜ਼ਾਕ ਉਡਾਉਂਦੇ ਰਹੇ ਨੇ।
ਇਸ ਅੰਦੋਲਨ ਦੀ ਸਚਾਈ ਭਾਰਤ ਅੰਦਰ ਅਤੇ ਬਾਹਰ ਲੋਕਾਂ ਨੂੰ ਪਤਾ ਨਾ ਲੱਗੇ
ਇਹ ਗਲ ਕੋਈ ਲੁਕੀ ਛੁਪੀ ਨਹੀਂ ਹੈ ਕਿ ਸਰਕਾਰ ਦਾ ਸੋਸ਼ਲ ਮੀਡੀਏ ਨੂੰ ਛੱਡ ਬਾਕੀ ਸਾਰੇ ਮੀਡੀਏ ਤੇ ਪੂਰਾ ਕੰਟਰੋਲ ਹੈ।ਆਪਣੀ ਇਸ ਤਾਕਤ ਦਾ ਇਸਤੇਮਾਲ ਕਰ ਸਰਕਾਰ ਇਸ ਅੰਦੋਲਨ ਨੂੰ ਕਦੇ ਟੁਕੜੇ ਟੁਕੜੇ ਗੈਂਗ, ਕਦੇ ਖਾਲਸਤਾਨੀ, ਕਦੇ ਮਾਉਵਾਦੀ, ਕਦੇ ਅੱਤਵਾਦੀ ਕਹਿ ਪ੍ਰਚਾਰਦੀ ਹੈ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ।ਸੋਸ਼ਲ ਮੀਡੀਏ ਤੇ ਵੀ ਸਰਕਾਰ ਇਹੀ ਕਰਵਾ ਰਹੀ ਹੈ।ਇਹ ਇਸ ਗੱਲ ਦਾ ਸਬੂਤ ਹੈ ਸਰਕਾਰ ਨਾ ਤਾਂ ਆਪ ਕਿਸਾਨ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਨ ਹੀ ਕਿਸੇ ਹੋਰ ਨੂੰ ਉਨ੍ਹਾਂ ਦੀ ਗੱਲ ਸੁਣਨ ਦੇ ਰਹੀ ਹੈ।ਪਰ ਕਿਸਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਏ ਰਾਹੀਂ ਆਪਣੀ ਗੱਲ ਦੇਸ਼ ਵਿਦੇਸ਼ ਵਿੱਚ ਪਹੁੰਚਾ ਦਿੱਤੀ।ਹੁਣ ਜਦੋਂਂ ਇਸ ਅੰਦੋਲਨ ਦੀ ਬਾਤ ਤੁਰਦੀ ਤੁਰਦੀ ਸਾਰੇ ਦੇਸ਼ ਵਿੱਚ ਫੈਲ ਗਈ ਅਤੇ ਸਰਹੱਦੋਂ ਪਾਰ ਵੀ ਚਲੀ ਗਈ ਤਾਂ ਸਰਕਾਰ ਦਾ ਰੱਦੇ ਅਮਲ ਉਸ ਦੀ ਸੋਚ ਨੂੰ ਜੱਗ ਜਾਹਰ ਕਰਦਾ ਏ।
• ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਸ਼ਿਮਲੇ ਵਿੱਚ ਜਦੋਂ ਕਿਸਾਨ ਲੋਕਾਂ ਨੂੰ ਆਪਣਾ ਪੱਖ ਸੁਣਾ ਰਹੇ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
• ਕੁਝ ਕਿਸਾਨ ਜਦੋਂ ਮੱਧ ਪ੍ਰਦੇਸ਼ ਵਿੱਚ ਉੱਥੇ ਦੇ ਕਿਸਾਨਾਂ ਕੋਲ ਪ੍ਰਚਾਰ ਲਈ ਗਏ ਤਾਂ ਉਹਨਾਂ ਕਿਸਾਨਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਕਾਰਕੁਨਾਂ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਇਹ ਕਨੂੰਨ ਪੰਜਾਬ ਹਰਿਆਣੇ ਦੇ ਕਿਸਾਨ ਜੋ ਕਿ ਪਹਿਲਾਂ ਹੀ ਬਹੁਤ ਅਮੀਰ ਹਨ ਤੋਂ ਖੋ ਕੇ ਤੁਹਾਨੂੰ ਅਮੀਰ ਬਣਾਉਣ ਲਈ ਬਣਾਏ ਗਏ ਹਨ।
• ਪੰਜਾਬ ਦੀ ਨੌਦੀਪ ਕੌਰ ਜੋ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ ਸੀ ਨੂੰ ਸੋਨੀਪਤ ਪੁਲੀਸ ਨੇ ਗ੍ਰਿਫਤਾਰ ਕਰ ਤਸ਼ੱਦਦ ਕੀਤਾ।
• ਸੁਪ੍ਰਸਿੱਧ ਗਾਇਕਾ ਰਿਹਾਨਾ ਨੇ ਜਦ ਟਵਿੱਟਰ ਤੇ ਕਿਸਾਨਾਂ ਦੇ ਹੱਕ ਦੀ ਗਲ ਕੀਤੀ ਤਾਂ ਉਸਦੇ ਪੁਤਲੇ ਸਾੜੇ ਗਏ।
• ਵਾਤਾਵਰਣ ਵਾਰੇ ਸੁਚੇਤ ਗ੍ਰੇਟਾ ਤੇ ਐਫ ਆਈ ਆਰ ਦਰਜ਼ ਕਰ ਦਿੱਤੀ ਗਈ ਕਿਉਂਕਿ ਉਸਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ।
• ਸਰਗਰਮੀ ਦਿਸ਼ਾ ਰਵੀ ਤੇ ਵੀ ਮੁਕੱਦਮਾ ਕੀਤਾ ਗਿਆ ਕਿਉਂਕਿ ਉਸ ਨੇ ਗ੍ਰੇਟਾ ਨੂੰ ਟਵਿਟਰ ਟੂਲ਼ ਕਿੱਟ ਬਣਾ ਕੇ ਦਿੱਤੀ।ਇਹ ਟੂਲ ਕਿੱਟ ਕੋਈ ਮਾਰੂ ਹਥਿਆਰ ਨਹੀਂ ਬਲਕਿ ਟਵਿੱਟਰ ਤੇ ਬਣਿਆ ਹੈਸ਼ਟੈਗ ਹੈ ਜਿਸ ਰਾਹੀਂ ਤੁਹਾਡੀ ਗੱਲ ਇੱਕੋ ਝਟਕੇ ਨਾਲ ਲੱਖਾ ਲੋਕਾਂ ਤੱਕ ਪਹੁੰਚ ਜਾਂਦੀ ਹੈ।ਇਸ ਸਬੰਧੀ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਟਵਿੱਟਰ ਤੇ ਬੇਹੂਦਾ ਬਿਆਨਬਾਜ਼ੀ ਕੀਤੀ ਤਾਂ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਟਵਿੱਟਰ ਨੇ ਉਸਦੇ ਬਿਆਨ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ।
ਕੀ ਇਹ ਸਭ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸਰਕਾਰ ਭਾਰਤ ਅੰਦਰ ਅਤੇ ਭਾਰਤ ਤੋਂ ਬਾਹਰ ਲੋਕਾਂ ਨੂੰ ਇਸ ਅੰਦੋਲਨ ਦੀ ਸਚਾਈ ਤੋਂ ਬੇਖਬਰ ਰੱਖਣਾ ਚਾਹੁੰਦੀ ਹੈ।ਇਹ ਵੱਖਰੀ ਗੱਲ ਹੈ ਕਿ ਉਹ ਇਸ ਕੰਮ ਵਿੱਚ ਕਾਮਯਾਬ ਨਹੀਂ ਹੋਈ।ਇਸ ਨੂੰ ਇੱਕ ਹੋਰ ਪਹਿਲੂ ਤੋਂ ਦੇਖੀਏ ਤਾਂ ਬੀਜੇਪੀ ਦਾ ਮੀਡੀਏ ਤੇ ਕੰਟਰੋਲ ਸਭ ਤੋਂ ਵੱਧ ਨੁਕਸਾਨ ਖ਼ੁਦ ਉਹਨਾਂ ਦਾ ਹੀ ਕਰ ਰਿਹਾ ਹੈ।ਇੱਕ ਤਰ੍ਹਾਂ ਨਾਲ ਇਸ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੋਈ ਹੈ ਤਾਂ ਜੋ ਉਹ ਸੁਜਾਖੇ ਹੋਣ ਦੇ ਬਾਵਜੂਦ ਕੁਝ ਵੀ ਦੇਖ ਨ ਸਕਣ।ਇਸ ਦਾ ਸਬੂਤ ਇਹ ਹੈ ਕਿ ਇਸ ਅੰਦੋਲਨ ਦੇ ਲੋਕ ਲਹਿਰ ਬਣਨ ਦੇ ਬਾਵਜੂਦ ਵੀ ਬੀਜੇਪੀ ਨੂੰ ਇਹ ਨਜ਼ਰ ਨਹੀਂ ਆ ਰਿਹਾ।ਲੋਕ ਲਹਿਰ ਬਣਨ ਦੇ ਕੁਝ ਸਬੂਤ ਹਨ:
• ਇਸ ਅੰਦੋਲਨ ਵਿੱਚ ਆਮ ਆਦਮੀ (ਬੱਚਾ, ਬੁੱਢਾ, ਮਰਦ ਤੇ ਔਰਤ ਸਮੇਤ) ਦੀ ਸ਼ਮੂਲੀਅਤ।
• ਇਸ ਅੰਦੋਲਨ ਵਾਰੇ ਲੋਕ ਬੋਲੀਆਂ, ਸਿੱਠਣੀਆਂ ਆਦਿ ਦਾ ਪ੍ਰਚਲਿਤ ਹੋਣਾ।
• ਇਸ ਅੰਦੋਲਨ ਵਾਰੇ ਛੱਲੇ ਦੀ ਤਰਜ਼ ਤੇ ਲੋਕ ਗੀਤ ਬਣ ਜਾਣੇ।ਛੱਲਾ ਜੱਲੇ ਮਲਾਹ ਦਾ ਪੁੱਤਰ ਦਾ ਸੀ ਜੋ ਬੇੜੀ ਰਾਹੀਂ ਝਨਾਂ ਤੋਂ ਸੁਆਰੀਆਂ ਨੂੰ ਪਾਰ ਲੰਘਾਉਂਦਾ ਸੀ।ਇੱਕ ਦਿਨ ਉਸ ਦੇ ਬਿਮਾਰ ਹੋਣ ਕਾਰਨ ਛੱਲਾ ਬੇੜੀ ਲੈ ਕੇ ਗਿਆ ਪਰ ਮੁੜ ਨਹੀਂ ਆਇਆ।ਪੁੱਤ ਦੇ ਗ਼ਮ ਵਿੱਚ ਜੱਲਾ ਪਾਗਲ ਹੋ ਦਰਿਆ ਕੰਢੇ ਗਾਉਣ ਲੱਗ ਪਿਆ ਕਿ ਛੱਲਾ ਮੁੜ ਕੇ ਨਹੀਂ ਆਇਆ।ਪੰਜਾਬੀਆਂ ਨੇ ਉਸ ਦੇ ਦਰਦ ਨੂੰ ਆਪਣੀ ਲੋਕ-ਧਾਰਾ ਦਾ ਹਿੱਸਾ ਬਣਾ ਲਿਆ।ਇਹਨਾਂ ਕਾਲੇ ਕਨੂੰਨਾਂ ਦਾ ਦਰਦ ਵੀ ਹੁਣ ਪੰਜਾਬ ਦੀ ਲੋਕ-ਧਾਰਾ ਦਾ ਹਿੱਸਾ ਬਣ ਰਿਹਾ ਹੈ।
ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ
ਹੁਣ ਜਦ ਇਸ ਅੰਦੋਲਨ ਦੀ ਖਬਰ ਹਰ ਪਾਸੇ ਫੈਲ ਗਈ ਤਾਂ ਆਪਣਾ ਪੈਂਤੜਾ ਬਦਲ ਸਰਕਾਰ ਦੀ ਪੂਰੀ ਕੋਸ਼ਿਸ਼ ਇਸ ਅੰਦੋਲਨ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ।
• ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਦੇ ਕਾਰਕੁਨ ਪੁਲਿਸ ਦੀਆ ਨਕਲੀ ਵਰਦੀਆਂ ਪਾਈ ਮੋਰਚੇ ਵਾਲੀ ਜਗ੍ਹਾ ਤੇ ਪਕੜੇ ਗਏ।ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਏ ਤੇ ਵਾਇਰਲ ਹੋਈਆਂ ਸਨ।ਪਰ ਸਰਕਾਰ ਨੇ ਇਹਨਾਂ ਦੋ ਕੋਈ ਨੋਟਿਸ ਨਹੀਂ ਲਿਆ।ਉਹ ਬਿਨਾਂ ਨਾਮ ਦੇ ਵਰਦੀਆਂ ਪਾਈ ਬਿਨਾਂ ਨੰਬਰ ਦੀ ਗੱਡੀ ਵਿੱਚ ਅੰਦੋਲਨ ਵਾਲੀ ਜਗ੍ਹਾ ਤੇ ਪਾਏ ਗਏ।
• ਕਿਸਾਨਾਂ ਨੇ ਕਈ ਵਾਰ ਅਜਿਹੇ ਸ਼ਖਸ਼ ਪਕੜ ਜੇ ਪੁਲਿਸ ਦੇ ਹਵਾਲੇ ਕੀਤੇ ਜੋ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ।
• 26 ਜਨਵਰੀ ਦੀਆਂ ਘਟਨਾਵਾਂ ਵੀ ਇਸੇ ਗਿਣੀ ਮਿਥੀ ਸਾਜ਼ਿਸ਼ ਦਾ ਹਿੱਸਾ ਨੇ।ਇਹਨਾਂ ਘਟਨਾਵਾਂ ਤੋਂ ਫ਼ੌਰਨ ਬਾਅਦ ਸਰਕਾਰ ਨੇ ਧਰਨੇ ਵਾਲੀ ਜਗ੍ਹਾ ਤੇ ਸਖ਼ਤੀ ਕਰਕੇ ਧਰਨੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।ਧਰਨੇ ਤੇ ਬੈਠੇ ਕਿਸਾਨਾਂ ਤੇ ਪਥਰਾ ਸ਼ੁਰੂ ਹੋ ਗਿਆ ਅਤੇ ਸਰਕਾਰੀ ਮੀਡੀਏ ਵਿੱਚ ਖਬਰ ਇਹ ਆਈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਿਸਾਨਾਂ ਦੇ ਖ਼ਿਲਾਫ਼ ਹੋ ਗਏ ਨੇ।ਕਿਸਾਨਾਂ ਨੇ ਇਸ ਪਥਰਾ ਦਾ ਸਬਰ ਅਤੇ ਸ਼ਾਂਤੀ ਨਾਲ ਜਵਾਬ ਦਿੱਤਾ।ਬਾਅਦ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਪਥਰਾਅ ਕਰਨ ਵਾਲੇ ਪਿੰਡਾਂ ਦੇ ਲੋਕ ਨਹੀਂ ਬਲਕਿ ਬੀਜੇਪੀ ਵੱਲੋਂ ਲਿਆਂਦੇ ਭਾੜੇ ਦੇ ਗੁੰਡੇ ਸਨ।
ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਦਾ ਵਿਰੋਧ
ਮੋਦੀ ਸਰਕਾਰ ਨੂੰ ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਤੇ ਵੀ ਸਖ਼ਤ ਇਤਰਾਜ਼ ਹੈ।ਪ੍ਰਧਾਨ ਮੰਤਰੀ ਖੁਦ ਇਸ ਦਾ ਸ਼ਬਦੀ ਹੇਰਾਫੇਰੀ ਕਰ ਐਫ ਡੀ ਆਈ ਨੂੰ ਫਾਰਨ ਡਾਇਰੈਕਟ ਇਨਵੈਸਟਮੈਂਟ ਤੋਂ ਫਾਰਨ ਡਿਸਟਰੱਕਟਿਵ ਆਈਡੀਔਲਜ਼ੀ ਬਣਾ ਕਿ ਮਜ਼ਾਕ ਉੜਾਉਂਦੇ ਨੇ।ਭਾਵ ਉਹ ਵਿਦੇਸ਼ਾਂ ਤੋਂ ਆਉਂਦੇ ਪੈਸੇ ਨੂੰ ਤਾਂ ਖੁਸ਼ਆਮਦੀਦ ਕਹਿੰਦੇ ਨੇ ਪਰ ਵਿਦੇਸ਼ਾਂ ਤੋਂ ਆਉਂਦੇ ਵਿਚਾਰਾਂ ਤੇ ਸਖ਼ਤ ਇਤਰਾਜ਼ ਕਰਦੇ ਨੇ।ਉਹ ਭੁੱਲ ਰਹੇ ਨੇ ਕਿ ਅਸੀਂ ਇੱਕੀਵੀਂ ਸਦੀ ਚ ਰਹਿ ਰਹੇ ਹਾਂ।ਵਿਚਾਰਾਂ ਨੂੰ ਸਰਹੱਦੋਂ ਪਾਰ ਜਾਣ ਲਈ ਕੋਈ ਰਾਹਦਾਰੀ ਨਹੀਂ ਲੈਣੀ ਪੈਂਦੀ।2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਮਹੀਨੇ ਬਾਅਦ ਮੋਦੀ ਸਾਹਿਬ ਨੇ ਇਕ ਬਿਆਨ ਦਿੱਤਾ ਸੀ ਕਿ ਬੋਲਣ ਕਹਿਣ ਦੀ ਅਜ਼ਾਦੀ ਤੋਂ ਬਿਨਾਂ ਭਾਰਤ ਵਿੱਚ ਲੋਕਤੰਤਰ ਨਹੀਂ ਬਚ ਸਕਦਾ।ਉਹਨਾਂ ਦੀ ਗੱਲ ਸਹੀ ਸਾਬਤ ਹੋਈ।ਉਨ੍ਹਾਂ ਸਾਰਾ ਮੀਡੀਆ ਆਪਣੇ ਕਬਜ਼ੇ ਵਿੱਚ ਕਰ ਅਸਿੱਧੇ ਤੌਰ ਤੇ ਲੋਕਾਂ ਦੇ ਬੋਲਣ ਕਹਿਣ ਦੀ ਅਜ਼ਾਦੀ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਭਾਰਤੀ ਲੋਕਤੰਤਰ ਵੀ ਆਖ਼ਰੀ ਸਾਹਾਂ ਤੇ ਪਹੁੰਚ ਚੁੱਕਾ ਹੈ।ਹੁਣ ਉਹਨਾਂ ਨੂੰ ਬਾਹਰੋਂ ਆਉਂਦੇ ਵਿਚਾਰ ਵੀ ਬਹੁਤ ਖਤਰਨਾਕ ਲਗਦੇ ਨੇ ਜਿਸ ਕਰਕੇ ਉਹ ਉਹਨਾਂ ਤੇ ਪਾਬੰਦੀ ਲਾ ਰਹੇ ਨੇ।ਆਖਰ ਉਹ ਕਿਉਂ ਇੰਨਾ ਘਬਰਾ ਰਹੇ ਨੇ।ਉਹ ਬਾਹਰੋਂ ਆ ਰਹੇ ਵਿਚਾਰਾਂ ਨੂੰ ਤਬਾਹਕੁਨ ਤੇ ਵਿਨਾਸ਼ਕਾਰੀ ਆਖ ਰਹੇ ਨੇ।ਭਾਰਤ ਵੀ ਤਾਂ ਆਪਣੀ ਵਿਚਾਰਧਾਰਾ ਬਰਾਮਦ ਕਰ ਰਿਹਾ ਹੈ।ਹਿੰਦੂ ਧਰਮ ਦੇ ਅਨੇਕਾਂ ਪ੍ਰਚਾਰਕ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਨੇ।ਕੀ ਉਹ ਉਨ੍ਹਾਂ ਤੇ ਵੀ ਰੋਕ ਲਾਉਣ ਦੀ ਵਕਾਲਤ ਕਰਨਗੇ।ਵੈਸੇ ਇਹ ਬੜੀ ਹੀ ਵਿਅੰਗਮਈ ਗੱਲ ਹੈ ਕਿ ਖੇਤੀਬਾੜੀ ਸਬੰਧੀ ਜਿਹੜੇ ਕਨੂੰਨਾਂ ਦਾ ਝਮੇਲਾ ਪਿਆ ਹੋਇਆ ਹੈ ਉਹਨਾਂ ਦਾ ਅਧਾਰ ਵੀ ਵਿਕਸਤ ਦੇਸ਼ਾਂ ਤੋਂ ਆਈ ਵਿਚਾਰਧਾਰਾ ਹੈ।ਪ੍ਰਧਾਨ ਮੰਤਰੀ ਨੂੰ ਬਾਹਰੋਂ ਆਈ ਇਹ ਵਿਚਾਰਧਾਰਾ ਤਬਾਹਕੁਨ ਨਹੀਂ ਲਗਦੀ।ਇਹ ਤਾਂ ਉਹੀ ਗੱਲ ਹੋਈ ਨ ਕਿ ਕੌੜੀ ਕੌੜੀ ਥੂ ਮਿੱਠੀ ਮਿੱਠੀ ਹੜੱਪ।ਦਰਅਸਲ ਮੋਦੀ ਸਰਕਾਰ ਦੀ ਅਸਲ ਸਮੱਸਿਆ ਇਸ ਅੰਦੋਲਨ ਨੂੰ ਮਿਲਦੀ ਹਮਾਇਤ ਹੈ ਜੋ ਉਨ੍ਹਾਂ ਤੋਂ ਸਹਿ ਨਹੀਂ ਹੋ ਰਹੀ ਇਸ ਕਰਕੇ ਤਿਲਮਲਾ ਉੱਠੇ ਨੇ।ਉਹ ਐਸਾ ਸ਼ਬਦ ਜਾਲ ਬੁਣ ਰਹੇ ਨੇ ਜਿਸ ਵਿੱਚ ਉਹ ਆਪ ਹੀ ਉਲਝ ਕੇ ਰਹਿ ਜਾਂਦੇ ਨੇ।
ਅਸਲੀ ਪਰਜੀਵੀ ਕੋਣ ਹੈ
ਮੋਦੀ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਇਸ ਅੰਦੋਲਨ ਦੇ ਹੱਕ ਵਿੱਚ ਨਿੱਤਰੇ ਲੋਕਾਂ ਨੂੰ ਪਰਜੀਵੀ ਕਹਿ ਕੇ ਭੰਡਿਆ ਹੈ।ਪਰਜੀਵੀ ਦੂਸਰਿਆਂ ਦਾ ਨਜਾਇਜ਼ ਫ਼ਾਇਦਾ ਉਠਾਉਣ ਵਾਲੇ ਮੁਫ਼ਤਖ਼ੋਰੇ ਸ਼ਖ਼ਸ ਨੂੰ ਆਖਿਆ ਜਾਂਦਾ ਹੈ।ਜਿਸ ਹਿਸਾਬ ਨਾਲ ਮੋਦੀ ਸਾਹਿਬ ਅੰਦੋਲਨ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪਰਜੀਵੀ ਕਹਿ ਰਹੇ ਨੇ ਉਸ ਹਿਸਾਬ ਨਾਲ ਤਾਂ ਭਾਰਤ ਵਿੱਚ ਸਰਗਰਮ ਹਰ ਸਿਆਸੀ ਪਾਰਟੀ ਹੀ ਪਰਜੀਵੀ ਹੋ ਜਾਂਦੀ ਹੈ।ਸਮੇਂ ਸਮੇਂ ਦਾ ਗੇੜ ਹੈ ਕਿਸੇ ਵੇਲੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਖਿਲਾਫ ਵਿੱਢੇ ਅੰਦੋਲਨ ਦਾ ਸਮਰਥਨ ਕਰ ਭਾਰਤੀ ਜਨਤਾ ਪਾਰਟੀ ਨੇ ਵੀ ਪਰਜੀਵੀ ਬਣ ਖ਼ੂਬ ਲਾਹਾ ਖੱਟਿਆ ਸੀ।ਪਰਜੀਵੀ ਨੂੰ ਪੰਜਾਬੀ ਵਿੱਚ ਅਮਰ ਵੇਲ ਵੀ ਕਿਹਾ ਜਾਂਦਾ ਹੈ।ਇਹ ਹਲਕੇ ਪੀਲੇ ਰੰਗ ਦੀ ਇੱਕ ਵੇਲ ਹੈ ਜੋ ਕਿਸੇ ਰੁੱਖ ਤੇ ਲਗ ਜਾਂਦੀ ਹੈ।ਇਸਦੇ ਨਾਂ ਤਾਂ ਕੋਈ ਪੱਤੇ ਹੁੰਦੇ ਨੇ ਅਤੇ ਨ ਹੀ ਇਸਦੀ ਕੋਈ ਜੜ੍ਹ ਜ਼ਮੀਨ ਵਿੱਚ ਲੱਗੀ ਹੁੰਦੀ ਏ।ਜਿਸ ਰੁੱਖ ਤੇ ਇਹ ਲਗਦੀ ਹੈ ਇਹ ਉਸ ਰੁੱਖ ਨੂੰ ਹੀ ਆਪਣਾ ਭੋਜਨ ਬਣਾ ਲੈਂਦੀ ਹੈ।ਥੋੜ੍ਹੀ ਦੇਰ ਬਾਅਦ ਉਹ ਰੁੱਖ ਵੀ ਮਰ ਜਾਂਦਾ ਹੈ ਅਤੇ ਇਹ ਵੇਲ ਵੀ ਸੁੱਕ ਜਾਂਦੀ ਏ।ਅਸਲ ਪਰਜੀਵੀ ਭਾਰਤ ਵਿੱਚ ਵਾਪਰ ਰਹੀ ਗੰਦੀ ਸਿਆਸਤ ਹੈ ਜੋ ਲੋਕਤੰਤਰ ਦੇ ਰੁੱਖ ਤੇ ਚੜ੍ਹ ਫੈਲੀ ਹੋਈ ਹੈ।ਇਸ ਗੰਦੀ ਸਿਆਸਤ ਵਿੱਚ ਮੋਦੀ ਸਾਹਿਬ ਦੀ ਆਪਣੀ ਪਾਰਟੀ ਸਭ ਤੋਂ ਮੋਹਰੇ ਹੈ।ਇਸ ਦੀ ਤਾਜ਼ਾ ਮਿਸਾਲ ਪਾਂਡੀਚਰੀ ਦੀ ਸਰਕਾਰ ਨੂੰ ਚੁਣੇ ਹੋਏ ਮੈਂਬਰਾਂ ਨੂੰ ਖ਼ਰੀਦ ਕੇ ਤੋੜਨਾ ਹੈ।ਮੋਦੀ ਸਾਹਿਬ ਦੀ ਸਿਆਸਤ ਉਹ ਅਕਾਸ਼ ਵੇਲ ਹੇ ਜੋ ਭਾਰਤੀ ਲੋਕਤੰਤਰ ਦੇ ਰੁੱਖ ਤੇ ਚੜ੍ਹੀ ਹੋਈ ਹੈ।
ਮੋਦੀ ਸਾਹਿਬ ਦਾ ਇਹ ਭਾਸ਼ਣ ਜਿਸ ਨੇ ਵੀ ਲਿਖਿਆ ਹੈ।(ਹੋ ਸਕਦਾ ਇਹ ਉਹਨਾਂ ਆਪ ਲਿਖਿਆ ਹੋਏ ਪਰ ਰਾਜਸੀ ਲੀਡਰਾਂ ਦੇ ਭਾਸ਼ਣ ਅਕਸਰ ਉਹਨਾਂ ਦੇ ਕਰਮਚਾਰੀ ਹੀ ਲਿਖਦੇ ਨੇ।) ਉਹ ਸ਼ਖਸ਼ ਕਿਸਾਨ ਅਤੇ ਕਿਸਾਨ ਅੰਦੋਲਨ ਦਾ ਵੈਰੀ ਤਾਂ ਬਾਅਦ ਵਿੱਚ ਹੋਣਗੇ ਪਰ ਉਹ ਮੋਦੀ ਅਤੇ ਉਹਨਾਂ ਦੀ ਪਾਰਟੀ ਦਾ ਦੁਸ਼ਮਣ ਪਹਿਲਾਂ ਹੈ।ਇਹ ਗੱਲ ਮੋਦੀ ਸਾਹਿਬ ਨੂੰ ਹਾਲਾਂ ਸਮਝ ਨਹੀਂ ਆ ਰਹੀ।ਗੁਰੂ ਸਾਹਿਬ ਸਾਨੂੰ ਜਪ ਬਾਣੀ ਵਿੱਚ ਦੱਸਦੇ ਨੇ ਕਿ:
ਪੰਚ ਪਰਵਾਣ ਪੰਚ ਪਰਧਾਨੁ॥ਪੰਚੇ ਪਾਵਹਿ ਦਰਗਹਿ ਮਾਨੁ॥ਪੰਚੇ ਸੋਹਹਿ ਦਰ ਰਾਜਾਨੁ॥ਪੰਚਾ ਕਾ ਗੁਰੁ ਏਕੁ ਧਿਆਨੁ॥
ਪੰਚ ਤੋਂ ਭਾਵ ਗੁਰਮੁਖ ਤੇ ਬਿਬੇਕੀ ਪੁਰਖ ਤੋਂ ਹੈ ਜੋ ਸੁਚੱਜੀ ਰਾਏ ਕਾਰਨ ਰਾਜ ਦਰਬਾਰ ਵਿੱਚ ਸੋਹੰਦੇ ਨੇ।ਉਹਨਾਂ ਦੀ ਇਹ ਸੁਚੱਜੀ ਰਾਏ ਹੀ ਦੁਨੀਆਂ ਦੀ ਅਗਵਾਈ ਕਰਦੀ ਆ ਰਹੀ ਹੈ।ਅਗਰ ਕੋਈ ਬਿਬੇਕਹੀਣ ਬੰਦਾ ਰਾਜੇ ਦੀ ਅਗਵਾਈ ਕਰਨ ਲਗ ਪਏ ਤਾਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੰਦਾ ਹੈ।ਭਾਰਤ ਅੰਦਰ ਇਹੀ ਹੋ ਰਿਹਾ ਹੈ।ਮੋਦੀ ਸਾਹਿਬ ਨੂੰ ਰਾਏ ਦੇਣ ਵਾਲੇ ਜਾਹਰਾ ਤੌਰ ਤੇ ਬਿਬੇਕੀ ਪੁਰਖ ਨਹੀਂ ਹਨ।ਉਨ੍ਹਾਂ ਦੀਆਂ ਅੱਖਾਂ ਤੇ ਤਾਕਤ ਦੀ ਹਵਸ ਦੀ ਪੱਟੀ ਬੰਨ੍ਹੀ ਹੋਈ ਹੈ।ਬੀਜੇਪੀ, ਹਿੰਦੂ ਧਰਮ, ਅਤੇ ਭਾਰਤ ਦੇਸ਼ ਦਾ ਸਭ ਤੋ ਵੱਧ ਨੁਕਸਾਨ ਇਹ ਲੋਕ ਕਰ ਰਹੇ ਨੇ।ਮੋਦੀ ਸਾਹਿਬ ਨੂੰ ਆਪਣੀ ਸ਼ਬਦਾਵਲੀ ਵਿੱਚ ਇੱਕ ਹੋਰ ਸ਼ਬਦ ਸ਼ਾਮਲ ਕਰਨਾ ਚਾਹੀਦਾ ਹੈ।ਉਹ ਸ਼ਬਦ ਹੈ ਅੰਦੋਲਨ ਮਾਰੂ ਜੋ ਕਿ ਸਰਕਾਰ ਅਤੇ ਇਸਦੇ ਸਲਾਹਕਾਰਾਂ ਦੇ ਇਸ ਅੰਦੋਲਨ ਪ੍ਰਤੀ ਰਵੱਈਆ ਦੀ ਤਰਜਮਾਨੀ ਕਰਦਾ ਹੈ।
-
ਜਰਨੈਲ ਸਿੰਘ, ਸਾਬਕਾ ਬੈਂਕ ਅਫਸਰ ਅਤੇ ਫਾਈਨਾਂਸ ਪ੍ਰੋਫੈਸ਼ਨਲ
Jarnailsingh1469@yahoo.com.au
+61 401 500 790
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.