ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨ ਅੰਦੋਲਨ ਦਿਨ ਰਾਤ ਚੱਲ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਇਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਹਿੱਸਾ ਲੈ ਰਹੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸੰਘਰਸ਼ ਵਿੱਚ ਔਰਤਾਂ ਦਾ ਏਨਾ ਵੱਡਾ ਇਕੱਠ ਹੋਵੇ। ਕਿਸਾਨ ਅੰਦੋਲਨ ਤੋਂ ਪਹਿਲੋਂ ਵੈਸੇ, ਦਿੱਲੀ ਦੇ ਅੰਦਰ ਵੱਖ ਵੱਖ ਜਗਾਵਾਂ 'ਤੇ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਲੱਖਾਂ ਔਰਤਾਂ ਨੇ ਪ੍ਰਦਰਸ਼ਨ ਵਿੱਢਿਆ ਸੀ, ਪਰ ਉਸ ਪ੍ਰਦਰਸ਼ਨ ਨੂੰ ਕੋਰੋਨਾ ਦਾ ਬਹਾਨਾ ਬਣਾ ਕੇ ਲੰਘੇ ਸਾਲ ਮਾਰਚ 2020 ਵਿੱਚ ਖ਼ਤਮ ਕਰਵਾ ਦਿੱਤਾ ਗਿਆ ਸੀ।
8/9 ਮਹੀਨੇ ਬਾਅਦ ਜਦੋਂ ਸਤੰਬਰ 2020 ਵਿੱਚ ਪੰਜਾਬ ਦੇ ਅੰਦਰੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਆਜ਼ਾਦ ਬੁਲੰਦ ਹੋਈ ਤਾਂ, ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਅੱਗੇ ਆਈਆਂ ਅਤੇ ਉਨਾਂ ਨੇ ਮਰਦ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਅੰਦਰ ਵੈਸੇ ਵੀ ਬਹੁਤ ਸਾਰੀਆਂ ਔਰਤਾਂ ਦੀਆਂ ਜਥੇਬੰਦੀਆਂ ਹਨ, ਜੋ ਜ਼ੁਲਮ ਦੇ ਖ਼ਿਲਾਫ਼ ਬੋਲਦੀਆਂ ਰਹਿੰਦੀਆਂ ਹਨ। ਵਿਦਿਆਰਥੀ ਸੰਗਠਨਾਂ ਦੇ ਵਿੱਚ ਔਰਤਾਂ ਵੀ ਇਸ ਵੇਲੇ ਅੱਗੇ ਆ ਰਹੀਆਂ ਹਨ ਅਤੇ ਉਨਾਂ ਨੂੰ ਚੰਗੇ ਅਹੁਦੇ ਵੀ ਹਾਸਲ ਹੋ ਰਹੇ ਹਨ, ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਕੀ ਭਾਰਤ ਦੀ ਔਰਤ ਆਜ਼ਾਦ ਦੇਸ਼ ਦੇ ਅੰਦਰ ਆਜ਼ਾਦ ਹੈ?
ਇਸ ਸਵਾਲ ਨੇ ਬੇਸ਼ੱਕ ਬਹੁਤਿਆਂ ਦੇ ਮੂੰਹ ਨੂੰ ਤਾਲੇ ਵੀ ਲਗਾ ਦੇਣੇ ਨੇ ਅਤੇ ਬਹੁਤਿਆਂ ਨੂੰ ਬੋਲਣ ਲਈ ਮਜ਼ਬੂਰ ਕਰ ਵੀ ਕਰ ਦੇਣਾ ਹੈ, ਪਰ ਕੀ ਇਸ ਸਵਾਲ ਦਾ ਜਵਾਬ ਸੌਖੇ ਸ਼ਬਦਾਂ ਵਿੱਚ ਲੱਭ ਸਕਦਾ ਹੈ? ਮੇਰੇ ਮੁਤਾਬਿਕ ਤਾਂ ਨਹੀਂ। ਕਿਉਂਕਿ ਕਹਿਣ ਨੂੰ ਭਾਵੇਂ ਹੀ ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਔਰਤ ਭਾਰਤ ਦੇ ਅੰਦਰ ਆਜ਼ਾਦ ਹੈ, ਪਰ ਔਰਤ ਆਜ਼ਾਦ ਨਹੀਂ ਹੈ। ਔਰਤ ਦਾ ਆਜ਼ਾਦ ਭਾਰਤ ਦੇ ਅੰਦਰ ਗੁਲਾਮ ਹੋਣਾ ਹੀ, ਸਾਨੂੰ ਸਭ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਹੈ। ਸਿਆਸਤਦਾਨ ਹਰ ਦਿਨ, ਹਰ ਘੰਟੇ ਬਾਅਦ ਹੀ ਸਟੇਜ਼ਾਂ 'ਤੇ ਖੜੇ ਹੋ ਕੇ ਔਰਤਾਂ ਦੇ ਹੱਕਾਂ ਵਿੱਚ ਨਾਅਰਾ ਮਾਰਨ ਦੀ ਗੱਲ ਕਰਦੇ ਹਨ ਅਤੇ ਔਰਤਾਂ ਆਜ਼ਾਦ ਹਨ, ਇਹ ਵੀ ਗੱਲ ਕਰਦੇ ਹਨ। ਪਰ ਕੀ ਉਨਾਂ ਸਿਆਸਤਦਾਨਾਂ ਦੀ ਗੱਲ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ, ਕਿ ਔਰਤ ਆਜ਼ਾਦ ਹਨ? ਵੈਸੇ ਤਾਂ, ਮੁਲਕ ਆਜ਼ਾਦ ਹੈ, ਪਰ ਆਜ਼ਾਦ ਭਾਰਤ ਦੇ ਅੰਦਰ ਬਹੁਤ ਸਾਰੇ ਹਿੱਸੇ ਤਬਕੇ ਅਜਿਹੇ ਵੀ ਹਨ, ਜਿਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਖ਼ੈਰ, ਮਰਦਾਂ ਦੇ ਨਾਲ ਨਾਲ ਔਰਤਾਂ ਵੀ ਇਸ ਵੇਲੇ ਆਜ਼ਾਦ ਭਾਰਤ ਦੇ ਅੰਦਰ ਸਭ ਤੋਂ ਅੱਗੇ ਹੋ ਕੇ ਲੜ ਰਹੀਆਂ ਹਨ।
ਆਜ਼ਾਦੀ ਦਾ ਨਿੱਘ ਇਸ ਵਕਤ ਬਹੁਤੇ ਭਾਰਤੀ ਇਸ ਲਈ ਨਹੀਂ ਮਾਣ ਰਹੇ, ਕਿਉਂਕਿ ਉਨਾਂ ਨੂੰ ਡਰ ਲੱਗ ਰਿਹਾ ਹੈ, ਕਿ ਕਿਤੇ ਕੋਈ ਫੜ ਕੇ ਉਨਾਂ ਨੂੰ ਸਲਾਖ਼ਾਂ ਪਿੱਛੇ ਨਾ ਸੁੱਟ ਦੇਵੇ। ਔਰਤ ਦੀ ਆਜ਼ਾਦੀ ਦੀ ਗੱਲ ਅਸੀਂ ਵੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ, ਪਰ ਕੀ ਔਰਤ ਨੂੰ ਆਜ਼ਾਦੀ ਮਿਲ ਪਾਈ ਹੈ? ਔਰਤ ਪਹਿਲੀ ਗੱਲ ਤਾਂ ਅੱਜ ਘਰਾਂ ਦੇ ਅੰਦਰ ਹੀ ਗੁਲਾਮ ਬਣੀ ਬੈਠੀ ਹੈ। ਬੇਸ਼ੱਕ ਬਹੁਤ ਸਾਰੀਆਂ ਔਰਤਾਂ ਹਾਲੇ ਵੀ ਘਰਾਂ ਤੋਂ ਬਾਹਰ ਨਿਕਲ ਕੇ ਨੌਕਰੀ ਪੇਸ਼ੇ ਵਿੱਚ ਲੱਗ ਚੁੱਕੀਆਂ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ, ਕਿ ਬਹੁਤ ਸਾਰੇ ਮਾਪੇ ਹਾਲੇ ਵੀ ਆਪਣੀਆਂ ਬੱਚੀਆਂ ਨੂੰ ਘਰਾਂ ਦੇ ਅੰਦਰ ਹੀ ਬੰਦ ਰੱਖਣਾ ਪਾਸੰਦ ਕਰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਸਭ ਤੋਂ ਅਹਿਮ ਕਾਰਨ ਜੋ ਮੰਨਿਆ ਗਿਆ ਹੈ, ਉਹ ਹੈ ਜ਼ਮਾਨੇ ਦੀ ਭੈੜੀ ਨਜ਼ਰ ਅਤੇ ਔਰਤਾਂ ਦੇ ਨਾਲ ਹੁੰਦੇ ਚਿੱਟੇ ਦਿਨੇ ਬਲਾਤਕਾਰ ਆਦਿ। ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਬਹੁਤ ਸਾਰੀਆਂ ਔਰਤਾਂ ਨੇ ਅੱਗੇ ਹੋ ਕੇ ਨਾਅਰਾ ਮਾਰਿਆ। ਕਿਸਾਨਾਂ ਦੇ ਅੰਦੋਲਨ ਦਾ ਬਹੁਤ ਸਾਰੀਆਂ ਵਿਦੇਸ਼ੀ ਹਸਤੀਆਂ ਵੀ ਸ਼ਾਮਲ ਰਹੀਆਂ, ਜਿਨਾਂ ਦੇ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਕਿਸਾਨ ਅੰਦੋਲਨ ਦੇ ਵਿੱਚ ਪਹੁੰਚੀਆਂ ਔਰਤਾਂ ਨੂੰ ਭਾਵੇਂ ਹੀ ਭਾਰੀ ਬਲ ਮਿਲਿਆ ਅਤੇ ਉਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿ ਹੁਣ ਡਰਨ ਦੀ ਲੋੜ ਨਹੀਂ, ਕਿਉਂਕਿ ਹਰ ਕੋਈ ਉਨਾਂ ਦੀ ਮਦਦ ਕਰਨ ਲਈ ਰਾਜ਼ੀ ਹੈ। ਦੱਸ ਦਈਏ ਕਿ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਹੀ ਦਿਸ਼ਾ ਰਵੀ ਅਤੇ ਨੌਦੀਪ ਕੌਰ ਵਰਗੀਆਂ ਜ਼ੁਝਾਰੂ ਕੁੜੀਆਂ ਨੂੰ ਫੜ ਕੇ ਪੁਲਿਸ ਵੱਲੋਂ ਸਲਾਖ਼ਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਦਿਸ਼ਾ ਰਵੀ ਅਤੇ ਨੌਦੀਪ ਕੌਰ ਬੇਸ਼ੱਕ ਰਿਹਾਅ ਹੋ ਚੁੱਕੀਆਂ ਹਨ, ਪਰ ਉਨਾਂ 'ਤੇ ਦਰਜ ਮਾਮਲੇ ਬਹੁਤ ਚਿੰਤਾਜਨਕ ਹਨ। ਭਾਵੇਂ ਹੀ ਬਹੁਤ ਸਾਰੀਆਂ ਔਰਤਾਂ ਹਾਲੇ ਵੀ ਅੱਜ ਘਰ ਦੇ ਕੰਮਕਾਜ ਤੱਕ ਸੀਮਤ ਰਹਿ ਚੁੱਕੀਆਂ ਹਨ, ਪਰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਵੀ ਹਨ, ਜੋ ਘਰਾਂ ਤੋਂ ਬਾਹਰ ਸਕੂਲਾਂ ਅਤੇ ਕਾਲਜਾਂ ਵਿੱਚ ਪੜ ਕੇ ਸੰਘਰਸ਼ ਦੇ ਵਿੱਚ ਜੁੱਟੀਆਂ ਹੋਈਆਂ ਹਨ ਅਤੇ ਨੌਕਰੀਆਂ ਵੀ ਪ੍ਰਾਪਤ ਕਰ ਰਹੀਆਂ ਹਨ। ਦੱਸ ਦਈਏ ਕਿ, ਅੱਜ ਦੀ ਔਰਤ, ਅੱਜ ਕੱਲ ਦੇ ਅਜੋਕੇ ਸਮੇਂ ਵਿੱਚ ਕੰਮ-ਕਾਜੀ ਔਰਤਾਂ ਦੀ ਜ਼ਿੰਦਗੀ ਬੜੀ ਕਠਿਨਾਈਆਂ ਭਰੀ ਹੈ। ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ। ਹਰ ਖੇਤਰ ਵਿੱਚ ਆਜ਼ਾਦ ਹੈ, ਪਰ ਫਿਰ ਵੀ ਉਸ ਨੂੰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਨਾ ਪੈਦਾ ਹੈ।
ਸਵੇਰੇ ਘਰ ਦੇ ਕੰਮ ਕਰਨਾ, ਫਿਰ ਬੱਚਿਆਂ ਦੀ ਦੇਖ਼ਭਾਲ ਕਰਨੀ ਅਤੇ ਬਾਹਰੀ ਦਫ਼ਤਰਾਂ ਦੇ ਕੰਮ ਧੰਦੇ ਕਰਨੇ ਅਤੇ ਵਾਪਸ ਘਰ ਆ ਕੇ ਘਰ ਦੇ ਕੰਮ ਕਰਨੇ। ਆਜ਼ਾਦ ਦੇਸ਼ਾਂ ਦੀ ਆਜ਼ਾਦ ਔਰਤ ਜਦੋਂ ਘਰ ਤੋਂ ਬਾਹਰ ਕੰਮਾਂ ਲਈ ਹਨੇਰੇ ਸਵੇਰੇ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੀ, ਕਿਉਂਕਿ ਅੱਜ ਵੀ ਔਰਤਾਂ ਨਾਲ ਛੇੜਛਾੜ ਦੇ ਕੇਸ ਦੇਖਣ ਨੂੰ ਮਿਲਦੇ ਰਹਿੰਦੇ ਹਨ। ਭਾਰਤ ਦੇ ਨਾਲ ਨਾਲ ਜੇਕਰ ਵਿਦੇਸ਼ ਇੰਗਲੈਂਡ ਦੀ ਗੱਲ ਕਰ ਲਈਏ ਤਾਂ, ਉੱਥੇ ਵੀ ਰਾਤ ਸਮੇਂ ਸਿਰ ਫਿਰੇ ਆਮ ਹੀ ਸੜਕਾਂ 'ਤੇ ਘੁੰਮਦੇ ਵੇਖੇ ਜਾ ਸਕਦੇ ਹਨ ਅਤੇ ਰਾਤ ਵੇਲੇ ਡਿਊਟੀ ਕਰਕੇ ਬੱਸਾਂ ਰਾਹੀਂ ਵਾਪਸ ਆਉਣ ਵਾਲੀਆਂ ਔਰਤਾਂ ਨੂੰ ਇੰਗਲੈਂਡ ਵਿੱਚ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇਸ਼ ਦੀ ਗੱਲ ਕਰ ਲਈਏ ਤਾਂ, ਲਗਾਤਾਰ ਭਾਰਤ ਵਿੱਚ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਭਾਰਤ ਦੇ ਅੰਦਰ ਬਹੁਤ ਸਾਰੀਆਂ ਸਿਆਸੀ ਹਸਤੀਆਂ ਦੇ ਨਾਂਅ ਔਰਤਾਂ ਦੇ ਨਾਲ ਛੇੜਛਾੜ ਕਰਨ ਤੋਂ ਇਲਾਵਾ ਬਲਾਤਕਾਰ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਸਭ ਤੋਂ ਵੱਧ ਇਹ ਦੋਸ਼ ਸੱਤਾਧਿਰ ਦੇ ਉੱਪਰ ਹੀ ਲੱਗੇ ਹਨ।
ਪਿਛਲੇ ਦਿਨੀਂ ਇੱਕ ਭਾਜਪਾ ਦੇ ਮੰਤਰੀ ਦੀ ਵੀਡੀਓ ਵਾਇਰਲ ਹੋਣ ਮਗਰੋਂ, ਉਹਨੇ ਅਸਤੀਫ਼ਾ ਦੇ ਦਿੱਤਾ ਸੀ। ਖ਼ੈਰ, ਅਜਿਹਾ ਕੁੱਝ ਹੀ ਭਾਜਪਾ ਦੇ ਰਾਜ ਵਿੱਚ ਦੇਸ਼ ਦੇ ਅੰਦਰ ਹੋ ਰਿਹਾ ਹੈ। ਬੱਚੀਆਂ ਅਤੇ ਔਰਤਾਂ ਦੇ ਨਾਲ ਬਲਾਤਕਾਰ ਹੋਣ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ, ਪਰ ਬੇਔਲਾਦੇ ਤਾਣੀ ਬੈਠੇ ਹਨ। ਵੈਸੇ, ਬੇਟੀਆਂ ਅਤੇ ਔਰਤਾਂ ਦੀ ਰੱਖਿਆ ਨੂੰ ਲੈ ਕੇ ਇਸ ਵੇਲੇ ਇੱਕ ਸੁਨੇਹਾ ਬਹੁਤ ਵਾਇਰਲ ਹੋ ਰਿਹਾ ਹੈ ਕਿ 'ਆਪਣੀਆਂ ਬੇਟੀਆਂ ਦੀ ਰਾਖੀ ਆਪ ਕਰੋ ਮਾਪਿਓ, ਕਿਉਂਕਿ ਸੱਤਾ ਦੀ ਕੁਰਸੀ 'ਤੇ ਬਿਰਾਜ਼ਮਾਨ ਲੋਕ ਬੇਔਲਾਦ ਨੇ, ਇਨਾਂ ਨੂੰ ਨਹੀਂ ਪਤਾ ਤੁਹਾਡੀ ਬੇਟੀ ਦੀ ਰੱਖਿਆ ਕਿੰਝ ਕਰਨੀ ਹੈ?' ਵਾਕਿਆ ਹੀ ਇਹ ਸੁਨੇਹਾ ਅੱਜ ਮਾਪਿਆਂ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਬੇਟੀਆਂ ਦੀ ਰੱਖਿਆ ਖ਼ੁਦ ਕਰਨੀ ਚਾਹੀਦੀ ਹੈ, ਕਿਉਂਕਿ 'ਓਹ ਕੁਰਸੀ' 'ਤੇ ਬਿਰਾਜ਼ਮਾਨ ਲੋਕ ਬੇਔਲਾਦ ਨੇ। ਭਾਰਤ ਦੇ ਅੰਦਰ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਦੀ ਜੇਕਰ 2017 ਤੋਂ ਲੈ ਕੇ 2019 ਤੱਕ ਦੀ ਗੱਲ ਕਰੀਏ ਤਾਂ, ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਿਕ, 2018 ਦੇ ਮੁਕਾਬਲੇ 2019 ਵਿੱਚ ਜਬਰ ਜਨਾਹ ਦੇ ਮਾਮਲਿਆਂ ਵਿੱਚ 7 ਫ਼ੀਸਦੀ ਦਾ ਵਾਧਾ ਹੋਇਆ।
ਹਾਲਾਂਕਿ ਇਸ ਸਮੇਂ ਕਤਲ ਅਤੇ ਅਗਵਾ ਦੀਆਂ ਘਟਨਾਵਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਿਕ, 2019 ਵਿੱਚ ਦੇਸ਼ ਵਿੱਚ ਹਰ ਰੋਜ਼ ਔਸਤਨ 87 ਜਬਰ ਜਨਾਹ ਦੇ ਮਾਮਲੇ ਦਰਜ ਕੀਤੇ ਗਏ। ਜਦੋਂਕਿ ਔਰਤਾਂ ਦੇ ਸ਼ੋਸ਼ਣ ਨਾਲ ਜੁੜੇ ਕੁੱਲ ਲਗਭਗ 4,05,861 ਮਾਮਲੇ ਦਰਜ ਹੋਏ। ਸਾਲ 2018 ਵਿੱਚ ਪੂਰੇ ਦੇਸ਼ ਅੰਦਰ ਔਰਤਾਂ ਦੇ ਸ਼ੋਸ਼ਣ ਦੇ ਕੁੱਲ 3,78,236 ਮਾਮਲੇ ਦਰਜ ਹੋਏ ਸਨ। ਅੰਕੜਿਆਂ ਮੁਤਾਬਿਕ 2019 ਵਿੱਚ ਜਬਰ ਜਨਾਹ ਦੇ 32,033 ਮਾਮਲੇ ਦਰਜ ਕੀਤੇ ਗਏ, ਜਿਹੜੇ ਔਰਤਾਂ ਦੇ ਸ਼ੋਸ਼ਣ ਨੂੰ ਲੈ ਕੇ ਦਰਜ ਕੁੱਲ ਮਾਮਲਿਆਂ ਦੇ 7.3 ਫ਼ੀਸਦੀ ਹਨ। ਸਾਲ 2018 ਵਿੱਚ ਪੂਰੇ ਦੇਸ਼ ਵਿੱਚ ਜਬਰ ਜਨਾਹ ਦੇ ਕੁੱਲ 33,356 ਮਾਮਲੇ ਦਰਜ ਹੋਏ, ਜਿਹੜੇ 2017 ਤੋਂ ਜ਼ਿਆਦਾ ਹਨ। 2017 ਵਿੱਚ ਕੁੱਲ 32,5,59 ਜਬਰ ਜਨਾਹ ਦੇ ਮਾਮਲੇ ਦਰਜ ਹੋਏ, ਉੱਥੇ ਦੂਜੇ ਪਾਸੇ ਕਤਲ ਅਤੇ ਅਗਵਾ ਦੇ ਮਾਮਲਿਆਂ ਵਿੱਚ ਮਾਮੂਲੀ ਜਿਹੀ ਕਮੀ ਆਈ ਹੈ।
ਅੰਕੜਿਆਂ ਮੁਤਾਬਿਕ, 2018 ਵਿੱਚ ਕਤਲ ਦੇ 29,017 ਮਾਮਲੇ ਦਰਜ ਕੀਤੇ ਗਏ, ਜਦੋਂਕਿ 2019 ਵਿੱਚ ਇਹ ਅੰਕੜਾ 28,918 ਔਰਤਾਂ ਦਾ ਕਤਲ ਹੋਇਆ ਹੈ। ਇਸੇ ਤਰਾਂ 2019 ਵਿੱਚ ਅਗਵਾ ਦੇ 1,05,734 ਮਾਮਲੇ ਦਰਜ ਹੋਏ ਹਨ। ਅੰਕੜੇ ਤਾਂ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਹੀ ਹਨ, ਨਾਲ ਹੀ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਨਾਂ ਮੌਜੂਦਾ ਹਾਕਮਾਂ ਨੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਕੁੜੀਆਂ 'ਤੇ ਜ਼ੁਲਮ ਢਾਹਿਆ ਹੈ। ਖ਼ੈਰ, ਆਜ਼ਾਦ ਭਾਰਤ ਦੇ ਅੰਦਰ ਆਪਣੀ ਆਜ਼ਾਦੀ ਲਈ ਅਤੇ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ ਸੰਘਰਸ਼ੀ ਔਰਤਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।
-
ਗੁਰਪ੍ਰੀਤ, ਲੇਖਕ
gurpreetsinghjossan@gmail.com
75083-25934
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.