ਅਸੀਂ ਕਿਵੋਂ ਵਿਸਾਰਦੇ ਹਾਂ ਆਪਣੇ ਪੁਰਖੇ,ਉਸ ਦੀ ਇੱਕ ਮਿਸਾਲ ਗ਼ਜ਼ਲ ਮਾਰਤੰਡ ਪ੍ਰਿੰਸੀਪਲ ਤਖ਼ਤ ਸਿੰਘ ਜੀ ਹਨ। ਜਿੰਨ੍ਹਾਂ ਦੀ ਸੰਗਤ ਮੈਂ 1972 ਤੋਂ 1989 ਤੀਕ ਰੱਜ ਕੇ ਮਾਣੀ। 1977 ਤੋਂ 1983 ਤੀਕ ਕੁਝ ਵਧੇਰੇ ਹੀ, ਕਿਉਂਕਿ ਉਹ ਸਾਲ ਮੈਂ ਜਗਰਾਉਂ ਦੇ ਲਾਜਪਤ ਰਾਏ ਮੈਮੋਰੀਅਲ ਕਾਲਿਜ ‘ਚ ਪੜ੍ਹਾਇਆ। ਹਰ ਚੌਥੇ ਪੰਜਵੇਂ ਦਿਨ ਉਹ ਆਪ ਆਉਂਦੇ ਜਾਂ ਮੈਂ ਚਲਾ ਜਾਂਦਾ ਕਿਉਂਕਿ ਆਖਰੀ ਤਿੰਨ ਸਾਲ ਮੇਰੀ ਰਿਹਾਇਸ਼ ਵੀ ਜਗਰਾਉਂ ਵਿੱਚ ਹੀ ਸੀ। ਕਾਮਰੇਡ ਓਮ ਪ੍ਰਕਾਸ਼ ਅਤਰੇ,ਮਹਿੰਦਰਦੀਪ ਗਰੇਵਾਲ, ਕੁਲਵੰਤ ਜਗਰਾਉਂ, ਦੀਦਾਰ ਗੜ੍ਹਦੀਵਾਲਾ ਤੇ ਕਿੰਨੇ ਸੱਜਣ ਪਿਆਰੇ ਉਨ੍ਹਾਂ ਤੋਂ ਗ਼ਜ਼ਲ ਬਾਰੀਕੀਆਂ ਸਿੱਖਦੇ। ਬਾਕੀ ਸ਼ਹਿਰਾਂ ਪਿੰਡਾਂ ਤੋਂ ਵੀ ਲੋਕ ਆਉਂਦੇ, ਤਰਲੋਕ ਜੱਜ, ਪ੍ਰੀਤ ਮਹਿੰਦਰ ਤਿਵਾੜੀ,ਕੁਲਵਿੰਦਰ, ਰਾਜਿੰਦਰ ਪਰਦੇਸੀ, ਖ਼ਾਲਿਦ ਕਿਫ਼ਾਇਤ, ਡਾ. ਅਸਲਮ ਹਬੀਬ ਤੇ ਸੁਰਿੰਦਰ ਸੀਰਤ ਵਰਗੇ।
ਉਹ ਅੰਮ੍ਰਿਤਸਰੋਂ ਗਿਆਨੀ ਗੁਰਬਚਨ ਸਿੰਘ ਭੂਈ ਦੀ ਸੰਪਾਦਨਾ ਹੇਠ ਛਪਦੇ ਮਾਸਿਕ ਪੱਤਰ ਸਾਹਿੱਤਕਾਰ ਵਿੱਚ ਹਰ ਮਹੀਨੇ ਨਵੇਂ ਲਿਖਾਰੀਆਂ ਦੀ ਗ਼ਜ਼ਲ ਬਾਰੇ ਕਾਲਮ ਲਿਖਦੇ। ਡਾ: ਸਾਧੂ ਸਿੰਘ ਹਮਦਰਦ ਜੀ ਨਾਲ ਦਿਲੀ ਮੁਹੱਬਤ ਸੀ ਉਨ੍ਹਾਂ ਦੀ। ਮੈਨੂੰ ਕਈ ਵੇਰ ਦੋਹਾਂ ਦੀ ਇਕੱਠਿਆਂ ਸੰਗਤ ਕਰਨ ਦਾ ਮੌਕਾ ਮਿਲਿਆ। ਉਦੋਂ ਬਹੁਤੇ ਗ਼ਜ਼ਲ ਗਿਆਤਾ ਉਸਤਾਦ ਸਾਨੂੰ ਬਹੁਤ ਡਰਾਉਂਦੇ ਹੁੰਦੇ ਸਨ ਇਸ ਰੂਪ ਤੋਂ। ਦੀਪਕ ਜੈਤੋਈ, ਠਾਕੁਰ ਭਾਰਤੀ, ਮੁਰਸ਼ਦ ਬੁੱਟਰਵੀ, ਮਹਿੰਦਰ ਸਿੰਘ ਮਾਨਵ ਦੀ ਹਾਜ਼ਰੀ ਚ ਮੈਂ ਗ਼ਜ਼ਲ ਪੜ੍ਹਨ ਦੀ ਜੁਅਰਤ ਕਦੇ ਨਾ ਕਰਦਾ। ਇਹ ਵਿਸ਼ਵਾਸ ਮੈਨੂੰ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੇ ਦਿਵਾਇਆ ਕਿ ਮੈਂ ਗ਼ਜ਼ਲ ਲਿਖ ਸਕਦਾ ਹਾਂ।
ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਪੜ੍ਹਾਉਂਦਿਆਂ ਉਨ੍ਹਾਂ ਦੀ ਮਦਦ ਨਾਲ ਅਸੀਂ ਬੜੇ ਵੱਡੇ ਵੱਡੇ ਸਾਹਿੱਤਕ ਸਮਾਗਮ ਕਰਵਾਏ।
ਉਨ੍ਹਾਂ ਦੀ ਯਾਦ ਆਈ ਤਾਂ ਦਿਲ ਕੀਤਾ ਤੁਹਾਨੂੰ ਵੀ ਚੇਤਾ ਕਰਾਵਾਂ।
ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ।
15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ 26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੱਸਦੀ ਹੈ ਕਿ ਉਸ ਦੇ ਪਿਤਾ ਜੀ ਸਮੁੰਦਰੀ(ਲਾਇਲਪੁਰ) ਚ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਸਕੂਲ ਸਹਿਪਾਠੀ ਸਨ ਤੇ ਚਾਚਾ ਜੀ ਸ਼ਹੀਦ ਦੀਵਾਨ ਸਿੰਘ ਜੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੀ ਮਿੱਤਰ ਸਨ। ਦੋ ਪੁਸ਼ਤਾਂ ਦੀ ਸਾਂਝ ਪੁਗਾਉਣ ਉਹ ਸਾਡੇ ਜੰਮੂ ਵਾਲੇ ਘਰ ਅਕਸਰ ਆਉਂਦੇ ਤੇ ਪੁਰਾਣੀਆਂ ਯਾਦਾਂ ਦੁਹਰਾਉਂਦੇ।
ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ।
ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਪ੍ਰਕਾਸ਼ਿਤ ਕੀਤੀ ਗਈ ਸੀ।
ਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ।
ਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ਤੇ ਵਜਦ ਏ ਹੈਰਤ ਹਨ।
ਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ।
ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ।
ਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ।
ਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ, ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ।
ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ,
ਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ:ਕਰਨਲ ਗੁਰਦੀਪ ਸਿੰਘ (ਜਗਰਾਉਂ )ਪਾਸੋਂ ਸੰਪਾਦਿਤ ਕਰਵਾ ਕੇ1998 ‘ਚ ਪ੍ਰਕਾਸ਼ਿਤ ਕੀਤਾ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀਆਂ ਕੁਝ ਗ਼ਜ਼ਲਾਂ ਤੁਸੀਂ ਵੀ ਪੜ੍ਹੋ।
ਗ਼ਜ਼ਲ 1.
ਬੂੰਦ ਹੋ ਕੇ ਵੀ ਕਰਾਂ ਜੰਗ ਮੈਂ ਅੰਗਿਆਰੇ ਨਾਲ।
ਮੈਂ ਇਕੱਲਾ ਨਹੀਂ, ਦਰਿਆ ਵੀ ਨੇ ਅੱਜ ਸਾਰੇ ਨਾਲ।
ਕੌਣ ਸੋਚਾਂ ਦੀ ਕਿਰੀ ਰੇਤ ਨੂੰ ਵਗਣੋਂ ਰੋਕੇ,
ਕੌਣ ਕੰਧਾਂ ‘ਚ ਵਿਚਾਰਾਂ ਨੂੰ ਚਿਣੇ ਗਾਰੇ ਨਾਲ।
ਅਰਸ਼ ਤੱਕ ਧਿਆਨ ਦੇ ਅੰਗਾਂ ਨੂੰ ਇਉਂ ਵੀ ਮੈਂ ਤਾਣਾਂ,
ਕੂਹਣੀਆਂ ਮੇਰੀਆਂ ਲੱਗ ਜਾਣ ਧਰੂ ਤਾਰੇ ਨਾਲ।
ਕੌਣ ਇਸ ਭੇਤ ਨੂੰ ਬੁੱਝੇ ਕਿ ਮੈਂ ਜਦ ਵੀ ਤੈਨੂੰ,
ਹਾਕ ਮਾਰਾਂ ਤਾਂ ਹਵਾ ਹਾਕ ਉਵੇਂ ਮਾਰੇ ਨਾਲ।
ਓਪਰੀ ਸੇਜ ਤੇ ਡਿੱਠਾ ਜਾਂ ਸੱਜਣ ਇਉਂ ਲੱਗਿਆ,
ਜਿੰਦ ਨੂੰ ਚੀਰ ਗਿਆ ਕੋਈ ਜਿਵੇਂ ਆਰੇ ਨਾਲ।
ਘੂਕ ਸੁੱਤਾ ਸੀ ਜੋ ਚੁੱਪ ਚਾਂ ਦਾ ਹਨ੍ਹੇਰਾ, ਛੇਕੜ,
ਚੌਂਕਿਆ ਮੇਰੀਓ ਆਵਾਜ਼ ਦੇ ਚਮਕਾਰੇ ਨਾਲ।
ਬਾਤ ਫੁੱਲਾਂ ਨੇ ਜੋ ਟੋਰੀ , ਨ ਬੜਾ ਚਿਰ ਮੁੱਕੀ,
ਬਾਤ ਟੁਰਦੀ ਹੀ ਗਈ ਪੌਣ ਗੇ ਹੁੰਗਾਰੇ ਨਾਲ।
ਕਿਉਂ ਨ ਮੈਂ ਕੇਰਦਾ ਅੱਖਾਂ ‘ਚੋਂ ਲਹੂ ਦੇ ਹੰਝੂ,
ਸ਼ਾਂਤ ਹੋਣੀ ਸੀ ਤੜਪ ਦਿਲ ਦੀ ਇਸੇ ਚਾਰੇ ਨਾਲ।
2
ਡੁਬ ਕੇ ਜੋ ਤਾਰੂ ਸਮੁੰਦਰ ਵਿਚ ਕਿਤੇ ਰਹਿ ਜਾਣਗੇ।
ਪਾਣੀਆਂ ਉੱਤੇ ਉਨ੍ਹਾਂ ਦੇ ਨਾਂ ਲਿਖੇ ਰਹਿ ਜਾਣਗੇ।
ਪੰਛੀਆਂ ਉੱਪਰ ਤਾਂ ਲਾ ਦਿੱਤੇ ਤੂੰ ਪਹਿਰੇ, ਪਰ ਜੋ ਗੀਤ,
ਚੜ੍ਹ ਗਏ ਪੌਣਾਂ ਦੇ ਮੂੰਹ, ਕੀ ਅਣਸੁਣੇ ਰਹਿ ਜਾਣਗੇ।
ਆਪਣੀ ਧੁਨ ਵਿੱਚ ਮਸਤ ਚੁੱਕਣਗੇ ਸਿਰਾਂ ਤੇ ਟੀਸੀਆਂ,
ਸੰਸਿਆਂ ਮਾਰੇ ਗੁਫ਼ਾਵਾਂ ਵਿੱਚ ਤੜੇ ਰਹਿ ਜਾਣਗੇ।
ਪਲ ਕੁ ਪੱਥਰ ਵਾਂਗ ਇਉਂ ਵੱਜਾਂਗਾ ਆਪਣੇ ਆਪ ਨੂੰ,
ਫੁੱਲ ਅਚੰਭੇ ਵਿੱਚ ਜੁਗਾਂ ਤੀਕਰ ਪਏ ਰਹਿ ਜਾਣਗੇ।
ਆਸ ਸੀ ਤੈਨੂੰ ਨ ਮੈਂ ਹੀ ਸੀ ਕਦੇ ਇਹ ਸੋਚਿਆ,
ਫਾਸਿਲੇ ਸਾਡੇ ਵਿਚਾਲੇ ਵੀ ਅੜੇ ਰਹਿ ਜਾਣਗੇ।
ਵਾਗ਼ ਛੱਡ ਦਿੱਤੀ ਗਈ ਢਿੱਲੀ ਜਦੋਂ ਤੂਫ਼ਾਨ ਦੀ,
ਵੇਖੀਏ ਦੀਵੇ ਕਿਵੇਂ ਬੁਝਣੋਂ ਬਚੇ ਰਹਿ ਜਾਣਗੇ।
ਇੱਕ ਅਗੰਮੀ ‘ਵਾਜ਼ ਖਿੱਚ ਏਨੀ ਮਨਾਂ ਨੂੰ ਪਾਏਗੀ,
ਪੰਛੀਆਂ ਨੂੰ ਬਿਰਛ ਉਡਣੋਂ ਰੋਕਦੇ ਰਹਿ ਜਾਣਗੇ।
ਮੇਰੇ ਸੁਪਨੇ ਹੂਬਹੂ ਪਾਣੀ ਦੇ ਸ਼ੀਸ਼ੇ ਵਾਂਗ ਸਨ,
ਟੁਕੜੇ ਟੁਕੜੇ ਹੋਣਗੇ ਫਿਰ ਵੀ ਜੁੜੇ ਰਹਿ ਜਾਣਗੇ।
ਸਾਡੇ ਸਿਰ, ਤੇ ਕਰਨ ਜੋ ਮੌਜਾਂ ਸਿਰੋਂ ਛੰਡੋ ਪਰ੍ਹਾਂ,
ਆਪੇ ਮਜਬੂਰਨ ਹਵਾ ਵਿੱਚ ਚੀਥ਼ਦੇ ਰਹਿ ਜਾਣਗੇ।
ਮਨਚਲੇ ਪੁੱਜ ਜਾਣਗੇ,ਆਕਾਸ਼ ਗੰਗਾ ਤੋਂ ਵੀ ਪਾਰ,
ਸੋਚਦੇ ਰਹਿਣੈ ਜਿੰਨ੍ਹਾਂ ਨੇ ਸੋਚਦੇ ਰਹਿ ਜਾਣਗੇ।
3.
ਅੱਗ ਵਾਂਗ ਉਸ ਦਾ ਲਹੂ ਸ਼ਬਦਾਂ ‘ਚ ਜਦ ਖਿੱਲਰ ਗਿਆ।
ਅਰਥ ਸਭ ਅਖ਼ਬਾਰ ਦੀ ਸੁਰਖ਼ੀ ਦੇ ਸਨ ਉਹ ਮਰ ਗਿਆ।
ਉੱਡਦਿਆਂ ਬੱਦਲਾਂ ਦੇ ਪਰਛਾਵੇਂ ਵੀ ਪੁੱਛਦੇ ਰਹਿ ਗਏ,
ਸੀਸ ਜਿਸ ਨੂੰ ਨਿੱਤ ਨਿਵਾਉਂਦੇ ਸਾਂ ਅਸੀਂ, ਕਿੱਧਰ ਗਿਆ।
ਉਸ ਦੇ ਮਨ ਦੀ ਰੌਸ਼ਨੀ ਹੀ ਉਸ ਨੂੰ ਲੈ ਡੁੱਬੀ , ਦਰੁਸਤ,
ਪਰ ਸਮਾਂ ਦੱਸੇਗਾ , ਡੁੱਬ ਕੇ ਤਾਂ ਸਗੋਂ ਉਹ ਤਰ ਗਿਆ।
ਅਣਗਿਣਤ ਗੂੰਜਾਂ ‘ਚ ਵਿਸ ਘੋਲ਼ੇਗੀ ਹਰ ਆਉਂਦੀ ਸਦੀ,
ਕਤਲ਼ ਤਾਂ ਦਿਲ ਦੇ ਖਰੇ ਬੋਲਾਂ ਨੂੰ ਕੋਈ ਕਰ ਗਿਆ।
ਆਤਮਾ ਵਾਂਗ ਆਪ ਤਾਂ ਉਡ ਪੁਡ ਗਿਆ ਆਕਾਸ਼ ਵੱਲ,
ਪਰ ਬਦਨ ਮਿੱਟੀ ਦਾ ਗੋਲ਼ੀ ਦੀ ਤਲੀ ਤੇ ਧਰ ਗਿਆ।
ਕੀ ਖ਼ੁਦਾ ਆਪੀਂ ਵੀ ਬੇਬਸ ਸੀ, ਨਹੀਂ ਤਾਂ ਉਹ ਕਿਵੇਂ,
ਇੱਕ ਘਿਨਾਉਣੇ ਪਾਪ ਨੂੰ ਚੁਪ ਚਾਪ ਏਦਾਂ ਜਰ ਗਿਆ।
ਇੱਕ ਮੁਸਾਫ਼ਿਰ ਨੂੰ ਸਫ਼ਰ ਦਾ ਇਹ ਵੀ ਮਿਲਣਾ ਸੀ ਇਨਾਮ,
ਉਸ ਨੂੰ ਖ਼ੁਦ ਰਸਤਾ ਹੀ, ਰਸਤਾ ਦੇਣ ਤੋਂ ਸੀ ਡਰ ਗਿਆ।
ਕੇਵਲ ਇਸ ਕਰ ਕੇ ਉਦੇ ਸਿਰ ਤੋਂ ਦੀ ਪਾਣੀ ਵਗ ਤੁਰੇ,
ਕਿਉਂ ਘਟਾ ਬਣ ਕੇ ਬਿਨਾ ਪੁੱਛੇ ਥਲਾਂ ਤੇ ਵਰ੍ਹ ਗਿਆ।
ਕਤਲ਼ ਕੀ ਕੀਤਾ, ਸਮੁੰਦਰ ਵਿੱਚ ਬਦਲ ਦਿੱਤੀ ਨਦੀ,
ਤੇਰਾ ਕੀ ਏ, ਤੂੰ ਕਦੇ ਚੜ੍ਹਿਆ ਕਦੇ ਉੱਤਰ ਗਿਆ।
ਮੇਸ ਸਕੇਗਾ ਉਨ੍ਹਾਂ ਸ਼ਬਦਾਂ ਨੂੰ ਕੌਣ ਇਤਿਹਾਸ ‘ਚੋਂ,
ਤੂੰ ਸਦੀਵ ਕਾਲ ਦਾ ਚਾਨਣ ਜਿੰਨ੍ਹਾਂ ਵਿੱਚ ਭਰ ਗਿਆ।
4.
ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ।
ਬਿਰਖ ਰਾਤੋ ਰਾਤ ਬੁੱਢਾ ਹੋ ਗਿਆ।
ਸੈਨਤਾਂ ਕਰਦੀ ਕਿਰਨ ਬੁੱਝਦੀ ਫਿਰੇ,
ਕੌਣ ਦਰ ਕਿੰਨਾ ਕੁ ਅੰਨ੍ਹਾ ਹੋ ਗਿਆ।
ਸਿਰ ਜੁੜੇ ਛੱਲਾਂ ਦੇ ਇਉਂ ਜਦ ‘ਵਾ ਰੁਕੀ,
ਮੂੰਹ ਤਲਾਅ ਦਾ ਫਿਰ ਤੋਂ ਸ਼ੀਸ਼ਾ ਹੋ ਗਿਆ।
ਸੱਚ ਜਿਦ੍ਹਾ ਚੁਭਦਾ ਸੀ ਸਭ ਨੂੰ ਸੂਲ ਵਾਂਗ,
ਉਹ ਸ਼ੁਦਾਅ ਸੂਲੀ ਨੂੰ ਪਿਆਰਾ ਹੋ ਗਿਆ।
ਮੇਰੇ ਝਲਕਾਰੇ ਸੀ ਪਲ ਝਲ ਦੇ ਮਸੀਂ,
ਸਿਰ ਤੋਂ ਵਗਦੀ ਅਗ ਦਾ ਦਰਿਆ ਹੋ ਗਿਆ।
ਉਡ ਗਿਆ ਪੰਛੀ ਲਗਰ ਤੇ ਝੂਟ ਕੇ,
ਮਨ ਦੇ ਸੁਫ਼ਨੇ ਵਾਂਗ ਸੁਫ਼ਨਾ ਹੋ ਗਿਆ।
5
ਅੱਜ ਸੂਲੀਆਂ ਦੇ ਸ਼ਹਿਰ ਹੈ ਰੌਣਕ ਗਲੀ ਗਲੀ।
ਖੱਫਣ ਹੈ ਸੀਸ ਸੀਸ ਤੇ, ਸਿਰ ਹੈ ਤਲੀ ਤਲੀ।
ਸੁੱਟੀ ਜੋ ਰਮਜ਼ ਰੁੱਤ ਨੇ, ਹੈ ਕਿੰਨੀ ਭਲੀ ਭਲੀ,
ਗਲ਼ ਨਾਲ ਲਾ ਕੇ ਭੌਰ ਨੂੰ, ਖ਼ੁਸ਼ ਹੈ ਕਲੀ ਕਲੀ।
ਦੀਵਾ ਸੱਜਣ ਦੀ ਯਾਦ ਦਾ ਬੁਝਿਆ ਨਾ ਰਾਤ ਭਰ,
ਰੌਸ਼ਨ ਰਹੀ ਸਵੇਰ ਤੱਕ ਦਿਲ ਦੀ ਗਲੀ ਗਲੀ।
ਮਰਦੀ ਸੀ ਕੱਲ੍ਹ ਜੋ ਨਾਲ, ਪਰਾਇਆਂ ਦੇ ਟੁਰ ਗਈ,
ਲੋਹੇ ਦੀ ਕੰਧ ਜਾ ਪਈ ਭੁੰਜੇ ਖਲੀ ਖਲੀ।
ਡਿੱਠੇ ਦਿਲਾਂ ਦੇ ਦੀਪ ਜਦ ਕਰਦੇ ਬੁਝੂੰ ਬੁਝੂੰ,
ਵੰਡੀ ਲਹੂ ਦੀ ਅੱਗ ਅਸਾਂ, ਸਭ ਨੂੰ ਪਲੀ ਪਲੀ।
ਉਸ ਦਾ ਬਦਨ ਬਦਨ ਸੀ ਜਾਂ ਭਾਂਬੜ ਸੀ ਰੂਪ ਦਾ,
ਜਾਪੇ ਅਜੇ ਵੀ ਹੱਥ ਦੀ ਹਰ ਉਂਗਲ ਬਲ਼ੀ ਬਲ਼ੀ।
ਨੈਣਾਂ ‘ਚ ਨੂਰ ਦਾ ਡਲਾ ਹੱਸਦੀ ਨੇ ਭੰਨ ਲਿਆ,
ਮੇਰੀ ਨਜ਼ਰ ਨੂੰ ਪੈ ਗਈ ਚੁਗਣੀ ਡਲੀ ਡਲੀ।
ਕੁੱਕੜ ਦੀ ਪਹਿਲੀ ਬਾਂਗ ਨੇ ਵਰਜੀ ਉਦ੍ਹੀ ਉਡੀਕ,
ਹੁਣ ਤਕ ਬਲ਼ਾ ਜੋ ਸਿਰ ਤੋਂ ਨਹੀਂ ਸੀ ਟਲ਼ੀ ਟਲ਼ੀ।
6.
ਆਸ ਸੀ ਦਮ ਲੈਣਗੇ ਕੰਧਾਂ ਨੂੰ ਢਾ ਕੇ।
ਸਿਰ ਫਿਰੇ ਪਰਤੇ ਘਰਾਂ ਨੂੰ ਸਿਰ ਭੰਨਾ ਕੇ।
ਨਾ ਤਾਂ ਮਨ ਟਿਕ ਕੇ ਬਹੇ ਤਨ ਦੀ ਗੁਫ਼ਾ ਵਿੱਚ,
ਨਾ ਹੀ ਤਨ ਥਾਂ ਸਿਰ ਮਰੇ ਮਨ ਵਿੱਚ ਸਮਾ ਕੇ।
ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ,
ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ।
ਸੀਤ ਠੰਢੀ ਛਾਂ ਉਨ੍ਹਾਂ ਥੱਲੇ ਹੀ ਲੱਭੀ,
ਬਿਰਛ ਜੋ ਧੁੱਪੀਂ ਪਲੇ ਅੰਗਿਆਰ ਖਾ ਕੇ।
ਕੁਝ ਕੁ ਸ਼ੀਸ਼ੇ ਰੋੜ ਖਾ ਕੇ ਵੀ ਨਾ ਭੱਜੇ,
ਹਾਰ ਕੇ ਭੱਜੇ ਵੀ ਤਾਂ ਕਿਰਚਾਂ ਖਿੰਡਾ ਕੇ।
ਮੈਂ ਤਾਂ ਕਲਮੂੰਹਾ, ਗਿਆ ਪੁਣਿਆ ਤਾਂ ਦੁੱਖ ਕੀ,
ਚੰਦ ਕਿਉਂ ਛੱਟੇ ਗਏ ਛੱਜਾਂ ‘ਚ ਪਾ ਕੇ।
ਕੀੜਿਆਂ ਨੇ ਰੇਤ ਤੇ ਸੁਪਨੇ ਉਲੀਕੇ,
‘ਵਾ ਨੇ ਜਦ ਵਾਚੇ ਤਾਂ ਮੇਸੇ ਤਾ ‘ਚ ਆ ਕੇ।
7.
ਹਮਦਰਦ ਅਲੱਗ ਰੋਂਦੇ, ਬੇਗਾਨੇ ਵੱਖ ਹੱਸਦੇ।
ਜੋ ਬੀਤੀ ਸਾਡੇ ‘ਤੇ, ਲੋਕਾਂ ਨੂੰ ਕੀ ਦੱਸਦੇ।
ਬਚ ਰਹਿੰਦਾ ਬਾਗ ਕਿਵੇਂ, ਵਰ੍ਹਦੀ ਸੀ ਅੱਗ ਧੁੱਪ ਦੀ,
ਫੁੱਲ ਕਿੱਥੇ ਜਾ ਲੁਕਦੇ, ਕਿੱਧਰ ਨੂੰ ਰੁੱਖ ਨੱਸਦੇ।
ਸੱਧਰਾਂ ਦੇ ਗਲ਼ ਘੁੱਟਦੀ, ਰੀਝਾਂ ਦੇ ਪਰ ਕੱਟਦੀ,
ਦੀਵਾਨੇ ਹੋਸ਼ ਦੀਆਂ, ਮੁਸ਼ਕਾਂ ਨਾ ਕਿਵੇਂ ਕੱਸਦੇ।
ਪੈਰਾਂ ਦੇ ਜ਼ਖ਼ਮਾਂ ਵਿੱਚ, ਖ਼ੌਰੇ ਕੀ ਜਾਦੂ ਸੀ,
ਕੰਡਿਆਂ ਦੀਆਂ ਨੋਕਾਂ ‘ਤੇ, ਡਿੱਠੇ ਮੈਂ ਫੁੱਲ ਹੱਸਦੇ।
ਕਿੰਨਾ ਚਿਰ ਰੱਖ ਸਕਦਾ ਮੈਂ ਮੀਟ ਕੇ ਮੁੱਠੀ ਨੂੰ,
ਚਾਨਣ ਦੇ ਜ਼ੱਰੇ ਵੀ, ਉਂਗਲਾਂ ਨੂੰ ਰਹੇ ਡੱਸਦੇ।
ਕੀ ਦੱਸਾਂ ਕੀ ਮਿਲਿਆ ਕੱਲ੍ਹ ਰਾਤ ਦੀ ਮਿਲਣੀ ‘ਚੋਂ,
ਕੁਝ ਆਪਣੀਓ ਵਿਹੁ ਚੂਸੀ, ਕੁਝ ਘੁੱਟ ਭਰੇ ਰਸ ਦੇ।
ਆਸਾਂ ਨੇ ਬਾਂਝ ਉਵੇਂ, ਓਵੇਂ ਹੀ ਉਡੀਕਾਂ ਹਨ,
ਖ਼੍ਵਾਬਾਂ ਦੇ ਸ਼ੀਸ਼ ਮਹੱਲ, ਉੱਜੜੇ ਨਾ ਰਹੇ ਵੱਸਦੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.