ਸਾਲਾਨਾ ਪ੍ਰੀਖਿਆਵਾਂ ਦੇ ਨਜ਼ਦੀਕ ਆਉਂਦੇ ਹੀ ਵਿਦਿਆਰਥੀਆਂ ,ਮਾਪਿਆਂ ਅਤੇ ਸਮੁੱਚੇ ਘਰ ਦਾ ਮਾਹੌਲ ਤਣਾਅ ਵਾਲਾ ਬਣ ਜਾਂਦਾ ਹੈ । ਵਿਦਿਆਰਥੀਆਂ ਉੱਪਰ ਮੁਕਾਬਲੇ ਦੀ ਪ੍ਰੀਖਿਆ ਜਾਂ ਬੋਰਡ ਦੀ ਜਮਾਤ ਵਿੱਚੋਂ ਚੰਗੇ ਅੰਕ ਲੈਣ ਦਾ ਜਿੱਥੇ ਦਬਾਅ ਹੁੰਦਾ ਹੈ ,ਉੱਥੇ ਮਾਪਿਆਂ ਦੀਆਂ ਇੱਛਾਵਾਂ ਵੀ ਬਹੁਤ ਵੱਧੀਆ ਹੁੰਦੀਆਂ ਹਨ। ਵੱਧਦਾ ਮੁਕਾਬਲਾ, ਦੂਸਰੇ ਵਿਦਿਆਰਥੀਆਂ ਨਾਲ ਤੁਲਨਾ ਕਰਦੇ ਹੋਏ ਵੱਧ ਅੰਕ ਲੈਣ ਦੀ ਲੱਗੀ ਅੰਨ੍ਹੀ ਦੌੜ ,ਦੋਸਤਾਂ ਮਿੱਤਰਾਂ ਅਤੇ ਸਮਾਜ ਵਿੱਚ ਇੱਜ਼ਤ ਬਣਾਈ ਰੱਖਣ ਦੀ ਇੱਛਾ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਬਹੁਤ ਵੱਡੇ ਮਾਨਸਿਕ ਤਣਾਅ ਵੱਲ ਲੈ ਜਾਂਦੀ ਹੈ । ਜਿਸ ਦੇ ਨਤੀਜੇ ਵਜੋਂ ਇਸ ਦਾ ਮਾੜਾ ਅਸਰ ਵਿਦਿਆਰਥੀਆਂ ਦੀ ਕਾਰਜ ਕੁਸ਼ਲਤਾ ਉੱਪਰ ਪੈਂਦਾ ਹੈ,ਪੜ੍ਹਾਈ ਨਿਸਚਿਤ ਸਮੇਂ ਤੇ ਮੁਕੰਮਲ ਨਹੀਂ ਹੋ ਪਾਉਂਦੀ, ਮਨ ਵਿੱਚ ਨਕਾਰਾਤਮਕ ਵਿਚਾਰ ਉਤਪੰਨ ਹੋਣ ਲੱਗਦੇ ਹਨ ,ਨੀਂਦ ਘੱਟ ਆਉਣ ਲੱਗਦੀ ਹੈ ,ਇਸ ਸਥਿਤੀ ਵਿੱਚ ਵਿਦਿਆਰਥੀ ਆਪਣੀ ਖੁਰਾਕ ਘੱਟ ਕਰਨ ਲੱਗਦੇ ਹਨ ,ਸੁਭਾਅ ਵਿੱਚ ਵੀ ਬਹੁਤ ਵੱਡੀ ਤਬਦੀਲੀ ਨਜ਼ਰ ਆਉਂਦੀ ਹੈ, ਹਮੇਸ਼ਾਂ ਖਿਝੇ ਖਿਝੇ ਰਹਿਣਾ ਅਤੇ ਬਹੁਤ ਜਲਦੀ ਗੁੱਸੇ ਵਿਚ ਆ ਜਾਣ ਤੋਂ ਇਲਾਵਾ ਅਨੇਕਾਂ ਵਾਰ ਵਿਦਿਆਰਥੀ ਗੰਭੀਰ ਕਦਮ ਵੀ ਚੁੱਕ ਲੈਂਦੇ ਹਨ ।
ਪ੍ਰੀਖਿਆ ਵਿੱਚ ਸਫ਼ਲਤਾ ਲਈ ਤਣਾਅ ਮੁਕਤ ਜੀਵਨ ਬੇਹੱਦ ਜ਼ਰੂਰੀ ਹੈ। ਵਿਦਿਆਰਥੀ ਵਰਗ ਦਾ ਪ੍ਰੀਖਿਆ ਪ੍ਰਤੀ ਨਜ਼ਰੀਆ ਸਾਕਾਰਾਤਮਕ ਹੋਣਾ ਚਾਹੀਦਾ ਹੈ ।ਪ੍ਰੀਖਿਆ ਨੂੰ ਇਕ ਉਤਸਵ ਦੀ ਤਰ੍ਹਾਂ ਲੈਣਾ ਚਾਹੀਦਾ ਹੈ ।ਜੀਵਨ ਵਿੱਚ ਸਫ਼ਲਤਾ ਦਾ ਮਾਪਦੰਡ ਸਿਰਫ ਪ੍ਰੀਖਿਆ ਵਿੱਚ 95 ਪ੍ਰਤੀਸ਼ਤ ਅੰਕ ਲੈਣਾ ਜਾਂ ਮੈਰਿਟ ਵਿੱਚ ਆਉਣਾ ਹੀ ਨਹੀਂ ਹੈ ,ਬਲਕਿ ਕੁਝ ਨਵਾਂ ਸਿੱਖਣਾ, ਕੁਝ ਨਵਾਂ ਕਰਨਾ ,ਸਿਰਜਨਾਤਮਕ ਸੋਚ ਉਤਪੰਨ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰੀਰਕ ,ਮਾਨਸਿਕ ,ਸਮਾਜਿਕ ਅਤੇ ਭਾਵਨਾਤਮਕ ਵਿਕਾਸ ਕਰਨਾ
ਹੈ।ਇਸ ਲਈ ਪ੍ਰੀਖਿਆ ਪ੍ਰਤੀ ਵੀ ਸਾਡਾ ਨਜ਼ਰੀਆ ਜੋ ਕੁਝ ਸਾਰਾ ਸਾਲ ਦੌਰਾਨ ਪੜ੍ਹਿਆ ਹੈ, ਉਸ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ ।
ਅਜਿਹਾ ਸਕਾਰਾਤਮਕ ਮਾਹੌਲ ਸਿਰਜਣ ਲਈ ਸਿੱਖਿਆ ਦੇ ਮੋਜੂਦਾ ਢਾਂਚੇ ਵਿੱਚ ਠੋਸ ਤਬਦੀਲੀ ਦੇ ਨਾਲ ਨਾਲ ਅਧਿਆਪਕ ਵਰਗ ,ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਕੁਝ ਪਹਿਲਕਦਮੀ ਕਰਕੇ ਢੁੱਕਵੇਂ ਕਦਮ ਚੁੱਕਣੇ ਪੈਣਗੇ । ਸਿਰਫ਼ ਵਿਦਿਆਰਥੀ ਵਰਗ ਨੂੰ ਤਣਾਅ ਮੁਕਤ ਪ੍ਰੀਖਿਆ ਦੇਣ ਦੀਆਂ ਗੱਲਾਂ ਕਰਨ ਨਾਲ ਹੀ ਮਸਲੇ ਦਾ ਹੱਲ ਨਹੀਂ ਹੋਣ ਵਾਲਾ ਹੈ ।, ਵਿਦਿਆਰਥੀ ਦੀ ਸਫ਼ਲਤਾ ਲਈ ਸਕਾਰਾਤਮਕ ਤਣਾਅ ਲੈ ਕੇ ਪੂਰਾ ਸਾਲ ਠੋਸ ਯੋਜਨਾਬੰਦੀ ਨਾਲ ਮਿਹਨਤ ਕਰਨ ਅਤੇ ਨਕਾਰਾਤਮਕ ਤਣਾਅ ਤੋਂ ਮੁਕਤ ਰਹਿਣਾ ਬੇਹੱਦ ਜ਼ਰੂਰੀ ਹੈ । ਨਕਾਰਾਤਮਕ ਤਣਾਅ ਹਮੇਸ਼ਾਂ ਅਸੁਰੱਖਿਆ ਤੋਂ ਪੈਦਾ ਹੁੰਦਾ ਹੈ। ਜਦੋਂ ਵਿਦਿਆਰਥੀ ਸਕੂਲ ਜਾਂ ਕਾਲਜ ਵਿੱਚ ਪੂਰਾ ਸਾਲ ਪੜ੍ਹਾਈ ਤੋਂ ਦੂਰ ਰਹਿੰਦਾ ਹੈ ਤਾਂ , ਪ੍ਰੀਖਿਆ ਦੇ ਨਜ਼ਦੀਕ ਭਵਿੱਖ ਪ੍ਰਤੀ ਚਿੰਤਤ ਹੋਇਆ ਮਾਨਸਿਕ ਤਣਾਅ ਵਿੱਚ ਆ ਜਾਂਦਾ ਹੈ । ਇਸ ਲਈ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਹੀ ਇਸ ਦਾ ਹੱਲ ਸੋਚਿਆ ਜਾਵੇ ਤਾਂ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ ।
ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਤਣਾਅ ਦੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ।ਜਿਹੜੀ ਵਿਸ਼ਾ ਵਸਤੂ ਮੁਸ਼ਕਿਲ ਲੱਗਦੀ ਹੈ ,ਉਸ ਦੀ ਸੂਚੀ ਲਿਖਤੀ ਰੂਪ ਵਿੱਚ ਬਣਾਈ ਜਾਵੇ ਅਤੇ ਇਕ ਸੂਚੀ ਬੇਹੱਦ ਆਸਾਨ ਲੱਗਦੀ ਵਿਸ਼ਾ ਵਸਤੂ ਦੀ ਬਣਾਈ ਜਾਵੇ, ਮੁਸ਼ਕਿਲ ਵਿਸ਼ੇ ਬਾਰ ਬਾਰ ਪੜ੍ਹਨ ਉਪਰੰਤ ਆਸਾਨ ਲੱਗਣ ਲੱਗਦੇ ਹਨ ਅਤੇ ਚਿੰਤਾ ਦਿੰਦਾ ਕੰਮ ਹੌਲੀ ਹੌਲੀ ਘਟਣ ਲੱਗਦਾ ਹੈ ।
ਪ੍ਰੀਖਿਆ ਦੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਕੰਮ ਦੀ ਠੋਸ ਯੋਜਨਾਬੰਦੀ ਅਤੀ ਜ਼ਰੂਰੀ ਹੈ ਅਤੇ ਉਸ ਯੋਜਨਾ ਅਨੁਸਾਰ ਕੰਮ ਕਰਨ ਦੀ ਇੱਛਾ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ । ਕੁੱਝ ਸਮੇਂ ਬਾਅਦ ਕੀਤੇ ਕੰਮਾਂ ਦੀ ਯੋਜਨਾ ਅਨੁਸਾਰ ਸੋਚੇ ਕੰਮ ਨਾਲ ਤੁਲਨਾ ਜ਼ਰੂਰ ਕਰਨੀ ਚਾਹੀਦੀ ਹੈ ।ਪ੍ਰੀਖਿਆ ਦੇ ਦਿਨਾਂ ਵਿੱਚ ਨਕਾਰਾਤਮਕ ਵਿਚਾਰਾਂ ਅਤੇ ਨਕਾਰਾਤਮਕ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ । ਸਮਾਂ ਪ੍ਰਬੰਧਨ ਰਾਹੀਂ ਜੇ ਪੂਰੇ ਦਿਨ ਦੀ ਉਚਿਤ ਸਮਾਂ ਸਾਰਣੀ ਨਿਸ਼ਚਿਤ ਕਰ ਲਈ ਜਾਵੇ, ਜਿਸ ਵਿੱਚ ਪੜ੍ਹਾਈ ਦਾ ਸਮਾਂ ਨਿਸ਼ਚਿਤ ਕਰਨ ਤੋਂ ਇਲਾਵਾ ਥੋਡ਼੍ਹਾ ਸਮਾਂ ਕੁਛ ਰੋਮਾਂਚਿਕ ਗਤੀਵਿਧੀਆਂ ਲਈ ,ਸੈਰ ਜਾ ਕਸਰਤ ਦੇ ਇਲਾਵਾ ਇਕਾਗਰਤਾ ਬਣਾਈ ਰੱਖਣ ਅਤੇ ਊਰਜਾ ਭਰਪੂਰ ਦਿਨ ਬਤੀਤ ਕਰਨ ਲਈ 6 ਤੋ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ । ਦਿਨ ਦੀ ਸ਼ੁਰੁਆਤ ਚੰਗੇ ਨਾਸ਼ਤੇ ਨਾਲ ਕਰਨ ਦੇ ਨਾਲ ਨਾਲ ਪ੍ਰੀਖਿਆ ਦੇ ਦਿਨਾਂ ਵਿਚ ਸੰਤੁਲਤ ਖ਼ੁਰਾਕ ਬੇਹੱਦ ਜ਼ਰੂਰੀ ਹੈ ।
ਮੌਜੂਦਾ ਸਮੇਂ ਵਿਚ ਫੋਨ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਹੀ ਹੈ। ਇਨ੍ਹਾਂ ਸਾਧਨਾਂ ਦੀ ਸੁਚੱਜੀ ਵਰਤੋਂ ਕਰਕੇ ਵਿਦਿਆਰਥੀ ਗਿਆਨ ਦਾ ਖ਼ਜ਼ਾਨਾ ਹਾਸਿਲ ਕਰ ਸਕਦਾ ਸੀ ,ਪ੍ਰੰਤੂ ਨੌਜਵਾਨ ਵਰਗ ਇਸ ਦੀ ਗੁਲਾਮੀ ਵੱਲ ਵਧ ਰਿਹਾ ਹੈ ।ਪ੍ਰੀਖਿਆ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ।
ਪ੍ਰੀਖਿਆ ਦੌਰਾਨ ਪਰਿਵਾਰਕ ਮੈਂਬਰਾਂ ਦਾ ਵਿਦਿਆਰਥੀ ਪ੍ਰਤੀ ਰਵੱਈਆ ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ । ਪੜ੍ਹਾਈ ਸਬੰਧੀ ਸਖ਼ਤੀ ਕਰਨਾ ਜਾਂ ਵਿਸ਼ੇ ਦੀ ਚੋਣ ਥੋਪਣਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ।
ਵਿਦਿਆਰਥੀਆਂ ਨੂੰ ਜ਼ਰੂਰਤ ਪੈਣ ਤੇ ਮਾਹਿਰ ਕੋਲੋਂ ਕੌਂਸਲਿੰਗ ਵੀ ਕਰਵਾਈ ਜਾ ਸਕਦੀ ਹੈ। ਉਸ ਨੂੰ ਇਹ ਅਹਿਸਾਸ ਕਰਾਉਣ ਦੀ ਜ਼ਰੂਰਤ ਹੈ ਕਿ ਪ੍ਰੀਖਿਆ ਦੇ ਕੁਝ ਦਿਨ ਗੰਭੀਰ ਜ਼ਰੂਰ ਰੱਖ ਸਕਦੇ ਹਨ ,ਪ੍ਰੰਤੂ ਜੇ ਉਚਿਤ ਯੋਜਨਾਬੰਦੀ ਕਰਕੇ ਮਿਹਨਤ ਕੀਤੀ ਜਾਵੇ ਤਾ ਇਸ ਦੇ ਨਤੀਜੇ ਸਮੁੱਚਾ ਜੀਵਨ ਸਫਲ ਬਨਾ ਸਕਦੇ ਹਨ।
ਸਿੱਖਿਆ ਪ੍ਰਣਾਲੀ ਵਿੱਚ ਪ੍ਰੀਖਿਆ ਵਿੱਚ ਚੰਗੇ ਅੰਕ ਲੈਣਾ ਮਹੱਤਵਪੂਰਨ ਜ਼ਰੂਰ ਹੈ, ਪ੍ਰੰਤੂ ਸਭ ਕੁਛ ਨਹੀਂ ਹੈ । ਸਿੱਖਿਆ ਦਾ ਅਰਥ ਬਹੁਤ ਵਿਸਤ੍ਰਿਤ ਹੈ ।ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ ।ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਜੋ ਵੀ ਸਿੱਖਦੇ ਜਾਂ ਅਨੁਭਵ ਕਰਦਿਆਂ ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ । ਜਦੋਂ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ ਤਾਂ ਸਾਡੇ ਗਿਆਨ ਅਤੇ ਸੋਚ ਵਿੱਚ ਤਬਦੀਲੀ ਆਉਣ ਦੇ ਨਾਲ ਸਾਡੇ ਵਿਵਹਾਰ ਵਿੱਚ ਵੀ ਤਬਦੀਲੀ ਆਉਂਦੀ ਹੈ ਅਤੇ ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ ।
ਪ੍ਰੰਤੂ ਜੇ ਮੌਜੂਦਾ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀਆਂ ਵਿੱਚ ਉਸਾਰੂ ਤਬਦੀਲੀ ਲਿਆਉਣੀ ਸੀ ,ਉਸ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਨਾ ਸੀ, ਉਸੇ ਹੀ ਸਿੱਖਿਆ ਦੇ ਇਕ ਅੰਗ ਪ੍ਰੀਖਿਆ ਜਾਂ ਪ੍ਰੀਖਿਆ ਦੇ ਸਾਲਾਨਾ ਨਤੀਜੇ ਦਾ ਡਰ ਉਸ ਨੂੰ ਉਲਟ ਵਿਵਹਾਰ ਲਈ ਪ੍ਰੇਰਿਤ ਕਰਦਾ ਹੈ । ਵਿਦਿਆਰਥੀ ਖੁਦਕੁਸ਼ੀ ਵਰਗੇ ਗੰਭੀਰ ਕਦਮ ਚੁੱਕ ਲੈਂਦੇ ਹਨ। ਰਾਸ਼ਟਰੀ ਜੁਰਮ ਰਿਕਾਰਡ ਬਿਊਰੋ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ 19 ਤੋ 26 ਸਾਲ ਦੇ ਨੌਜਵਾਨਾਂ ਵਿੱਚ ਖ਼ੁਦਕੁਸ਼ੀ ਦਾ ਰੁਝਾਨ ਵੱਧ ਰਿਹਾ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ।
ਸਿੱਖਿਆ ਦਾ ਉਦੇਸ਼ ਸਾਖ਼ਰਤਾ ਦੇ ਨਾਲ ਨਾਲ ਮਨੁੱਖੀ ਗੁਣਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਪੈਦਾ ਕਰਨਾ ਹੈ । ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਜੇ ਪ੍ਰੀਖਿਆ ਦੇ ਵਿੱਚ ਵੱਧ ਅੰਕ ਲੈਣ, ਮੈਡੀਕਲ ਅਤੇ ਇੰਜਨੀਅਰਿੰਗ ਦੇ ਦਾਖਲਾ ਟੈਸਟ ਪਾਸ ਕਰਨ ਅਤੇ ਸਿਲੇਬਸ ਨੂੰ ਰੱਟਾ ਲਗਾਉਣ ਦੇ ਨਾਲ ਜੇ ਵਿਦਿਆਰਥੀਆਂ ਨੂੰ ਚੰਗਾ ਇਨਸਾਨ ਬਣਾਉਣ ਲਈ ਉਸ ਵਿੱਚ ਚਰਿੱਤਰ ਨਿਰਮਾਣ, ਸਿਰਜਨਾਤਮਕ ਗੁਣ, ਸਵੈ ਅਨੁਸ਼ਾਸਨ ,ਸਹਿਨਸ਼ੀਲਤਾ , ਸਹਿਯੋਗ ਦੀ ਭਾਵਨਾ , ਮਿਹਨਤ , ਇਮਾਨਦਾਰੀ,ਬਜ਼ੁਰਗਾਂ ਦੀ ਸੇਵਾ, ਚੰਗੀ ਲੀਡਰਸ਼ਿਪ ਦੇ ਗੁਣ ,ਸਰੀਰਕ ਅਤੇ ਮਾਨਸਿਕ ਸਿਹਤ ਦੀ ਮਹੱਤਤਾ , ਭਾਰਤੀ ਸਭਿਆਚਾਰ ਦਾ ਗਿਆਨ , ਸਮੇ ਦੀ ਉਚਿਤ ਵਰਤੋਂ , ਨਸ਼ਾ ਮੁਕਤ ਸਮਾਜ ਅਤੇ ਕੁਦਰਤ ਅਤੇ ਵਾਤਾਵਰਣ ਦੀ ਸੰਭਾਲ ਕਰਨ ਵਰਗੇ ਮਨੁੱਖੀ ਗੁਣ ਪੈਦਾ ਕਰਾਂਗੇ ਤਾਂ ਇਸ ਨਾਲ ਜਿੱਥੇ ਅਨੇਕਾਂ ਸਮਾਜਿਕ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਵਿਦਿਆਰਥੀ ਚੰਗਾ ਇਨਸਾਨ ਬਣੇਗਾ ,ਚੰਗਾ ਇਨਸਾਨ ਹਮੇਸ਼ਾਂ ਸਫ਼ਲਤਾ ਦੀਆਂ ਬੁਲੰਦੀਆਂ ਤੇ ਪਹੁੰਚਦਾ ਹੈ।
-
ਡਾ. ਸਤਿੰਦਰ ਸਿੰਘ ਪੀ ਈ ਐਸ, ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ
dr.satinder.fzr@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.