ਕੌਮਾਂਤਰੀ ਨਾਰੀ ਦਿਵਸ 'ਤੇ ਵਿਸ਼ੇਸ਼
ਸਰਪੰਚ ਸੈਸ਼ਨਦੀਪ ਕੌਰ ਨੇ ਬਦਲੀ ਮਾਣਕ ਖਾਨਾ ਦੀ ਨੁਹਾਰ
ਨਾਰੀ ਦਿਵਸ ਮੌਕੇ ਇਸ ਧੀ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਜਿਸ ਨੇ ਪੇਂਡੂ ਵਿਕਾਸ ਦੇ ਪਿੜ ਵਿਚ ਨਵੀਂ ਲੀਹ ਖਿੱਚੀ ਹੈ। ਇਸ ਵਾਰ ਮਾਲਵੇ ਦੀ ਨੌਜਵਾਨ ਧੀ ਦੀ ਉਚੇਰੀ ਸਿੱਖਿਆ ਪਿੰਡ ਦਾ ਮੂੰਹ ਮੱਥਾ ਸੰਵਾਰਨ ਦੇ ਕੰਮ ਆ ਰਹੀ ਹੈ । ਉਮਰ ਭਾਵੇਂ ਛੋਟੀ ਤੇ ਸੁਪਨੇ ਵੱਡੇ ਹਨ । ਅਜਿਹੀ ਹੀ ਸ਼ਖ਼ਸੀਅਤ ਦਾ ਨਾਮ ਹੈ, ਸੈਸ਼ਨਦੀਪ ਕੌਰ ਸਿੱਧੂ ,ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਣਕ ਖਾਨਾ ਦੇ ਸਰਪੰਚ ਦੇ ਅਹੁਦੇ ਤੇ ਰਹਿ ਕੇ ਪਿੰਡ ਦੀ ਅਗਵਾਈ ਕਰ ਰਹੀ ਹੈ । ਬੀ ਐਸੀ ਸੀ ਐਗਰੀਕਲਚਰ ਪਾਸ ਧੀ ਨੇ ਪੇਂਡੂ ਵਿਕਾਸ ਤੇ ਨਕਸ਼ੇ ਤੇ ਇੱਕ ਨਿਵੇਕਲਾ ਰੰਗ ਭਰ ਕੇ ਬੁਰਾਈ ਦੀ ਜੜ੍ਹੋਂ ਪੁੱਟਣ ਦਾ ਪ੍ਰਣ ਕੀਤਾ ਹੋਇਆਂ ਹੈ ।
ਪਿੰਡ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਸਰਪੰਚ ਨੇ ਔਰਤ ਜਾਤੀ ਦੇ ਮਾਣ ਸਨਮਾਨ ਵਿੱਚ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ , ਮਹਿਲਾ ਸਰਪੰਚ ਕੁੜੀਮਾਰਾਂ ਨੂੰ ਬੰਦੇ ਬਣਨ ਦਾ ਸੁਨੇਹਾ ਦੇ ਰਹੀ ਏ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ , ਲੰਘੇ ਵਰ੍ਹੇ ਦੌਰਾਨ ਲੜਕੀਆਂ ਦੀ ਜਨਮ ਦਰ ਲੜਕਿਆ ਨਾਲੋਂ ਵੱਧ ਦਰਜ ਹੋਈ, ਕਿਉਂਕਿ ਭਰੂਣ ਹੱਤਿਆ ਪ੍ਰਤੀ ਲੋਕਾਂ ਜਾਗਰੂਕ ਕਰਨ ਦੇ ਕਾਰਜ ਆਰੰਭ ਕੀਤੇ ਹੋਏ ਸਨ । ਪਿੰਡ ਵਾਸੀ ਧੀ ਦੇ ਨਿਵੇਕਲੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਪੰਚਾਇਤ ਨੂੰ ਕੰਮਾਂ-ਕਾਰਾਂ ਲਈ ਦਿਲ ਖੋਲ੍ਹ ਕੇ ਦਾਨ ਦੇਣ ਲੱਗ ਗਏ ।
ਪਿੰਡ ਮਾਣਕ ਖਾਨਾ ਦੇ ਚਾਚਾ ਅਜੀਤ ਸਿੰਘ ਪਾਰਕ ਦਾ ਮੈਨ ਗੇਟ
ਸਰਪੰਚ ਸੈਸ਼ਨਦੀਪ ਕੌਰ ਦਾ ਕਹਿਣਾ ਹੈ ਕਿ ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਐਸ ਆਈ ਆਰ ਡੀ ਵਿੰਗ ਦੇ ਡਾਇਰੈਕਟਰ ਮੈਡਮ ਰੋਜ਼ੀ ਵੈਦ , ਏ ਡੀ ਸੀ (ਵਿਕਾਸ) ਪਰਮਵੀਰ ਸਿੰਘ ਆਈ ਏ ਐਸ ਅਤੇ ਡਾਕਟਰ ਨਰਿੰਦਰ ਸਿੰਘ ਕੰਗ ਮੇਰੇ ਪ੍ਰੇਰਨਾ ਸਰੋਤ ਹਨ , ਇਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਿੱਚ ਵੱਡਾ ਸਹਿਯੋਗ ਦਿੱਤਾ ਹੈ । ਐਸ ਆਈ ਆਰ ਡੀ ਤਰਫ਼ੋਂ ਮਾਸਟਰ ਟਰੇਨਰ ਦੇ ਤੋਰ ਤੇ ਸਰਪੰਚਾਂ ਪੰਚਾਂ ਨੂੰ ਸਿਖਲਾਈ ਦੇਣ ਲਈ ਧੀ ਸਰਪੰਚ ਪੇਡੂ ਵਿਕਾਸ ਮਹਿਕਮੇ ਵੱਲੋਂ ਲਾਏ ਜਾਣ ਵਾਲੇ ਕੈਂਪ ਵਿੱਚ ਹਿੱਸਾ ਲੈਂਦੀ ਹੈ ।
ਹਕੀਕੀ ਤੌਰ 'ਤੇ ਕੀਤੇ ਜਾਂਦੇ ਗ੍ਰਾਮ ਸਭਾ ਦੇ ਆਮ ਇਜਲਾਸਾਂ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਪਿੰਡ ਦੀਆ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੁੰਦੇ ਹਨ । ਗ੍ਰਾਮ ਸਭਾ ਦੇ ਇਜਲਾਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਲੱਕੀ ਕੂਪਨ ਡਰਾਅ ਰਾਹੀ ਇਨਾਮ ਕੱਢੇ ਜਾਂਦੇ ਹਨ । ਪਿੰਡ ਵਿੱਚ ਔਰਤਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਸੈਲਫ਼ ਹੈਲਪ ਗਰੁੱਪ ਬਣਾਏ ਗਏ ਹਨ ।
ਮਹਿਲਾ ਸਰਪੰਚ ਨੇ ਪਾਣੀ ਦੀ ਸਾਂਭ ਸੰਭਾਲ ਤੇ ਕੂੜੇ ਦੇ ਠੋਸ ਪ੍ਰਬੰਧ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿਲਚਸਪੀ ਨਾਲ ਕੰਮ ਕਰ ਰਹੀ ਹੈ । ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਨੀਵੇਂ ਹੁੰਦੇ ਪੱਧਰ ਨੂੰ ਸਥਿਰ ਰੱਖਣ ਦੇ ਮਕਸਦ ਨਾਲ ਪਿੰਡ ਦੇ ਘਰਾਂ ਵਿੱਚ ਮੀਂਹ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿੱਟ ਬਣਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ ।ਵਾਤਾਵਰਨ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਿਆਂ ਸਾਂਝੀਆਂ ਥਾਂਵਾਂ ਤੇ ਰੁੱਖ ਲਾਏ ਗਏ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ।
ਅੰਮ੍ਰਿਤਾ ਪ੍ਰੀਤਮ ਯਾਦਗਾਰੀ ਲਾਇਬਰੇਰੀ ਨੂੰ ਕਿਤਾਬਾਂ ਭੇਟ ਕਰਨ ਸਮੇਂ ਡੀ ਸੀ ਪਰਮਵੀਰ ਸਿੰਘ ਤੇ ਸਰਪੰਚ ਸੈਸ਼ਨਦੀਪ ਕੌਰ
ਸੈਸ਼ਨਦੀਪ ਨੇ ਦੱਸਿਆ ਕਿ ਕੂੜੇ ਦੇ ਠੋਸ ਪ੍ਰਬੰਧ ਲਈ ਘਰਾਂ ਦੇ ਕੂੜੇ ਨੂੰ ਇਕੱਠਾ ਇੱਕ ਥਾਂ ਤੇ ਸੁੱਟਣ ਲਈ ਕੂੜਾ ਡੰਪ ਬਣਾਇਆ ਗਿਆ ਹੈ , ਕੂੜੇ ਡੰਪ ਉਪਰ ਸ਼ੈੱਡ ਤੇ ਥੱਲੇ ਵੱਖ ਵੱਖ ਖ਼ਾਨੇ ਬਣਾਏ ਗਏ ਹਨ ਜਿਸ ਵਿੱਚ ਸੁੱਕਾ ਕੂੜਾ , ਗਿੱਲਾ ਕੂੜਾ , ਕਾਗ਼ਜ਼ ਕੱਪੜੇ ਤੇ ਪਲਾਸਟਿਕ ਨੂੰ ਵੱਖਰਾ ਵੱਖਰਾ ਡੰਪ ਕੀਤਾ ਜਾ ਰਹਿ ਹੈ । ਗਿੱਲੇ ਕੂੜੇ ਦੀ ਖਾਦ ਬਣਾਈ ਜਾਂਦੀ , ਜੋ ਕਿ ਪਿੰਡ ਵਿੱਚ ਲੱਗੇ ਪੌਦਿਆਂ ਨੂੰ ਪਾਉਣ ਦੇ ਕੰਮ ਆਉਂਦੀ ਹੈ ਤੇ ਸੁੱਕਾ ਕੂੜਾ ਕਬਾੜੀਏ ਨੂੰ ਵੇਚ ਦਿੱਤਾ ਜਾਂਦਾ ਹੈ । ਹਰ ਘਰ ਨੂੰ ਦੋ ਦੋ ਡਸਟਬਿਨ ਗ੍ਰਾਮ ਪੰਚਾਇਤ ਤਰਫ਼ੋਂ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਦਿੱਤੇ ਗਏ ਹਨ ਅਤੇ ਘਰਾਂ ਚੌ ਰਿਕਸ਼ਾ ਰੇਹੜੀ ਰਾਹੀ ਕੂੜਾ ਇਕੱਠਾ ਕਰਨ ਦੇ ਇੰਤਜ਼ਾਮ ਕੀਤੇ ਹੋਏ ਹਨ ।
ਇਸ ਤੋ ਇਲਾਵਾ ਪੰਚਾਇਤ ਨੇ 11 ਮੈਂਬਰੀ ਔਰਤਾਂ ਦਾ ਕਮੇਟੀ ਦਾ ਗਠਨ ਕਰਕੇ ਮਾਤਾ ਗੁਜਰੀ ਸਗਨ ਸਕੀਮ ਤਹਿਤ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ ਸਗਨ 51 ਸੌ ਰੁਪਏ ਤੇ ਬੇਟੀ ਦੇ ਜਨਮ ਤੇ 11 ਸੋ ਰੁਪਏ ਸਗਨ ਦੇਣ ਦੀ ਪਿਰਤ ਤੋਰੀ ਹੋਈ ਹੈ । ਘਰਾਂ ਦੇ ਬੂਹੇ ਅੱਗੇ ਔਰਤ ਦੇ ਨਾਮ ਵਾਲੀ ਨੇਮ ਪਲੇਟ ਲਾ ਕੇ ਨਾਰੀ ਜਾਤੀ ਦਾ ਸਤਿਕਾਰ ਕਰਨਾ ਫ਼ਰਜ਼ ਸਮਝਿਆ ਹੈ ।
ਪਿੰਡ ਦੀ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਲਾਇਬਰੇਰੀ
ਬੌਧਿਕ ਵਿਕਾਸ ਦੇ ਲਈ ਪਿੰਡ ਵਿੱਚ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਲਾਇਬਰੇਰੀ ਬਣਾਈ ਗਈ ਹੈ , ਜਿੱਥੇ ਪੰਜਾਬੀ ਦੀਆ ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਲਈ ਮੌਜੂਦ ਹਨ । ਸੀ ਸੀ ਟੀ ਵੀ ਕੈਮਰੇ ਤੇ ਐਲ ਸੀ ਡੀ , ਪਿਆਨੋ ਤੇ ਵਧੀਆ ਕਿਸਮ ਦਾ ਫ਼ਰਨੀਚਰ ਕਿਤਾਬ ਘਰ ਨੂੰ ਚਾਰ ਚੰਨ ਲਾ ਰਹਿ ਹੈ ।
-
ਪਰਮਜੀਤ ਭੁੱਲਰ, ਲੇਖਕ,ਪਿੰਡ ਮੰਡੀ ਕਲਾਂ , ਜ਼ਿਲ੍ਹਾ ਬਠਿੰਡਾ
paramjitbhullar2@gmail.com
+91-94174-73260
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.