ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਆਪਣਾ ਅਠਾਰਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਕੋਵਿਡ-19 ਦੇ ਕਾਰਨ ਜ਼ੂਮ ਰਾਹੀਂ ਮਨਾਇਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਵਿਚ ਕਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਪ੍ਰੇਮੀਆਂ ਨੇ ਹਿੱਸਾ ਲਿਆ। ਇਹ ਸਮਾਗਮ ਮਾਂ-ਬੋਲੀ ਦੇ ਨਾਲ ਨਾਲ ਭਾਰਤ ਵਿਚ ਚੱਲ ਰਹੇ ਕਿਸਾਨ ਮੋਰਚੇ ਨੂੰ ਵੀ ਸਮਰਪਿੱਤ ਹੋ ਨਿਬੜਿਆ। ਇਸ ਸਮਾਗਮ ਦਾ ਸੰਚਾਲਨ ਡਾਕਟਰ ਕਮਲਜੀਤ ਕੌਰ ਕੈਂਬੋ ਨੇ ਬਹੁਤ ਭਾਵਪੂਰਤ ਢੰਗ ਨਾਲ ਕੀਤਾ।
ਪ੍ਰੋਗਰਾਮ ਦੇ ਸ਼ੁਰੂ ਵਿਚ ਵੈਨਕੂਵਰ ਤੋਂ ਪੰਜਾਬੀ ਸਾਹਿਤ ਵਿਚ ਸਭ ਤੋਂ ਵੱਡਾ ਇਨਾਮ ਸਥਾਪਤ ਕਰਨ ਵਾਲੇ ਬਰਜਿੰਦਰ ਢਾਹਾਂ ਨੇ ਧਨੀ ਰਾਮ ਚਾਤ੍ਰਿਕ ਹੋਰਾਂ ਦੀ ਕਵਿਤਾ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਸੁਣਾਈ। ਪਲੀ ਮੈਂਬਰ ਅਤੇ ਪੰਜਾਬੀ ਅਧਿਆਪਕ ਹਰਮੋਹਨਜੀਤ ਸਿੰਘ ਪੰਧੇਰ ਨੇ ਸਵਾਗਤੀ ਭਾਸ਼ਣ ਵਿਚ ਪਲੀ ਦੀ ਸਥਾਪਨਾ ਦੀ ਲੋੜ ਅਤੇ ਇਸਦੇ ਕਾਰਜ ਖੇਤਰ ਬਾਰੇ ਗੱਲਬਾਤ ਕੀਤੀ। ਦੀਪਕ ਬਿਨਿੰਗ ਫਾਊਂਡੇਸ਼ਨ ਦੇ ਪ੍ਰਧਾਨ ਪਾਲ ਬਿਨਿੰਗ ਨੇ ਕਿਹਾ ਕਿ ਉਹ ਪਲੀ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ ਅਤੇ ਅਗਾਂਹ ਤੋਂ ਵੀ ਉਹ ਪਲੀ ਨੂੰ ਸਹਿਯੋਗ ਦਿੰਦੇ ਰਹਿਣਗੇ। ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਸਟੀਵ ਲਾਰੇਨ ਨੇ ਆਪਣੇ ਅਦਾਰੇ ਵਲੋਂ ਪਲੀ ਨਾਲ ਮਿਲ ਕੇ ਪੰਜਾਬੀ ਪੜ੍ਹਾਈ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਂਦੇ ਰਹਿਣ ਦਾ ਭਰੋਸਾ ਦਿਵਾਇਆ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਬੀ ਸੀ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਸਥਿਤੀ ਬਾਰੇ ਦੱਸਿਆ। ਉਨ੍ਹਾਂ ਨੇ ਖਾਸ ਕਰ ਸਰੀ ਵਸਦੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਰੇਡ ਪੰਜ ਵਿਚ ਪੰਜਾਬੀ ਜਮਾਤਾਂ ਵਿਚ ਜ਼ਰੂਰ ਦਾਖਲ ਕਰਵਾਉਣ। ਨਾਲ ਹੀ ਉਨ੍ਹਾਂ ਨੇ ਕਨੇਡਾ ਭਰ ਦੇ ਪੰਜਾਬੀਆਂ ਨੂੰ ਇਹ ਅਪੀਲ ਕੀਤੀ ਕਿ ਮਈ ਮਹੀਨੇ ਦੌਰਾਨ ਹੋਣ ਵਾਲੀ ਮਰਦਮਸ਼ੁਮਾਰੀ ਵਾਲੇ ਫਾਰਮਾਂ ਵਿਚ ਸਾਰੇ ਆਪਣੀ ਮਾਂ-ਬੋਲੀ ਪੰਜਾਬੀ ਭਰਨ। ਸਰੀ ਸਕੂਲ ਬੋਰਡ ਦੇ ਟਰੱਸਟੀ ਗੈਰੀ ਥਿੰਦ ਅਤੇ ਡਾਇਰੈਕਟਰ ਆਫ ਇੰਸਟਰੱਕਸ਼ਨਜ਼ ਸ਼ਾਨਾ ਰੌਸ ਨੇ ਵੀ ਆਪਣੇ ਭਾਸ਼ਣਾਂ ਵਿਚ ਭਰੋਸਾ ਦਿਵਾਇਆ ਕਿ ਉਹ ਭਾਈਚਾਰੇ ਵਲੋਂ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਸਬੰਧੀ ਆਈ ਹਰ ਮੰਗ ਨੂੰ ਪੂਰੀ ਸੰਜੀਦਗੀ ਨਾਲ ਲੈਂਦੇ ਹਨ ਅਗਾਂਹ ਨੂੰ ਵੀ ਕੋਸ਼ਸ਼ ਕਰਦੇ ਰਹਿਣਗੇ ਕਿ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਠੀਕ ਠਾਕ ਚਲਦੀ ਰਹੇ।
ਪਲੀ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸਾਧੂ ਬਿਨਿੰਗ ਨੇ ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਤੇ ਹੁਣ ਸਮੁੱਚੇ ਭਾਰਤ ਵਿਚ ਫੈਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਖਤਮ ਕਰਾਉਣ ਦੇ ਅੰਦੋਲਨ ਦੀ ਹਿਮਾਇਤ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਪਲੀ ਨੇ ਕਦੇ ਵੀ ਪੰਜਾਬੀ ਭਾਸ਼ਾ ਦੇ ਮਸਲਿਆਂ ਤੋਂ ਬਿਨਾਂ ਹੋਰ ਕਿਸੇ ਮਸਲੇ ਬਾਰੇ ਆਪਣੇ ਪ੍ਰੋਗਰਾਮਾਂ ਵਿਚ ਚਰਚਾ ਨਹੀਂ ਕੀਤੀ ਪਰ ਉਹ ਕਿਸਾਨਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕਰਨਾ ਬਹੁਤ ਜ਼ਰੂਰੀ ਸਮਝਦੇ ਹਨ ਕਿਉਂਕਿ ਇਹ ਸੰਘਰਸ਼ ਸਮੁੱਚੇ ਭਾਰਤੀ ਸਮਾਜ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਣ ਲਈ ਹੈ। ਕਨੇਡਾ ਵਿਚ ਪੰਜਾਬੀ ਦੇ ਭਵਿੱਖ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਨੂੰ ਕਨੇਡਾ ਵਿਚ ਪੱਕੀ ਤਰ੍ਹਾਂ ਸਥਾਪਤ ਕਰਾਉਣ ਲਈ ਇਹ ਸੁਨਹਿਰੀ ਮੌਕਾ ਹੈ।
ਪਲੀ ਦੇ ਇਸ ਸਮਾਗਮ ਦੇ ਮੁੱਖ ਬੁਲਾਰੇ ਨੌਜਵਾਨ ਐਕਟੇਵਿਸਟ ਨਵਕਿਰਨ ਕੌਰ ਨੱਤ ਸਨ। ਉਹ ਅੰਦੋਲਨ ਦੇ ਸ਼ੁਰੂ ਤੋਂ ਹੀ ਇਸ ਨਾਲ ਜੁੜੇ ਹੋਏ ਹਨ ਅਤੇ ਟਰਾਲੀ ਟਾਈਮਜ਼ ਦੀ ਟੀਮ ਦੇ ਮੈਂਬਰ ਹਨ। ਉਹ ਦਿੱਲੀ ਦੀ ਸਰਹੱਦ 'ਤੇ ਕਿਸਾਨ ਮੋਰਚੇ ਤੋਂ ਇਸ ਸਮਾਗਮ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਦੱਸਿਆ ਕਿ ਉਹ ਵਿਦਿਆਰਥੀ ਜੀਵਨ ਤੋਂ ਹੀ ਸਮਾਜਕ ਤੇ ਰਾਜਨੀਤਕ ਮੁੱਦਿਆਂ 'ਤੇ ਚੱਲੇ ਸੰਘਰਸ਼ਾਂ ਵਿਚ ਸਰਗਰਮ ਰਹੇ ਹਨ। ਉਨ੍ਹਾਂ ਨੇ ਵਿਸਥਾਰ ਵਿਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਇਸ ਵਿਸ਼ਾਲ ਅੰਦੋਲਨ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿਚ ਇਹ ਅੰਦੋਲਨ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਪਰ ਬਾਕੀ ਭਾਰਤ ਅਤੇ ਦੁਨੀਆ ਨੂੰ ਇਸ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਇਹ ਨਬੰਵਰ 26 ਨੂੰ ਦਿੱਲੀ ਦੀ ਸਰਹੱਦ ’ਤੇ ਆਇਆ। ਉਨ੍ਹਾਂ ਨੇ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਵਿਸ਼ੇਸ਼ ਕਰਕੇ ਚਰਚਾ ਕੀਤੀ। ਅੰਦੋਲਨ ਦੌਰਾਨ ਆ ਰਹੀਆਂ ਨਿੱਤ ਦੀਆਂ ਮੁਸ਼ਕਲਾਂ ਨਾਲ ਜੂਝਣ ਦੇ ਨਾਲ ਨਾਲ ਉੱਥੇ ਵਿਚਾਰ ਵਟਾਂਦਰੇ ਲਈ ਵਿਸ਼ੇਸ਼ ਸਥਾਨ ਅਤੇ ਪੜ੍ਹਨ ਲਈ ਲਾਇਬ੍ਰੇਰਿਆਂ ਸਥਾਪਤ ਕਰਨ ਬਾਰੇ ਦੱਸਿਆ।
ਮੋਰਚੇ ਤੋਂ ਕੱਢੀ ਜਾ ਰਹੀ ਅਖਬਾਰ ਟਰਾਲੀ ਟਾਈਮਜ਼ ਬਾਰੇ ਅਤੇ ਟਰਾਲੀ ਟਾਕੀਜ਼ ਰਾਹੀਂ ਚੰਗੀਆਂ ਫਿਲਮਾਂ ਦਿਖਾਉਣ ਬਾਰੇ ਵੀ ਚਰਚਾ ਕੀਤੀ। ਨਵਕਿਰਨ ਨੇ ਭਰੋਸੇ ਨਾਲ ਕਿਹਾ ਕਿ ਇਸ ਅੰਦੋਲਨ ਦੀ ਰਾਜਸੀ ਜਿੱਤ ਤਾਂ ਹੋਵੇਗੀ ਹੀ ਨਾਲ ਨਾਲ ਇਹ ਅੰਦੋਲਨ ਪੰਜਾਬੀਆਂ ਦੇ ਚੰਗੇਰੇ ਭਵਿੱਖ ਲਈ ਨਵੀਆਂ ਤੇ ਨਿੱਗਰ ਜੀਵਨ ਜਾਚ ਦੀਆਂ ਨੀਹਾਂ ਵੀ ਰੱਖਕੇ ਜਾਵੇਗਾ। ਉਨ੍ਹਾਂ ਨੇ ਆਪਣੇ ਇਸ ਭਰੋਸੇ ਪਿੱਛੇ ਕੰਮ ਕਰਦੇ ਤਰਕ ਵੱਲ ਧਿਆਨ ਦਿਵਾਉਂਦਿਆ ਕਿਹਾ ਕਿ ਮੋਰਚੇ ਦੇ ਭਾਗੀਦਾਰਾਂ ਵਿੱਚ ਲਿੰਗ ਦੇ ਅਧਾਰ 'ਤੇ ਕੰਮ ਦੀਆਂ ਵੰਡੀਆਂ ਨਹੀਂ ਹਨ। ਉਨ੍ਹਾਂ ਨੇ ਆਪਣੀ ਗੱਲ ਨੂੰ ਉਦਾਹਰਣ ਨਾਲ ਸਪੱਸ਼ਟ ਕਰਦਿਆਂ ਕਿਹਾ ਕਿ ਆਦਮੀ ਖਾਣਾ ਬਣਾ ਰਹੇ ਹਨ ਤੇ ਔਰਤਾਂ ਵਿਚਾਰ ਵਿਟਾਂਦਰੇ ਵਿਚ ਭਾਗ ਲੈ ਰਹੀਆਂ ਹਨ। ਕਿਸਾਨ ਮੋਰਚੇ ਦੌਰਾਨ ਪੰਜਾਬੀ ਬੋਲੀ ਨੂੰ ਮਿਲ ਰਹੇ ਵਿਸ਼ੇਸ਼ ਸਥਾਨ ਬਾਰੇ ਵੀ ਉਨ੍ਹਾਂ ਗੱਲ ਕੀਤੀ ਅਤੇ ਕਿਹਾ ਕਿ ਪੰਜਾਬੀਆਂ ਦਾ ਆਪਣੀ ਮਾਂ-ਬੋਲੀ ਨਾਲ ਪੈਦਾ ਹੋ ਰਿਹਾ ਇਹ ਨੇੜੇ ਦਾ ਰਿਸ਼ਤਾ ਚਿਰ ਸਥਾਈ ਸਾਬਤ ਹੋਵੇਗਾ।
ਇਸ ਸਮਾਗਮ ਦੌਰਾਨ ਸਰੀ ਅਤੇ ਕੈਲਗਰੀ ਸ਼ਹਿਰਾਂ ਵਿਚ ਪੰਜਾਬੀ ਪੜ੍ਹ ਰਹੇ ਬੱਚਿਆਂ ਵਲੋਂ ਮਾਂ-ਬੋਲੀ ਅਤੇ ਕਿਸਾਨ ਮੋਰਚੇ ਬਾਰੇ ਸੁਣਾਈਆਂ ਕਵਿਤਾਵਾਂ ਤੇ ਗੀਤਾਂ ਨੇ ਸ੍ਰੋਤਿਆਂ ਦਾ ਦਿਲ ਮੋਹ ਲਿਆ। ਇਨ੍ਹਾਂ ਗੀਤਾਂ ਵਿਚ ਸੰਤ ਰਾਮ ਉਦਾਸੀ ਦੇ ਗੀਤ ਅਤੇ ਪੱਗੜੀ ਸੰਭਾਲ ਜੱਟਾ ਨੇ ਖੂਬ ਰੰਗ ਬੰਨ੍ਹਿਆ ਅਤੇ ਸਭ ਨੂੰ ਸੰਘਰਸ਼ ਦੀ ਰੂਹ ਨਾਲ ਜੋੜ ਦਿੱਤਾ। ਕਨੇਡਾ ਵਿਚ ਪੰਜਾਬੀ ਦੇ ਭਵਿੱਖ ਦੀ ਸੋਹਣੀ ਤਸਵੀਰ ਪੇਸ਼ ਕਰਦੇ ਵੱਖ ਵੱਖ ਸਕੂਲਾਂ ਤੋਂ ਇਹ ਬੱਚੇ ਸਨ: ਮਹਿਕਪ੍ਰੀਤ ਕੌਰ ਧਾਲੀਵਾਲ ਤੇ ਸਹਿਜਪ੍ਰੀਤ ਕੌਰ ਧਾਲੀਵਾਲ; ਸੁਖਮਨ ਕੌਰ ਕੈਂਬੋ ਅਤੇ ਸਾਹਬ ਸਿੰਘ ਕੈਂਬੋ; ਨੰਨੀਆਂ ਬੱਚੀਆਂ ਪ੍ਰਭਜੀਤ ਕੌਰ ਅਤੇ ਜਪਜੀਤ ਕੌਰ ਝੱਜ; ਗੁਰਸਿਮਰਤ ਕੌਰ ਧਨੋਆ ਤੇ ਕੀਰਤ ਕੌਰ ਧਨੋਆ; ਸਫਲਸ਼ੇਰ ਮਾਲਵਾ ਅਤੇ ਪ੍ਰਭਰੂਪ ਸਿੰਘ ਮਾਂਗਟ। ਕਵੀ ਮੋਹਨ ਸਿੰਘ ਗਿੱਲ ਨੇ ਇਸ ਅੰਦੋਲਨ ਦੇ ਹੱਕ ਵਿੱਚ ਰੁਬਾਈ ਅਤੇ ਕਵਿਤਾ 'ਜਾਗੋ ਆਈ ਐ' ਵੀ ਪੇਸ਼ ਕੀਤੀ।
ਅੰਤ ਵਿਚ ਪਲੀ ਦੇ ਮੈਂਬਰਾਂ ਰਜਿੰਦਰ ਸਿੰਘ ਪੰਧੇਰ ਅਤੇ ਗੁਰਿੰਦਰ ਮਾਨ ਨੇ ਮਾਂ-ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਲੀ ਦੀ ਸਰਗਰਮ ਨੌਜਵਾਨ ਮੈਂਬਰ ਦਇਆ ਜੌਹਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
-
ਹਰਪ੍ਰੀਤ ਸੇਖਾ, ਲੇਖਕ
b_sanghera@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.