ਭਾਰਤੀ ਅਥਲੈਟਿਕਸ ਜਗਤ ਵਿੱਚ ਭਾ ਜੀ ਗੁਰਬਚਨ ਸਿੰਘ ਰੰਧਾਵਾ ਉਹ ਧਰੂ ਤਾਰੇ ਨੇ ਜਿੰਨ੍ਹਾਂ ਦੀ ਕੀਰਤੀ ਏਥੋਂ ਹੀ ਸਮਝ ਲਵੋ ਕਿ ਉਹ ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਨੇ।
ਉਲੰਪਿਕਸ ਵਿੱਚ ਪੰਜਵੇਂ ਸਥਾਨ ਤੇ ਆਏ ਪਰ 1962 ਦੀਆਂ ਜਕਾਰਤਾ (ਇੰਡੋਨੇਸ਼ੀਆ)ਏਸ਼ਿਆਈ ਖੇਡਾਂ ਚ ਉਹ ਡਕੈਥਲਿਨ ਚ ਗੋਲਡ ਮੈਡਲ ਜੇਤੂ ਬਣੇ। ਟੋਕੀਉ ਉਲੰਪਿਕਸ ਵਿੱਚ ਭਾਰਤੀ ਝੰਡਾ ਤਿਰੰਗਾ ਲੈ ਕੇ ਇਨ੍ਹਾਂ ਨੇ ਹੀ ਭਾਰਤੀ ਕਾਫ਼ਲੇ ਦੀ ਅਗਵਾਈ ਕੀਤੀ ਸੀ।
ਪਦਮ ਸ਼੍ਰੀ ਬਣੇ ਨਿੱਕੇ ਜਹੇ ਪਿੰਡ ਨੰਗਲੀ (ਮਹਿਤਾ ਚੌਂਕ) ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮੇ, ਖਾਲਸਾ ਕਾਲਿਜ ਅੰਮ੍ਰਿਤਸਰ ਪੜ੍ਹੇ। ਸੀ ਆਰ ਪੀ ਚੋਂ ਕਮਾਂਡੈਂਟ ਬਣ ਸੇਵਾ ਮੁਕਤ ਹੋ ਕੇ ਦਿੱਲੀ ਵੱਸਦੇ ਨੇ।
ਪਰਸੋਂ ਸ਼ਾਮ ਉਹ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਤੇ ਮਿੱਤਰ ਪਿਆਰੇ ਹਰਚਰਨਜੀਤ ਸਿੰਘ ਸੇਵਾਮੁਕਤ ਆਈ ਏ ਐੱਸ ਸਮੇਤ ਸਾਡੇ ਘਰ ਆਏ। ਸਨੇਹ ਦੇ ਭਰਪੂਰ ਕਟੋਰੇ। ਸਾਡੀ ਪੋਤਰੀ ਅਸੀਸ ਲਈ ਗਿਆਨ ਖਿਡੌਣੇ ਲੈ ਕੇ ਆਏ। ਬੇਹੱਦ ਚੰਗਾ ਲੱਗਿਆ।
ਰਾਤੀਂ ਉਹ ਰੁੜਕਾ ਕਲਾਂ (ਜਲੰਧਰ) ਰਹੇ ਆਪਣੇ ਸਹੁਰੀਂ। ਇਥੋਂ ਦੇ ਹੀਰੇ ਖਿਡਾਰੀ ਕਬੱਡੀ ਵਾਲੇ ਸ: ਸੋਹਣ ਸਿੰਘ ਜੰਪ ਦੀ ਭਤੀਜੀ ਤੇ ਦਰਸ਼ਨੀ ਜਵਾਨ ਐਥਲੀਟ ਜਸਕਰਨ ਸਿੰਘ ਸੰਧੂ ਦੀ ਨਿੱਕੀ ਭੈਣ ਉਨ੍ਹਾਂ ਦੀ ਜੀਵਨ ਸਾਥਣ ਹੈ।
ਇੰਜ ਲੱਗਿਆ ਸਾਡੇ ਘਰ ਖੇਡ ਇਤਿਹਾਸ ਦੀ ਅਮਰ ਪੋਥੀ ਪਹੁੰਚੀ ਹੈ।
ਕੁਝ ਸਮਾਂ ਪਹਿਲਾਂ ਉਨ੍ਹਾਂ ਦੱਸਿਆ ਕਿ ਉਹ ਆਪਣੀ ਸਵੈਜੀਵਨੀ ਅੰਗਰੇਜ਼ੀ ਚ ਲਿਖ ਰਹੇ ਹਨ। ਮੈਂ ਪੜ੍ਹੀ ਤਾਂ ਪਤਾ ਲੱਗਿਆ ਕਿ ਵਾਲੀਬਾਲ ਦਾ ਨੈੱਟ ਟੱਪ ਜਾਣ ਵਾਲਾ ਬਾਰਾਂ ਤੇਰਾ ਸਾਲ ਦਾ ਬਾਲਕਾ ਗੁਰਬਚਨ ਆਪਣੇ ਅਧਿਆਪਕਾਂ ਤੋਂ ਇਲਾਲਾ ਐਥਲੀਟ ਬਾਪ ਦੀ ਪਛਾਣ ਅੱਖ ਨੇ ਏਸ਼ੀਅਨ ਸਟਾਰ ਬਣਾਇਆ।
ਕਮਾਲ ਦੀ ਗੱਲ ਇਹ ਹੈ ਕਿ ਪੰਜਾਬੀ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਸਭ ਤੋਂ ਪਹਿਲਾ ਖੇਡ ਲੇਖ ਭਾ ਜੀ ਗੁਰਬਚਨ ਸਿੰਘ ਤੇ ਹੀ ਲਿਖਿਆ। ਇਹ ਮੁੜ੍ਹਕੇ ਦਾ ਮੋਤੀ ਨਾਮ ਹੇਠ ਆਰਸੀ ਮਾਸਿਕ ਪੱਤਰ ਚ ਛਪਿਆ। ਉਸ ਤੋਂ ਮਗਰੋਂ ਚੱਲ ਸੋ ਚੱਲ। ਪੰਜਾਹ ਤੋਂ ਵੱਧ ਕਿਤਾਬਾਂ ਲਿਖ ਚੁਕੇ ਨੇ ਸਰਵਣ ਸਿੰਘ।
ਭਾ ਜੀ ਗੁਰਬਚਨ ਸਿੰਘ ਨਾਲ ਮੇਰੀ ਸਾਂਝ ਪ੍ਰੋ: ਬਲਜੀਤ ਸਿੰਘ ਸੇਖੋਂ ਨੇ ਪੁਆਈ ਸੀ ਦਸ ਬਾਰਾਂ ਸਾਲ ਪਹਿਲਾਂ। ਅਸੀਂ ਕੋਟਲਾ ਸ਼ਾਹੀਆ(ਬਟਾਲਾ) ਚ ਉਨ੍ਹਾਂ ਨੂੰ ਮਾਝੇ ਦਾ ਮਾਣ ਪੁਰਸਕਾਰ ਦੇਣਾ ਸੀ। ਉਨ੍ਹਾਂ ਕਿਹਾ ਕਿ ਯਾਰ ਪੰਜਾਬ ਨੇ ਤਾਂ ਕਦੇ ਚੇਤੇ ਨਹੀਂ ਕੀਤਾ ਪਰ ਮੈਂ ਆਪਣੇ ਇਲਾਕੇ ਚ ਜ਼ਰੂਰ ਆਵਾਂਗਾ। ਉਹ ਪੂਰੇ ਸਨੇਹ ਨਾਲ ਆਏ। ਪੁਰਾਣੇ ਦਿਨ ਚੇਤੇ ਕਰਕੇ ਉਨ੍ਹਾਂ ਬਹੁਤ ਗੱਲਾਂ ਸੁਣਾਈਆਂ। ਮੇਰੇ ਭੂਆ ਜੀ ਦੇ ਪੁੱਤਰ ਪ੍ਰਿੰ: ਬਲਕਾਰ ਸਿੰਘ ਬਾਜਵਾ ਤੇ ਅਥਲੀਟ ਹਰਭਜਨ ਸਿੰਘ ਗਰੇਵਾਲ ਕਿਲ੍ਹਾਰਾਏਪੁਰ ਵਾਲਿਆਂ ਦੀਆਂ। ਸ਼ਿਵ ਕੁਮਾਰ ਬਟਾਲਵੀ ਤੇ ਹੋਰ ਸੱਦਣਾਂ ਪਿਆਰਿਆਂ ਦੀਆਂ। ਉਦੋਂ ਪੂਰਾ ਪੰਜਾਬ ਹੀ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਪ੍ਰਿਜ਼ਮ ਚੋਂ ਵੇਖਿਆ ਜਾ ਸਕਦਾ ਸੀ। ਖੇਡ ਅੰਬਰ ਦੇ ਕਿੰਨੇ ਸਿਤਾਰੇ ਇਸ ਖੇਡ ਮੈਦਾਨ ਨੇ ਸਾਨੂੰ ਦਿੱਤੇ। ਉਹ ਸਾਡੇ ਸਭ ਲਈ ਰੌਸ਼ਨ ਮੀਨਾਰ ਹਨ।
ਭਾ ਜੀ ਗੁਰਬਚਨ ਸਿੰਘ ਸਹਿਜ ਸੁਭਾਅ ਗੱਲਾਂ ਕਰਦੇ ਹਨ ਤਾਂ ਲੱਗਦੈ ਇਤਿਹਾਸ ਬੋਲ ਰਿਹੈ।
ਮੇਰਾ ਪਿਆਰਾ ਤੇ ਲਾਡਲਾ ਪੁੱਤਰ ਤੇ ਪੰਜਾਬ ਸਰਕਾਰ ਦਾ ਲੋਕ ਸੰਪਰਕ ਅਧਿਕਾਰੀ ਬਰਨਾਲੇ ਵਾਲਾ ਨਵਦੀਪ ਸਿੰਘ ਗਿੱਲ (ਚੰਡੀਗੜ੍ਹ)ਉਨ੍ਹਾਂ ਦੀ ਜੀਵਨੀ ਲਿਖ ਰਿਹੈ। ਪਿਛਲੇ ਦਿਨੀਂ ਉਹ ਲਗਪਗ ਸੌ ਸਫ਼ਿਆਂ ਤੋਂ ਵੱਧ ਦਾ ਮਸੌਦਾ ਵਿਖਾ ਕੇ ਗਿਐ। ਉਸ ਕਿਤਾਬ ਵਿੱਚ ਪੰਜਾਬ ਦੀ ਜਵਾਨੀ ਲਈ ਨਵੀਆਂ ਸੇਧਾਂ ਹੋਣਗੀਆਂ ਭਾ ਜੀ ਗੁਰਬਚਨ ਸਿੰਘ ਰੰਧਾਵਾ ਵੱਲੋਂ ਦੱਸੀਆਂ।
ਤਿੰਨ ਕੁ ਸਾਲ ਪਹਿਲਾਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸ: ਗੁਰਬਖ਼ਸ਼ ਸਿੰਘ ਸੰਧੂ ਕੌਮੀ ਬੌਕਸਿੰਗ ਕੋਚ ਤੇ ਉਲੰਪਿਕਸ ਜੇਤੂ ਨਾਰੰਗਵਾਲ ਪਰਿਵਾਰ ਦੇ ਵਾਰਿਸ ਅਲੈਕਸੀ ਸਿੰਘ ਗਰੇਵਾਲ ਸਮੇਤ। ਮੁੱਖ ਮਹਿਮਾਨ ਸ: ਨਵਜੋਤ ਸਿੰਘ ਸਿੱਧੂ ਨੂੰ ਕਹਿਣ ਲੱਗੇ, ਪੰਜਾਬ ਸਾਂਭੋ ਯਾਰ। ਸੱਠ ਸਾਲ ਪਹਿਲਾਂ ਇਸ ਖੇਡ ਮੈਦਾਨ ਚ ਨੱਸਣ ਆਉਂਦਾ ਸਾਂ, ਹੁਣ ਤੀਕ ਇਹ ਨਾਸ਼ਨਲ ਸਟੈਡੀਅਮ ਵਰਗਾ ਚਾਹੀਦਾ ਸੀ ਪਰ ਅੱਜ ਮੈਂ ਉਦਾਸ ਪਰਤ ਰਿਹਾਂ।
ਹਰ ਪੁਰਸਕਾਰ ਸਮਾਗਮ ਚ ਉਹ ਇਹੀ ਆਖਦੇ ਹਨ, ਖਿਡਾਰੀ ਦਾ ਆਦਰ ਤੇ ਖੇਡਾਂ ਦਾ ਨਿਰਾਦਰ ਨਾ ਕਰੀਏ।
ਗੁਰਬਚਨ ਸਿੰਘ ਰੰਧਾਵਾ ਭਾ ਜੀ ਇਤਿਹਾਸ ਨੇ, ਵਰਤਮਾਨ ਦਾ ਫ਼ਿਕਰ ਕਰਦਾ ਇਤਿਹਾਸ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.