ਕਿਸਾਨ ਅੰਦੋਲਨ ਦੇ ਵਿਰਾਟ ਰੂਪ ਧਾਰਨ ਕਾਰਨ ਅਲੌਕਿਕ ਸ਼ਬਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ।ਇਸ ਅੰਦੋਲਨ ਨੂੰ ਕਮਿਊਨਿਸ਼ਟ ਬਨਾਮ ਧਰਮ ਵਿਚ ਵੰਡਕੇ ਤੋੜਨ ਦੇ ਯਤਨ ਵੀ ਹੋ ਰਹੇ ਹਨ।ਇਸ ਸ਼ਬਦ ਦੀ ਵਰਤੋਂ ਨੂੰ ਤੂਲ ਦੇਣ ਵਿਚ ਕਿਸ ਕਿਸ ਦਾ ਕੀ ਰੋਲ ਹੈ ਸਾਨੂੰ ਇਸ ਖਲਜਗਨ ਵਿਚ ਪੈਣ ਦੀ ਲੋੜ ਨਹੀਂ।ਸਾਡਾ ਤਰਕਸ਼ੀਲਤਾ ਦੇ ਨਜ਼ਰੀਏ ਤੋਂ ਇਸ ਸਭ ਕੁਝ ਨੂੰ ਸਮਝਣਾ ਅਤੇ ਇਸ ਵਰਤਾਰੇ ਪ੍ਰਤੀ ਇਕ ਸਪੱਸ਼ਟ ਪਹੁੰਚ ਅਪਨਾਉਣਾ ਅਤਿ ਜਰੂਰੀ ਹੈ।ਇਹ ਸਮਝਣਾ ਹੋਰ ਵੀ ਜਰੂਰੀ ਹੈ ਕਿ ਜੇ ਕੋਈ ਘਟਨਾਕਰਮ ਆਮ ਅਵਾਮ ਨੂੰ ਅਚੰਭਤ ਕਰ ਰਿਹਾ ਤਾਂ ਕੀ ਇਹ ਸਭ ਕੁਝ ਸੁਤੇਸਿਧ ਵਾਪਰ ਰਿਹਾ ਹੁੰਦਾ ਹੈ ? ਜੇ ਅਜਿਹਾ ਹੋ ਰਿਹਾ ਤਾਂ ਇਹ ਸਮਝਣਾ ਉਤਨਾ ਹੀ ਜਰੂਰੀ ਹੈ ਕਿ ਇਸ ਪਿਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ।ਵਿਗਿਆਨਿਕ ਸਮਝ ਹਰ ਵਰਤਾਰੇ ਨੂੰ ਕਿਸੇ ਅਲਾਹੀ ਜਾਂ ਪਰਾਭੌਤਿਕ ਸ਼ਕਤੀਆਂ ਨਾਲ ਜੋੜਕੇ ਨਹੀਂ ਵੇਖਦੀ ਬਲਕੇ ਇਸ ਪਿਛਲੇ ਕਾਰਨਾ ਦੀ ਤਲਾਸ਼ ਵਿਗਿਆਨਿਕ ਨਜ਼ਰੀਏ ਤੋਂ ਕਰਦੀ ਹੈ ਅਤੇ ਉਚਿਤ ਵਿਗਿਆਨਿਕ ਵਿਸ਼ਲੇਸ਼ਣ ਵੀ ਕਰਦੀ ਹੈ।
ਚੰਦਰਮਾਂ ਜਾਂ ਸੂਰਜ ਦੇ ਗ੍ਰਹਿਣ ਲੱਗਣ ਦੇ ਵਰਤਾਰੇ ਵੀ ਅਲੌਕਿਕ ਵਰਤਾਰੇ ਹਨ ਭਾਵ ਮਨੁੱਖ ਨੂੰ ਹੁਣ ਤੱਕ ਅਚੰਭਤ ਕਰਦੇ ਆਏ ਹਨ।ਦਿਨ ਅਤੇ ਰਾਤ ਦਾ ਹੋਣਾ ਅਤੇ ਰੁੱਤਾਂ ਦਾ ਬਦਲਣਾ ਵੀ ਮਨੁੱਖ ਲਈ ਅਚੰਭਤ ਕਰਨ ਵਾਲੇ ਵਰਤਾਰੇ ਰਹੇ ਹਨ।ਪੁਰਾਤਣ ਮਨੁੱਖ ਇਹਨਾ ਪਿਛੇ ਕਿਸੇ ਅਲਾਹੀ ਜਾਂ ਪਰਾਭੌਤਿਕ ਸ਼ਕਤੀਆਂ ਨੂੰ ਸਮਝਦਾ ਰਿਹਾ ਅਤੇ ਅਜੇ ਵੀ ਮਨੁੱਖਾਂ ਦਾ ਵੱਡਾ ਸਮੂਹ ਇਸੇਤਰਾਂ ਹੀ ਵੇਖ ਰਿਹਾ।ਜੋਤਿਸ਼ ਸਾਸ਼ਤਰ ਵਿਚ ਵਿਸ਼ਵਾਸ ਰੱਖਣ ਵਾਲੇ ਅਜੇ ਵੀ ਅਜਿਹਾ ਹੀ ਵਿਸ਼ਵਾਸ ਰਖਦੇ ਹਨ।ਸੂਰਜ ਦੁਆਲੇ ਘੁਮ ਰਹੇ ਗ੍ਰਹਿਾਂ ਦੇ ਕਿਸਮਤ ਉਪਰ ਪੈਣ ਵਾਲੇ ਅਸਰਾਂ ਨੂੰ ਅੰਕਦੇ ਹਨ।ਪਰ ਵਿਗਿਆਨ ਇਹ ਸਾਬਤ ਕਰ ਚੁਕਿਆ ਕਿ ਜੋਤਿਸ਼ ਸਾਸ਼ਤਰ ਝੂਠ ਦਾ ਪੁਲੰਦਾ ਹੈ।ਹੁਣ ਸਧਾਰਨ ਮਨੁੱਖ ਜਿਸਨੇ ਵਿਗਿਆਨ ਦੀ ਮੁਢਲੀ ਸਿਖਿਆ ਹੀ ਲਈ ਹੈ ਜਾਣਦਾ ਹੈ ਕਿ ਚੰਦਰਮਾ ਅਤੇ ਸੂਰਜ ਗ੍ਰਹਿਣ ਪਿਛੇ ਕੀ ਵਰਤਾਰਾ ਕੰਮ ਕਰਦਾ ਹੈ ਅਤੇ ਰੁੱਤਾਂ ਕਿਵੇਂ ਬਦਲਦੀਆਂ ਹਨ।ਉਸਨੂੰ ਗਿਆਨ ਹੈ ਕਿ ਜਦ ਧਰਤੀ ਦੇ ਉਤਰੀ ਅਰਧ ਗੋਲੇ ਵਿਚ ਸਰਦੀ ਹੁੰਦੀ ਹੈ ਤਾਂ ਦੱਖਣੀ ਅਰਧ ਗੋਲੇ ਵਿਚ ਗਰਮੀ ਹੁੰਦੀ ਹੈ ਅਤੇ ਧਰਤੀ ਦੀ ਕੇਂਦਰੀ ਰੇਖਾ ਦੁਆਲੇ ਰੁੱਤ ਅਤੇ ਤਾਪਮਾਨ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਉਂਦੀ।ਬਲਕੇ ਤਪਸ਼ ਜਿਆਦਾ ਹੀ ਬਣੀ ਰਹਿੰਦੀ।ਉਥੇ ਭਲਾ ਠੰਡ ਤੇ ਗਰਮੀ ਹੋਣ ਦਾ ਬਦਲਵਾਂ ਵਰਤਾਰਾ ਕਿਉਂ ਨਹੀਂ ਵਾਪਰਦਾ?ਸਾਇਦ ਧਰਤੀ ਦੀ ਕੇਂਦਰੀ ਰੇਖਾ ਦੁਆਲੇ ਰੁੱਤਾਂ ਦਾ ਨਾ ਬਦਲਣਾ ਬਹੁਤਿਆਂ ਲਈ ਅਜੇ ਵੀ ਅਲੌਕਿਕ ਵਰਤਾਰਾ ਹੋਵੇ ਤੇ ਉਹ ਇਸਨੂੰ ਕਿਸੇ ਅਲਾਹੀ ਜਾਂ ਪਰਾਭੌਤਿਕ ਵਰਤਾਰੇ ਵਜੋਂ ਹੀ ਅੰਕਦੇ ਹੋਣ।
ਸਾਨੂੰ ਥੋੜਾ ਅਲਾਹੀ ਅਲੌਕਿਕ ਵਰਤਾਰੇ ਅਤੇ ਸਧਾਰਨ ਅਲੌਕਿਕ ਵਰਤਾਰੇ ਦੇ ਸ਼ਬਦੀ ਅਰਥ ਸਾਫ ਹੋਣੇ ਚਾਹੀਦੇ ਹਨ। ਅਲਾਹੀ ਅਲੌਕਿਕ ਵਰਤਾਰਾ ਉਹ ਵਰਤਾਰਾ ਹੈ ਜਿਸ ਪਿਛੇ ਕਿਸੇ ਰੱਬੀ ਜਾਂ ਪਰਾਭੌਤਿਕ ਸ਼ਕਤੀ ਹੋਣਾ ਮੰਨਿਆ ਜਾਂਦਾ ਹੈ। ਸਧਾਰਨ ਅਲੌਕਿਕ ਵਰਤਾਰਾ ਉਹ ਵਰਤਾਰਾ ਜਿਸਦਾ ਵਾਪਰਨਾ ਮਨੁੱਖ ਨੂੰ ਅਚੰਭਤ ਕਰਦਾ ਜਿਸ ਪਿਛਲੇ ਕਾਰਨਾਂ ਤੋਂ ਉਹ ਅਜੇ ਅਣਜਾਣ ਹੈ ਜਾਂ ਅਜੇ ਖੋਜ਼ ਕਰਨ ਦੀ ਲੋੜ ਹੈ ।ਬੋਦੀਵਾਲਾ ਤਾਰਾ ਜਦ ਦ੍ਰਿਸ਼ ਤੇ ਆਇਆ ਤਾਂ ਜੋਤਿਸ਼ੀਆਂ ਨੇ ਇਸ ਨੂੰ ਮਨੁੱਖਤਾ ਲਈ ਅਪਸ਼ਗਨ ਕਿਹਾ ਅਤੇ ਉਹ ਲੋਕਾਂ ਨੂੰ ਯੱਗ ਕਰਨ ਵਾਸਤੇ ਪ੍ਰੇਰਦੇ ਰਹੇ ਅਤੇ ਉਹਨਾ ਲਈ ਇਕ ਅਲਾਹੀ ਅਲੌਕਿਕ ਵਰਤਾਰਾ ਸੀ। ਪਰ ਵਿਗਿਆਨ ਦੀ ਖੋਜ਼ ਨੇ ਸਪੱਸ਼ਟ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੈ।ਮਾੜਾ ਵਾਪਰਨ ਵਰਗੇ ਬੇਥਵੇ ਦਾਵੇ ਗੈਰਵਿਗਿਆਨਿਕ ਹਨ ਅਤੇ ਤਾਰੇ ਦੀ ਪੂਛਲ ਦਾ ਹੋਣਾ ਕੁਝ ਵੀ ਨਵਾਂ ਨਹੀਂ।ਜਦ ਵੀ ਕੋਈ ਗ੍ਰਹਿ ਜਾਂ ਉਪ ਗ੍ਰਹਿ ਜਾਂ ਕੋਈ ਅਜਿਹੀ ਧਰਤੀ ਕਿਸੇ ਹੋਰ ਧਰਤੀ ਦੇ ਵਾਤਾਵਰਣ ਵਿਚ ਪ੍ਰਵੇਸ਼ ਕਰਦੀ ਹੈ ਤਾਂ ਅਕਰਸ਼ਣ (ਰਗੜ) ਕਾਰਨ ਅਜਿਹਾ ਵਾਪਰਦਾ ਹੈ ਅਤੇ ਰਹਿੰਦਖੂੰਦ ਤਾਰੇ ਦੇ ਅੱਗੇ ਵਧਣ ਕਾਰਨ ਪੂਛ ਵਾਂਗ ਦਿਸਦੀ ਹੈ। ਇਸਦਾ ਸਮਾਂ ਤਾਰੇ ਦੇ ਦੂਸਰੀ ਦੇ ਵਾਤਾਵਰਣ ਵਿਚਰਨ ਦੇ ਸਮੇਂ ਦੇ ਬਰਾਬਰ ਹੀ ਹੁੰਦਾ ਹੈ।
ਅਕਾਸ਼ ਅੰਦਰ ਹਰ ਰੋਜ਼ ਅਰਬਾ ਸਧਾਰਨ ਅਲੌਕਿਕ ਵਰਤਾਰੇ ਵਾਪਰਦੇ ਹਨ। ਕਈ ਸਾਡੀ ਦ੍ਰਿਸ਼ਟੀ ਦੀ ਮਾਰ ਵਿਚ ਹੁੰਦੇ ਹਨ ਅਤੇ ਅਰਬਾਂ ਦੂਰਦਰਸ਼ੀ ਮਸ਼ੀਨਾਂ ਰਾਹੀਂ ਵਾਚੇ ਜਾਂਦੇ ਹਨ ਅਤੇ ਅਰਬਾਂ ਮਸ਼ੀਨਾਂ ਦੀ ਪਹੁੰਚ ਤੋਂ ਵੀ ਬਾਹਰ ਹਨ।
ਹੁਣ ਸੁਆਲ ਇਹ ਸਮਝਣਾ ਬਣਦਾ ਕਿ ਕੀ ਅਸੀਂ ਇਹ ਵਿਸਵਾਸ ਕਰ ਲਈਏ ਕਿ ਕੋਈ ਵਰਤਾਰਾ ਬਿਨਾ ਕਿਸੇ ਕਾਰਨ ਦੇ ਵਾਪਰਦਾ ਹੋਵੇ; ਜੇ ਅਜਿਹਾ ਵਿਸਵਾਸ ਹੈ ਤਾਂ ਅਸੀਂ ਬਹੁਤ ਕੁਝ ਜਾਨਣ ਦੀ ਅਸ਼ਲੀਅਤ ਤੋਂ ਵਾਂਝੇ ਰਹਿ ਜਾਵਾਂਗੇ।ਇਹੀ ਅਨਜਾਣਤਾਂ ਸਾਨੂੰ ਹੰਧੇਰੇ ਖੂਹ ਵਿਚ ਛਾਲ ਮਾਰਨ ਵਾਂਗ ਹੋਵੇਗੀ। ਜੇ ਮਨੁੱਖ ਇਸਤਰਾਂ ਅੰਧ ਭਗਤ ਹੋਕੇ ਵਿਚਰਦਾ ਤਾਂ ਉਸਤੋਂ ਕਿਸੇ ਪਰਾਪਤੀ ਦੀ ਕੀ ਆਸ ਰੱਖੀ ਜਾ ਸਕਦੀ ਹੈ? ਫਿਰ ਤਾਂ ਮਨੁੱਖ ਸਮੁੰਦਰਾਂ ਨੂੰ ਖੰਗਾਲਣ,ਹਵਾ ਵਿਚ ਮਸ਼ੀਨਾ ਨਾਲ ਉਡਣ ਤੋਂ ਅਸਮਰਥ ਹੁੰਦਾ । ਵਾਈਟ ਬਰਾਦਰਜ਼ ਨੇ ਜਦੋਂ ਉਡਾਣ ਲਈ ਹਰ ਯਤਨ ਕੀਤੇ ਤੇ ਸਫਲ ਵੀ ਹੋ ਗਏ। ਭਾਵੇਂ ਅਜਿਹੇ ਯਤਨ ਕਰਦਿਆਂ ਉਹ ਆਪਣੀ ਜਾਣ ਗੁਆ ਬੈਠੈ।ਉਹਨਾ ਦੀ ਉਡਾਰੀ ਅਲੌਕਿਕ ਸੀ ਪਰ ਅਲਾਹੀ ਨਹੀਂ ਸੀ।ਉਹਨਾ ਨੇ ਮਨੁੱਖ ਦੇ ਉਡਣ ਲਈ ਇਕ ਖਿਆਲਫ਼ਵਿਚਾਰ ਨੂੰ ਪੱਕਾ ਕੀਤਾ ਅਤੇ ਅੱਜ ਮਨੁੱਖ ਦੂਸਰੇ ੳਪ ਗ੍ਰਹਿਾਂ ਤੇ ਜਾਣ ਦੇ ਯਤਨ ਕਰ ਰਿਹਾ ਅਤੇ ਆਰਮ ਸਟਰਾਂਗ ਚੰਦਰਮਾ ਦੀ ਯਾਤਰਾ ਕਰਨ ਵਿਚ ਸਫਲ ਵੀ ਹੋਇਆ।ਕੀ ਆਰਮ ਸਟਰਾਂਗ ਦਾ ਚੰਦਰਮਾਂ ਤੇ ਉਤਰਨਾ ਅਲਾਹੀ ਵਰਤਾਰਾ ਸੀ? ਇਹ ਮਨੁੱਖ ਦੇ ਉਡਣ ਦੇ ਯਤਨ ਦੀ ਇਕ ਅਚੰਭਮਈ (ਅਲੋਕਾਰੀ) ਪਰਾਪਤੀ ਸੀ।
ਕੀ ਇੰਦਰਾ ਗਾਂਧੀ ਜਿਸਨੂੰ 'ਕਰਿਸ਼ਮੈਟਿਕ' ਲੀਡਰ ਵਜੋਂ ਦੇਖਿਆ ਜਾਂਦਾ ਸੀ 'ਗੌਡ ਗਿਫਟਡ' ਸੀ ਜਾਂ ਉਸ ਪਾਸ ਉਸਦੇ ਅਜਿਹਾ ਅਕਾਰ ਪਰਾਪਤ ਕਰਨ ਵਿਚ ਉਸਦੇ ਪ੍ਰਧਾਨ ਮੰਤਰੀ ਅਤੇ ਸਿਖਰ ਦੇ ਬੁਧੀਜੀਵੀ ਪਿਤਾ ਤੋਂ ਮਿਲੀ ਵਰਾਸਤ ਸੀ? ਕੀ ਕਦੇ ਅਜਿਹਾ ਵਾਪਰਿਆ ਕਿ ਅਚਾਨਕ ਹੀ ਕੋਈ ਵਿਅਕਤੀ ਕਿਸੇ ਦੇਸ਼ ਦਾ ਇਕੋ ਦਿਨ ਆਗੂ ਬਣ ਗਿਆ? ਉਸਦੇ ਜੀਵਣ ਦੇ ਇਤਿਹਾਸ ਦੇ ਵਰਕੇ ਸਾਫ ਕਰਨਗੇ ਕਿ ਉਹ ਇਸ ਰੁਤਵੇ ਤੇ ਕਿਵੇਂ ਪਹੁਚਿਆਂ।
ਡੈਨੀਜ ਰੈਸਟਾਉਰੀ ਇਕ ਕਰਿਸ਼ਮਈ ਲੀਡਰ ਨੂੰ ਕਿਸੇ ਅਲਾਹੀ ਦੇਣ ਵਜੋਂ ਨਹੀਂ ਦੇਖਦਾ।ਉਹ ਸਮਝਦਾ ਹੈ ਕਿ ਇਕ ਕਰਿਸ਼ਮਈ ਲੀਡਰ
ਵਿਚ ਇਹ ਖਾਸ਼ ਵਿਸ਼ੇਸਤਾਈਆਂ ਮਿਲਣਗੀਆਂ:-
1. ਉਹ ਸਵੈ-ਵਿਸ਼ਵਾਸ ਦਾ ਭਰਿਆ ਹੋਵੇਗਾ:
ਉਦਾਹਰਣ ਵਜੋਂ ਉਹ ਇਸਤਰਾਂ ਕਹੇਗਾ " ਮੈਨੂੰ ਪੂਰਾ ਯਕੀਨ ਹੈ ਕਿ ਇਸਤਰਾਂ ਹੀ ਵਾਪਰੇਗਾ" ਪਰ ਉਹ ਇਸਤਰਾਂ ਨਹੀਂ ਕਹੇਗਾ
"ਮੈਂ ਮਹਿਸੂਸ ਕਰਦਾ ਜਾਂ ਸੋਚਦਾ ਕਿ ਇਸਤਰਾਂ ਹੀ ਵਾਪਰੇਗਾ"
2. ਉਹ ਪਾਸ ਮਹਾਨ ਕਹਾਣੀਆਂ ਦੇ ਕਿਸਿਆਂ ਦਾ ਭੰਡਾਰ ਹੋਵੇਗਾ:
ਭਾਵ ਉਹ ਪਬਲਿਕ ਨੂੰ ਖਿਚਨ ਤੇ ਪ੍ਰਭਾਵਤ ਕਰਨ ਲਈ ਤੱਥ ਭਰਭੂਰ ਕਿੱਸਿਆਂ ਦੀ ਵਰਤੋਂ ਕਰਨ ਵਿਚ ਮਾਹਰ ਹੋਵੇਗਾ;ਹਾਸਰਸ
ਦੀ ਭਰਭੂਰ ਵਰਤੋਂ ਕਰੇਗਾ।
3. ਸਰੀਰਕ ਦਿੱਖ ਅਤੇ ਪਹੁੰਚ: ਅਜਿਹੇ ਲੀਡਰਾਂ ਤੱਕ ਪਹੁੰਚ ਸੌਖੀ ਹੁੰਦੀ ਹੈ ਤੇ ਉਹਨਾ ਵਿਚ ਗੱਲਬਾਤ ਦਾ ਲਹਿਜੇ ਵਿਚ ਖੁਲ਼੍ਹਾਪਣ
ਹੁੰਦਾ ਹੈ।
4. ਉਸਦੀ ਗੱਲਬਾਤ ਆਪਣੇ ਤੇ ਕੈਂਦਰਤ ਨਾ ਹੋਕੇ ਦੂਸਰਿਆਂ ਤੇ ਜਿਆਦਾ ਹੁੰਦੀ ਹੈ।ਦੂਸਰੇ ਦੇ ਹਵਾਲਿਆਂ ਦੀ ਵਰਤੋਂ ਕਰਨਾ ਉਸਦਾ
ਮੁਖ ਗੁਣ ਹੁੰਦਾ ਹੈ।
5. ਉਹ ਚੰਗਾ ਸਰੋਤਾ ਹੁੰਦਾ ਹੈ।
ਭਾਰਤ ਦੇ ਹੀ ਨਹੀਂ ਸਗੋਂ ਸੰਸਾਰ ਦੇ ਇਤਿਹਾਸ ਵਿਚ ਭਾਰਤੀ ਕਿਸਾਨ ਅੰਦੋਲਣ ਦਾ ਇਸ ਕਦਰ ਉਭਰਨਾ ਕੀ ਅਲਾਹੀ ਅਲੌਕਿਕ ਵਰਤਾਰਾ ਹੈ ਜਾਂ ਸਧਾਰਨ ਅਲੌਕਿਕ ਮਨੁੱਖ ਦੇ ਵਿਕਾਸ ਦਾ ਸਧਾਰਨ ਵਰਤਾਰਾ? ਕੀ ਬਲਵੀਰ ਸਿੰਘ ਰਾਜੇਵਾਲ ਸਾਹਿਬ ਦਾ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਤੱਕ ਪੁਜ ਜਾਣਾ ਅਲਾਹੀ ਅਲੌਕਿਕ ਵਰਤਾਰਾ ਜਾਂ ਇਕ ਹੰਢੇ ਵਰਤੇ ਅੱਠਵੇਂ ਦਹਾਕੇ ਨੂੰ ਢੁਕੇ ਤਜ਼ਰਬੇਕਾਰ ਲੀਡਰ ਦੀ ਅਗਵਾਈ ਦਾ ਸਧਾਰਨ ਅਲੌਕਿਕ ਵਰਤਾਰਾ ਹੈ? ਕੀ ਉਪਰੋਕਤ ਡੇਨੀਜ਼ ਰੈਸਟਾਉਰੀ ਵਲੋਂ ਦੱਸੇ ਗੁਣਾ ਵਿਚ ਲਬਰੇਜ਼ ਲੀਡਰ ਨਹੀ ਰਾਜੇਵਾਲ ਸਾਹਿਬ ? ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੂਸਰੇ ਵੱਡੇ ਆਗੂ ਹਨ ਜਿੰਨ੍ਹਾ 35 ਸਾਲਾਂ ਤੋਂ ਕਿਸਾਨ ਅੰਦੋਲਣਾ ਦੀ ਅਗਵਾਈ ਕੀਤੀ ਹੈ।ਉਹਨਾ ਦਾ ਇਕ ਅਨੁਸ਼ਾਸਿਤ ਕਾਡਰ ਦੀ ਅਗਵਾਈ ਕਰਨਾ ਅਲੌਕਿਕ ਨਹੀਂ ਹੈ?ਇਸਤਰੀ ਸਮੂਹਾਂ ਦੀ ਹਾਜ਼ਰੀ ਟਿਕਰੀ ਬਾਰਡਰ ਹੀ ਕਿਉਂ ਹੈ? ਜੋਗਿੰਦਰ ਸਿੰਘ ਉਗਰਾਹਾਂ ਨੂੰ ਨਾਸਤਿਕ ਅਤੇ ਕਾਮਰੇਡ ਕਹਿਕੇ ਨਕਾਰਨ ਵਾਲਿਆਂ ਨੂੰ ਉਸਦੀ ਅਗਵਾਈ ਹੇਠ ਇੱਕ ਬਹੁਤ ਹੀ ਅਨੁਸ਼ਾਸਿਤ ਅਤੇ ਵੱਡੇ ਵਰਗ ਦੇ ਧਰਨੇ ਦੀ ਅਲੌਕਿਕਤਾ ਕਿਉਂ ਨਹੀਂ ਨਜ਼ਰ ਪੈਂਦੀ ਕਿਉਂਕ ਉਥੇ ਉਹਨਾ ਨੂੰ ਆਪਣੀ ਸਿਰਜੀ ਅਲਾਹੀ ਅਲੌਕਿਕਤਾ ਦਾ ਝਲਕਾਰਾ ਨਹੀਂ ਮਿਲਦਾ।ਅਲੌਕਿਕ ਕੀ ਵਾਪਰਿਆ? ਬਹੁਤ ਹੀ ਸਪੱਸ਼ਟ ਹੈ ਮੋਦੀ ਸਰਕਾਰ ਦੇ 'ਕਾਰਨਾਮਿਆਂ' ਤੋਂ ਅੱਕੀ ਅਤੇ ਪਿਛਲੇ ਦੋ ਦਹਾਕਿਆਂ ਤੋਂ ਖੁਦਕਸ਼ੀਆਂ ਦੇ ਰਾਸਤੇ ਪਈ ਕਿਸਾਨੀ ਨਵੇਂ ਆਏ ਤਿੰਨ ਕਾਲੇ ਕਾਨੂੰਨਾ ਕਾਰਨ ਪੰਜਾਬ ਵਿਚ ਇਕਜੁੱਟ ਹੋ ਗਈ। ਇਸਨੂੰ ਹੋਰ ਬਲ ਦੂਸਰੇ ਸੂਬਿਆਂ ਦੇ ਕਿਸਾਨਾ ਦੇ ਜੁੜਨ ਨਾਲ ਮਿਲਿਆ।ਉਪਰੋਂ "ਅਲਾਹੀ" ਰੂਪ ਵਿਚ ਉਤਾਰੇ ਲੀਡਰ ਇਸ ਅੰਦੋਲਣ ਨੂੰ "ਅਲਾਹੀ" ਰੰਗਤ ਦੇਕੇ ਵਰਤਨ ਜਾਂ ਸ਼ਾਜਸ ਰਚਨ ਲੱਗੇ।ਇਹ ਤਜ਼ਰਬੇਕਾਰ ਲੀਡਰਸ਼ਿਪ ਦਾ ਹੀ ਵਰਤਾਰਾ ਸੀ ਕਿ ਅੰਦੋਲਣ ਝਟਕਾ ਲੱਗਣ ਤੋਂ ਬਾਅਦ ਸਗੋਂ ਹੋਰ ਸੰਭਲ ਗਿਆ।ਅਲਾਹੀ ਅਲੋਕਿਕਤਾ ਦਾ ਮੁਲੱਮਾ ਉਤਾਰਕੇ ਉਹਨਾ ਇਹ ਸਾਬਤ ਕਰ ਦਿੱਤਾ ਕਿ ਦੁਨੀਆਂ ਵਿਚ ਜਨਤਕ ਅੰਦੋਲਣ ਹੀ ਹਨ ਜਿਹੜੇ ਕਿਸੇ ਸਿਆਸਤ ਦੀ ਦਿਸ਼ਾ ਮੋੜਨ ਦੀ ਸਮਰਥਾ ਰਖਦੇ ਹਨ।ਤੁਸੀਂ ਤੱਥਾਂ ਨੂੰ ਝੂਠ ਦੀ ਚਾਦਰ ਵਿਚ ਅਸਥਾਈ ਰੂਪ ਵਿਚ ਲਕੋਣ ਵਿਚ ਸਫਲ ਤਾਂ ਹੋ ਸਕਦੇ ਹੋ ਪਰ ਇਹ ਵਰਤਾਰਾ ਅਸਥਾਈ ਹੈ। ਅਸ਼ਲ਼ੀਅਤ ਨੂੰ ਦਬਾਕੇ ਬਹ ੁਤਾ ਸਮਾ ਨਹੀਂ ਰੱਖਿਆ ਜਾ ਸਕਦਾ ਆਖਰ ਸੱਚ ਉਘੜ ਹੀ ਆਉਂਦਾ ਹੈ।
ਇਕ ਚੰਗੇ ਵਕਤਾ ਨੂੰ ਅਸੀਂ ਕਰਿਸ਼ਮੈਟਿਕ(ਚਮਤਕਾਰੀ) ਸਖਸ਼ੀਅਤ ਕਹਿ ਸਕਦੇ ਹਾਂ ਜਿਹੜਾ ਪਬਲਿਕ ਨੂੰ ਆਪਣੇ ਵੱਲ ਖਿਚਣ ਦੀ ਸਮਰਥਾ ਰਖਦਾ ਹੈ ਅਤੇ ਅਗਵਾਈ ਦੇਣ ਦੀ ਯੋਗਤਾ ਰਖਦਾ ਹੈ।ਮਨੋਵਿਗਿਆਨ ਦੇ ਨਜ਼ਰੀਏ ਤੋਂ ਅੱਛਾ ਬੁਲਾਰਾ ਕੋਣ ਹੋ ਸਕਦਾ ਅਤੇ ਕਿਸ ਹੱਦ ਤੱਕ ਉਹ ਆਪਣੀ ਸਥਿਰਤਾ ਬਣਾਈ ਰਖਦਾ ਹੈ।ਅੱਛਾ ਬੁਲਾਰਾ ਉਹ ਹੀ ਹੋ ਸਕਦਾ ਹੈ ਜਿਸ ਪਾਸ ਸਬੰਧਤ ਵਿਸ਼ੇ ਦਾ ਗਿਆਨ ਹੈ,ਜਿਸ ਪਾਸ ਸਾਰੀਆਂ ਵਾਰਤਾਲਾਪ ਮੁਹਾਰਤਾਂ ਹਨ।ਉਹ ਸਬੰਧਤ ਸਰੋਤਿਆਂ ਦੀ ਨਬਜ਼ ਪਛਾਣਦਾ ਹੈ ਅਤੇ ਉਸਦੀ ਪੇਸ਼ਕਾਰੀ ਸੱਚ ਅਤੇ ਸੁਚ ਵਿਚ ਲਿਪਟੀ ਹੁੰਦੀ ਹੈ।ਉਸਦੀ ਸਰੀਰਕ ਦਿਖ ਅਤੇ ਪ੍ਰਗਟਾਵਾ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਉਸ ਅੰਦਰ ਆਪਣੀ ਪਹੁੰਚ ਦੀ ਦ੍ਰਿੜਤਾ ਹੁੰਦੀ ਹੈ।
ਅੰਤ ਵਿਚ ਅਸੀਂ ਇਸ ਨਤੀਜ਼ੇ ਪਹੁੰਚਦੇ ਹਾਂ ਕਿ ਕੁਝ ਵੀ ਅਲਾਹੀ ਜਾਂ ਪਰਾਭੌਤਿਕ ਸ਼ਕਤੀ ਕਾਰਨ ਨਹੀਂ ਵਾਪਰਦਾ। ਕਿਸੇ ਜਨਤਕ ਅੰਦੋਲਣ ਦੇ ਵਿਸ਼ਾਲ ਰੂਪ ਧਾਰਨ ਦੇ ਵਰਤਾਰੇ ਨੂੰ ਅਸੀਂ ਮਨੁੱਖ ਦੇ ਯਤਨਾ ਤੋਂ ਸਖਣਾ ਨਹੀਂ ਕਰ ਸਕਦੇ।ਅਲੌਕਿਕ ਵਰਤਾਰਾ ਉਹ ਵਰਤਾਰਾ ਹੈ ਜਿਸਦਾ ਵਾਪਰਨਾ ਮਨੂੱਖ ਜਾਤੀ ਨੂੰ ਅਚੰਭਤ ਕਰਦਾ ਹੈ ਅਤੇ ਉਸਦੇ ਵਾਪਰਨ ਦੇ ਕਾਰਨਾਂ ਵਾਰੇ ਉਸ ਪਾਸ ਤਸ਼ੱਲੀਬਖਸ਼ ਉਤਰ ਨਹੀਂ ਹੁੰਦਾ।ਪਰ ਅੰਧਵਿਸ਼ਵਾਸੀ ਵਰਗ ਇਸਦੇ ਕਾਰਨਾ ਨੂੰ ਤਲਾਸ਼ਣ ਦੀ ਬਜਾਏ ਅਲਾਹੀ ਵਰਤਾਰਾ ਕਹਿਕੇ ਸੌਖਾ ਰਾਸ਼ਤਾ ਲੱਭ ਲੈਂਦਾ ਹੈ।ਸਾਨੂੰ ਅਲਾਹੀ ਅਲੌਕਿਕਤਾ ਅਤੇ ਸਧਾਰਨ ਅਲੌਕਿਕਤਾ ਵਿਚ ਫਰਕ ਨੂੰ ਪਛਾਣਨ ਦੀ ਜਰੂਰਤ ਹੈ।ਅਲਾਹੀ ਦਾ ਭਾਵ ਹੈ ਕਿਸੇ ਦੈਵੀ ਜਾਂ ਪਰਾਭੌਤਿਕ ਸ਼ਕਤੀ ; ਅਲੌਕਿਕ ਦਾ ਭਾਵ ਹੈ ਕੋਈ ਵੀ ਅਚੰਭਤ ਜਾਂ ਕਰਿਸ਼ਮੈਟਿਕ ਵਾਪਰਨਾ।ਜਨਤਕ ਅੰਦੋਲਣਾ ਦਾ ਅਨਿਆਏ ਦੇ ਖਿਲਾਫ ਉਭਰਨਾ ਮਨੁੱਖੀ ਇਤਿਹਾਸ ਦਾ ਉਭਰਵਾਂ ਵਰਤਾਰਾ ਹੈ ਜੋ ਸਦੀਆਂ ਤੋਂ ਵਾਪਰਦਾ ਆਇਆ ਅਤੇ ਜਿਸਨੇ ਮਨੁੱਖ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ ਅਤੇ ਇਸਦੇ ਅੰਦੋਲਣਾ ਨੂੰ ਅਲਾਹੀ ਵਰਤਾਰੇ ਕਹਿਕੇ ਅਸੀਂ ਮਨੁੱਖ ਦੇ ਸ਼ੰਘਰਸ਼ਮਈ ਇਤਿਹਾਸ ਦੇ ਲੀਕ ਫੇਰਦੇ ਹਾਂ ਅਤੇ ਮਨੁੱਖ ਦੇ ਯਤਨਾ ਨੂੰ ਨਿਰਉਤਸ਼ਾਹਤ ਕਰਦੇ ਹਾਂ।
-
ਡਾ.ਬਲਵਿੰਦਰ ਬਰਨਾਲਾ ਬਰੈਮਪਟਨ ਕੈਨੇਡਾ, ਲੇਖਕ
*****************
(416) 569-1590
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.