21 ਫ਼ਰਵਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼
ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ....ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰ ਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫ਼ਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕਾਰ ਨੂੰ ਨਹੀਂ ਹੁੰਦਾ। ਇਨ੍ਹਾਂ ਲੋਕਾਂ ਕੋਲ ਤਾਂ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਦਾਅ ਪੇਚ ਹੀ ਹੁੰਦੇ ਹਨ, ਮਾਂ ਬੋਲੀ ਤਾਂ ਦੂਰ ਇਨ੍ਹਾਂ ਖੁਦਗਰਜ਼ ਲੋਕਾਂ ਨੂੰ ਤਾਂ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਇਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਨਹੀਂ, ਪਰ ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।
ਸਾਡੇ ਪੇਂਡੂ ਲੋਕ ਵੀ ਗੱਲ ਕਰਦੇ-ਕਰਦੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਗਲਤ-ਮਲਤ ਬੋਲ ਜਾਂਦੇ ਹਨ ਅਤੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਅਜਿਹੇ ਹਨ ਜੋ ਪੰਜਾਬੀ ਵਿਚ ਘੁਲਮਿਲ ਗਏ ਹਨ। ਇਹ ਵੱਖਰਾ ਵਿਸ਼ਾ ਹੈ ਪਰ ਸਭ ਤੋਂ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦ ਆਮ ਪ੍ਰੀਵਾਰ ਵੀ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਾਉਣ ਨੂੰ ਤਰਜੀਹ ਦਿੰਦੇ ਹਨ। ਭਾਵੇਂ ਕਿ ਕਾਰਡ ਵਿੱਚ ਛਪੀਆਂ ਲਾਈਨਾਂ ਦਾ ਮਤਲਬ ਪ੍ਰੀਵਾਰ ਦੇ ਇੱਕ ਵੀ ਮੈਂਬਰ ਨੂੰ ਨਾ ਪਤਾ ਹੋਵੇ ਪਰ ਕਾਰਡ ਅੰਗਰੇਜ਼ੀ ਵਿੱਚ ਹੀ ਛਪਵਾਉਣਾ ਹੁੰਦਾ ਹੈ। ਇੱਥੋਂ ਤੱਕ ਕਿ ਹੁਣ ਤਾਂ ਕਾਰਡ ਛਾਪਣ ਵਾਲੇ ਗੁਰਬਾਣੀ ਦੀਆਂ ਤੁਕਾਂ ਨੂੰ ਵੀ ਅੰਗਰੇਜ਼ੀ ਵਿੱਚ ਉਲਥਾ ਕਰਕੇ ਛਾਪ ਦਿੰਦੇ ਹਨ। ਖਾਸ ਕਰਕੇ ਉਹ ਪ੍ਰੀਵਾਰ ਜਿਨ੍ਹਾਂ ਦਾ ਧੀ-ਪੁੱਤ ਬਾਹਰਲੇ ਮੁਲਕ 'ਚੋਂ ਆ ਕੇ ਇਧਰ ਵਿਆਹ ਰਚਾਉਂਦਾ ਹੈ ਉਨ੍ਹਾਂ ਦੇ ਕਾਰਡ ਤਾਂ ਜ਼ਰੂਰ ਅੰਗਰੇਜ਼ੀ ਵਿਚ ਛਪੇ ਹੁੰਦੇ ਹਨ। ਇਥੇ ਹੀ ਬਸ ਨਹੀਂ, ਘਰਾਂ ਦੇ ਬਾਹਰ ਲੱਗੀਆਂ 'ਤਖ਼ਤੀਆਂ' ਆਦਿ ਤੇ ਵੀ ਅੰਗਰੇਜ਼ੀ ਉਕਰੀ ਹੁੰਦੀ ਹੈ। ਦਰਸ਼ਨ ਸਿੰਘ ਨੂੰ ਡੀ.ਐਸ. ਲਿਖਕੇ ਜਾਂ ਅੰਗਰੇਜ਼ੀ ਦਾ ਕੋਈ ਸ਼ਬਦ ਵਰਤਕੇ ਪਿਛੇ ਕੋਟੇਜ਼ ਆਦਿ ਲਿਖਕੇ ਘਰਾਂ ਦੇ ਨਾਂਅ ਰੱਖੇ ਜਾਂਦੇ ਹਨ। ਇਹ ਵਰਤਾਰਾ ਅੱਜਕੱਲ੍ਹ ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ।
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ.ਬੀ.ਸੀ. ਸਿਖਾਉਣ ਲਈ ਜ਼ਿਆਦਾ ਤਤਪਰ ਰਹਿੰਦੇ ਹਨ ਕਿਉਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ੳ-ਅ ਨਹੀਂ ਆਉਂਦਾ। ਸਕੂਲਾਂ ਵਿਚ ਵੀ ਅੰਗਰੇਜ਼ੀ ਪੜਾਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦੋਂਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।
ਪਿੰਡਾਂ ਵਿਚ ਤਾਂ ਨਹੀਂ ਸ਼ਹਿਰਾਂ ਵਿਚ ਦੁਕਾਨਾਂ ਦੇ ਬੋਰਡ ਜ਼ਿਆਦਾਤਰ ਅੰਗਰੇਜ਼ੀ ਵਿੱਚ ਨਜ਼ਰੀਂ ਪੈਂਦੇ ਹਨ ਜਾਂ ਬਹੁਤੇ ਥਾਈਂ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਦੁਕਾਨਾਂ ਦੇ ਬੋਰਡ ਲਿਖੇ ਨਜ਼ਰੀਂ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਜੇਕਰ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਹੇਜ਼ ਹੋਵੇ ਤਾਂ ਉਨ੍ਹਾਂ ਨੂੰ ਸਰਕਾਰਾਂ ਤੋਂ ਕੋਈ ਝਾਕ ਨਹੀਂ ਕਰਨੀ ਚਾਹੀਦੀ ਪਰ ਕੀ ਕਰੀਏ ਸਾਡੇ ਆਮ ਲੋਕ ਹੀ ਪੰਜਾਬੀ ਭਾਸ਼ਾ ਨੂੰ ਅਸਵਿਕਾਰ ਕਰੀ ਜਾ ਰਹੇ ਹਨ। ਉਹ ਪੰਜਾਬੀ ਜਿਸ ਵਿਚ ਬਾਬੇ ਨਾਨਕ, ਬਾਬੇ ਫਰੀਦ, ਵਾਰਿਸ਼ ਸ਼ਾਹ ਅਤੇ ਹੋਰ ਅਨੇਕਾਂ ਪੀਰਾਂ-ਫਕੀਰਾਂ ਨੇ ਆਪਣੀ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਸਾਡਾ ਮਾਰਗ ਦਰਸ਼ਕ ਬਣੇ ਉਸੇ ਪੰਜਾਬੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ।
ਪੰਜਾਬੀ ਵਿੱਚ ਵੱਖ-ਵੱਖ ਰਿਸ਼ਤਿਆਂ ਦੀ ਆਪਣੀ ਵਿਸ਼ੇਸ਼ ਮਹਾਨਤਾ ਹੈ। ਮਾਮਾ, ਚਾਚਾ, ਤਾਇਆ, ਫੁੱਫੜ ਇਹ ਸ਼ਬਦ ਪੰਜਾਬੀ ਵਿਚ ਉਪਲਬਧ ਹਨ ਜਦਕਿ ਅੰਗਰੇਜ਼ੀ ਵਿਚ ਸਿਰਫ 'ਅੰਕਲ' ਨਾਲ ਹੀ ਗੱਲ ਬਣ ਜਾਂਦੀ ਹੈ। ਅੱਜਕੱਲ੍ਹ ਦੇ ਦਾਦਾ-ਦਾਦੀ ਵੀ ਆਪਣੇ ਆਪ ਨੂੰ ਬਾਬਾ ਜਾਂ ਬੇਬੇ ਅਖਵਾਉਣ ਵਿੱਚ ਅਪਮਾਨ ਮਹਿਸੂਸ ਕਰਦੇ ਹਨ। ਉਹ ਕਹਿੰਦੇ ਹਨ ਕਿ ਬੱਚੇ ਸਾਨੂੰ ਵੱਡਾ ਪਾਪਾ ਜਾਂ ਵੱਡੀ ਮੰਮੀ ਆਖਕੇ ਪੁਕਾਰਨ। ਸੋ ਜਿਹੜਾ ਨਿੱਘ ਅਤੇ ਸੁਆਦ ਬੇਬੇ ਜਾਂ ਬਾਬਾ ਕਹਿ ਕੇ ਜਾਂ ਕਹਾ ਕੇ ਆਉਂਦਾ ਉਹ ਵੱਡਾ ਪਾਪਾ ਜਾਂ ਵੱਡੀ ਮੰਮੀ ਕਹਿਕੇ ਨਹੀਂ ਆ ਸਕਦਾ। ਬਹੁਤੇ ਘਰਾਂ ਵਿੱਚ ਅੰਗਰੇਜ਼ੀ ਦਾ ਅਖਬਾਰ ਤਾਂ ਆਉਂਦਾ ਹੈ ਪਰ ਪੰਜਾਬੀ ਦਾ ਇੱਕ ਵੀ ਅਖ਼ਬਾਰ ਜਾਂ ਰਸਾਲਾ ਨਹੀਂ ਆਉਂਦਾ। ਕਈਆਂ ਲਈ ਤਾਂ ਅੰਗਰੇਜ਼ੀ ਦਾ ਅਖ਼ਬਾਰ ਸਿਰਫ਼ ਸਟੇਟਸ ਸਿੰਬਲ ਹੈ। ਅਖ਼ਬਾਰ ਘਰੇ ਆਇਆ, ਚੁੱਕਿਆ ਅਤੇ ਇਕੱਠਾ ਕਰਕੇ ਫਿਰ ਰੱਖ ਦਿੱਤਾ। ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਪੜ੍ਹੀ ਨਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਵੀ ਸਤਿਕਾਰ ਕੀਤਾ ਜਾਵੇ। ਮਤਰੇਈ, ਮਤਰੇਈ ਹੁੰਦੀ ਹੈ, ਮਾਂ-ਮਾਂ ਹੀ ਹੁੰਦੀ ਹੈ।
ਸਾਡੇ ਪੰਜਾਬੀ ਦੇ ਲੇਖਕ ਵੀ ਆਪਣੇ ਆਪ ਨੂੰ ਪੰਜਾਬੀ ਦੇ ਬਹੁਤ ਵੱਡੇ ਮੁਦੱਈ ਸਮਝਦੇ ਹਨ ਪਰ ਬਹੁਤੇ ਲੇਖਕਾਂ ਦੇ ਮੁੰਡੇ-ਕੁੜੀਆਂ ਦੇ ਵਿਆਹ ਦੇ ਕਾਰਡ ਜਦ ਮਿਲਦੇ ਹਨ ਤਾਂ ਅੰਗਰੇਜ਼ੀ ਵਿੱਚ ਛਪਕੇ ਹੀ ਆਉਂਦੇ ਹਨ। ਸੋ ਅਜਿਹੇ ਮੁਦਈਆਂ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਜੋ ਅੰਦਰੋਂ -ਬਾਹਰੋਂ ਇੱਕ ਨਹੀਂ ਹਨ। ਇਸੇ ਕਰਕੇ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਸਤਿਕਾਰ ਤਾਂ ਹੀ ਬਰਕਰਾਰ ਰਹਿ ਸਕਦਾ ਹੈ ਜੇ ਸਾਡੇ ਆਮ ਲੋਕ ਇਸ ਨਾਲ ਆਪਣੀ ਪਿਆਰ ਭਰੀ ਸਾਂਝ ਪਾਉਣ ਅਤੇ ਫਿਰ ਸਰਕਾਰਾਂ ਭਾਵੇਂ ਅੰਗਰੇਜ਼ੀ ਦੀ ਮਾਂ ਨੂੰ ਲਾਗੂ ਕਰ ਲੈਣ।
ਅੰਤ ਵਿੱਚ ਹਰਜਿੰਦਰ ਕੰਗ ਦੇ ਸ਼ੇਅਰ ਨਾਲ ਸਮੂਹ ਪੰਜਾਬੀਆਂ ਨੂੰ ਇੱਕ ਹਲੂਣਾ ਦੇਣ ਦਾ ਯਤਨ ਕਰ ਰਿਹਾ ਹਾਂ :-
ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।
ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।
ਵਿਰਸੇ ਦੇ ਫੁੱਲ ਤਾਂ ਹੀ ਖਿੜ੍ਹਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ।
-
-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.