ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਅਤੇ ਇਸ ਦੇ ਮੁੱਢ ਬਾਰੇ ਵੱਖ-ਵੱਖ ਵਿਦਵਾਨਾਂ ਵਲੋਂ ਭਿੰਨ-ਭਿੰਨ ਆਧਾਰ ਮਿੱਥ ਕੇ ਆਪੋ-ਆਪਣੇ ਨਿਰਣੇ ਲਏ ਗਏ ਹਨ। ਕੁਝ ਵਿਦਵਾਨ ਇਸ ਨੂੰ ਹੜੱਪਾ ਤੇ ਮਹਿੰਜੋ-ਦੜੋ ਦੀ ਸਭਿਅਤਾ ਨਾਲ ਜੋੜਦੇ ਹਨ। ਕੁਝ ਲੇਖਕ ਪੂਰਵ ਆਰੀਆਈ ਸਮੇਂ ਦੇ ਦਰਾਵੜੀ ਤੇ ਮੁੰਡਾ ਕਬੀਲਿਆਂ ਦੀ ਬੋਲੀ ਦੇ ਸ੍ਰੋਤਾਂ ਨਾਲ ਇਸ ਨੂੰ ਨਾਲ ਮਿਲਾਉਂਦੇ ਹਨ। ਬਹੁਤ ਵੱਡੀ ਗਿਣਤੀ ਵਿਚ ਵਿਦਵਾਨ ਰਿਗਵੇਦ ਦੀ ਭਾਸ਼ਾ ਨੂੰ ਪੰਜਾਬੀ ਦਾ ਮੂਲ ਸੋਮਾ ਮੰਨਦੇ ਹਨ। ਅਜਿਹੇ ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਪੰਜਾਂ ਦਰਿਆਵਾਂ ਦੇ ਕੰਢਿਆਂ ਤੇ ਬੈਠ ਕੇ ਰਿਸ਼ੀਆਂ ਮੁਨੀਆਂ ਨੇ ਰਿਗਵੇਦ ਦੀ ਰਚਨਾ ਕੀਤੀ। ਪਰ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਵੀ ਉਸੇ ਤਰ੍ਹਾਂ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ ਅਤੇ ਅਪ-ਭੰਸ਼ ਲੰਘ ਕੇ ਅੱਠਵੀਂ-ਨੌਵੀਂ ਸਦੀ ਵਿਚ ਆਧੁਨਿਕ ਭਾਸ਼ਾ ਦੇ ਮਾਰਗ ਤੇ ਤੁਰਿਆ, ਜਿਸ ਤਰ੍ਹਾਂ ਹੋਰ ਭਾਰਤੀ ਭਾਸ਼ਾਵਾਂ ਦੇ ਆਰੰਭ ਬਾਰੇ ਨਿਰਣਾ ਲਿਆ ਜਾਂਦਾ ਹੈ।
ਅੱਠਵੀਂ-ਨੌਵੀਂ ਸਦੀ ਵਿਚ ਨਾਥਾਂ ਜੋਗੀਆਂ ਦੀਆਂ ਕਿਰਤਾਂ ਨਾਲ ਆਪਣਾ ਮੂੰਹ ਮੱਥਾ ਨਿਖਾਰਨ ਵਾਲੀ ਇਸ ਜ਼ੁਬਾਨ ਨੂੰ ਸੂਫੀ ਕਵੀਆਂ ਨੇ ਵੀ ਆਪਣੇ ਅਧਿਆਤਮਕ ਵਲਵਲਿਆਂ ਦੇ ਪ੍ਰਗਟਾਅ ਲਈ ਵਰਤਿਆ ਹੈ। ਪ੍ਰੰਤੂ ਇਸ ਭਾਸ਼ਾ ਨੂੰ ਪੂਰਣ ਪਰਿਪੱਕਤਾ ਸਿੱਖ ਗੁਰੂ ਸਾਹਿਬਾਨ ਨੇ ਹੀ ਬਖ਼ਸ਼ੀ ਹੈ।
ਰੂਹਾਨੀਅਤ ਦੇ ਚਾਨਣ ਮੁਨਾਰੇ ਅਤੇ ਮੱਧਕਾਲੀਨ ਭਾਰਤੀ ਸਭਿਆਚਾਰਕ ਸਾਂਝ ਦੇ ਉਤਕ੍ਰਿਸ਼ਟ ਸ਼ਾਹਕਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮਿੱਠੀ ਜ਼ੁਬਾਨ ਪੰਜਾਬੀ ਵਿਚ ਹੀ ਪੰਜਾਬ ਦੀ ਰੰਗਲੀ ਧਰਤੀ ਉਪਰ ਕੀਤੀ ਸੀ। ਗੁਰਮਤਿ ਕਾਵਿ ਦੇ ਨਾਲ-ਨਾਲ ਕਿੱਸਾ ਕਾਵਿ, ਵੀਰ ਕਾਵਿ, ਅਧਿਆਤਮਵਾਦੀ ਕਾਵਿ ਅਤੇ ਰੁਮਾਂਟਿਕ ਕਾਵਿ ਨੇ ਇਸ ਭਾਸ਼ਾ ਵਿਚ ਹੋਰ ਵਧੇਰੇ ਰਵਾਨਗੀ ਅਤੇ ਪਰਿਪੱਕਤਾ ਲਿਆਂਦੀ। ਵਾਰਸ ਸ਼ਾਹ, ਬੁੱਲੇਸ਼ਾਹ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਤੋਂ ਬਿਨਾਂ ਪੰਜਾਬੀ ਦੀ ਬਾਤ ਹੀ ਅਧੂਰੀ ਹੈ।
ਮੁਗਲ ਸ਼ਾਸ਼ਕਾਂ ਦੇ ਸਮੇਂ ਦਰਬਾਰੀ ਭਾਸ਼ਾ ਅਰਬੀ ਫ਼ਾਰਸੀ ਹੀ ਰਹੀ। ਉਤਰ-ਪੱਛਮੀ ਸੀਮਾ ਵਲੋਂ ਲਗਭਗ ਇਕ ਹਜ਼ਾਰ ਸਾਲ ਤੱਕ ਵੱਖ-ਵੱਖ ਕੌਮਾਂ ਤੇ ਜਾਤੀਆਂਂ ਹਮਲੇ ਕਰਦੀਆਂਂ ਰਹੀਆਂ। ਉਨ੍ਹਾਂ ਰਾਂਹੀ ਯੂਨਾਨੀ, ਅਰਬੀ, ਫ਼ਾਰਸੀ, ਪਸ਼ਤੋ, ਤੁਰਕੀ ਆਦਿ ਭਾਸ਼ਾਵਾਂ ਦੇ ਸੈਂਕੜੇ ਸ਼ਬਦ ਪੰਜਾਬੀ ਵਿਚ ਰਚਮਿਚ ਗਏ। ਮਹਿਮੂਦ ਗਜ਼ਨਵੀ ਨੇ ਹਿੰਦ ਉਤੇ 17 ਹਮਲੇ ਕੀਤੇ ਅਤੇ 8 ਮੁਹੱਰਮ 392 ਹਿਜਰੀ ਅਰਥਾਤ 1003 ਈਸਵੀ ਨੂੰ ਲਾਹੌਰ ਉਤੇ ਕਬਜ਼ਾ ਕਰਨ ਉਪਰੰਤ ਹੁਕਮ ਜਾਰੀ ਕੀਤਾ ਕਿ ਇਥੋਂ ਦੀ ਸਰਕਾਰੀ ਭਾਸ਼ਾ ਫ਼ਾਰਸੀ ਹੋਵੇਗੀ। ਤਾਰੀਖ਼-ਏ-ਹਿੰਦੁਸਤਾਨ ਦਾ ਕਰਤਾ ਮੌਲਵੀ ਜ਼ਕਾ-ਉੱਲਾ ਲਿਖਦਾ ਹੈ ਕਿ ਮਹਿਮੂਦ ਦੇ ਇਕੋ ਬੋਲ ਨਾਲ ਇਕ ਅਸਲੋਂ ਹੀ ਵਿਦੇਸ਼ੀ ਭਾਸ਼ਾ, ਪੰਜਾਬ ਦੀ ਰਾਜ ਭਾਸ਼ਾ ਬਣਾ ਦਿੱਤੀ ਗਈ ਅਤੇ ਇਸ ਹੁਕਮ ਨਾਲ ਹੀ ਅਗਲੇ ਸਾਢੇ ਅੱਠ ਸੌ ਸਾਲਾਂ ਲਈ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਮਾਣਤਾ ਦੇਣ ਲਈ ਰਾਹ ਬੰਦ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ (1792-1839 ਈ.) ਸਮੇਂ ਸੰਭਾਵਨਾ ਸੀ ਕਿ ਪੰਜਾਬੀ ਦੀ ਸੁਣੀ ਜਾਂਦੀ ਅਤੇ ਇਸ ਨੂੰ ਇਸਦਾ ਹੱਕੀ ਸਥਾਨ ਪ੍ਰਾਪਤ ਹੁੰਦਾ, ਪਰ ਇੱਕ ਤਾਂ ਮਹਾਰਾਜੇ ਦਾ ਜੰਗਾਂ-ਯੁੱਧਾਂ ਵਿਚ ਰੁੱਝੇ ਹੋਣ ਕਰਕੇ ਇਸ ਪਾਸੇ ਧਿਆਨ ਹੀ ਨਹੀਂ ਗਿਆ, ਦੂਜਾ ਹਰ ਪੱਧਰ ਦੇ ਅਧਿਕਾਰੀ ਸਦੀਆਂ ਤੋਂ ਜਿਸ ਭਾਸ਼ਾ ਵਿਚ ਕੰਮ ਕਰਦੇ ਆ ਰਹੇ ਸਨ, ਉਸ ਵਿਚ ਹੀ ਪ੍ਰਬੀਨ ਸਨ। ਇਸ ਲਈ ਜੇ ਸਵਾਲ ਉਠਿਆ ਵੀ ਹੋਵੇਗਾ ਤਾਂ ਇਸ ਉਤੇ ਅਮਲ ਨਹੀਂ ਹੋ ਸਕਿਆ। ਮਹਾਰਾਜ ਰਣਜੀਤ ਸਿੰਘ ਸਮੇਂ ਰਾਜ ਦੀ ਭਾਸ਼ਾ ਫ਼ਾਰਸੀ ਹੀ ਰਹੀ ਪਰ ਸ਼ਾਹੀ ਦਰਬਾਰ ਦੀ ਭਾਸ਼ਾ ਨਿਸ਼ਚੇ ਹੀ ਪੰਜਾਬੀ ਸੀ ਤੇ ਦਰਬਾਰ ਦੀ ਸਾਰੀ ਕਾਰਵਾਈ ਪੰਜਾਬੀ ਵਿਚ ਹੀ ਨਿਭਾਈ ਜਾਂਦੀ ਸੀ।
1849 ਈ. ਵਿਚ ਪੰਜਾਬ ਉਪਰ ਅੰਗਰੇਜ਼ਾਂ ਦੇ ਕਬਜ਼ੇ ਉਪਰੰਤ ਇਥੋਂ ਦਾ ਰਾਜ ਪ੍ਰਬੰਧ ਚਲਾਉਣ ਲਈ ਅੰਗਰੇਜ਼ ਹੁਕਮਰਾਨ ਆਪਣੇ ਨਾਲ ਯੂ.ਪੀ. ਤੋਂ ਉਰਦੂ ਪੜ੍ਹੇ ਮੁਸਲਮਾਨ ਲੈ ਆਏ ਸਨ। ਇਸੇ ਤਰ੍ਹਾਂ ਬੰਗਾਲ ਤੋਂ ਅੰਗਰੇਜ਼ੀ ਪੜ੍ਹੇ ਬੰਗਾਲੀ ਬਾਬੂ ਲਿਆਂਦੇ ਗਏ ਸਨ। 1851 ਤੋਂ ਫ਼ਾਰਸੀ ਦੀ ਥਾਂ ਉਰਦੂ ਨੂੰ ਸਰਕਾਰੀ ਜ਼ੁਬਾਨ ਦਾ ਦਰਜਾ ਦਿੱਤਾ ਗਿਆ। ਇਸ ਨੂੰ ਹੇਠਲੀ ਪੱਧਰ ਤੇ ਸਰਕਾਰੀ ਕੰਮ ਕਾਜ ਤੇ ਵਿਦਿਆ ਦਾ ਇਕੋ-ਇਕ ਮਾਧਿਅਮ ਸਵੀਕਾਰ ਕੀਤਾ ਗਿਆ। ਜਿਸ ਨਾਲ ਪੰਜਾਬੀ ਦੇ ਹਿੱਤਾਂ ਨੂੰ ਜ਼ਬਰਦਸਤ ਧੱਕਾ ਲੱਗਾ। ਉਚੇਰੀ ਪੜ੍ਹਾਈ ਲਈ ਅੰਗਰੇਜ਼ੀ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ। 1854 ਈ. ਦੇ ਵੁੱਡ ਡਿਸਪੈਚ ਅਧੀਨ ਵੀ ਉਪਰੋਕਤ ਫ਼ੈਸਲੇ ਦੀ ਪੁਸ਼ਟੀ ਕੀਤੀ ਗਈ ਪਰ ਏਨੀ ਖੁੱਲ੍ਹ ਦੇ ਦਿੱਤੀ ਗਈ ਕਿ ਜੇਕਰ ਪੰਜਾਬੀ ਦੇ ਸਮਰੱਥਕ ਚਾਹੁਣ ਤਾਂ ਲੋੜ ਅਨੁਸਾਰ ਪੰਜਾਬੀ ਸਕੂਲ ਖੋਲ੍ਹ ਲੈਣ। ਡਾ. ਲਾਈਟਨਰ ਵਰਗੇ ਭਾਸ਼ਾ ਵਿਗਿਆਨੀ ਤੇ ਸਿੱਖਿਆ ਸ਼ਾਸਤ੍ਰੀ ਪੰਜਾਬੀ ਨੂੰ ਗੁਰਮੁਖੀ ਲਿੱਪੀ ਰਾਹੀਂ ਪੰਜਾਬ ਵਿਚ ਸਿਖਿਆ ਦੇ ਮਾਧਿਅਮ ਵਜੋਂ ਅਪਨਾਉਣ ਦੇ ਹੱਕ ਵਿਚ ਸਨ। ਪਰ ਉਹ ਵੀ ਸਿਰਤੋੜ ਯਤਨ ਕਰਨ ਦੇ ਬਾਵਜੂਦ ਸਫ਼ਲ ਨਾ ਹੋ ਸਕੇ।
ਪੰਜਾਬੀ ਰਾਹੀਂ ਉੱਚੀ ਤੋਂ ਉੱਚੀ ਸਿੱਖਿਆ ਦੇਣ ਦਾ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਯਤਨ ਲਾਹੌਰ ਦੀ ‘ਸੱਤ-ਸਭਾ’ ਵਲੋਂ ਕੀਤਾ ਗਿਆ। ਇਹ ਸਭਾ 1866 ਈ. ਵਿਚ ਸਥਾਪਿਤ ਹੋਈ ਜਿਸ ਦਾ ਮੁੱਖ ਉਦੇਸ਼ ਪੰਜਾਬੀ ਮਾਧਿਅਮ ਰਾਹੀਂ ਹਰ ਪ੍ਰਕਾਰ ਦੀ ਲਾਭਦਾਇਕ ਸਿੱਖਿਆ ਵਿਦਿਆਰਥੀਆਂ ਨੂੰ ਦੇਣਾ ਸੀ। ਸ. ਅਮਰ ਸਿੰਘ ਭਦੌੜ ਇਸ ਸਭਾ ਦੇ ਸਰਪ੍ਰਸਤ ਸਨ ਅਤੇ ਲਾਲਾ ਬਿਹਾਰੀ ਲਾਲ ਪੁਰੀ ਸਕੱਤਰ ਸਨ। ਇਸ ਸਭਾ ਵਲੋਂ 15 ਮਈ, 1882 ਈ. ਨੂੰ ਹੰਟਰ ਕਮਿਸ਼ਨ ਦੇ ਸਾਹਮਣੇ ਇਕ ਮੈਮੋਰੰਡਮ ਪੇਸ਼ ਕੀਤਾ ਸੀ ਜਿਸ ਵਿਚ ਇਹ ਮੰਗ ਕੀਤੀ ਗਈ ਸੀ ਕਿ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਅਤੇ ਇਸ ਨੂੰ ਪੰਜਾਬ ਵਿਚ ਸਿੱਖਿਆ ਦਾ ਇੱਕੋ-ਇਕ ਮਾਧਿਅਮ ਬਣਾ ਕੇ ਹਰ ਪ੍ਰਕਾਰ ਦੀ ਸਿੱਖਿਆ ਇਸ ਰਾਹੀਂ ਦਿੱਤੀ ਜਾਵੇ।
1873 ਈ. ਵਿਚ ਸਿੰਘ ਸਭਾ, ਅੰਮ੍ਰਿਤਸਰ ਦੀ ਸਥਾਪਨਾ ਨਾਲ ਵੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਗਏ। ਇਸ ਦੇ ਆਗੂਆਂ ਵਲੋਂ ਸਿਰਤੋੜ ਯਤਨ ਕਰਕੇ ਥਾਂ-ਥਾਂ ਵਿਦਿਅਕ ਸੰਸਥਾਵਾਂ ਕਾਇਮ ਕਰਕੇ, ਸਰਕਾਰੀ ਅਧਿਕਾਰੀਆਂ ਨੂੰ ਯਾਦ-ਪੱਤਰਾਂ ਤੇ ਮੈਮੋਰੰਡਮਾਂ ਦੁਆਰਾ ਅਤੇ ਅਖ਼ਬਾਰਾਂ ਰਾਹੀਂ ਪੰਜਾਬੀ ਦੇ ਹੱਕ ਵਿਚ ਇਕ ਸ਼ਕਤੀਸ਼ਾਲੀ ਮਾਹੌਲ ਪੈਦਾ ਕਰ ਦਿੱਤਾ ਗਿਆ।
ਡਾ. ਲਾਈਟਨਰ ਦੀ ਸਹਾਇਤਾ ਅਤੇ ਪ੍ਰੋ. ਗੁਰਮੁਖ ਸਿੰਘ ਦੇ ਉਦਮ ਨਾਲ 1877 ਵਿਚ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਪੰਜਾਬੀ ਦੀ ਤਿੰਨ ਦਰਜਿਆਂ ਅਰਥਾਤ ਬੁੱਧੀਮਾਨੀ, ਵਿਦਵਾਨੀ ਤੇ ਗਿਆਨੀ ਦੀ ਪੜ੍ਹਾਈ ਦਾ ਪ੍ਰਬੰਧ ਹੋ ਗਿਆ। 1878 ਵਿਚ ਯੂਨੀਵਰਸਿਟੀ ਵਲੋਂ ਲਏ ਗਏ ਪਹਿਲੇ ਇਮਤਿਹਾਨ ਵਿੱਚ 26 ਪ੍ਰੀਖਿਆਰਥੀ ਬੈਠੇ, ਪੰਜਾਬੀ ਦੇ ਵਿਕਾਸ ਵੱਲ ਇਹ ਇਕ ਮਹੱਤਵਪੂਰਨ ਕਦਮ ਸੀ। 1880 ਈ. ਵਿਚ ਸਿੰਘ ਸਭਾ, ਲਾਹੌਰ ਵਲੋਂ ਇਕ ਪੰਜਾਬੀ ਸਕੂਲ ਖੋਲ੍ਹਿਆ ਗਿਆ ਜਿਸ ਵਿਚ ਮੈਟ੍ਰਿਕ ਤੱਕ ਦੇ ਸਾਰੇ ਵਿਸ਼ੇ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਏ ਜਾਣ ਦਾ ਪ੍ਰਬੰਧ ਸੀ। ਪੰਜਾਬੀ ਭਾਸ਼ਾ ਦੀ ਸਮਰੱਥਾ ਨੂੰ ਵਧਾਉਣ ਦਾ ਇਹ ਇਕ ਸ਼ਲਾਘਾਯੋਗ ਕਦਮ ਸੀ।
ਫਰਵਰੀ 1882 ਵਿਚ ਹੰਟਰ ਕਮਿਸ਼ਨ ਦੀ ਸਥਾਪਨਾ ਹੋਈ। ਇਸ ਨੂੰ ਇੰਡੀਅਨ ਐਜੂਕੇਸ਼ਨ ਕਮਿਸ਼ਨ ਵੀ ਕਿਹਾ ਜਾਂਦਾ ਹੈ। ਇਸ ਕਮਿਸ਼ਨ ਨੇ ਇਕ ਨਿਸ਼ਚਿਤ ਪ੍ਰਸ਼ਨੋਤਰੀ ਦੇ ਅਧਾਰ ਤੇ ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਪਾਸੋਂ ਮੈਮੋਰੰਡਮ ਪ੍ਰਾਪਤ ਕੀਤੇ। ਪੰਜਾਬੀ ਨੂੰ ਪੰਜਾਬ ਵਿਚ ਸਿੱਖਿਆ ਦਾ ਇਕੋ-ਇੱਕ ਮਾਧਿਅਮ ਬਣਾਏ ਜਾਣ ਦੇ ਹੱਕ ਵਿਚ ਸ. ਅਤਰ ਸਿੰਘ ਭਦੌੜ, ਸ. ਦਿਆਲ ਸਿੰਘ ਮਜੀਠੀਆ, ਬਾਬਾ ਖੇਮ ਸਿੰਘ ਬੇਦੀ ਆਦਿ ਦੀ ਅਗਵਾਈ ਵਿਚ 50 ਹਜ਼ਾਰ ਲੋਕਾਂ ਦੇ ਦਸਤਖ਼ਤਾਂ ਵਾਲਾ ਮੈਮੋਰੰਡਮ ਪੇਸ਼ ਕੀਤਾ ਗਿਆ ਪ੍ਰੰਤੂ ਹੰਟਰ ਕਮਿਸ਼ਨ ਵਲੋਂ ਇਸ ਸਬੰਧ ਵਿਚ ਕੋਈ ਸਾਰਥਕ ਨਿਰਣਾ ਨਹੀਂ ਦਿੱਤਾ ਗਿਆ। ਕਮਿਸ਼ਨ ਵਲੋਂ ਕੇਵਲ ਇਹ ਕਿਹਾ ਗਿਆ ਕਿ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਪ੍ਰਵਾਨ ਕੀਤਾ ਜਾਵੇ ਅਤੇ ਜਿੱਥੇ ਪੰਜਾਬੀ ਪੜ੍ਹਾਏ ਜਾਣ ਦੀ ਮੰਗ ਕੀਤੀ ਜਾਵੇ ਉਥੇ ਉਚਿਤ ਪ੍ਰਬੰਧਾਂ ਲਈ ਸਰਕਾਰ ਮਾਇਕ ਸਹਾਇਤਾ ਦੇਵੇ। ਪੰਜਾਬੀ ਦੇ ਹਿਤੈਸ਼ੀਆਂ ਨੂੰ ਇਸ ਨਾਲ ਕਾਫੀ ਧੱਕਾ ਲੱਗਾ।
19 ਅਗਸਤ, 1893 ਈ. ਨੂੰ ਸਿੰਘ ਸਭਾ ਗਜ਼ਟ ਨੇ ਪੰਜਾਬੀ ਲੋਕਾਂ ਦੇ ਨਾਂ ਇਕ ਭਾਵਪੂਰਨ ਅਪੀਲ ਕੀਤੀ ਅਤੇ ਆਪਣੇ ਸਭਿਆਚਾਰਕ ਵਿਰਸੇ ਦੀ ਪਛਾਣ ਤੇ ਸੰਭਾਲ ਦਾ ਵਾਸਤਾ ਪਾਇਆ। ਇਸ ਪੰਜਾਬੀ ਨੋਟ ਦਾ ਅਸਰ ਸੀ ਜਾਂ ਮਹਾਰਾਜਾ ਨਾਭਾ ਦਾ ਸੂਝ-ਸਿਆਣਪ ਦਾ ਪ੍ਰਮਾਣ, ਉਨ੍ਹਾਂ ਨੇ ਆਪਣੀ ਰਿਆਸਤ ਵਿਚ ਇਕ ਮਹਿਕਮਾ ਸਥਾਪਤ ਕਰਕੇ ਹੁਕਮ ਦਿੱਤਾ ਕਿ ਰਾਜ ਦਾ ਸਾਰਾ ਕੰਮ ਕਾਜ ਅੱਗੇ ਤੋਂ ਪੰਜਾਬੀ ਵਿਚ ਕੀਤਾ ਜਾਵੇ।
ਪਟਿਆਲਾ ਰਿਆਸਤ ਦਾ 29 ਮਈ, 1910 ਦਾ ਗਜ਼ਟ ਪਹਿਲੀ ਵਾਰੀ ਪੰਜਾਬੀ ਵਿਚ ਪ੍ਰਕਾਸ਼ਿਤ ਹੋਇਆ। ਜਦਕਿ ਨਾਭਾ ਰਿਆਸਤ ਵਿਚ 1893 ਤੋਂ ਪੰਜਾਬੀ ਨੂੰ ਮਾਣਤਾ ਮਿਲ ਗਈ ਸੀ। ਇਸ ਤਰ੍ਹਾਂ ਦੋਵਾਂ ਰਿਆਸਤਾਂ ਨੇ ਪਹਿਲ ਕਰਕੇ ਪੰਜਾਬੀ ਦੇ ਵਿਕਾਸ ਵੱਲ ਨਿਗਰ ਕਦਮ ਪੁੱਟੇ। ਈਸਾਈ ਮਿਸ਼ਨਰੀਆਂ ਨੇ ਵੀ ਅਪਰੋਖ ਰੂਪ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕੀਤੇ। ਉਨ੍ਹਾਂ ਨੇ ਵਿਸ਼ਵ ਦੀਆਂ ਲਗਭਗ 1000 ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਵਿਚ ਬਾਈਬਲ ਦੇ ਅਨੁਵਾਦ ਕਰਵਾ ਕੇ ਵੰਡੇ।
ਵਾਸਤਵ ਵਿਚ ਪਟਿਆਲੇ ਵਿਚ ਪੰਜਾਬੀ ਦੇ ਗੌਰਵ ਦੀ ਗੱਲ 1900 ਈ. ਵਿਚ ਸ਼ੁਰੂ ਹੋ ਗਈ ਸੀ, ਜਦੋਂ ਰਮਿੰਗਟਨ ਕੰਪਨੀ ਨੇ ਪੰਜਾਬੀ ਟਾਈਪ ਰਾਈਟਰ ਬਣਾ ਕੇ ਮਹਾਰਾਜਾ ਰਾਜਿੰਦਰ ਸਿੰਘ ਨੂੰ ਭੇਜਿਆ। ਮਹਾਰਾਜੇ ਨੇ ਇਹ ਟਾਈਪਰਾਈਟਰ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਭੇਜ ਦਿੱਤਾ। ਇਸ ਤੋਂ ਪਿਛੋਂ ਗੁਰਦੁਆਰਾ ਸਾਹਿਬ ਵਿਖੇ ਬੁੱਧੀਮਾਨੀ, ਵਿਦਵਾਨੀ ਤੇ ਗਿਆਨੀ ਦੀਆਂ ਕਲਾਸਾਂ ਸ਼ੁਰੂ ਹੋਈਆਂ। ਨਾਜ਼ਮ ਸ਼ੰਕਰ ਦਿਆਲ ਸ਼ਰਮਾ ਨੇ ਮਹਾਰਾਜੇ ਨੂੰ ਇਕ ਬੇਨਤੀ ਪੱਤਰ ਦੁਆਰਾ ਸੁਝਾਅ ਦਿੱਤਾ ਕਿ ਰਿਆਸਤ ਦੇ ਲੋਕਾਂ ਦੀ ਸਹੂਲਤ ਲਈ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾ ਦਿੱਤਾ ਜਾਵੇ। ਇਸ ਬਿਨੈ ਪੱਤਰ ਦੀ ਰੌਸ਼ਨੀ ਵਿਚ ਉਸ ਸਮੇਂ ਦੇ ਹੋਮ ਮਨਿਸਟਰ ਸ. ਜੋਗਿੰਦਰ ਸਿੰਘ ਨੇ 26 ਅਪਰੈਲ, 1912 ਨੂੰ ਪੰਜਾਬੀ ਭਾਸ਼ਾ ਸਬੰਧੀ ਹੇਠ ਲਿਖਿਆ ਹੁਕਮ ਜਾਰੀ ਕੀਤਾ:
‘ਵੇਲੇ ਵੇਲੇ ਹੁਕਮ ਦਿੱਤਾ ਜਾਂਦਾ ਰਿਹਾ ਹੈ ਕਿ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਬੋਲੀ ਸਾਰੇ ਦਫ਼ਤਰਾਂ ਵਿਚ ਪ੍ਰਚੱਲਿਤ ਕੀਤੀ ਜਾਵੇ। ਹੈੱਡ ਆਫ਼ ਦੀ ਡਿਪਾਰਟਮੈਂਟ ਕੋਲੋਂ ਚਾਹਨਾ ਪ੍ਰਗਟ ਕੀਤੀ ਜਾਂਦੀ ਹੈ ਕਿ ਸਾਰੀਆਂ ਫਾਰਮਾਂ ਗੁਰਮੁਖੀ ਅੱਖਰਾਂ ਵਿਚ ਛਪਵਾਈਆਂ ਜਾਣ। ਸਾਰੇ ਨੌਕਰ ਹੋਣ ਵਾਲਿਆਂ ਦੀ ਪਰੀਖਿਆ ਕਰ ਲੈਣੀ ਚਾਹੀਦੀ ਹੈ ਕਿ ਉਹ ਗੁਰਮੁਖੀ ਲਿਖ ਪੜ੍ਹ ਸਕਦੇ ਹਨ। ਜਿਹੜੇ ਗੁਰਮੁਖੀ ਨਹੀਂ ਜਾਣਦੇ, ਉਨ੍ਹਾਂ ਨੂੰ ਤਿੰਨ ਮਹੀਨੇ ਦਾ ਵੇਲਾ ਦਿੱਤਾ ਜਾਵੇ ਤੇ ਇਸ ਪਿਛੋਂ ਜਦ ਤੱਕ ਉਹ ਆਪਣੇ ਆਪ ਨੂੰ ਯੋਗ ਨਾ ਬਣਾ ਲੈਣ, ਉਨ੍ਹਾਂ ਦੀ ਤਲਬ ਰੋਕ ਦਿੱਤੀ ਜਾਵੇ।- (ਜੋਗਿੰਦਰ ਸਿੰਘ, ਹੋਮ ਮਨਿਸਟਰ, ਰਿਆਸਤ, ਪਟਿਆਲਾ)।
ਇਹ ਆਦੇਸ਼ ਪੂਰੀ ਤਰ੍ਹਾਂ ਸਪੱਸ਼ਟ ਸੀ ਪ੍ਰੰਤੂ ਪਹਿਲੇ ਵਿਸ਼ਵ ਯੁੱਧ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੀ ਮਸ਼ਰੂਫੀਅਤ ਕਾਰਨ ਇਸ ਆਦੇਸ਼ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ। 25 ਮਈ, 1942 ਈ. ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬੀ ਨੂੰ ਸਿੱਖਿਆ ਪ੍ਰਬੰਧ ਵਿਚ ਪੂਰੀ ਤਰ੍ਹਾਂ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ। ਰਿਆਸਤ ਦੀ ਮਿਡਲ ਪਰੀਖਿਆ ਲਈ ਪੰਜਾਬੀ ਅਤੇ ਹਿੰਦੀ ਦੋਵੇਂ ਜ਼ਰੂਰੀ ਮਜ਼ਮੂਨਾਂ ਵਜੋਂ ਪੜ੍ਹਾਏ ਜਾਣ ਦੀ ਵਿਵਸਥਾ ਸੀ, ਕੰਡਾਘਾਟ ਅਤੇ ਨਾਰਨੌਲ ਵਰਗੇ ਹਿੰਦੀ ਬੋਲਦੇ ਇਲਾਕਿਆਂ ਵਿਚ ਹਿੰਦੀ ਪਹਿਲੀ ਤੋਂ ਅੱਠਵੀਂ ਤੱਕ ਜ਼ਰੂਰੀ ਸੀ ਅਤੇ ਪੰਜਾਬੀ, ਪੰਜਵੀਂ ਤੋਂ ਅੱਠਵੀਂ ਤੱਕ ਜ਼ਰੂਰੀ ਮਜ਼ਮੂਨ ਵਜੋਂ ਪੜ੍ਹਾਈ ਜਾਂਦੀ ਸੀ।
15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋ ਗਿਆ ਅਤੇ 20 ਅਗਸਤ, 1948 ਨੂੰ ਪੰਜਾਬ ਦੀਆਂ ਅੱਠ ਰਿਆਸਤਾਂ ਨੂੰ ਇਕੱਠਾ ਕਰਕੇ ਪੈਪਸੂ ਬਣਾ ਦਿੱਤਾ ਗਿਆ। ਸ. ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਪੈਪਸੂ ਦੀ ਹਾਈਕੋਰਟ ਅਤੇ ਰਾਜ ਪ੍ਰਬੰਧ ਦੀ ਭਾਸ਼ਾ ਪੰਜਾਬੀ ਨੂੰ ਘੋਸ਼ਿਤ ਕਰ ਦਿੱਤਾ। ਇਹ ਇਕ ਇਤਿਹਾਸਕ ਐਲਾਨ ਸੀ। ਇਸ ਐਲਾਨ ਨੂੰ ਸਿਰੇ ਚਾੜ੍ਹਣ ਲਈ ਛੇਤੀ ਹੀ ਮਹਿਕਮਾ ਪੰਜਾਬੀ ਬਣਾਇਆ ਗਿਆ ਅਤੇ ਪ੍ਰਿੰ. ਤੇਜਾ ਸਿੰਘ ਨੂੰ ਇਸ ਮਹਿਕਮੇ ਦਾ ਪਹਿਲਾ ਡਾਇਰੈਕਟਰ ਬਣਾਇਆ ਗਿਆ।
ਪੈਪਸੂ ਰਾਜ ਦਾ ਪਹਿਲਾ ਬਜਟ, 1949 ਈ. ਵਿਚ ਸ. ਗਿਆਨ ਸਿੰਘ ਰਾੜੇਵਾਲਾ, ਮੁੱਖ ਮੰਤਰੀ, ਪਟਿਆਲਾ ਯੂਨੀਅਨ ਨੇ ਪੇਸ਼ ਕੀਤਾ। ਇਹ ਬਜਟ ਪੰਜਾਬੀ ਵਿਚ ਪੇਸ਼ ਕੀਤਾ ਗਿਆ। ਇਸ ਬਜਟ ਵਿਚ ਪੰਜਾਬੀ ਭਾਸ਼ਾ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਸੀ ਅਤੇ ਇਸ ਨੂੰ ਰਾਜ ਭਾਸ਼ਾ ਦੇ ਤੌਰ ਤੇ ਕਬੂਲ ਕੀਤਾ ਗਿਆ ਸੀ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇਸ ਬਜਟ ਵਿਚ ਤਿੰਨ ਲੱਖ ਰੁਪਏ ਰਾਖਵੇਂ ਰੱਖੇ ਗਏ ਸਨ। ਰਾਜ ਪ੍ਰਬੰਧ ਅਤੇ ਲੇਖਾ ਆਦਿ ਨਾਲ ਸਬੰਧਤ ਸੰਕੇਤ ਸ਼ਬਦਾਵਲੀ ਤਿਆਰ ਕਰ ਲਈ ਗਈ ਸੀ। ਪੈਪਸੂ ਸ਼ਾਇਦ ਭਾਰਤ ਦਾ ਪਹਿਲਾ ਰਾਜ ਸੀ ਜਿਥੇ ਲੋਕ-ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆ।
1949 ਈ. ਦਾ ਵਰ੍ਹਾ ਪੰਜਾਬੀ ਭਾਸ਼ਾ ਲਈ ਨਵੀਆਂ ਸੰਭਾਵਨਾਵਾਂ ਵਾਲਾ ਸੀ। ਨਾ ਕੇਵਲ ਇਸ ਵਰ੍ਹੇ ਪੰਜਾਬੀ ਨੂੰ ਇਕ ਇਖ਼ਤਿਆਰੀ ਵਿਸ਼ੇ ਵਜੋਂ ਬੀ.ਏ. ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ, ਬਲਕਿ ਐਮ.ਏ. ਤਕ ਦੀ ਪੜ੍ਹਾਈ ਦੀ ਪਰਵਾਨਗੀ ਵੀ ਮਿਲ ਗਈ। ਜਿਸ ਦੇ ਪਹਿਲੇ ਇਮਤਿਹਾਨ 1951 ਈ. ਵਿਚ ਹੋਏ। ਇਸ ਦੇ ਨਾਲ ਹੀ ਡਾਕਟਰੇਟ ਦੀ ਡਿਗਰੀ ਲਈ ਵੀ ਪੰਜਾਬੀ ਮਾਧਿਅਮ ਰਾਹੀਂ ਇਸਦੇ ਰਾਹ ਖੋਲ੍ਹ ਦਿੱਤੇ ਗਏ। ਇਸਤੋਂ ਪਹਿਲਾਂ ਅੰਗਰੇਜ਼ੀ ਮਾਧਿਅਮ ਰਾਹੀਂ ਕੇਵਲ ਤਿੰਨ ਵਿਦਵਾਨਾਂ ਨੇ ਪੰਜਾਬੀ ਵਿਸ਼ਿਆਂ ਤੇ ਡਾਕਟ੍ਰੇਟ ਕੀਤੀ ਸੀ। ਇਹ ਸਨ ਡਾ. ਮੋਹਨ ਸਿੰਘ, ਡਾ. ਗੋਪਾਲ ਸਿੰਘ ਤੇ ਡਾ. ਲਾਜਵੰਤੀ ਰਾਮਾਕ੍ਰਿਸ਼ਨਾ।
26 ਜਨਵਰੀ, 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਸੰਵਿਧਾਨ ਸਭਾ ਨੇ ਜਿਨ੍ਹਾਂ 14 ਬੋਲੀਆਂ ਨੂੰ ਪ੍ਰਵਾਣਿਤ ਕੀਤਾ, ਪੰਜਾਬੀ ਉਨ੍ਹਾਂ ਵਿਚ ਇਕ ਹੈ। ਭਾਸ਼ਾ ਸੰਬੰਧੀ ਪੈਪਸੂ ਸਰਕਾਰ ਨੇ ਜਿਹੜਾ ਕਾਨੂੰਨ 1949 ਵਿਚ ਲਾਗੂ ਕਰ ਦਿੱਤਾ ਸੀ। ਉਹ ਬੜੀ ਮਿਹਨਤ ਅਤੇ ਸੰਘਰਸ਼ ਦੁਆਰਾ 19 ਵਰਿ੍ਹਆਂ ਬਾਦ 13 ਅਪ੍ਰੈਲ, 1968 ਤੋਂ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ। ਉਸ ਵੇਲੇ ਸ. ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਦਸੰਬਰ 1967 ਵਿਚ ਪੰਜਾਬ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਪਾਸੋਂ ਸਰਬ ਸੰਮਤੀ ਨਾਲ ਪੰਜਾਬ ਰਾਜ ਭਾਸ਼ਾ ਐਕਟ, 1967 ਪ੍ਰਵਾਨ ਕਰਵਾਇਆ। ਦੋਹਾਂ ਸਦਨਾਂ ਵਿਚੋਂ ਕਿਸੇ ਵੀ ਮੈਂਬਰ ਨੇ ਇਸ ਐਕਟ ਦੀ ਵਿਰੋਧਤਾ ਨਾ ਕੀਤੀ।
ਪੰਜਾਬ ਸਰਕਾਰ ਨੇ ਇਸ ਐਕਟ ਦੀ ਧਾਰਾ 4 ਦੁਆਰਾ ਪਹਿਲੀ ਅਧਿਸੂਚਨਾ, 30 ਦਸੰਬਰ, 1967 ਅਤੇ ਦੂਜੀ ਅਧਿਸੂਚਨਾ 9 ਫਰਵਰੀ, 1968 ਨੂੰ ਜਾਰੀ ਕਰਕੇ ਪੰਜਾਬੀ ਨੂੰ ਜ਼ਿਲ੍ਹਾ ਪੱਧਰ ਅਤੇ ਸਕੱਤਰੇਤ ਪੱਧਰ ਤੇ ਲਾਗੂ ਕਰਨ ਲਈ 13 ਅਪ੍ਰੈਲ, 1968 ਦੀ ਮਿਤੀ ਨਿਸ਼ਚਿਤ ਕੀਤੀ। ਸਦੀਆਂ ਤੋਂ ਅਣਗੌਲੀ ਮਾਂ ਬੋਲੀ ਪੰਜਾਬੀ ਤਖ਼ਤ ਉੱਪਰ ਬੈਠ ਗਈ। ਪੰਜਾਬੀ ਦੀ ਖ਼ੈਰ ਮੰਗਣ ਵਾਲੇ ਫੀਰੋਜ਼ਦੀਨ ਸ਼ਰਫ਼ਕਵਰਗੇ ਸੱਚੇ ਸੁੱਚੇ ਪੰਜਾਬੀਆਂੇ ਦੀ ਦੁਆ ਆਖਰ ਸੰਪੂਰਨ ਹੋ ਗਈ:
‘ਰਾਣੀ’ ਬਣ ਕੇ ਤਖ਼ਤ ਹੰਢਾਵੀਂ
ਘਰ ਆਪਣੇ ਦਾ ਰਾਜ ਤੂੰ ਪਾਵੀਂ
‘ਸ਼ਰਫ਼’ ਮਿਲੇ ਤੈਨੂੰ ਖੁਸ਼ੀ ਵੰਡਾਵੀਂ
ਸੁਖ ਦੇਵੇ ਤੈਨੂੰ ਦਾਤਾ
ਤੇਰੀ ਜੈ ਪੰਜਾਬੀ ਮਾਤਾ
ਪੈਪਸੂ ਦੌਰਾਨ ਕਾਇਮ ਕੀਤਾ ਗਿਆ ‘ਮਹਿਕਮਾ ਪੰਜਾਬੀ’ ਬਾਅਦ ਵਿਚ ਭਾਸ਼ਾ ਵਿਭਾਗ, ਪੰਜਾਬ ਦੇ ਰੂਪ ਵਿਚ ਪੰਜਾਬੀ ਦਾ ਅਲੰਬਰਦਾਰ ਬਣ ਕੇ ਸਾਹਮਣੇ ਆਇਆ। ਵਰਤੋਂ ਵਿਚ ਆਉਣ ਵਾਲੇ ਹਜ਼ਾਰਾਂ ਫਾਰਮ, ਦਫ਼ਤਰੀ ਚਿੱਠੀ ਪੱਤਰ ਤੇ ਨੋਟਿੰਗਾਂ ਆਦਿ ਦੀਆਂ ਪੁਸਤਕਾਂ, ਪੰਜਾਬੀ ਦੀਆਂ ਟਾਈਪ ਮਸ਼ੀਨਾਂ, ਸਟੈਨੋ ਟਾਈਪਿਸਟਾਂ ਦੀ ਟ੍ਰੇਨਿੰਗ ਤੇ ਭਾਸ਼ਾ ਪਰਿਵਰਤਨ ਨਾਲ ਸੰਬੰਧਤ ਨਾ ਕੇਵਲ ਸਮੱਗਰੀ ਹੀ ਦਿੱਤੀ ਬਲਕਿ ਸਿਖਲਾਈ ਲਈ ਉਚੇਰੇ ਪ੍ਰਬੰਧ ਕੀਤੇ ਅਤੇ ਵਰਿ੍ਹਆਂ ਦਾ ਕੰਮ ਦਿਨਾਂ ਵਿਚ ਕਰ ਵਿਖਾਇਆ।
ਪੰਜਾਬੀ ਭਾਸ਼ਾ ਦੀ ਸਰਬਪੱਖੀ ਉੱਨਤੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯਤਨ ਵੀ ਸ਼ਲਾਘਾਯੋਗ ਹਨ। ਪੰਜਾਬੀ ਸਾਹਿਤ ਅਕਾਦਮੀ ਤੇ ਕੇਂਦਰੀ ਲੇਖਕ ਸਭਾ ਅਤੇ ਪੰਜਾਬੀ ਜਾਗ੍ਰਿਤੀ ਮੰਚ ਸਮੇਂ ਸਮੇਂ ਤੇ ਆਪਣੀਆਂ ਕਾਰਵਾਈਆਂ ਨਾਲ ਪੰਜਾਬੀ ਅਪਨਾਉਣ ਲਈ ਸਰਕਾਰ ਉੱਪਰ ਆਪਣਾ ਜ਼ੋਰ ਪਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਰਾਜਸੀ ਪਾਰਟੀਆਂ ਅਤੇ ਸਾਹਿਤਕ ਜੱਥੇਬੰਦੀਆਂ ਵਲੋਂ ਵੀ ਸਰਕਾਰ ਤੇ ਪੰਜਾਬੀ ਲਾਗੂ ਕਰਨ ਸਬੰਧੀ ਜ਼ੋਰ ਪਾਇਆ ਜਾਂਦਾ ਰਿਹਾ ਹੈ।
ਇਹ ਇਕ ਅਟੱਲ ਸੱਚਾਈ ਹੈ ਕਿ ਮਨੁੱਖ ਭਾਵੇਂ ਅਨੇਕਾਂ ਭਾਸ਼ਾਵਾਂ ਗ੍ਰਹਿਣ ਕਰਨ ਦੀ ਸਮਰੱਥਾ ਰੱਖਦਾ ਹੋਵੇ, ਪਰ ਹੋਰ ਕੋਈ ਵੀ ਭਾਸ਼ਾ ਉਸ ਦੀ ਮਾਂ ਬੋਲੀ ਦਾ ਬਦਲ ਨਹੀਂ ਬਣ ਸਕਦੀ। ਆਪਣੀ ਮਾਂ ਬੋਲੀ ਨਾਲੋਂ ਟੁੱਟੇ ਲੋਕ ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟ ਜਾਂਦੇ ਹਨ। ਅਜਿਹੇ ਦੁਖਾਂਤ ਵਿਚੋਂ ਹੀ ‘ਮੇਰਾ ਦਾਗੀਸਤਾਨ’ ਵਰਗੀਆਂ ਰਚਨਾਵਾਂ ਹੋਂਦ ਵਿਚ ਆਉਂਦੀਆਂ ਹਨ। ਆਧੁਨਿਕਤਾ ਦੀ ਦੌੜ ਵਿਚ ਅਸੀਂ ਆਪਣਾ ਬਹੁਤ ਕੁਝ ਗਵਾ ਲਿਆ ਹੈ।
ਕਿਸੇ ਵੀ ਕੌਮ ਦੇ ਜ਼ਿੰਦਾ ਰਹਿਣ ਲਈ ਉਸ ਦੇ ਭਾਸ਼ਾ ਅਤੇ ਸਭਿਆਚਾਰ ਦਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਜਿਹੜੀਆਂ ਕੌਮਾਂਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ ਅਤੇ ਆਪਣੀ ਭਾਸ਼ਾ ਅਤੇ ਸਭਿਆਚਾਰ ਨੂੰ ਵਿਸਾਰ ਦਿੰਦੀਆਂ ਹਨ। ਉਹ ਸਹਿਜੇ ਸਹਿਜੇ ਖਤਮ ਹੋ ਜਾਂਦੀਆਂ ਹਨ। ਜਾਗਰੂਕ ਕੌਮਾਂ ਨੇ ਆਪਣੇ ਵਿਰਸੇ ਦੀ ਸੰਭਾਲ ਲਈ ਕਿਸੇ ਹੱਦ ਤੱਕ ਵੀ ਜਾ ਸਕਦੀਆਂ ਹਨ। ਇਤਿਹਾਸਕ ਤੱਥ ਵੇਖਣ ਤੋਂ ਪਤਾ ਚਲਦਾ ਹੈ ਕਿ ਤੁਰਕੀ ਵਾਸੀਆਂ ਨੇ ਆਪਣੀ ਲਿੱਪੀ ਨੂੰ ਬਚਾਉਣ ਲਈ ਆਪਣੀ ਲਿੱਪੀ ਨੂੰ ਆਪਣੀਆਂ ਦੀਵਾਰਾਂ ਉਪਰ ਖੁਦਵਾ ਲਿਆ ਸੀ। ਭਾਸ਼ਾ ਦੇ ਵਿਕਾਸ ਲਈ ਉਸ ਦਾ ਸਿੱਖਿਆ ਦਾ ਮਾਧਿਅਮ ਹੋਣਾ ਅਤੇ ਵੱਖ-ਵੱਖ ਖੇਤਰਾਂ ਵਿਚ ਵਰਤੋਂ ਜ਼ਰੂਰੀ ਹੈ। ਦੁਨੀਆਂ ਭਰ ਦੇ ਭਾਸ਼ਾ ਅਤੇ ਸਿੱਖਿਆ ਮਾਹਿਰਾਂ ਦੀ ਰਾਇ ਅਤੇ ਤਜ਼ਰਬਾ ਇਹੀ ਦੱਸਦਾ ਹੈ ਕਿ ਸਿੱਖਿਆ ਸਫਲਤਾ ਨਾਲ ਸਿਰਫ ਤੇ ਸਿਰਫਕਮਾਤ ਭਾਸ਼ਾ ਰਾਹੀਂ ਹੀ ਦਿੱਤੀ ਜਾ ਸਕਦੀ ਹੈ।
ਆਓ ਨਿਊਜ਼ੀਲੈਂਡ ਵਿਚ ਮਨਾਏ ਜਾ ਰਹੇ ਪਹਿਲੇ ਪੰਜਾਬੀ ਭਾਸ਼ਾ ਹਫਤੇ ਦਾ ਹਿੱਸਾ ਬਣੀਏ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ਤੇ ਪ੍ਰਚਾਰ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਆਪਣੀ ਮਾਂ ਬੋਲੀ ਨੂੰ ਸੰਭਾਲੀਏ ਅਤੇ ਦੂਸਰੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਕਰੀਏ। ਆਪਣੀ ਮਾਂ ਬੋਲੀ ਅਤੇ ਧਰਮ ਤੋਂ ਟੁੱਟੇ ਮਨੁੱਖ ਦਾ ਕੋਈ ਵਜੂਦ ਨਹੀਂ ਹੁੰਦਾ। ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਪੰਜਾਬੀ ਭਾਸ਼ਾ ਸਪਤਾਹ ਮਨਾਉਂਦਿਆਂ ਕਿਸੇ ਕਵੀ ਦੀਆਂ ਮਹੱਤਵਪੂਰਨ ਸਤਰਾਂ ਨਾਲ ਆਪਣੇ ਲੇਖ ਨੂੰ ਵਿਰਾਮ ਦਿੰਦੇ ਹਾਂ।
ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ
ਮਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ,
ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ’ਚ ਮਿਲਾ ਦਈਓ
ਦੇਖਿਓ ਪੰਜਾਬੀਓ ! ਮਾਂ ਬੋਲੀ ਨਾ ਭੁਲਾ ਦਈਓ !!
ਸਹਾਇਕ ਪੁਸਤਕਾਵਲੀ
1. ਪੰਜਾਬੀ ਸਾਹਿਤ ਦਾ ਇਤਿਹਾਸ - ਪ੍ਰੋ. ਕਿਰਪਾਲ ਸਿੰਘ ਕਸੇਲ - ਡਾ. ਪ੍ਰਮਿੰਦਰ
ਸਿੰਘ ਅਤੇ ਡਾ. ਗੋਬਿੰਦ ਸਿੰਘ ਲਾਂਬਾ
2. ਪੰਜਾਬੀ ਬੋਲੀ, ਭਾਸ਼ਾ ਅਤੇ ਗੁਰਬਾਣੀ - ਡਾ. ਹਰਬੰਸ ਸਿੰਘ ਧੀਮਾਨ
3. ਸੁਵੀਨਰ - ਸਾਲਾਨਾ ਸਨਮਾਨ ਸਮਾਗਮ-1995, ਭਾਸ਼ਾ ਵਿਭਾਗ, ਪੰਜਾਬ
4. ਪੰਜਾਬ - ਡਾ. ਮਹਿੰਦਰ ਸਿੰਘ ਰੰਧਾਵਾ
5. ਪੰਜਾਬੀ ਸਾਹਿਤ ਕੋਸ਼ - ਪੰਜਾਬੀ ਯੂਨੀਵਰਸਿਟੀ, ਪਟਿਆਲਾ
6. ਪੰਜਾਬੀ ਸਾਹਿਤ ਦਾ ਇਤਿਹਾਸ-ਡਾ. ਪਰਮਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ>
7. ਪੰਜਾਬੀ ਸੂਫੀ ਪੋਇਟਸ - ਲਾਜਵੰਤੀ ਰਾਮਾ ਕ੍ਰਿਸ਼ਨਾ (ਡਾ.)
8. ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਈਸਾਈ ਮਿਸਨਰੀਆਂ ਦੀ ਦੇਣ (ਡਾ. ਗੁਰਚਰਨ
ਸਿੰਘ ਅਰਸ਼ੀ), ਭਾਸ਼ਾ ਵਿਭਾਗ, ਪੰਜਾਬ
9. ਪੰਜਾਬੀ ਬੋਲੀ ਦਾ ਇਤਿਹਾਸ - ਪ੍ਰਿੰ. ਸੰਤ ਸਿੰਘ ਸੇਖੋਂ, ਭਾਸ਼ਾ ਵਿਭਾਗ, ਪੰਜਾਬ
10. ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ - ਜੀਤ ਸਿੰਘ ਸੀਤਲ (ਡਾ.)
-
ਡਾ. ਹਰਨੇਕ ਸਿੰਘ ਢੋਟ ਅਤੇ ਸ. ਹਰਜਿੰਦਰ ਸਿਘ ਬਸਿਆਲਾ, ਲੇਖਕ ਤੇ ਪੱਤਰਕਾਰ
hsbasiala25@gmail.com
+64 210 253 9830
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.