ਪਿਛਲੇ ਸਾਲ 18 ਫਰਵਰੀ ਨੂੰ ਮੈ ਨਨਕਾਣਾ ਸਾਹਿਬ ਵਿੱਚ ਸਾਂ। ਗੁਰਦਵਾਰਾ ਜਨਮ ਅਸਥਾਨ ਵਿੱਚ ਉਸ ਜੰਡ ਹੇਠ ਬੈਠਾ ਸਾਂ ਕੁਝ ਪਲ, ਜਿਸ ਨਾਲ ਨੂੜ ਕੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਫਰੰਗੀ ਸ਼ਹਿ ਹੇਠ ਭਾਈ ਲਛਮਣ ਸਿੰਘ ਤੇ ਭਾਈ ਦਲੀਪ ਸਿੰਘ ਸਾਹੋਵਾਲਾ ਚੀਮਾ (ਸਿਆਲਕੋਟ) ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਸੀ।
ਮੈਂ ਜੰਡ ਨਾਲ ਇਕਰਾਰ ਕਰਕੇ ਆਇਆ ਸਾਂ ਕਿ ਅਗਲੇ ਸਾਲ ਫਿਰ ਮਿਲਾਂਗੇ। ਸ਼ਹੀਦਾਂ ਦੀ ਸ਼ਤਾਬਦੀ ਵੇਲੇ ਵਿਚਾਰ ਕਰਾਂਗੇ, ਕੀ ਵੱਟਿਆ, ਕੀ ਖੱਟਿਆ?
ਮੈਂ ਤਾਂ ਕੀ ਜਾਣਾ ਸੀ, ਸਰਕਾਰ ਨੇ ਵੀਜ਼ੇ ਵਾਲਿਆਂ ਨੂੰ ਵੀ ਹਟਕ ਦਿੱਤਾ ਕਿ ਓਧਰ ਖ਼ਤਰਾ ਹੈ।
ਚੰਨ ਚੰਨਾ ਦੇ ਮਾਮਲੇ। ਸਰਕਾਰ ਦੀਆਂ ਸਰਕਾਰ ਜਾਣੇ ਪਰ ਮੈਂ ਤਾਂ ਹੁਣ ਵੀ ਉਥੇ ਹਾਂ। ਪਲ ਪਲ ਸਵਾਸ ਸਵਾਸ।
ਅੰਤਰ ਧਿਆਨ ਹੋ ਕੇ ਗੁਰੂ ਚਰਨੀਂ ਹਾਂ। ਇਸ ਥਾਂ ਤੇ ਮੈਂ ਆਪ ਹੀ ਰਾਜਾ ਹਾਂ ਆਪ ਹੀ ਪਰਜਾ।
ਪਰ ਉਨ੍ਹਾਂ ਭਾਵਨਾਵਾਂ ਦਾ ਕੀ ਕਰਾਂ, ਜੋ ਜ਼ਖ਼ਮੀ ਹੋਈਆਂ ਹਨ। ਕਈ ਰਾਤਾਂ ਤੇ ਦਿਨ ਲਗਾ ਕੇ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸਾਕਾ ਨਨਕਾਣਾ ਸਾਹਿਬ ਦੀ ਕਥਾ ਵਾਸਤੇ ਇਤਿਹਾਸਕ ਸਮੱਗਰੀ ਇਕੱਠੀ ਕੀਤੀ ਸੀ। ਨਾ ਜਾ ਸਕਣ ਕਾਰਨ ਅੱਥਰੂ ਅੰਦਰ ਨੂੰ ਵਹਿ ਰਹੇ ਹਨ।
ਮਨ ਪਰਦੇਸੀ ਕਰਨ ਲਈ ਇਹੋ ਜਹੀਆਂ ਘਟਨਾਵਾਂ ਬਲ਼ਦੀ ਤੇ ਤੇਲ ਬਾਉਂਦੀਆਂ ਹਨ।
ਅਜਬ ਖਲਬਲੀ ਹੈ ਮਨਾਂ ਚ। ਤਿਲਮਿਲਾਹਟ ਹੈ, ਆਪਣੇ ਸ਼ਹੀਦ ਪੁਰਖਿਆਂ ਤੀਕ ਪਹੁੰਚਣ ਤੇ ਵੀ ਰੋਕ ਹੈ।
ਪਰ ਮੈਂ ਤਾਂ ਕਵੀ ਹਾਂ। ਸ਼ਬਦ ਸਵਾਰੀ ਕਰਨ ਵਾਲਾ।
ਚਲੋ!
ਗੀਤ ਤੇ ਸਵਾਰ ਹੋ ਕੇ ਨਨਕਾਣਾ ਸਾਹਿਬ ਚੱਲੀਏ।
ਇਸ ਗੀਤ ਨੂੰ ਮੇਰੇ ਅਮਰੀਕਾ ਵੱਸਦੇ ਵਿਦਿਆਰਥੀ ਦਲਜੀਤ ਕੈਸ, ਹਰਸ਼ਿਤ ਸੋਨੀ ਤੇ ਸੰਦੀਪ ਸੁਰੀਲੀ ਨੇ ਦੋ ਕੁ ਮਹੀਨੇ ਪਹਿਲਾਂ ਜਗਰਾਉਂ ਸਥਿਤ ਕੈਸਟਰੈਕ ਸਟੁਡੀਓ ਚ ਰੀਕਾਰਡ ਕੀਤਾ ਸੀ।
ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਤਾਬਦੀ ਦੇ ਸਾਲ ਨੂੰ ਸਮਰਪਿਤ ਇਹ ਗੀਤ ਤੁਸੀਂ ਅੱਗੇ ਵੰਡ ਸਕਦੇ ਹੋ। ਪ੍ਰਸਾਰਤ ਕਰ ਸਕਦੇ ਨੇ ਦੇਸ਼ ਬਦੇਸ਼ ਦੇ ਰੇਡੀਓ, ਟੀ ਵੀ ਸੋ਼ਲ ਮੀਡੀਆ ਵਾਲੇ ਵੀਰ।
ਗੀਤ
ਹਰ ਦਮ ਦੇ ਗੇੜੇ ਦਰਸ ਕਰਾਂ, ਸਾਹਾਂ ਵਿੱਚ ਆਉਣਾ ਜਾਣਾ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ।
ਮੱਝੀਆਂ ਦਾ ਛੇੜੂ ਵੇਖ ਰਿਹਾਂ, ਨਾਨਕ ਨੂੰ ਮੱਝੀਆਂ ਚਾਰਦਿਆਂ।
ਦੂਜੇ ਦੇ ਮਨ ਨੂੰ ਜਿੱਤਣ ਲਈ, ਖ਼ੁਦ ਆਪਣੇ ਹੱਥੋਂ ਹਾਰਦਿਆਂ।
ਮੈਂ ਵੇਖ ਰਿਹਾਂ ਹਾਂ ਰਾਏ ਬੁਲਾਰ, ਵਕਤੋਂ ਵੀ ਵੱਧ ਸਿਆਣਾ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ।
ਮਰਦਾਨਾ ਛੇੜੇ ਤਾਨ ਜਦੋਂ, ਜੰਗਲ ਤੇ ਬੇਲੇ ਸੁਣਦੇ ਨੇ।
ਤੇ ਸ਼ਬਦ ਇਲਾਹੀ ਨਾਨਕ ਦੇ, ਪੌਣਾਂ ‘ਚੋਂ ਜ਼ਹਿਰਾਂ ਪੁਣਦੇ ਨੇ।
ਹਿੰਦੂ ਦੀ ਪੱਤਰੀ ਕੂੜ ਕਹੇ, ਤੁਰਕੂ ਨੂੰ ਆਖੇ ਕਾਣਾ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ।
ਉਸ ਮਿੱਟੀ ਤੋਂ ਬਲਿਹਾਰੀ ਹਾਂ, ਜਿੱਥੇ ਵੀ ਸੂਰਜ ਉੱਗਦਾ ਹੈ।
ਹੱਕ ਸੱਚ ਅਤੇ ਇਨਸਾਫ਼ ਜਿਹਾ, ਜਿਸ ਪਿੰਡ ਨੂੰ ਸੌਦਾ ਪੁੱਗਦਾ ਹੈ।
ਨਜ਼ਰਾਂ ਵਿੱਚ ਜਿਥੇ ਫ਼ਰਕ ਨਹੀਂ, ਇੱਕੋ ਜਹੇ ਰੰਕ ਤੇ ਰਾਣਾ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀ ਨਨਕਾਣਾ।
ਉਸ ਜੰਡ ਨੂੰ ਮੇਰਾ ਸੀਸ ਝੁਕੇ, ਜਿਸ ਨਾਲ ਸੀ ਲਛਮਣ ਸਿੰਘ ਸੜਿਆ।
ਕੁਰਬਾਨੀ ਬਿਨ ਕੁਝ ਲੱਭੇ ਨਾ, ਜਿਸ ਪਾਠ ਪੜ੍ਹਾਇਆ, ਖ਼ੁਦ ਪੜ੍ਹਿਆ।
ਹਰ ਯੁਗ ਵਿੱਚ ਮਹੰਤ ਨਰੈਣੂ ਨੇ, ਏਦਾਂ ਹੀ ਕਹਿਰ ਕਮਾਣਾ।
ਕਣ ਕਣ ‘ਚੋਂ ਬੋਲੇ ਸਬਕ ਸਦਾ, ਮੇਰੇ ਮਨ ਵਿਚਲਾ ਨਨਕਾਣਾ।
ਹੱਦਾਂ ਸਰਹੱਦਾਂ ਸਾਂਭ ਲਵੋ, ਮੈਂ ਵੀਜ਼ੇ ਪਰਮਿਟ ਕੀ ਕਰਨੇ।
ਦਿਲ ਅੰਦਰ ਝਾਤੀ ਮਾਰ ਲਵਾਂ, ਜਦ ਚਾਹਾਂ ਦਰਸ਼ਨ ਖ਼ੁਦ ਕਰਨੇ।
ਮੈਂ ਆਪਣੇ ਮਨ ਦਾ ਹਾਕਮ ਹਾਂ, ਜਿੱਥੇ ਕੋਈ ਨਾ ਚੌਂਕੀ ,ਠਾਣਾ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਖੋਂ ਦੂਰ ਨਹੀਂ ਨਨਕਾਣਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.