ਵੈਲਨਟਾਇਨ ਡੇ ਪੱਛਮ ਦਾ ਰਿਵਾਇਤੀ ਤਿਉਹਾਰ ਹੈ। ਇਸ ਦਿਨ ਨੇ ਆਪਣੀਆਂ ਜੜ੍ਹਾਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਵੀ ਪਸਾਰ ਲਈਆਂ ਹਨ। ਵੈਲਨਟਾਇਨ ਡੇ ਵਾਲੇ ਦਿਨ ਪ੍ਰੇਮੀ ਜੋੜੇ ਇੱਕ-ਦੂਜੇ ਨੂੰ ਗੁਲਾਬ ਦੇ ਫੁੱਲ ਅਤੇ ਤੋਹਫੇ ਦੇਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਕਈ ਮੁੰਡੇ ਜਾਂ ਕੁੜੀਆਂ ਇਸ ਦਿਨ ਇੱਕ-ਦੂਜੇ ਦੀ ਸੋਹਣੀ ਸ਼ਕਲ ਦੇਖਕੇ ਆਪਣੀ ਚਾਹਤ ਦਾ ਪ੍ਰਗਟਾਵਾ ਵੀ ਕਰਦੇ ਹਨ। ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਪਿਆਰ ਨੂੰ ਸਮਝਣਾ ਹੀ ਅਸਲ ਵਿੱਚ ਪਿਆਰ ਕਰਨਾ ਹੈ। ਪਿਆਰ ਤਾਂ ਅਹਿਸਾਸ ਹੈ ਜਿਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।
ਪਿਆਰ ਛੋਟਾ ਜਿਹਾ ਸ਼ਬਦ ਹੈ, ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ ਜਿਸਦਾ ਭੇਦ ਉਹੀ ਪਾ ਸਕਦਾ ਹੈ ਜੋ ਇਸਦੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ। ਪਿਆਰ ਹਰੇਕ ਦੇ ਦਿਲ 'ਚ ਉਪਜਦਾ ਹੈ ਪਰ ਕਦੇ ਕਦਾਈਂ ਇਹ ਨਫਰਤ ਦੀਆਂ ਢੇਰੀਆਂ ਥੱਲੇ ਦਬ ਕੇ ਰਹਿ ਜਾਂਦਾ ਹੈ ਅਤੇ ਕਦੇ ਕਦਾਈਂ ਇਹ ਅਮਰ ਹੋ ਜਾਂਦਾ ਹੈ। ਪਿਆਰ ਕਰਨ ਵਾਲਿਆਂ ਨੂੰ ਹਰਦਮ ਚਾਹਤ ਲੱਗੀ ਰਹਿੰਦੀ ਹੈ ਪਿਆਰੇ ਦੇ ਮਿਲਣ ਦੀ। ਦਿਨ ਰਾਤ ਦਿਲ, ਦਿਲਦਾਰ ਦੇ ਪਿਆਰ 'ਚ ਗੜੁੱਚ ਹੋਇਆ ਯਾਰ ਦੇ ਦਰਸ਼ਨਾਂ ਦੀ ਤਾਂਘ ਲਈ ਉਤਾਵਲਾ ਰਹਿੰਦਾ ਹੈ। ਪਿਆਰ ਕੀਤਾ ਨਹੀਂ ਜਾਂਦਾ, ਇਹ ਮੱਲੋ ਮੱਲੀ ਹੋ ਜਾਂਦਾ ਹੈ।
ਜੋਬਨ ਰੁੱਤੇ ਪਿਆਰ ਦੇ ਰੰਗਾਂ ਵਿੱਚ ਰੰਗਿਆ ਮਨੁੱਖ ਸਮੁੱਚੀ ਕਾਇਨਾਤ ਨੂੰ ਭੁੱਲ ਕੇ ਇਹ ਆਪਣੇ ਪਿਆਰੇ ਤੱਕ ਸੀਮਤ ਹੋ ਜਾਂਦਾ ਹੈ ਪਰ ਉਹਨੂੰ ਹਰ ਪਾਸੇ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ। ਪਿਆਰ ਉਹ ਬੂਟਾ ਹੈ ਜੋ ਬਿਨਾਂ ਲਾਇਆਂ ਉੱਗ ਆਉਂਦਾ ਹੈ, ਮੁਲਾਕਾਤਾਂ ਦੇ ਪਾਣੀ ਨਾਲ ਇਹ ਬੂਟਾ ਜਵਾਨ ਹੁੰਦਾ ਹੈ ਭਾਵੇਂ ਕਿ ਕੁਦਰਤ ਦੇ ਘਰ ਹੋਰ ਬੂਟਿਆਂ ਨੂੰ ਜਿੰਨਾ ਚਿਰ ਵਾੜ ਨਾ ਕੀਤੀ ਜਾਵੇ ਤਾਂ ਉਹ ਤੇਜ ਵਗਦੀਆਂ ਪੌਣਾਂ ਹੱਥੋਂ ਜਾਂ ਪਸ਼ੂ ਪੰਛੀਆਂ ਹੱਥੋਂ ਉੱਜੜ ਜਾਂਦੇ ਨੇ ਪਰ ਪਿਆਰ ਇੱਕ ਅਜਿਹਾ ਬੂਟਾ ਹੈ ਜਦ ਇਹਦੇ ਆਲੇ-ਦੁਆਲੇ ਵਾੜ ਹੋਣ ਲੱਗ ਜਾਵੇ ਤਾਂ ਇਹ ਮੁਰਝਾ ਜਾਂਦਾ ਹੈ। ਪਿਆਰ ਦੀ ਮਹਿੰਦੀ ਬਿਨਾਂ ਲਾਏ ਹੱਥਾਂ ਉੱਤੇ ਚੜ੍ਹ ਜਾਂਦੀ ਹੈ ਅਤੇ ਓਨਾ ਚਿਰ ਇਸ ਮਹਿੰਦੀ ਦਾ ਰੰਗ ਫਿੱਕਾ ਨਹੀਂ ਪੈਂਦਾ, ਜਦੋਂ ਤੱਕ ਬ੍ਰਿਹੋਂ ਦਾ ਨਾਗ ਇਹਨੂੰ ਨਹੀਂ ਡਸਦਾ।
ਪਿਆਰ ਸਾਗਰ ਦੇ ਪਾਣੀ ਵਾਂਗ ਨਿਰਮਲ, ਫੁੱਲ ਦੀ ਖੁਸ਼ਬੋ ਵਰਗਾ, ਤਾਰੇ ਦੀ ਲੋਅ ਵਰਗਾ, ਤਾਨਸੈਨ ਦੇ ਸੰਗੀਤ ਵਰਗਾ, ਬੱਚੇ ਦੇ ਮੂੰਹੋਂ ਨਿਕਲੇ ਤੋਤਲੇ ਸ਼ਬਦਾਂ ਵਰਗਾ ਅਤੇ ਹਵਾ ਵਿਚ ਉਡਦੇ ਪੰਛੀਆਂ ਵਰਗਾ ਅਜਿਹਾ ਕੁਦਰਤੀ ਅਨੁਭਵ ਹੈ ਜਿਸਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।
ਉਹ ਇਨਸਾਨ ਦੁਨੀਆਂ ਉੱਤੇ ਭਾਗਾਂ ਵਾਲੇ ਹੁੰਦੇ ਹਨ, ਜਿੰਨ੍ਹਾਂ ਨੂੰ ਆਪਣੇ ਪਿਆਰੇ ਦਾ ਪਿਆਰ ਨਸੀਬ ਹੋ ਜਾਵੇ। ਪਿਆਰ ਦੋ ਰੂਹਾਂ ਦਾ ਮਿਲਾਪ ਹੈ। ਇਹ ਹਵਾ ਵਿਚ ਉਡਦੇ ਪਤੰਗ ਵਰਗਾ ਹੁੰਦਾ ਹੈ ਜਦੋਂ ਤੱਕ ਇਸ ਪਤੰਗ ਦੀ ਡੋਰ ਨਾਲ ਰਹਿੰਦੀ ਹੈ, ਤਦ ਤੱਕ ਇਹ ਅਸਮਾਨ ਨੂੰ ਜੱਫੀਆਂ ਪਾਉਣਾ ਲੋਚਦਾ ਹੈ ਪਰ ਜਦ ਪਤੰਗ ਦੀ ਇਸ ਡੋਰ 'ਤੇ ਕੋਈ ਕਾਟੀ ਪੈ ਜਾਵੇ ਤਾਂ ਇਹ ਧੜੰਮ ਥੱਲੇ ਡਿੱਗ ਪੈਂਦਾ ਹੈ।
ਪਿਆਰ ਦੀ ਤਿਤਲੀ ਸਦਾ ਫੁੱਲਾਂ ਉੱਤੇ ਨਚਦੀ ਰਹਿੰਦੀ ਹੈ ਅਤੇ ਖੁਸ਼ਬੋ ਦਾ ਆਨੰਦ ਮਾਣਦੀ ਹੈ। ਪਰ ਜਦੋਂ ਪਿਆਰ ਭੌਰਿਆਂ ਦਾ ਰੂਪ ਧਾਰ ਕੇ ਰੂਹਾਂ ਨਾਲੋਂ ਸਰੀਰ ਨੂੰ ਅਹਿਮੀਅਤ ਦੇਣ ਲੱਗ ਪੈਂਦਾ ਹੈ ਤਦ ਇਸ ਵਿੱਚ ਕੁੜੱਤਣ ਉਪਜ ਪੈਂਦੀ ਹੈ।
ਪਿਆਰ ਕਦੇ ਨਹੀਂ ਚਾਹੁੰਦਾ ਕਿ ਵਿਛੋੜੇ ਦੇ ਤੀਰਾਂ ਨਾਲ ਉਹ ਵਿੰਨਿਆ ਜਾਵੇ, ਪਿਆਰ ਕਦੇ ਨਹੀਂ ਚਾਹੁੰਦਾ ਕਿ ਹਿਜਰਾਂ ਦੀ ਭੱਠੀ ਵਿੱਚ ਆਪਣਾ ਆਪ ਸੇਕਣਾ ਪਵੇ। ਪਿਆਰ ਤਾਂ ਸਦਾ ਭੰਗੜੇ ਜਾਂ ਗਿੱਧੇ ਵਿੱਚ ਨਚਦੇ ਜਵਾਨ ਗੱਭਰੂਆਂ ਜਾਂ ਅੱਲ੍ਹੜ ਮੁਟਿਆਰਾਂ ਵਾਂਗ ਸਦਾ ਲੁੱਡੀਆਂ ਪਾਉਣਾ ਚਾਹੁੰਦਾ ਹੈ।
ਪਿਆਰ ਕਿਸੇ ਨਿਰਮਲ ਝਰਨੇ ਵਰਗਾ ਹੁੰਦਾ ਹੈ, ਜੋ ਪੱਥਰਾਂ ਵਿਚੋਂ ਦੀ ਗੁਜ਼ਰਦਾ ਹੋਇਆ ਵੀ ਸ਼ੁੱਧ, ਨਿਰਮਲ ਰਹਿੰਦਾ ਹੈ ਅਤੇ ਉਚਾਣਾਂ, ਨਿਵਾਣਾਂ ਵਿਚੋਂ ਦੀ ਹੁੰਦਾ ਹੋਇਆ ਨਿਰੰਤਰ ਵਗਦਾ ਰਹਿੰਦਾ ਹੈ। ਪਿਆਰ ਵਿਚ ਤਾਕਤ ਹੁੰਦੀ ਹੈ ਕਿ ਉਹ ਪੱਥਰਾਂ ਨੂੰ ਵੀ ਪਿਘਲਾ ਦਿੰਦਾ ਹੈ। ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਨਾ ਇਸਨੂੰ ਤੋਲਿਆ ਜਾ ਸਕਦਾ, ਨਾ ਮਿਣਿਆ ਜਾ ਸਕਦਾ। ਪਿਆਰ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦਾ ਇਹ ਤਾਂ ਇਕ ਜਜ਼ਬਾ ਹੈ ਜੋ ਸਦਾ ਤੜਪਦਾ ਰਹਿੰਦਾ ਹੈ। ਪਿਆਰ ਕਿਸੇ ਸੁੰਨਸਾਨ ਜਗ੍ਹਾ 'ਚ ਗੁਟਰ-ਗੂੰ, ਗੁਟਰ-ਗੂੰ ਕਰਦੇ ਕਬੂਤਰਾਂ ਵਰਗਾ, ਚਿੜੀਆਂ ਦੀ ਚੀਂ-ਚੀਂ ਵਰਗਾ, ਬੋਹੜ ਦੀ ਛਾਂ ਵਰਗਾ ਜਾਂ ਬਹਾਰ ਰੁੱਤ ਵਰਗਾ ਹੁੰਦਾ ਹੈ, ਜੋ ਸਦਾ ਖਿੜਿਆ ਖਿੜਿਆ ਰਹਿੰਦਾ ਹੈ, ਮਜ਼ਬੂਰੀਆਂ ਦੀ ਹਥਕੜੀ ਵਿਚ ਜਕੜਿਆ ਪਿਆਰ ਫਿਰ ਵੀ ਤਾਕਤਵਰ ਹੁੰਦਾ ਹੈ, ਪਿਆਰ ਦੇ ਹੰਝੂ ਲੋਹੇ ਨੂੰ ਵੀ ਪਿਘਲਾ ਦਿੰਦੇ ਨੇ। ਪਿਆਰ ਤਾਂ ਚਰਖੇ ਅਤੇ ਮਾਲ੍ਹ ਵਾਂਗੂ ਹੁੰਦਾ ਹੈ, ਜਿੰਨਾ ਚਿਰ ਤੱਕ ਮਾਲ੍ਹ ਟੁਟਦੀ ਨਹੀਂ ਪਿਆਰ ਦੀਆਂ ਪੂਣੀਆਂ ਨਾਲ ਛਿੱਕੂ ਭਰਿਆ ਰਹਿੰਦਾ ਹੈ, ਜਦ ਮਾਲ੍ਹ ਟੁੱਟ ਜਾਵੇ ਤਾਂ ਗਲੋਟੇ ਖਿੰਡ ਪੁੰਡ ਜਾਂਦੇ ਨੇ।
ਸਾਨੂੰ ਇਨਸਾਨੀਅਤ ਦੇ ਤੌਰ 'ਤੇ ਪਿਆਰ ਹਰੇਕ ਨਾਲ ਕਰਨਾ ਚਾਹੀਦਾ ਹੈ। ਪਿਆਰ ਵਿੱਚ ਮਨੁੱਖ ਨੂੰ ਇਕੱਲਤਾ ਦਾ ਅਨੁਭਵ ਨਹੀਂ ਹੁੰਦਾ, ਉਹ ਇਕੱਲਾ ਹੁੰਦਾ ਹੋਇਆ ਵੀ ਪਿਆਰੇ ਨਾਲ ਗੱਲਾਂ ਕਰਦਾ ਰਹਿੰਦਾ ਹੈ, ਹਰ ਵੇਲੇ ਉਹਦੇ ਹੀ ਭੁਲੇਖੇ ਪੈਂਦੇ ਰਹਿੰਦੇ ਨੇ। ਸਦਾ ਉਹਦੇ ਹੀ ਖਿਆਲਾਂ ਵਿੱਚ ਡੁੱਬਿਆ ਰਹਿੰਦਾ ਹੈ।
ਪਿਆਰ, ਜਾਤ-ਪਾਤ, ਊਚ-ਨੀਚ ਦੀਆਂ ਕੰਧਾਂ ਨੂੰ ਤੋੜ ਕੇ ਮਨਾਂ ਅੰਦਰ ਜਾ ਡੇਰੇ ਲਾਉਂਦਾ ਹੈ, ਪਿਆਰ ਇਸ ਦੁਨੀਆਂ ਦੇ ਹੜ੍ਹ ਵਿਚੋਂ ਨਿਕਲਣ ਲਈ ਚੱਪੂ ਦੀ ਤਰ੍ਹਾਂ ਹੀ ਮਨੁੱਖ ਦੀ ਮਦਦ ਕਰਦਾ ਹੈ। ਪਿਆਰ ਲਾਲਚਾਂ ਤੋਂ ਕੋਹਾਂ ਦੂਰ ਹੁੰਦਾ ਹੈ। ਪਿਆਰ ਕਦੇ ਨਫੇ ਨੁਕਸਾਨ ਨਹੀਂ ਦੇਖਦਾ, ਪਿਆਰ ਜੁਗਨੂੰਆਂ ਵਾਂਗ ਨੇਰ੍ਹਿਆਂ ਵਿੱਚ ਵੀ ਟਿਮਟਿਮਾਉਂਦਾ ਰਹਿੰਦਾ ਹੈ, ਪਿਆਰ ਠੰਡੀਆਂ ਵਗਦੀਆਂ ਪੌਣਾਂ ਵਾਂਗ ਹੁੰਦਾ ਹੈ, ਜੋ ਸਦਾ ਆਪਣੀ ਮਹਿਕ ਨਾਲ ਆਲੇ-ਦੁਆਲੇ ਨੂੰ ਨਸ਼ਿਆ ਦਿੰਦਾ ਹੈ। ਪਿਆਰ ਨੂੰ ਰੱਬ ਦੇ ਬਰਾਬਰ ਦਾ ਰੁਤਬਾ ਹਾਸਿਲ ਹੈ, ਜੋ ਮਨੁੱਖ ਪਿਆਰ ਨਾਲ ਆਪਣੇ ਪਿਆਰੇ ਨੂੰ ਪਾ ਲੈਂਦਾ ਹੈ, ਉਹ ਸਮਝੋ ਰੱਬ ਨੂੰ ਪਾ ਲੈਂਦਾ ਹੈ।
ਸਿਰਫ਼ ਵੈਲਨਟਾਇਲ ਡੇ ਵਾਲੇ ਇੱਕ ਦਿਨ ਨੂੰ ਹੀ ਪਿਆਰ ਕਰਨ ਵਾਲੇ ਦਿਨ ਵਜੋਂ ਨਹੀਂ ਅਪਨਾਉਣਾ ਚਾਹੀਦਾ ਸਗੋਂ ਹਰ ਵੇਲੇ ਇੱਕ-ਦੂਸਰੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਿਆਰ ਵਿੱਚ ਕਾਮਯਾਬੀ ਨਾ ਮਿਲਣ ਤੇ ਮੁੰਡਿਆਂ ਵੱਲੋਂ ਕੁੜੀਆਂ ਉੱਤੇ ਤੇਜ਼ਾਬ ਪਾਉਣ ਦੀਆਂ ਖ਼ਬਰਾਂ ਅਸੀਂ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ । ਅੱਜਕੱਲ੍ਹ ਦੇ ਮਚਲੇ ਮੁੰਡੇ-ਕੁੜੀਆਂ ਪਹਿਲੇ ਵੈਲਨਟਾਇਨ ਡੇ 'ਤੇ ਕਿਸੇ ਇੱਕ ਨੂੰ ਗੁਲਾਬ ਦਾ ਫੁੱਲ ਦਿੰਦੇ ਹਨ ਅਤੇ ਦੂਸਰੇ ਸਾਲ ਕਿਸੇ ਹੋਰ ਨੂੰ ਤੇ ਤੀਸਰੇ ਸਾਲ ਕਿਸੇ ਹੋਰ ਨੂੰ। ਲੱਖ ਲਾਹਨਤ ਹੈ ਐਸਾ ਪਿਆਰ ਕਰਨ ਵਾਲਿਆਂ ਨੂੰ ਜਿਹੜੇ ਇੱਕ ਦੇ ਨਹੀਂ ਬਣ ਕੇ ਨਹੀਂ ਰਹਿ ਸਕਦੇ। ਪਿਆਰ ਵਿੱਚ ਤਾਂ ਸਿਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ।
-
ਡਾ ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
9814699446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.