ਜੀਵਨ ਦੀਆਂ ਤੰਗੀਆ- ਤੁਰਸ਼ੀਆਂ ਨੂੰ ਬੇਪਰਵਾਹੀ ਨਾਲ਼ ਮਾਨਣਾ ਤੇ ਜ਼ਿੰਦਗੀ ਦੇ ਹਰ ਪੜਾਅ ਤੇ ਹਰ ਪਲ਼ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਜੀਊਣਾ ਜੇ ਕਿਸੇ ਦੇ ਹਿੱਸੇ ਆਇਆ ਹੈ ਤਾਂ ਉਹ ਹੈ ਫ਼ਰੀਦਕੋਟ ਦੀ ਧਰਤੀ ਦੇ ਫ਼ਕੀਰ ਸ਼ਾਇਰ ਜਗੀਰ ਸੱਧਰ ਜੀ । ਬੇਸ਼ੱਕ ਸਾਹਿਤਕ ਸਭਾਵਾਂ, ਸਾਹਿਤਕ ਸੰਸਥਾਵਾਂ ਵਲੋਂ ਉਹਨਾਂ ਨੂੰ ਅਣਗੌਲਿਆਂ ਹੀ ਰੱਖਿਆ ਗਿਆ ਪਰ ਉਹਨਾਂ ਨੇ ਫਿਰ ਵੀ ਆਪਣੇ ਸ਼ਾਇਰੀ ਦੇ ਸਫ਼ਰ ਨੂੰ ਬਿਨਾਂ ਕਿਸੇ ਲਾਲਸਾ ਦੇ ਜੀਵਨ ਚਿੰਤਨ ਖਾਤਰ ਜਾਰੀ ਰੱਖਿਆ । ਜਿੱਥੇ ਅਜੋਕੀ ਦੁਨੀਆਂ ਵਿੱਚ ਕਵੀ ਜਾਂ ਕਲਾਕਾਰ ਆਪਣੀ ਕਲਾ ਜਾਂ ਕਵਿਤਾ ਦੇ ਸਿਰ ਤੇ ਅਨੇਕਾਂ ਤਰ੍ਹਾਂ ਦੇ ਜੁਗਾੜ ਲਾ ਕੇ ਅਹੁਦੇ,ਸਨਮਾਨ ਜਾਂ ਕਿਸੇ ਸੰਸਥਾ ਵਿੱਚ ਨੌਕਰੀ ਪ੍ਰਾਪਤ ਕਰ ਲੈਂਦੇ ਹਨ ਤਾਂ ਦੂਜੇ ਪਾਸੇ ਜੇ ਜਗੀਰ ਸੱਧਰ ਵੱਲ ਨਿਗਾਹ ਮਾਰੀ ਜਾਵੇ ਤਾਂ ਉਹਨਾਂ ਨੂੰ ਇਹੋ-ਜਿਹਾ ਕੋਈ ਵੀ ਲਾਲਚ ਨਹੀਂ । ਉਹ ਸਰਕਾਰ ਦੇ ਝੋਲ਼ੀ ਚੱਕ ਜਾਂ ਦਰਬਾਰੀ ਕਵੀ ਨਾ ਹੋ ਕੇ ਇਹਨਾਂ ਸਿਫਾਰਸ਼ਾਂ ਤੋਂ ਦੂਰ ਇੱਕ ਫ਼ਕੀਰ ਸ਼ਾਇਰ ਹੋ ਜਾਂਦੇ ਹਨ ਤੇ ਲਿਖਦੇ ਹਨ :-
ਮਾਰਗ ਭੁਲਾ ਕੇ ਇਸ਼ਕ ਦਾ
ਠਿੱਕਰਾਂ ਲਈ ਦੌੜਦੀ ,
ਸੱਧਰ ਇਹ ਦੁਨੀਆਂ ਬਾਵਰੀ
ਕਿੱਧਰ ਨੂੰ ਹੋ ਤੁਰੀ ।
ਉਹਨਾਂ ਦੇ ਸਾਹਿਤਕ ਸਫ਼ਰ ਦੀ ਜੇ ਗੱਲ ਕਰੀਏ ਤਾਂ ਹੁਣ ਤੱਕ ਉਹਨਾਂ ਦੀਆਂ ਛੇ ਕਿਤਾਬਾਂ ਛਪ ਚੁੱਕੀਆਂ ਹਨ ਤੇ ਅਗਲੀ ਸੱਤਵੀਂ ਕਿਤਾਬ (ਆਪਣੇ ਹਿੱਸੇ ਦਾ ਅੰਬਰ ) ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਛਪ ਕੇ ਬਹੁਤ ਜਲਦੀ ਆ ਰਹੀ ਹੈ । ਇਸ ਤੋਂ ਇਲਾਵਾ ਉਹਨਾਂ ਦੇ ਲਿਖੇ ਗੀਤਾਂ ਨੂੰ ਅਨੇਕਾਂ ਨਾਮਵਰ ਗਾਇਕਾਂ ਜਿਵੇਂ ਕਿ, ਲਾਭ ਹੀਰਾ , ਸੁਖਵਿੰਦਰ ਸਾਰੰਗ , ਕੰਵਰ ਗਰੇਵਾਲ, ਮੱਘਰ ਅਲੀ , ਵੇਦ ਸਾਗਰ, ਸਾਬਰ ਕੋਟੀ, ਹਰਮਨ ਗੁਲਜ਼ਾਰ ਆਦਿ ਅਨੇਕਾਂ ਗਾਇਕਾਂ ਨੇ ਗਾਇਆ ।
ਪਿੱਛੇ ਜਿਹੇ ਉਹਨਾਂ ਦੀ ਕਿਤਾਬ , "ਇਕ ਤੁਪਕਾ ਸਮੁੰਦਰ " ਸਮਾਣਾ ਪਬਲੀਕੇਸ਼ਨਜ਼ ਅਧੀਨ ਛਪ ਕੇ ਆਈ ਹੈ ਜਿਸਨੂੰ ਪਾਠਕਾਂ ਵਲੋਂ ਰੱਜਵਾਂ ਪਿਆਰ ਮਿਲਿਆ ਹੈ । ਇਸੇ ਕਿਤਾਬ ਵਿਚੋਂ ਇੱਕ ਕਵਿਤਾ :-
ਨਾਨਕ ਜੇ ਮਾਂ-ਬਾਪ ਦਾ
ਆਗਿਆਕਾਰੀ ਪੁੱਤਰ ਹੁੰਦਾ
ਤਾਂ ਕਿਸੇ ਕਸਬੇ ਦੀ
ਕਿਸੇ ਨੁੱਕਰ ਵਿਚ
ਕਿਸੇ ਹੱਟੀ 'ਚ ਬੈਠਾ
ਕੁਫ਼ਰ ਦਾ ਸੌਦਾ ਤੋਲਦਾ
ਚਾਂਦੀ ਦੇ ਸਿੱਕੇ ਗਿਣਦਾ
ਤੇ..ਆਪਣੇ ਲਖਮੀ ਜਾਂ ਸਿਰੀ
ਦੇ ਭਵਿੱਖ ਦੀ ਚਿੰਤਾ ਵਿਚ ਡੁੱਬਾ
ਕਦੋਂ ਦਾ ਦੰਮ ਤੋੜ ਗਿਆ ਹੁੰਦਾ
ਤੇ.. ਅਨੰਤ ਖੱਤਰੀਆਂ ਦੇ ਪੁੱਤਾਂ ਵਾਂਗ
ਸਮੇਂ ਦੀ ਧੂੜ ਵਿਚ ਦੱਬ ਗਿਆ ਹੁੰਦਾ !
ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਸਾਂਝੀ ਕਰਨ ਦੀ ਖੁਸ਼ੀ ਲੈਂਦਾ ਹੋਇਆ ਦੱਸਣਾ ਚਾਹਾਂਗਾ ਕਿ ਜਦੋਂ ਜਗੀਰ ਸੱਧਰ ਨੇ ਹਜੇ ਲਿਖਣਾ ਸ਼ੁਰੂ ਹੀ ਕੀਤਾ ਸੀ ਤਾਂ ਉਹਨਾਂ ਨੇ ਇੱਕ ਗੀਤ ਲਿਖਿਆ ਤੇ ਆਪਣੇ ਤੋਂ ਵੱਡੀ ਉਮਰ ਦੇ ਸਿਆਣੇ ਕਵੀ ਪਿਆਰਾ ਸਿੰਘ ਹਾਂਸ ਨੂੰ ਵਿਖਾਇਆ ਕਿ , ਵੇਖਣਾ ਇਹ ਗੀਤ ਮੈਂ ਲਿਖਿਆ ਹੈ ਕਿਹੋ ਜਿਹਾ ਹੈ ? ਤਾਂ ਓਸ ਬੰਦੇ ਨੇ ਜਗੀਰ ਸੱਧਰ ਨੂੰ ਇਹ ਕਹਿ ਕੇ ਬੜਾ ਨਿਰਾਸ਼ ਕੀਤਾ ਕਿ ਇਹ ਗੀਤ ਤਾਂ ਗੀਤ ਹੈ ਈ ਨਹੀਂ। ਕਿਉਂਕਿ ਗੀਤ ਵਿਚ ਇਕ ਲਾਈਨ ਸੀ ਕਿ "ਬਣ ਗਈਆਂ ਨਾਗ਼ ਭਿੱਜ ਕੇ ਗੋਰੀ ਧੌਣ ਤਾਂ ਨਾ ਜ਼ੁਲਫ਼ਾਂ ਲਹਿੰਦੀਆਂ " । ਤਾਂ ਪਿਆਰਾ ਸਿੰਘ ਹਾਂਸ ਕਹਿੰਦੇ ਕਿ ਜ਼ੁਲਫ਼ਾਂ ਭਿੱਜ ਕੇ ਨਾਗ਼ ਨਹੀਂ ਬਣਦੀਆਂ ਬਲਕਿ ਸੁੱਕੀਆਂ ਜ਼ੁਲਫ਼ਾਂ ਹੀ ਨਾਗ਼ ਹੁੰਦੀਆਂ ਨੇ , ਕਿਓਂ ਕਿ ਜਦੋਂ ਉਹ ਹਵਾ ਨਾਲ ਉਡਦੀਆਂ ਨੇ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਨਾਗ਼ ਫੁੰਕਾਰੇ ਮਾਰਦਾ ਹੋਵੇ ।
ਇਹ ਸਾਰੀ ਘਟਨਾ ਤੋਂ ਬਾਅਦ ਉਹੀ ਗੀਤ ਜਦੋਂ ਜਗੀਰ ਸੱਧਰ ਨੇ ਬਿਸਮਿਲ ਫ਼ਰੀਦਕੋਟੀ ਜੀ ਨੂੰ ਵਿਖਾਇਆ ਤਾਂ ਉਹ ਬਹੁਤ ਖੁਸ਼ ਹੋਏ ਤੇ ਜਗੀਰ ਸੱਧਰ ਨੂੰ ਸ਼ਾਬਾਸ਼ੇ ਵੀ ਦਿੱਤੀ । ਪਰ ਜਦੋਂ ਜਗੀਰ ਸੱਧਰ ਨੇ ਉਹੀ ਪੁਰਾਣਾ ਵਾਕਿਆਤ ਬਿਸਮਿਲ ਫ਼ਰੀਦਕੋਟੀ ਜੀ ਨੂੰ ਦੱਸਿਆ ਕਿ ਹਾਂਸ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਇਹ ਗੀਤ ਹੈ ਈ ਨਹੀਂ, ਤਾਂ ਬਿਸਮਿਲ ਫ਼ਰੀਦਕੋਟੀ ਜੀ ਨੇ ਕਿਹਾ ਕਿ ਉਹਨੂੰ ਕਹੀਂ ਕਿ ਜ਼ੁਲਫ਼ਾਂ ਤਾਂ ਜ਼ੁਲਫ਼ਾਂ ਈ ਹੁੰਦੀਆਂ ਨੇ , ਇਹ ਤੇ ਸ਼ਾਇਰ ਦਾ ਆਪਣਾ ਖਿਆਲ ਏ ਕਿ ਉਹ ਸੁੱਕੀਆਂ ਨੂੰ ਨਾਗ਼ ਬਣਾਉਂਦਾ ਹੈ ਜਾਂ ਗਿੱਲੀਆਂ ਨੂੰ ।
ਅੰਤ ਵਿੱਚ ਉਹਨਾਂ ਦੀਆਂ ਕੁੱਝ ਸਤਰਾਂ ਨਾਲ ਮੈਂ ਉਹਨਾਂ ਬਾਰੇ ਤੁਹਾਡੇ ਵਿਚਾਰਾਂ ਨੂੰ ਖੁੱਲ੍ਹਾ ਛੱਡਦਾ ਹਾਂ -:
' ਮੈਂ ਹੀਰੇ ਸੁੱਟਦਾ ਫਿਰਦਾਂ ਤੇ ਕੱਚ ਸੰਭਾਲਦਾ ਫਿਰਦਾਂ
ਬੜਾ ਹੀ ਕੀਮਤੀ ਜੀਵਨ ਮੈਂ ਐਵੇਂ ਗਾਲਦਾ ਫਿਰਦਾਂ ' ।
"ਐ ਸੱਧਰ ਜੇ ਹੱਕ ਸੱਚ ਲਈ ਸਾਰੀ ਖ਼ਲਕਤ ਜੂਝ ਪਈ
ਕਿਹੜੇ-ਕਿਹੜੇ ਈਸਾ ਨੂੰ ਫਿਰ ਸੂਲੀ ਤੇ ਲਟਕਾਵੋਗੇ " ।
-
ਹਰਦੀਪ ਸਿੰਘ, ਐਮ.ਫਿਲ ਪੰਜਾਬੀ, ਦਿੱਲੀ ਯੂਨੀਵਰਸਿਟੀ, ਦਿੱਲੀ
*****************
78378-71236
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.