ਕੱਲ੍ਹ ਦੁਪਹਿਰੇ ਲੋਪੋ ਕੇ ਚੁਗਾਵਾਂ ਨੇੜਲੇ ਪਿੰਡ ਕੋਹਾਲੀ ਤੋਂ ਸ਼ਾਇਰ ਮਿੱਤਰ ਜਤਿੰਦਰ ਔਲਖ ਮਿਲਣ ਆਇਆ। ਚੰਗਾ ਲੱਗਾ ਉਸ ਦਾ ਆਉਣਾ।
ਉਸ ਕੋਲ ਉਸ ਦੀਆਂ ਦੋ ਕਿਤਾਬਾਂ
Fall can’t cease the springs
ਤੇ
Majha in ancient ages
ਸਨ। ਨਾਲ 2008 ਤੋਂ ਛਪਦੇ ਮੈਗਜ਼ੀਨ ਦੇ ਕੁਝ ਪੰਜਾਬੀ ਤੇ ਹਿੰਦੀ ਸੰਸਕਰਨ ਵੀ। ਉਹ ਸਾਰਾ ਕੁਝ ਮੇਰੇ ਪੜ੍ਹਨ ਲਈ ਲੈ ਕੇ ਆਇਆ ਸੀ।
ਹਿੰਦੀ ਪਰਚਿਆਂ ਚੋਂ ਇੱਕ ਦੇਵ ਭਾਰਦਵਾਜ ਵਿਸ਼ੇਸ਼ ਸਿਮਰਤੀ ਅੰਕ ਸੀ।
ਦੇਵ ਭਾਰਦਵਾਜ ਪਿਛਲੀ ਸਦੀ ਦੇ ਸਤਵੇਂ ਦਹਾਕੇ ਚ ਸੋਹਣੀ ਕਹਾਣੀ ਲਿਖਣ ਵਾਲਿਆਂ ਚੋਂ ਸੀ। ਮੁਖਤਾਰ ਗਿੱਲ, ਗੁਲ ਚੌਹਾਨ, ਸ਼ਮਸ਼ੇਰ ਸਿੰਘ ਸੰਧੂ, ਮੂਹਰਜੀਤ, ਖ਼ੁਰਸ਼ੀਦ ਤੇ ਆਪਣੇ ਵਰਗੇ ਕਿੰਨੇ ਹੋਰਨਾਂ ਜਿਹਾ।
ਦੇਵ ਡੀ ਪੀ ਆਈ ਦਫ਼ਤਰ ਚੰਡੀਗੜ੍ਹ ਵਿੱਚ ਕਰਮਚਾਰੀ ਸੀ ਮੋਹਨ ਭੰਡਾਰੀ ਤੇ ਹਰਸਰਨ ਸਿੰਘ ਨਾਟਕਕਾਰ ਨਾਲ। ਜਸਵੰਤ ਸਿੰਘ ਵਿਰਦੀ ਵੀ ਪਹਿਲਾਂ ਇਥੇ ਹੀ ਹੁੰਦਾ ਸੀ। ਮਗਰੋਂ ਅਮਰ ਗਿਰੀ ਵੀ। ਹਰਦੇਵ ਚੌਹਾਨ ਵੀ।
ਭੁਸ਼ਨ ਪੰਜਾਬ ਵਿੱਤ ਨਿਗਮ ਚ ਹੁੰਦਾ ਸੀ। ਸਕਤਰੇਤ ਚ ਸੁਖਪਾਲ ਵੀਰ ਸਿੰਘ ਹਸਰਤ, ਸ਼੍ਰੀ ਰਾਮ ਅਰਸ਼, ਕਸ਼ਮੀਰ ਸਿੰਘ ਪੰਨੂ ਤੇ ਭਗਵੰਤ ਸਿੰਘ। ਵਿਅੰਗ ਲੇਖਕ ਸ: ਸੂਬਾ ਸਿੰਘ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਦੇ ਮੀਡੀਆ ਸਲਾਹਕਾਰ ਸਨ। ਡਾ: ਗੁਰਚਰਨ ਸਿੰਘ ਰੂਸ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਸਨ।
ਚੰਡੀਗੜ੍ਹ ਕਲਮਗੜ੍ਹ ਸੀ ਉਦੋਂ।
ਸ਼ਿਵ ਕੁਮਾਰ ਵੀ ਏਥੇ ਰਿਹਾ ਸੀ ਪਰ ਸਾਡੇ ਚੰਡੀਗੜ੍ਹ ਫੇਰੇ ਤੋਰੇ ਤੋਂ ਪਹਿਲਾਂ ਵਲੈਤ ਜਾ ਕੇ ਪਰਤਿਆ ਤਾਂ ਬੀਮਾਰ ਪੈ ਗਿਆ। ਵਾਇਆ ਬਟਾਲਾ ਆਪਣੇ ਸਹੁਰੀਂ ਕਿੜੀ ਮੰਗਿਆਲ (ਪਠਾਣਕੋਟ)ਜਾ ਕੇ ਗੁਰਪੁਰੀ ਪਿਆਨਾ ਕਰ ਗਿਆ।
ਦੇਵ ਬੜਾ ਮੁਹੱਬਤੀ ਜੀਅ ਸੀ ਸਵਾ ਛੇ ਫੁੱਟ ਲੰਮਾ ਗੱਭਰੂ। ਸਤਾਰਾਂ ਸੈਕਟਰ ਚ ਲੰਚ ਬਰੇਕ ਵੇਲੇ ਸਭ ਤੋਂ ਲੰਮਾ, ਅਲਬੇਲਾ ਤੇ ਲਟਬਾਵਰਾ।
ਬਟਾਲਿਓਂ ਅੰਬਰਸਰ ਜਾਂਦਿਆਂ ਉਸ ਦਾ ਪਿੰਡ ਮਰੜ੍ਹ ਸੀ। ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਬੋਪਾਰਾਏ ਵਾਲਾ, ਸਾਬਕਾ ਵਿਧਾਇਕ ਗੁਰਮੇਜ ਸਿੰਘ, ਕੁਲਵੰਤ ਸਿੰਘ ਐਡਵੋਕੇਟ ਤੇ ਮੰਤਰੀ ਕਰਨੈਲ ਸਿੰਘ ਮਰੜ੍ਹੀ ਵਾਲਾ।
ਉਸ ਦੀ ਸਾਡੇ ਪਿੰਡ ਲਾਗੇ ਰਾਊਵਾਲ ਪਿੰਡ ਵਿੱਚ ਕੋਈ ਨੇੜਲੀ ਰਿਸ਼ਤੇਦਾਰੀ ਸੀ। ਇਸੇ ਸਾਕੋਂ ਉਹ ਭੂਸ਼ਨ ਤੇ ਮੇਰੇ ਨਾਲ ਸਨੇਹ ਵਿਖਾਉਂਦਾ।
ਜਤਿੰਦਰ ਔਲਖ ਨੇ ਦੱਸਿਆ ਕਿ 11ਫਰਵਰੀ ਨੂੰ ਦੋ ਸਾਲ ਪਹਿਲਾਂ ਸਦੀਵੀ ਅਲਵਿਦਾ ਕਹਿ ਗਿਆ ਸੀ। ਜੀਵਨ ਸਾਥਣ ਦੇ ਮਗਰੇ ਮਗਰ।
ਮੈਨੂੰ ਸੁਰਜੀਤ ਪਾਤਰ ਜੀ ਦੀ ਲਿਖੀ ਗ਼ਜ਼ਲ ਦਾ ਸ਼ਿਅਰ ਚੇਤੇ ਆਇਆ।
ਰੇਤਾ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲੱਗਦਾ ਹੈ,
ਕਿੰਨੀ ਛੇਤੀ ਭੁੱਲ ਗਏ ਸਾਨੂੰ, ਤੇਰੇ ਯਾਰ ਨਗਰ ਦੇ ਲੋਕ।
ਦੇਵ ਭਾਰਦਵਾਜ ਸੋਹਣੀ ਕਹਾਣੀ ਲਿਖਦਾ ਸੀ। ਮਗਰੋਂ ਅੰਗਰੇਜ਼ੀ ਪੱਤਰਕਾਰੀ ਚ ਪੈ ਗਿਆ। ਕਾਫ਼ਲਾ ਮੈਗਜ਼ੀਨ ਦਾ ਅੰਮ੍ਰਿਤਾ ਪ੍ਰੀਤਮ ਵਿਸ਼ੇਸ਼ ਅੰਕ ਯਾਦਗਾਰੀ ਸੀ।
ਉਸ ਨੂੰ ਚੇਤੇ ਕਰਦਿਆਂ ਮੈਂ ਬਹੁਤ ਭਾਵੁਕ ਹਾਂ। ਬਹੁਤੀਆਂ ਗੱਲਾਂ ਸੰਭਵ ਨਹੀਂ ਇਸ ਵੇਲੇ।
ਵੱਡਾ ਵੀਰ ਸੱਚ ਮੁੱਚ ਵੱਡਾ ਬੰਦਾ ਸੀ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.