ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪਿਆਰ ਮੁਹੱਬਤ ਮਿਲਵਰਤਣ ਮੁੜ ਕੇ ਫਿਰ ਪਿੰਡਾਂ ਨੂੰ ਪਰਤ ਆਇਆ ਹੈ। ਰਲ ਮਿਲ ਫਿਰ ਬੈਠਣ ਦਾ ਮੌਕਾ ਮਿਲਿਆ। ਖੇਤਾਂ ਨੂੰ ਪਤਾ ਲੱਗਾ ਕਿ ਸਾਡੇ ਤੇ ਤਾਂ ਕੋਈ ਹੋਰ ਹੀ ਰਖਵਾਲੀ ਕਰ ਰਿਹਾ ਹੈ। ਤੇ ਹੁਣ ਸਾਨੂੰ ਖੇਤਾਂ ਤੋਂ ਵੀ ਲਾਂਭੇ ਕਰਨ ਲਈ ਸੋਚ ਰਿਹਾ ਹੈ।
ਮਿੱਟੀਆਂ ਕਿਸੇ ਆਸਰੇ ਦੀਆਂ ਮੁਥਾਜ ਨਹੀਂ ਹੁੰਦੀਆਂ ਤੇ ਨਾ ਹੀ ਮੁਸ਼ਕਤ ਵਾਲੇ ਹੱਥ। ਜੇ ਤੁਸੀਂ ਇੰਨੀਆਂ ਟਰਾਲੀਆਂ ਟਰੈਕਟਰ ਤੇ ਖਾਣ ਵਾਲੇ ਸਾਮਾਨ ਦਾ ਪ੍ਰਬੰਧ ਕਰ ਕੇ ਦਿੱਲੀ ਪਹੁੰਚ ਸਕਦੇ ਹੋ ਬੈਰੀਕੇਡ ਤੋੜ ਸਕਦੇ ਹੋ ਤਾਂ ਹੋਰ ਵੀ ਸਭ ਕੁੱਝ ਕਰ ਸਕਦੇ ਹੋ। ਰੋਜ਼ੀ ਰੋਟੀ ਲਈ ਖੇਤ ਪਿੰਡਾਂ ਚ ਹੀ ਸਾਰੇ ਪ੍ਰਬੰਧ ਕਰਨ ਲਈ ਪਿੰਡ ਕਸਬੇ ਆਪਣੀਆਂ ਦੁਕਾਨਾਂ ਸਟੋਰਾਂ ਦਾ ਜੇ ਆਪ ਹੀ ਰਲ ਕੇ ਪ੍ਰਬੰਧਨ ਕਰਕੇ ਆਪ ਹੀ ਵਾਰੀ ਚਲਾ ਲੈਣ ਤਾਂ ਉਨ੍ਹਾਂ ਨੂੰ ਦੂਰ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ--
*ਪਿੰਡ ਜਾਂ ਨੇੜੇ ੨ ਪਿੰਡਾਂ ਦੇ ਆਪਣੇ ੨ ਰੋਜ਼ਾਨਾ ਦੀਆਂ ਲੋੜਾਂ ਦੇ ਸਟੋਰ ਬਣਾਓ
* ਸਬਜ਼ੀਆਂ ਫਲਾਂ ਫੁੱਲਾਂ ਦੀਆਂ ਦੁਕਾਨਾਂ ਆਪਣੀਆਂ ਖੋਲ੍ਹੀਆਂ ਜਾਣ
*ਅੱਛੇ ਉੱਤਮ ਵਧੀਆ ਸਕੂਲ ਹਸਪਤਾਲ ਆਪਣੇ ਬਣਾਓ ਤੇ ਚਲਾਓ
* ਰੈਡੀਮੇਡ ਜਾਂ ਹੋਰ ਕੱਪੜੇ ਦੀ ਦੁਕਾਨ ਵੀ ਆਪਣੀ ਹੋਣੀ ਚਾਹੀਦੀ ਹੈ
*ਵੱਖਰੀਆਂ ੨ ਦਾਲਾਂ ਚੀਨੀ ਘਿਓ ਤੇਲ ਚਾਹ ਪੱਤੀਆਂ ਅਸੀਂ ਹੀ ਪੈਦਾ ਕਰਦੇ ਹਾਂ ਤੇ ਲੈਣ ਲਈ ਸ਼ਹਿਰ ਜਾਂਦੇ ਹਾਂ ਹਰ ਵਾਰ ਇਹ ਕਿੱਥੋਂ ਦੀ ਸਿਆਣਪ ਹੈ
*ਚੱਕੀਆਂ ਕੋਹਲੂ ਆਪਣੇ ਲਾਓ ਤੇ ਸਾਰੇ ਪਿੰਡ ਨੂੰ ਐਸ਼ ਕਰਾਓ ਪਹਿਲੇ ਸਮਿਆਂ ਵਾਂਗ
*ਵਿਆਹਾਂ ਸ਼ਾਦੀਆਂ ਤੇ ਹੋਰ ਤਿਉਹਾਰ ਰਲ ਕੇ ਮਨਾਉਣ ਲਈ ਲੋਹੜੀ ਮੇਲੇ ਦੀਵਾਲੀ ਇੱਕ ਵਾਰ ਟੈਂਟ ਦਾ ਸਮਾਨ ਬਣਾਉਣ ਤੇ ਸਾਰੇ ਵਰਤਦੇ ਰਹੋ ਮੁਫ਼ਤ ਸਦਾ ਲਈ। ਸਾਡੇ ਗੁਰਦੁਆਰੇ ਹੀ ਬਹੁਤ ਪ੍ਰਬੰਧ ਕਰ ਸਕਦੇ ਹਨ ਤੇ ਅਸੀਂ ਕਰਦੇ ਵੀ ਹਾਂ
*ਇਸ ਤੋਂ ਜੋ ਵੀ ਆਮਦਨ ਮੁਨਾਫ਼ਾ ਹੋਵੇ ਸਾਰੀ ਪਿੰਡ ਦੇ ਵਿਕਾਸ ਲਈ ਹੀ ਵਰਤੀ ਜਾਵੇ
*ਸਾਰੇ ਰਲ-ਮਿਲ ਪੈਸੇ ਇਕੱਠੇ ਕਰਕੇ ਸ਼ੁਰੂਆਤ ਕਰੋ ਅਸੀਂ ਵੀ ਤੁਹਾਡੇ ਨਾਲ ਹਾਂ ਜਿਹੜੇ ਪੈਸੇ ਦੇਣਗੇ ਉਨ੍ਹਾਂ ਨੂੰ ਸਾਮਾਨ ਮੁਫ਼ਤ ਮਿਲੇਗਾ ਕਈ ਸਾਲਾਂ ਤਕ
*ਸਾਰੇ ਪਿੰਡ ਦੀ ਮਠਿਆਈ ਦੀ ਦੁਕਾਨ ਤੇ ਢਾਬਾ ਇੱਕ ਦੋ ਖੋਲ੍ਹੇ ਜਾ ਸਕਦੇ ਹਨ ਜੇਕਰ ਨੀ ਪਕਾਉਣੀ ਤਾਂ ਨਹੀਂ ਤਾਂ ਗੁਰਦੁਆਰੇ ਰਲ-ਮਿਲ ਲੰਗਰ ਲਾਈ ਰੱਖੋ..ਅੱਗੇ ਕਿਹੜਾ ਕਦੇ ਲਾਉਂਦੇ ਨਹੀਂ ਆਪਾਂ-
*ਅੱਜ ਤੋਂ ਹੀ ਗੁਰਦੁਆਰਿਆਂ ਦੀਆਂ ਭੇਟਾਵਾਂ ਸਾਰੀਆਂ ਪਿੰਡਾਂ ਲਈ ਵਰਤੋ ..ਅੰਮ੍ਰਿਤਸਰੋਂ ਕਮੇਟੀ ਵਾਲੇ ਲੈਣ ਆਉਣ ਤਾਂ ਬੰਨ੍ਹ ਕੇ ਬਿਠਾ ਲਓ।ਇਸ ਗੁਰਦੁਆਰੇ ਦੀ ਭੇਟਾਂ ਤੇ ਪਲਣ ਵਾਲੇ ਪੈਰਾਸਾਈਟ ਵੀ ਖ਼ਤਮ ਹੋ ਜਾਣਗੇ
*ਖਾਲੀ ਪਈਆਂ ਛੱਤਾਂ ਨੂੰ ਫੁੱਲਾਂ ਸਬਜ਼ੀਆਂ ਨਾਲ ਭਰ ਦਿਓ
*ਤੇਜ਼ ਵਗਦੀ ਹਵਾ ਨੂੰ ਵਰਤੋ
*ਘਰਾਹਟ ਲਾਓ ਪਾਣੀ ਤੋਂ ਬਿਜਲੀ ਪੈਦਾ ਕਰੋ
*ਮਲ ਮੂਤਰ ਗੋਬਰ ਤੋਂ ਗੈਸਾਂ ਪੈਦਾ ਕਰੋ ਰੀਸਾਈਕਲ ਕਰੋ ਸਭ ਕੁੱਝ। ਕੋਈ ਵੀ ਚੀਜ਼ ਅਜਾਈਂ ਨਾ ਗਵਾਓ ਕੂੜੇ ਚ ਨਾ ਸੁੱਟੋ ਹਰੇਕ ਚੀਜ਼ ਵਰਤਣ ਵਾਲੀ ਹੈ ਰੀਸਾਈਕਲ ਹੋ ਸਕਦੀ ਹੈ
*ਇਕ ਸੁਨਿਆਰੇ ਦੀ ਮੋਚੀ ਦੀ ਘੁਮਿਆਰ ਨਾਈ ਹਲਵਾਈ ਦੀ ਦੁਕਾਨ ਪਿੰਡਾਂ ਲਈ ਬਹੁਤ ਹੈ ਉਸ ਲਈ ਆਪਣੇ ਹੀ ਕੋਈ ਬੰਦੇ ਟਰੇਨ ਕਰੋ। ਸ਼ਹਿਰ ਬਣਾ ਦਿਓ ਪਿੰਡ ੨ ਨੂੰ।
*ਆਪਣੀ ਹੀ ਬੈਂਕ ਖੋਲ੍ਹੋ ਕਰਜ਼ੇ ਲਈ ਇਕ ਦੂਸਰੇ ਨੂੰ ਆਪਣੀ ਬੈਂਕ ਚੋਂ ਹੀ ਮਦਦ ਕਰੋ ਕਿਸੇ ਮੂਹਰੇ ਹੱਥ ਨਾ ਅੱਡੋ
*ਤੀਆਂ ਕਿਕਲੀਆਂ ਮੁੜ ਪਿੰਡਾਂ ਵੱਲ ਨੂੰ ਸੱਦੋ ਚਰਖਿਆਂ ਦੀ ਘੂਕਰ ਸ਼ੁਰੂ ਕਰੋ
*ਬਜ਼ੁਰਗਾਂ ਦੀ ਮਤ ਲਓ ਉਨ੍ਹਾਂ ਨੂੰ ਵੀ ਸੁਣੋ ਉਹ ਤੁਹਾਡੇ ਹੀ ਐਡਵਾਈਜ਼ਰ ਨੇ ਸਾਰੇ ਪਿੰਡਾਂ ਦੇ
*ਪਿੰਡ ਦੇ ਹੀ ਟੀਚਰ ਹੋਣ ਤੇ ਪਿੰਡ ਦੇ ਹੀ ਡਾਕਟਰ। ਰਿਟਾਇਰਡ ਫ਼ੌਜੀ ਡਾਕਟਰ ਟੀਚਰਾਂ ਦੀ ਸਹਾਇਤਾ ਲਈ ਜਾਵੇ
*ਆਪਣੇ ਹੀ ਸਟੋਰਾਂ ਦੀ ਆਮਦਨ ਨਾਲ ਨਾਲੀਆਂ ਸੜਕਾਂ ਪੱਕੀਆਂ ਕੀਤੀਆਂ ਜਾਣ ਪਾਰਕ ਤੇ ਜਿਮ ਉਸਾਰੇ ਜਾਣ
* ਇੱਕ ਡੇਰੀ ਫਾਰਮ ਸਾਂਝਾ ਦੁੱਧ ਬਟਰ ਕਰੀਮ ਘਿਓ ਤੇ ਲੱਸੀ ਦਹੀਂ ਦੀ ਪੂਰਤੀ ਕਰ ਸਕਦਾ ਹੈ
*ਇੱਕ ਇੱਕ ਪੈਟਰੋਲ ਪੰਪ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ
*ਗੋਬਰ ਗੈਸ ਪਲਾਂਟ ਬਣਾ ਕੇ ਸਾਰੇ ਪਿੰਡ ਦੀ ਗੈਸ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ ਉਹਦੇ ਨਾਲ ਲਾਈਟ ਵੀ ਜਗ ਸਕਦੀ ਹੈ
*ਪਿੰਡਾਂ ਲਈ ਸਾਂਝੇ ਸੋਲਰ ਪੈਨਲ ਲਾ ਕੇ ਸੋਲਰ ਐਨਰਜੀ ਵਰਤੀ ਜਾ ਸਕਦੀ ਹੈ ਪਵਨ ਊਰਜਾ ਨੂੰ ਵਰਤੋਂ ਚ ਲਿਆਓ
*ਪਿੰਡਾਂ ਦੇ ਸਿਆਣੇ ਮੁੰਡਿਆਂ ਦੇ ਗਰੁੱਪ ਕਮੇਟੀਆਂ ਬਣਾ ਕੇ ਪਿੰਡਾਂ ਦੀਆਂ ਜ਼ਮੀਨਾਂ ਦੇ ਕਾਰਜ ਵੀ ਆਪ ਸਾਂਭ ਸਕਦੇ ਹਨ। ਫ਼ਸਲਾਂ ਲਈ ਜੋ ਸੰਦ ਚਾਹੀਦੇ ਹਨ ਉਹ ਬਣਾ ਲਏ ਜਾਣ ਤੇ ਸਾਰੇ ਵਰਤਣ। ਵਾਧੂ ਟਰੈਕਟਰਾਂ ਟਰਾਲੀਆਂ ਤੇ ਖ਼ਰਚਾ ਨਾ ਕੀਤਾ ਜਾਵੇ।
*ਸਾਂਝੇ ਕੰਮਾਂ ਨੂੰ ਜੇ ਅਸੀਂ ਕਹੀਆਂ ਟਰੈਕਟਰ ਲਿਆ ਸਕਦੇ ਹਾਂ ਤਾਂ ਆਰੀਆਂ ਤੇਸੀਆਂ ਕਰਾਂਡੀਆਂ ਵੀ ਆਪ ਫੜੋ ਕੰਮ ਕਿਹੜਾ ਔਖਾ ਹੈ ਮੈਂ ਕਰੂੰਗਾ ਤੁਹਾਡੀ ਮਦਦ ਜਿਹੜੀ ਗੱਲ ਨ੍ਹੀਂ ਆਊਗੀ ਆਪਾਂ ਰਲ ਕੇ ਕਰਾਂਗੇ
*ਸ਼ੋਅ ਦੇ ਕੰਮ ਨਾ ਕਰਿਆ ਕਰੋ ਵਿਖਾਵੇ ਲਈ ਟੌਹਰ ਨਾ ਮਾਰਿਆ ਕਰੋ ਵਾਧੂ ਖ਼ਰਚੇ ਨਾ ਕਰਿਆ ਕਰੋ ਦੂਸਰੇ ਦੇ ਬੱਚਿਆਂ ਦੇ ਵਿਆਹਾਂ ਵੇਲੇ ਮਦਦ ਰਲ ਕੇ ਕਰਿਆ ਕਰੋ। ਇਨ੍ਹਾਂ ਸਾਰੇ ਕੰਮਾਂ ਚ ਅਸੀਂ ਤੁਹਾਡੀ ਮਦਦ ਕਰਾਂਗੇ ਬਾਹਰ ਜੋ ਤਿਲ ਫੁੱਲ ਘੱਲਾਂਗੇ ਤੁਸੀਂ ਸੁਖੀ ਵਸੋ ਮੇਰਾ ਪੰਜਾਬ ਸੁਖੀ ਵਸੇ ਸਾਨੂੰ ਆਪੇ ਸੁੱਖ ਦਾ ਸਾਹ ਆ ਜਾਵੇਗਾ
*ਕਿਤੇ ਰਲ ਮਿਲ ਜਾਣ ਲਈ ਆਪਣੀਆਂ ਹੀ ਬੱਸਾਂ ਆਟੋ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਪਿੰਡ ਦਾ
ਇਹ ਸਾਰੇ ਸ਼ਹਿਰਾਂ ਚੋਂ ਤੁਹਾਡੇ ਤਰਲੇ ਮਿੰਨਤਾਂ ਕਰਨ ਆਉਣਗੇ ਬਈ ਏਦਾਂ ਦਾ ਨਾ ਕਰੋ ਸਾਡੇ ਕੋਲ ਆਇਆ ਕਰੋ। ਤੇ ਫੇਰ ਤੁਸੀਂ ਪਿੰਡਾਂ ਦੇ ਆਲੇ ਦੁਆਲੇ ਬੈਰੀਕੇਡ ਕਰ ਦੇਣਾ ਇਨ੍ਹਾਂ ਲਈ ..ਤੇ ਲਿਖ ਕੇ ਲਾ ਦੇਣਾ ਖ਼ਬਰਦਾਰ ਕੋਈ ਸਾਡੇ ਪਿੰਡਾਂ ਚ ਵੜਿਆ ਤਾਂ। ਅਸੀਂ ਹਾਂ ਸਾਰੇ ਬਹੁਪੱਖੀ ਪ੍ਰਬੰਧ ਕਰਨ ਵਾਲੇ ਹਰ ਤਰ੍ਹਾਂ ਦਾ। ਮੇਰੇ ਕੋਲ ਹੋਰ ਵੀ ਬਹੁਤ ਨੇ ਢੰਗ ਤਰੀਕੇ ਤੇ ਨਵੇਂ ਮਾਡਲ ਜੋ ਪਿੰਡਾਂ ਕਸਬਿਆਂ ਚ ਰਲ ਮਿਲ ਕੇ ਵਰਤੇ ਜਾ ਸਕਦੇ ਹਨ। ਤੁਸੀਂ ਆਪਣੀ ਨਵੀਂ ਦੁਨੀਆਂ ਉਸਾਰ ਸਕਦੇ ਹੋ।
-
ਡਾ ਅਮਰਜੀਤ ਟਾਂਡਾ, ਲੇਖਕ
drtanda101@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.