ਬਾਬਾ ਸ਼ੇਖ਼ ਫ਼ਰੀਦ ਨੇ ਬਾਰ੍ਹਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, ਜੋ 900 ਸਾਲ ਬਾਅਦ ਵੀ ਸਮਾਜਿਕ ਤਾਣੇ ਬਾਣੇ ਨਾਲ ਸੁਮੇਲ ਖਾਂਦੇ ਹਨ। ਖ਼ਾਸ ਤੌਰ ‘ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿਚ ਢੁੱਕਦੇ ਹਨ। ਸ਼ਲੋਕ ਹਨ- ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।। ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁੱਖ।। 28 ਰੁੱਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਇ ਚੋਪੜੀ ਨਾ ਤਰਸਾਏ ਜੀਉ।।
29 ਇਨ੍ਹਾਂ ਸ਼ਲੋਕਾਂ ਦਾ ਭਾਵ ਹੈ ਕਿ ਜੋ ਤੁਹਾਨੂੰ ਵਾਹਿਗੁਰੂ ਨੇ ਦਿੱਤਾ ਹੈ, ਉਸ ਤੇ ਸਬਰ ਕਰੋ। ਕਾਠ ਦੀ ਰੋਟੀ ਜਦੋਜਹਿਦ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ ਕਿਉਂਕਿ ਰੋਟੀ ਸਖ਼ਤ ਮਿਹਨਤ ਤੋਂ ਬਾਅਦ ਨਸੀਬ ਹੁੰਦੀ ਹੈ। ਇਸ ਲਈ ਸਾਧਾਰਨ ਜੀਵਨ ਜੀਓ। ਦੂਜਿਆਂ ਦੀ ਅਮੀਰੀ ਨੂੰ ਵੇਖਕੇ ਹੋਰ ਅਮੀਰ ਬਣਨ ਦੀ ਇੱਛਾ ਨਾ ਕਰੋ ਪ੍ਰੰਤੂ ਜੇਕਰ ਅਜਿਹੀ ਲਾਲਸਾ ਰੱਖੋਗੇ ਤਾਂ ਦੁੱਖ ਹੀ ਦੁੱਖ ਭੋਗਣੇ ਪੈਣਗੇ। ਭਾਰਤ ਦਾ ਕਿਸਾਨ ਬਿਲਕੁਲ ਉਸੇ ਤਰ੍ਹਾਂ ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰਦਾ ਹੈ। ਹੋਰ ਕੋਈ ਲਾਲਸਾ ਨਹੀਂ, ਸਾਧਾਰਨ ਜੀਵਨ ਬਸਰ ਕਰਦਾ ਹੈ।
ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਪ੍ਰੰਤੂ ਵਿਓਪਾਰਕ ਅਦਾਰੇ ਆਪਣੀ ਲਾਲਸਾ ਨੂੰ ਹੋਰ ਵਧਾਉਂਦੇ ਹੋਏ ਕੇਂਦਰ ਸਰਕਾਰ ਰਾਹੀਂ ਕਿਸਾਨਾਂ ਦੀ ਰੁੱਖੀ ਸੁਖੀ ਨੂੰ ਖੋਹਣ ‘ਤੇ ਤੁਲੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਦੀ ਹੱਥ-ਠੋਕਾ ਬਣੀ ਹੋਈ ਹੈ। ਬਾਬਾ ਫ਼ਰੀਦ ਅਨੁਸਾਰ ਇਕ ਵਾਰ ਤਾਂ ਇਨਸਾਨ ਦੀ ਲਾਲਸਾ ਪੂਰੀ ਹੋ ਜਾਵੇਗੀ ਪ੍ਰੰਤੂ ਅਖੀਰ ਇਕ ਨਾ ਇਕ ਦਿਨ ਦੁੱਖ ਭੋਗਣੇ ਪੈਣਗੇ। ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ। ਇਹ ਕਾਨੂੰਨ ਬਣਾਉਣ ਵਾਲਿਆਂ ਨੂੰ ਵੀ ਇਕ ਦਿਨ ਭੁਗਤਣਾ ਪਵੇਗਾ। ਕਿਸਾਨੀ ਅੰਦੋਲਨ ਦੇ ਵਿਚ ਸਮਾਜ ਦੇ ਸਾਰੇ ਵਰਗਾਂ ਨੇ ਆਪੋ ਆਪਣੀ ਹੈਸੀਅਤ ਮੁਤਾਬਿਕ ਯੋਗਦਾਨ ਪਾਇਆ ਹੈ। ਸਮੁੱਚਾ ਸਮਾਜ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਤੋਂ ਪ੍ਰਭਾਵਿਤ ਹੋਣ ਦੇ ਅੰਦੇਸ਼ੇ ਕਰਕੇ ਚਿੰਤਾਤੁਰ ਹੈ।
ਇਹ ਲੋਕ ਅੰਦੋਲਨ ਬਣ ਗਿਆ ਹੈ। ਰੋਟੀ ਰੋਜ਼ੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਮਾਜ ਦੇ ਕੁਝ ਵਰਗ ਅਜੇਹੇ ਹਨ, ਜਿਹੜੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਉਨ੍ਹਾਂ ਵਰਗਾਂ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਇਨ੍ਹਾਂ ਵਰਗਾਂ ਵਿਚ ਸਾਹਿਤਕਾਰ, ਕਲਾਕਾਰ, ਸੰਗੀਤਕਾਰ, ਬੁੱਧੀਜੀਵੀ, ਪੇਂਟਰ, ਬੁੱਤ-ਘਾੜੇ ਅਤੇ ਗਾਇਕ ਆਦਿ ਸ਼ਾਮਲ ਹਨ। ਪ੍ਰੰਤੂ ਪੇਂਟਰ ਅਤੇ ਬੁੱਤ-ਘਾੜੇ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾ ਕੇ ਸੋਸ਼ਲ ਮੀਡੀਆ ਤੇ ਪਾਏ ਅਤੇ ਬੈਨਰ ਬਣਾ ਕੇ ਦਿੱਤੇ ਹਨ। ਇਕ ਬੁੱਤ-ਘਾੜਾ ਜਸਵਿੰਦਰ ਸਿੰਘ ਅਜਿਹਾ ਹੈ, ਜਿਹੜਾ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਸਬ ਡਵੀਜ਼ਨ ਦੇ ਪਿੰਡ ਮਹਿੰਦੀ ਪੁਰ ਵਿਚ ਰਹਿੰਦਾ ਹੈ, ਉਸ ਨੇ ਹਮੇਸ਼ਾ ਹੀ ਆਪਣੀ ਕਲਾ ਦੀ ਵਿਲੱਖਣ ਪ੍ਰਤਿਭਾ ਵਿਖਾਈ ਹੈ।
ਉਹ ਕਿਉਂਕਿ ਪਿੰਡ ਵਿਚ ਰਹਿੰਦਾ ਹੈ। ਇਸ ਲਈ ਉਸਨੇ ਕਿਸਾਨੀ ਅਤੇ ਕਿਸਾਨੀ ਤੇ ਨਿਰਭਰ ਰਹਿਣ ਵਾਲੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੀ ਕਲਾ ਦਾ ਪ੍ਰਗਟਾਵਾ ਲੱਕੜ ਅਤੇ ਆਟੇ ਦੀਆਂ ਕਲਾਕ੍ਰਿਤਾਂ ਬਣਾ ਕੇ ਕੀਤਾ ਹੈ। ਉਨ੍ਹਾਂ ਕਲਾਕ੍ਰਿਤਾਂ ਵਿਚ ਉਹਦੀਆਂ ਬਣਾਈਆਂ ਲੱਕੜ ਅਤੇ ਆਟੇ ਦੀਆਂ ਰੋਟੀਆਂ ਹਨ। ਉਹ ਦੱਸਦਾ ਹੈ ਕਿ ਕਿਸਾਨੀ ਅੰਦੋਲਨ ਨੇ ਉਸਦੀ ਮਾਨਸਿਕਤਾ ਨੂੰ ਝੰਜੋੜਿਆ ਹੈ, ਜਿਸ ਕਰਕੇ ਉਸਨੂੰ ਉਤਨੀ ਦੇਰ ਬੇਚੈਨੀ ਰਹੀ, ਜਿਤਨੀ ਦੇਰ ਉਨ੍ਹਾਂ ਕਿਸਾਨਾਂਂ ਦੀ ਪੀੜ ਨੂੰ ਆਪਣੀ ਕਲਾ ਰਾਹੀਂ ਦਰਸਾਇਆ ਨਹੀਂ।
ਜਸਵਿੰਦਰ ਸਿੰਘ ਦੱਸਦਾ ਹੈ ਕਿ ਜਦੋਂ ਉਹ ਆਪਣੇ ਘਰ ਦੀ ਰਸੋਈ ਵਿਚ ਰੋਟੀ ਖਾ ਰਿਹਾ ਸੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਅੰਨ ਉਹ ਖਾ ਰਿਹਾ ਹੈ, ਇਹ ਅੰਨਦਾਤੇ ਕਿਸਾਨ ਦੀ ਅਣਥੱਕ ਮਿਹਨਤ ਕਰਕੇ ਹੀ ਖਾਣ ਨੂੰ ਨਸੀਬ ਹੋ ਰਿਹਾ ਹੈ। ਅੰਨਦਾਤਾ ਅੱਜ ਸੰਕਟਮਈ ਹਾਲਾਤ ਵਿਚੋਂ ਲੰਘ ਰਿਹਾ ਹੈ। ਉਸਨੂੰ ਅਨੁਭਵ ਹੋਇਆ ਕਿ ਕਿਸਾਨ ਸੰਕਟਮਈ ਸਮੇਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਦੀ ਦਸਾਂ ਨੁੰਹਾਂ ਦੀ ਕਿਰਤ ਕਮਾਈ ਤੋਂ ਪ੍ਰੇਰਨਾ ਲੈ ਕੇ ਅਤੇ ਮਿਹਨਤ ਕਰਕੇ ਸਾਧਾਰਨ ਜੀਵਨ ਬਤੀਤ ਕਰਦੇ ਹਨ। ਆਪਣੇ ਪਰਿਵਾਰ ਪਾਲਦੇ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨੀ ਕੀਤੀ ਹੈ। ਕਿਸਾਨ ਇਤਨੀ ਮਿਹਨਤ ਦੇ ਬਾਵਜੂਦ ਵੀ ਕਰਜ਼ਿਆਂ ਵਿਚ ਗ੍ਰਸੇ ਰਹਿੰਦੇ ਹਨ।
ਇਹ ਤਿੰਨ ਕਾਲੇ ਕਾਨੂੰਨ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਕਿਸਾਨਾਂ ਉੱਪਰ ਅਸਮਾਨੀ ਬਿਜਲੀ ਦੀ ਤਰ੍ਹਾਂ ਗਿਰੇ ਹਨ। ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਲੱਕੜ ਤੇ ਤਰਾਸ਼ਕੇ ਅਤੇ ਆਟੇ ਦੀਆਂ ਰੋਟੀਆਂ ਬਣਾਏਗਾ, ਜਿਹੜੀਆਂ ਉੱਪਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਏਗਾ, ਜਿਸ ਵਿਚ ਉਨ੍ਹਾਂ ਨੂੰ ਭੁੱਖੇ ਸਾਧੂਆਂ ਨੂੰ ਰੋਟੀ ਖਿਲਾਉਂਦਿਆਂ ਨੂੰ ਦਰਸਾਏਗਾ ਕਿਉਂਕਿ ਗੁਰੂ ਦੀ ਪ੍ਰੇਰਨਾ ਤੋਂ ਬਿਨਾ ਸਫਲਤਾ ਨਹੀਂ ਮਿਲ ਸਕਦੀ। ਉਸਨੇ 5 ਲੱਕੜ ਅਤੇ ਇਕ ਆਟੇ ਦੀ ਕੁਲ 6 ਰੋਟੀਆਂ ਬਣਾਈਆਂ ਹਨ। ਇਹ ਰੋਟੀਆਂ ਸਾਢੇ ਚਾਰ ਫੁੱਟ ਦੀ ਗੋਲ ਲੱਕੜ ਤੇ ਉਕਰਕੇ ਬਣਾਈਆਂ ਹਨ। ਇਨ੍ਹਾਂ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਧੂਆਂ ਨੂੰ ਰੋਟੀ ਵਰਤਾਉਂਦੇ ਹੋਏ, ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੋਟੀ ਵਰਤਾਉਂਦੀ ਹੋਈ, ਮੂਲ ਮੰਤਰ, ਮੋਢੇ ਤੇ ਹੱਲ ਚੱਕੀ ਜਾਂਦਾ ਕਿਸਾਨ, ੴ ਕਿਰਤ ਕਰੋ ਨਾਮ ਜਪੋ ਅਤੇ ਹੱਲ ਚਲਾਉਂਦਾ ਕਿਸਾਨ ਸ਼ਾਮਲ ਹਨ।
ਉਸਨੇ ਦੱਸਿਆ ਕਿ ਜਦੋਂ ਉਹ ਕਿਸਾਨ ਅੰਦੋਲਨ ਵਿਚ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਇੱਥੇ ਤਾਂ ਕਿਸਾਨ ਕੜਕਦੀ ਠੰਢ ਵਿਚ ਜੱਦੋਜਹਿਦ ਕਰ ਰਹੇ ਹਨ। ਵਾਤਾਵਰਨ ਸ਼ਾਂਤਮਈ ਅਤੇ ਰਸਭਿੰਨਾ ਹੈ ਕਿਉਂਕਿ ਗੁਰਬਾਣੀ ਦਾ ਰਸਮਈ ਕੀਰਤਨ ਵੀ ਹੋ ਰਿਹਾ ਹੈ। ਕਿਸਾਨ ਅਤੇ ਕਿਸਾਨ ਬੀਬੀਆਂ ਪਾਠ ਕਰ ਰਹੀਆਂ ਹਨ। ਕਈ ਥਾਵਾਂ ਤੇ ਕਿਸਾਨ ਅਤੇ ਬੀਬੀਆਂ ਲੰਗਰ ਬਣਾ ਅਤੇ ਵਰਤਾ ਰਹੀਆਂ ਹਨ। ਇਸ ਲਈ ਇਹ ਅੰਦੋਲਨ ਵਿਚ ਕਿਸਾਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਉੱਪਰ ਪਹਿਰਾ ਦੇ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੇ ਉਸਨੂੰ ਕਾਠ ਦੀਆਂ ਰੋਟੀਆਂ ਬਣਾਉਣ ਲਈ ਬਹੁਤ ਹੀ ਪ੍ਰਭਾਵਿਤ ਕੀਤਾ ਹੈ।
ਜਸਵਿੰਦਰ ਸਿੰਘ
ਫਿਰ ਉਹ ਆਪਣੀਆਂ ਇਹ ਸਾਰੀਆਂ ਰੋਟੀਆਂ ਵਾਲੀਆਂ ਕਲਾ ਕਿਰਤਾਂ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਇਆ, ਜਿੱਥੇ ਕਿਸਾਨਾਂ ਨੇ ਇਨ੍ਹਾਂ ਕਲਾ ਕਿਰਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਜਸਵਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਆਪਣੀ ਕਲਾ ਰਾਹੀਂ ਯੋਗਦਾਨ ਪਾ ਕੇ ਸੰਤੁਸ਼ਟ ਮਹਿਸੂਸ ਕਰਦਾ ਹੈ ਕਿਉਂਕਿ ਉਹ ਵੀ ਇਸ ਅੰਦੋਲਨ ਵਿਚ ਆਪਣਾ ਤਿਲ ਫੁੱਲ ਹਿੱਸਾ ਪਾ ਸਕਿਆ ਹੈ। ਲੱਕੜ ਨੂੰ ਤਰਾਸ਼ਣਾ ਬੜੀ ਬਾਰੀਕੀ ਅਤੇ ਸੂਝ ਵਾਲਾ ਕਠਨ ਕੰਮ ਹੁੰਦਾ ਹੈ। ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਤੀਖਣ ਬੁੱਧੀ ਵਾਲੇ ਵਿਅਕਤੀਆਂ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਕਲਾ ਇਕ ਸੂਖਮ ਵਿਸ਼ਾ ਹੈ। ਇਸ ਦੀ ਪਕੜ ਸੂਖਮ ਸੂਝ ਵਾਲੇ ਕਲਾਕਾਰ ਹੀ ਰੱਖ ਸਕਦੇ ਹਨ। ਉਹਦੀਆਂ ਲੱਕੜ ਦੀਆਂ ਬਣਾਈਆਂ ਇਹ ਰੋਟੀਆਂ ਬਿਲਕੁਲ ਆਮ ਆਟੇ ਦੀਆਂ ਰੋਟੀਆਂ ਵਰਗੀਆਂ ਲਗਦੀਆਂ ਹਨ। ਵੇਖਣ ਵਾਲੇ ਦਰਸ਼ਕ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਵੇਖ ਕੇ ਅਚੰਭਿਤ ਹੋ ਜਾਂਦੇ ਹਨ।
ਜਸਵਿੰਦਰ ਸਿੰਘ ਨੇ 1998 ਵਿਚ ਬੈਚਲਰ ਆਫ਼ ਫਾਈਨ ਆਰਟਸ ਸਰਕਾਰੀ ਆਰਟ ਕਾਲਜ ਚੰਡੀਗੜ੍ਹ ਤੋਂ ਪਾਸ ਕੀਤੀ, ਪੋਸਟ ਗਰੈਜੂਏਸ਼ਨ ਪੇਂਟਿੰਗ ਵਿਚ ਹੁਸ਼ਿਆਰਪੁਰ ਤੋਂ 2004 ਵਿਚ ਅਤੇ ਬੁੱਤ ਸਾਜੀ ਵਿਚ ਪੋਸਟ ਗਰੈਜੂਏਸ਼ਨ ਆਰਟ ਕਾਲਜ ਚੰਡੀਗੜ੍ਹ ਤੋਂ 2007 ਵਿਚ ਪਾਸ ਕੀਤੀ। ਲਗਪਗ 12 ਸਾਲ ਵੱਖ ਵੱਖ ਸੰਸਥਾਵਾਂ ਵਿਚ ਲੈਕਚਰਾਰ ਲੱਗੇ ਰਹੇ। ਇਸ ਸਮੇਂ ਦੌਰਾਨ ਉਸਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਲੱਗੀਆਂ ਨੁਮਾਇਸ਼ਾਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ।
ਉਸ ਵੱਲੋਂ ਬਣਾਏ ਗਈਆਂ ਕਲਾ ਕ੍ਰਿਤਾਂ ਸਮੁੱਚੇ ਦੇਸ਼ ਵਿਚ ਮਹੱਤਵਪੂਰਨ ਆਰਟ ਗੈਲਰੀਆਂ ਵਿਚ ਲੱਗੀਆਂ ਹੋਈਆਂ ਹਨ। ਉਸਨੂੰ ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ 2006 ਵਿਚ ਅਵਾਰਡ ਮਿਲ ਚੁੱਕਿਆ ਹੈ। 2007 ਵਿਚ ਉਸਨੂੰ ਭਾਰਤ ਪੱਧਰ ਦੇ ਮੁਕਾਬਲੇ ਵਿਚ ‘‘ਹਾਈਲੀ ਕਮੈਂਡਡ ਅਵਾਰਡ’’ ਮਿਲਿਆ ਸੀ। 2017 ਦਾ ਸੋਹਣ ਕਾਦਰੀ ਫੈਲੋਸ਼ਿਪ ਵੀ ਪੰਜਾਬ ਲਲਿਤ ਕਲਾ ਅਕਾਡਮੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਐਸ.ਐਲ.ਪ੍ਰਾਸ਼ਰ ਅਵਾਰਡ ਲੱਕੜ ਅਤੇ ਪੱਥਰ ਦੇ ਕੰਮਾਂ ਲਈ 2 ਵਾਰ 1997 ਅਤੇ 98 ਵਿਚ ਮਿਲੇ ਸਨ।
ਜਸਵਿੰਦਰ ਸਿੰਘ ਦੀ ਸਫਲਤਾ ਕਾਰਨ ਹੈ ਕਿ ਉਸਨੇ ਬੁੱਤ ਸਾਜੀ ਅਤੇ ਪੇਂਟਿੰਗ ਦੋਹਾਂ ਵਿਚ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ। ਦੂਜੇ ਉਸਦੀ ਪਤਨੀ ਦਵਿੰਦਰ ਕੌਰ ਨੇ ਵੀ ਬੈਚੁਲਰ ਆਫ ਫਾਈਨ ਆਰਟਸ ਕੀਤੀ ਹੋਈ ਹੈ ਜੋ ਖ਼ੁਦ ਵੀ ਪੇਂਟਿੰਗ ਕਰਦੀ ਹੈ। ਇਸ ਲਈ ਘਰ ਦਾ ਮਾਹੌਲ ਕੰਮ ਕਰਨ ਲਈ ਸਾਜ਼ਗਾਰ ਰਹਿੰਦਾ ਹੈ। ਜਸਵਿੰਦਰ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਮਹਿੰਦੀਪੁਰ ਪਿੰਡ ਵਿਚ ਪਿਤਾ ਜਾਗਰ ਸਿੰਘ ਦੇ ਘਰ 22 ਫਰਵਰੀ 1971 ਨੂੰ ਹੋਇਆ। ਆਮ ਤੌਰ ਤੇ ਕਲਾਕਾਰ ਸ਼ਹਿਰਾਂ ਵਿਚ ਆ ਕੇ ਸਥਾਪਤ ਹੋਣ ਲਈ ਆ ਜਾਂਦੇ ਹਨ ਪ੍ਰੰਤੂ ਜਸਵਿੰਦਰ ਸਿੰਘ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਪਿੰਡ ਵਿਚ ਹੀ ਆਪਣੀ ਕਲਾ ਨੂੰ ਨਿਖਾਰ ਰਿਹਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.