ਲੰਘੇ ਵਰ੍ਹੇ ਕੋਰੋਨਾ ਨਾਂ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਅੰਦਰ ਅਜਿਹਾ ਤਾਂਡਵ ਨਾਚ ਨੱਚਿਆ ਕਿ ਬਹੁਤ ਸਾਰੇ ਖੇਤਰਾਂ ਅੰਦਰ ਕੰਮ ਕਰਦੇ ਵਿਅਕਤੀਆਂ ਨੂੰ ਅਵਾਜ਼ਾਰ ਕਰਨ ਦੇ ਨਾਲ-ਨਾਲ ਪੜ੍ਹਾਈ ਦੇ ਖੇਤਰ ਨੂੰ ਵੀ ਭਾਰੀ ਸੱਟ ਮਾਰੀ , ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਵਿਦਿਆਰਥੀਆਂ ਦਾ ਹੋਇਆ ਜੋ ਲੱਖਾਂ ਰੁਪਏ ਖਰਚ ਕੇ ਹੋਰਨਾਂ ਮੁਲਕਾਂ ਅੰਦਰ ਪੜ੍ਹਾਈ ਦੇ ਤੌਰ ਜਾਣਾ ਚਾਹੁੰਦੇ ਸਨ , ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਵੀ ਸਮਝ ਵਿੱਚ ਨਹੀਂ ਆ ਰਿਹਾ ਅਤੇ ਨਾ ਹੀ ਸਰਕਾਰਾਂ ਵੱਲੋਂ ਇਸ ਸੰਬੰਧੀ ਕੋਈ ਸਪੱਸ਼ਟ ਨੀਤੀ ਅਪਣਾਈ ਜਾ ਰਹੀ ਹੈ , ਅੱਜ ਪੰਜਾਬ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਜੋ ਆਈਲੈੱਟਸ ਪਾਸ ਕਰਕੇ ਆਪਣੀਆਂ ਫੀਸਾਂ ਦੂਸਰੇ ਮੁਲਕਾਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਜਮ੍ਹਾਂ ਕਰਵਾ ਚੁੱਕੇ ਹਨ
ਉਨ੍ਹਾਂ ਦੀ ਇਹ ਲੰਬੀ ਉਡੀਕ ਮੁੱਕਣ ਦਾ ਨਾਂ ਨਹੀਂ ਲੈ ਰਹੀ ਕਿ ਕਦੋਂ ਉਨ੍ਹਾਂ ਨੂੰ ਦੂਸਰੇ ਮੁਲਕਾਂ ਦੀਆਂ ਅੰਬੈਸੀਆਂ ਵੱਲੋਂ ਆਪਣੇ ਦੇਸ਼ ਆਉਣ ਦੀ ਆਗਿਆ ਦਿੱਤੀ ਜਾਵੇਗੀ , ਹਜ਼ਾਰਾਂ ਵਿਦਿਆਰਥੀਆਂ ਵੱਲੋਂ ਆਈਲੈੱਟਸ ਪਾਸ ਕਰਨ ਤੋਂ ਬਾਅਦ ਲਗਪਗ 10 ਲੱਖ ਰੁਪਏ ਦੀ ਫੀਸ ਤੋਂ ਇਲਾਵਾ ਹੋਰ ਲੱਖਾਂ ਰੁਪਏ ਖ਼ਰਚ ਕੇ ਆਪਣੇ ਵਿਦੇਸ਼ ਜਾਣ ਦਾ ਰਾਹ ਪੱਧਰਾ ਕੀਤਾ ਸੀ ਪਰ ਕੋਰੋਨਾ ਨਾਂ ਦੀ ਮਹਾਂਮਾਰੀ ਨੇ ਉਨ੍ਹਾਂ ਬੱਚਿਆਂ ਦੇ ਭਵਿੱਖ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ , ਪੰਜਾਬ ਦੇ ਹਰ ਪਿੰਡ ਅੰਦਰ ਬਹੁਤ ਸਾਰੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਹਨ ਜਿਨ੍ਹਾਂ ਵੱਲੋਂ ਦੂਸਰੇ ਮੁਲਕਾਂ ਅੰਦਰ ਫ਼ੀਸ ਦੇ ਤੌਰ ਤੇ ਲੱਖਾਂ ਰੁਪਿਆ ਭੇਜਿਆ ਜਾ ਚੁੱਕਿਆ ਹੈ , ਭਾਵੇਂ ਉਨ੍ਹਾਂ ਨੂੰ ਫ਼ੀਸ ਭੇਜਣ ਵਾਲੇ ਏਜੰਟਾਂ ਅਤੇ ਯੂਨੀਵਰਸਿਟੀਆਂ ਵੱਲੋਂ ਇਹ ਜ਼ਰੂਰ ਆਖਿਆ ਜਾ ਰਿਹਾ ਹੈ ਕਿ ਇਹ ਫੀਸ ਵਾਪਸ ਆਵੇਗੀ ਪਰ ਸੁਆਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਇਹ ਫ਼ੀਸ ਵਾਪਸ ਕਦ ਆਵੇਗੀ , ਜੇਕਰ ਆਵੇਗੀ ਤਾਂ ਉਸ ਦੀ ਰੂਪ-ਰੇਖਾ ਕੀ ਹੋਵੇਗੀ ਇਹ ਕਿਸੇ ਨੂੰ ਕੁਝ ਵੀ ਨਹੀਂ ਪਤਾ
ਬਹੁਤ ਸਾਰੇ ਮਾਪੇ ਇਸ ਗੱਲ ਤੋਂ ਡਰਦੇ ਵੀ ਫੀਸ ਵਾਪਸ ਨਹੀਂ ਮੰਗਵਾਉਣਾ ਚਾਹੁੰਦੇ ਕਿ ਫਿਰ ਸ਼ਾਇਦ ਇਹ ਕਹਾਣੀ ਹੋਰ ਨਾ ਵਿਗੜ ਜਾਵੇ , ਵਿਦਿਆਰਥੀਆਂ ਦੀਆਂ ਫ਼ੀਸਾਂ ਤੋਂ ਇਲਾਵਾ ਕਰੋੜਾਂ ਰੁਪਿਆ ਮਾਪਿਆਂ ਵੱਲੋਂ ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਦੇ ਲਈ ਜਹਾਜ਼ਾਂ ਦੀਆਂ ਟਿਕਟਾਂ ਲਈ ਖਰਚਿਆ ਗਿਆ ਉਹ ਵੀ ਕਿਸੇ ਵੱਟੇ ਖਾਤੇ ਵਿੱਚ ਨਜ਼ਰ ਨਹੀਂ ਆ ਰਿਹਾ , ਕਿਉਂਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਦੇ ਵੀਜ਼ੇ ਵੀ ਆ ਚੁੱਕੇ ਸਨ ਪਰ ਉਹ ਕਰੋਨਾ ਕਾਰਨ ਹੋਰਾਂ ਮੁਲਕਾਂ ਵਿੱਚ ਪੜ੍ਹਾਈ ਲਈ ਨਹੀਂ ਜਾ ਸਕੇ ਫਿਰ ਉਨ੍ਹਾਂ ਵੱਲੋਂ ਅੱਕ ਕੇ ਬਦਲਵੀਆਂ ਹਵਾਈ ਕੰਪਨੀਆਂ ਦੇ ਜਹਾਜ਼ਾਂ ਦੀ ਟਿਕਟ ਖ਼ਰੀਦੀ ਗਈ ਕਈ ਹਵਾਈ ਕੰਪਨੀਆਂ ਵੀ ਕੋਰੋਨਾ ਦੀ ਭੇਟ ਚਡ਼੍ਹਨ ਕਰ ਕੇ ਵਿਦਿਆਰਥੀਆਂ ਦਾ ਪੈਸਾ ਮੋੜਨ ਤੋਂ ਅਸਮਰੱਥ ਜਾਪ ਰਹੀਆਂ ਹਨ
ਇਸ ਸਾਰੇ ਵਰਤਾਰੇ ਦੌਰਾਨ ਲੱਖਾਂ ਰੁਪਏ ਦੇ ਕਰਜ਼ਾਈ ਹੋ ਚੁੱਕੇ ਮਾਪਿਆਂ ਦੇ ਮਨਾਂ ਨੂੰ ਇੱਕੋ ਝੋਰਾ ਵੱਢ-ਵੱਢ ਕੇ ਖਾਈ ਜਾ ਰਿਹਾ ਹੈ ਕਿ ਆਖ਼ਰ ਉਨ੍ਹਾਂ ਦੇ ਜਿਗਰ ਦੇ ਟੋਟੇ ਹੁਣ ਵਿਦੇਸ਼ੀ ਧਰਤੀ ਤੇ ਪੜ੍ਹਨ ਦੇ ਲਈ ਜਾ ਸਕਣਗੇ ਜਾਂ ਨਹੀਂ , ਜਿਸ ਕਾਰਨ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਬੇਹੱਦ ਤਣਾਅ ਭਰੇ ਮਾਹੌਲ ਵਿੱਚੋਂ ਗੁਜ਼ਰ ਰਹੇ ਹਨ , ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਾਅਦ ਕਿਸੇ ਵੀ ਦੇਸ਼ ਨੇ ਅਜੇ ਤਕ ਸਪੱਸ਼ਟ ਤੌਰ ਤੇ ਕੁਝ ਵੀ ਨਹੀਂ ਆਖਿਆ ਕਿ ਆਖ਼ਰ ਉਨ੍ਹਾਂ ਦੀ ਇਹ ਉਡੀਕ ਕਦੋਂ ਮੁੱਕੇਗੀ ਕਿਉਂਕਿ ਬੱਚਿਆਂ ਦੀ ਵਧ ਰਹੀ ਉਮਰ ਦੀ ਚਿੰਤਾ ਵੀ ਮਾਪਿਆਂ ਨੂੰ ਸਤਾ ਰਹੀ ਹੈ , ਪਿੰਡਾਂ ਅੰਦਰ ਬਹੁਤ ਸਾਰੇ ਵਿਦਿਆਰਥੀ ਮੱਧਵਰਗੀ ਪਰਿਵਾਰਾਂ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀ ਕਮਾਈ ਦਾ ਸਾਧਨ ਖੇਤੀ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਪਰ ਹੁਣ ਖੇਤੀ ਤੇ ਲਟਕ ਰਹੀ ਤਲਵਾਰ ਵੀ ਮਾਪਿਆਂ ਨੂੰ ਚਿੰਤਾ ਦੇ ਸਮੁੰਦਰਾਂ ਵਿੱਚ ਗੋਤੇ ਲਾਉਣ ਲਈ ਮਜਬੂਰ ਕਰ ਰਹੀ ਹੈ
-
ਮਨਜਿੰਦਰ ਸਿੰਘ ਸਰੌਦ , ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.