ਅੱਜ ਸਵੇਰ ਸਾਰ ਘਰ ਦੇ ਬਾਹਰ ਘੰਟੀ ਵੱਜੀ। ਵੇਖਿਆ ਤਾਂ ਕੋਰੀਅਰ ਵਾਲਾ ਨੌਜਵਾਨ ਸੀ। ਲਿਫ਼ਾਫ਼ੇ ਚ ਸ: ਬਰਜਿੰਦਰ ਸਿੰਘ ਹਮਦਰਦ ਜੀ ਦੇ ਗਾਏ ਛੇ ਗੀਤਾਂ ਦੀ ਆਡਿਉ ਸੀ ਡੀ ਬੰਦ ਸੀ।
ਦੇਸ਼ ਵੰਡ ਤੋਂ ਪਹਿਲਾਂ ਬਾਬੂ ਫ਼ੀਰੋਜ਼ਦੀਨ ਸ਼ਰਫ਼ ਜੀ ਦੇ ਲਿਖੇ ਦੋ ਗੀਤਾਂ
ਸੋਹਣਾ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ।
ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ।
ਤੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ
ਤੋਂ ਸ਼ੁਰੂ ਹੋ ਕੇ ਲਾਲਾ ਧਨੀ ਰਾਮ ਚਾਤ੍ਰਿਕ ਦੇ ਦੋ ਗੀਤਾਂ
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ
ਤੇ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਤੀਕ।
ਵਿੱਚ ਵਿਚਕਾਰ ਸ਼ਾਹ ਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ਦਾ ਬੈਂਤ
ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ ਵੀ ਹਾਜ਼ਰ ਹੈ।
ਲਾਲਾ ਬਾਂਕੇ ਦਯਾਲ ਵੱਲੋਂ 1905-06 ਚ ਲਿਖਿਆ ਕਿਸਾਨ ਸੰਘਰਸ਼ ਦਾ ਇਨਕਲਾਬੀ ਗੀਤ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ
ਵੀ ਇਸ ਸੀ ਡੀ ‘ਚ ਗਾਇਆ ਗਿਆ ਹੈ।
ਇਸ ਸੀ ਡੀ ਦੀ ਪ੍ਰਸੰਗਕਤਾ ਉਦੋਂ ਹੋਰ ਵੀ ਵਧ ਜਾਂਦੀ ਹੈ ਜਦ ਕਿਸਾਨੀ ਸੰਕਟਗ੍ਰਸਤ ਹੋਣ ਉਪਰੰਤ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਕਾਰਨ ਪੂਰੇ ਦੇਸ਼ ਦੇ ਕਿਸਾਨ ਆਪਣੀ ਹੋਂਦ ਦੀ ਰਾਖੀ ਲਈ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਸ਼ਾਂਤਮਈ ਅੰਦੋਲਨ ਚਲਾ ਰਹੇ ਹਨ।
ਇਸ ਵਕਤ ਸਾਡੇ ਸਾਹਮਣੇ ਖੇਤੀ ਅਧੀਨ ਸਾਰੀ ਧਰਤੀ ਦੇਸ ਪੰਜਾਬ ਹੈ। ਦੇਸ ਪੰਜਾਬ ਭੂਗੋਲਕ ਇਕਾਈ ਨਹੀਂ, ਵਿਸ਼ਾਲ ਅਰਥਾਂ ‘ਚ ਫ਼ੈਲਿਆ ਖੇਤੀ ਆਧਾਰਿਤ ਜੀਵਨ ਵਿਹਾਰ ਹੈ ਜੋ ਖ਼ਤਰੇ ਅਧੀਨ ਹੈ।
ਉਹ ਦੇਸ ਪੰਜਾਬ ਜਿਸਦੀ ਮਹਿਮਾ ਸ਼ਾਹ ਮੁਹੰਮਦ ਤੇ ਬਾਬੂ ਫ਼ੀਰੋਜ਼ਦੀਨ ਸ਼ਰਫ਼ ਗਾਉਂਦੇ ਹਨ। ਲਾਲਾ ਬਾਂਕੇ ਦਯਾਲ ਤੇ ਲਾਲਾ ਧਨੀ ਰਾਮ ਚਾਤ੍ਰਿਕ ਗਾਉਂਦੇ ਹਨ।
ਚੰਗੀ ਗੱਲ ਹੈ ਕਿ ਸ: ਬਰਜਿੰਦਰ ਸਿੰਘ ਨੇ ਸਾਹਿੱਤ ਸੰਗੀਤ ਸੁਮੇਲ ਦਾ ਮੋਰਚਾ ਸੰਭਾਲਿਆ ਹੈ। ਪ੍ਰਭਾਵਸ਼ਾਲੀ ਸੰਤੁਲਤ ਪੇਸ਼ਕਾਰੀ ਕਰਕੇ ਉਹ ਇਸ ਮੋਰਚੇ ਦੇ ਜਰਨੈਲ ਬਣ ਗਏ ਹਨ। ਇਹ ਰਚਨਾਵਾਂ ਸਿੱਧਮਸਿੱਧੀਆਂ ਕਿਸਾਨ ਅੰਦੋਲਨ ਨਾਲ ਸਬੰਧਿਤ ਨਹੀਂ ਹਨ ਪਰ ਧਰਤੀ ਦੀ ਮਰਯਾਦਾ, ਸਵੈਮਾਣ ਤੇ ਸਾਬਤ ਕਦਮੀ ਦਾ ਪਿਛਵਾੜਾ ਵਿਖਾਉਂਦੀਆਂ ਹਨ। ਆਧਾਰ ਤੇ ਹੀ ਉਸਾਰ ਹੁੰਦਾ ਹੈ। ਇਨ੍ਹਾਂ ਲਿਖਤਾਂ ਸਹਾਰੇ ਵਰਤਮਾਨ ਪੰਜਾਬ ਦੀ ਥਾਂ ਦੇਸ ਪੰਜਾਬ ਨੂੰ ਸਹਿਜੇ ਹੀ ਜਾਣਿਆ ਤੇ ਪਛਾਣਿਆ ਜਾ ਸਕਦਾ ਹੈ।
ਸ: ਬਰਜਿੰਦਰ ਸਿੰਘ ਦੀ ਆਵਾਜ਼ ਵਿਚਲਾ ਸੁਹਜਵੰਤਾ ਅੰਦਾਜ਼ ਬਿਲਕੁਲ ਨਿਵੇਕਲਾ ਹੈ। ਕਿਸੇ ਹੋਰ ਵਰਗਾ ਨਹੀਂ ਹੈ, ਸਗੋਂ ਮੌਲਿਕ ਹੈ। ਸੁਣਦਿਆਂ ਲੱਗਦੈ ਕਿ ਕੁਝ ਸਾਹੀਂ ਘੁਲ਼ ਰਿਹੈ।
ਪੰਜਾਬ ਦੀ ਵਡਮੁੱਲੀ ਸਾਹਿੱਤਕ ਵਿਰਾਸਤ ਦੇ ਮਹਿੰਗੇ ਮੋਤੀ ਗਾਨੀ ਚ ਪਰੋਣ ਲਈ ਮੁਬਾਰਕਾਂ।
ਰੁੱਖੇ ਮਿੱਸੇ ਸਭਿਆਚਾਰ ਦਾ ਪੇਸ਼ਕਾਰ ਦੇਸ ਪੰਜਾਬ। ਕਣ ਕਣ ਵਿੱਚ ਕੁਰਬਾਨੀ। ਸੀਸ ਤਲੀ ਤੇ ਦੇਸ਼ ਲਈ। ਸੰਕਟ ਵੇਲੇ ਲਾਲੀਆਂ ਚਿਹਰੇ ਤੇ। ਸਾਲ 1849 ਸਦੀ ਉੱਨੀਵੀਂ। ਮੇਵਾ ਸਿੰਘ ਤੇ ਮਾਖੇ ਖਾਂ ਫ਼ਰੰਗੀਆਂ ਦੇ ਤਿੰਨ ਹੱਲੇ ਮੋੜਦੇ ਸਭਰਾਉਂ ਦੇ ਮੈਦਾਨ ਵਿੱਚ।
ਇਸ ਸੀ ਡੀ ਦਾ ਸੰਗੀਤ ਪ੍ਰਬੰਧ ਤੇ ਸਿਰਜਣਾ ਕੀਤੀ ਹੈ ਪਿਆਰੇ ਸੰਗੀਤਕਾਰ ਤੇ ਸਾਡੇ ਸਨੇਹੀ ਗ਼ਜ਼ਲ ਗਾਇਕ ਗੁਰਦੀਪ ਸਿੰਘ ਸ਼ੇਰਗੜ੍ਹ ਵਾਲੇ ਨੇ। ਸੀ ਡੀ ਬਾਰੇ ਜਾਣ ਪਛਾਣ ਕਰਵਾਈ ਹੈ ਡਾ. ਲਖਵਿੰਦਰ ਜੌਹਲ ਨੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.