ਹਰ ਧੁਖਦਾ ਪਿੰਡ ਮੇਰਾ ਹੈ ਮੇਰਾ ਦੂਸਰਾ ਕਾਵਿ ਸੰਗ੍ਰਹਿ ਸੀ ਪਰ ਪਹਿਲਾ ਗ਼ਜ਼ਲ ਸੰਗ੍ਰਹਿ। ਸ਼ੀਸ਼ਾ ਝੂਠ ਬੋਲਦਾ ਹੈ ਕਾਵਿ ਸੰਗ੍ਰਹਿ 1978 ਚ ਛਪਿਆ ਤੇ ਇਹ 1985 ਵਿੱਚ।
ਹਰ ਧੁਖਦਾ ਪਿੰਡ ਮੇਰਾ ਹੈ ਪੁਰਦਮਨ ਸਿੰਘ ਬੇਦੀ ਨੇ ਸਾਹਿੱਤ ਕਲਾ ਪ੍ਰਕਾਸ਼ਨ ਵੱਲੋਂ ਛਾਪਿਆ ਸੀ। ਬਿਨ ਕੋਈ ਪੈਸਾ ਲਿਆਂ। ਯਕੀਨ ਨਹੀਂ ਆਉਂਦਾ ਮੈਨੂੰ ,ਪਰ ਸੱਚ ਹੈ। ਬੰਦਾ ਕੌੜਾ ਸੀ ਪਰ ਮੁਹੱਬਤੀ ਪੁੱਜ ਕੇ। ਸੱਜਣਾਂ ਲਈ ਲੀਕ ਵਾਹ ਕੇ ਲੜਨ ਵਾਲਾ। ਸਿਰਜਣਧਾਰਾ ਦੇ ਬਾਨੀਆਂ ਚੋਂ ਮੇਰੇ ਸਮੇਤ ਇੱਕ।
ਇਸ ਦਾ ਮੁੱਖ ਬੰਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੇ ਲਿਖਿਆ ਸੀ। ਡਾ: ਸੁਰਜੀਤ ਪਾਤਰ ਜੀ ਨੇ ਵੀ ਸ਼ਾਬਾਸ਼ ਦਿੱਤੀ ਸੀ। ਉਸੇ ਥਾਪੜੇ ਸਦਕਾ ਹੁਣ ਤੀਕ ਗ਼ਜ਼ਲ ਲਿਖ ਰਿਹਾਂ।
ਇਸ ਕਿਤਾਬ ਦਾ ਟਾਈਟਲ ਡੀਜ਼ਾਈਨ ਸੁਖਵੰਤ ਨੇ ਕੀਤਾ ਸੀ। ਉਹ ਵੀ ਪਿਆਰ ਦਾ ਭਰਪੂਰ ਪਿਆਲਾ ਸੀ। ਮੇਰੇ ਗਵਾਂਢੀ ਪਿੰਡ ਗਾਜ਼ੀ ਨੰਗਲ ਦਾ ਜੰਮਪਲ। ਅਜੀਤ ਚ ਆਉਣ ਤੋਂ ਪਹਿਲਾਂ ਪੰਜਾਬੀ ਡਾਈਜੈਸਟ ਚ ਰੂਪਕਾਰ ਸੀ ਦਿੱਲੀ ਰਹਿੰਦਿਆਂ। ਉਦੋਂ ਦੀ ਯਾਰੀ ਓਸ ਆਖਰੀ ਸਵਾਸਾਂ ਤੀਕ ਨਿਭਾਈ। ਪਰਿਵਾਰਕ ਦੁੱਖਾਂ ਨੇ ਉਸ ਨੂੰ ਬਾਰ ਬਾਰ ਪਿੰਜਿਆ ਪਰ ਉਹ ਕਲਾ ਪੱਖੋਂ ਹਮੇਸ਼ ਸਿੱਧਾ ਸਤੋਰ ਖੜ੍ਹਾ ਰਿਹਾ।
ਇਸ ਕਿਤਾਬ ਦੀ ਛਪਾਈ ਬੇਦੀ ਨੇ ਆਪਣੇ ਛਾਪੇਖਾਨੇ ਜਸਵੰਤ ਪ੍ਰਿੰਟਰਜ਼ ਚ ਕੀਤੀ ਤੇ ਜ਼ਿਲਦ ਸਾਜ਼ੀ ਚੌੜਾ ਬਾਜ਼ਾਰ ਚ ਡੀਸੈਂਟ ਬਾਈਂਡਰਜ਼ ਵਾਲੇ ਮੁਕੰਦੀ ਲਾਲ ਭਰਾਵਾਂ ਨੇ ਕੀਤੀ।
ਉਦੋਂ ਪੁਸਤਕ ਲੋਕ ਅਰਪਨ ਸਮਾਰੋਹਾਂ ਦੀ ਰੀਤ ਨਹੀਂ ਸੀ। ਇੰਡੀਅਨ ਕੌਫੀ ਹਾਊਸ ਭਦੌੜ ਹਾਊਸ ਲੁਧਿਆਣਾ ਚ ਇੰਡੀਅਨ ਐਕਸਪ੍ਰੈੱਸ ਦੇ ਰੀਪੋਰਟਰ ਚੰਚਲ ਮਨੋਹਰ ਸਿੰਘ ਜੀ ਨੇ ਮੈਨੂੰ ਤੇ ਬੇਦੀ ਨੂੰ ਕੌਫੀ ਪਿਆ ਕੇ ਸ਼ਗਨ ਮਨਾਇਆ ਸੀ।
ਉਹ ਸਮੇਂ ਹੋਰ ਸੀ। ਕਿਤਾਬ ਬਾਰੇ ਗੋਸ਼ਟੀ ਦੀ ਯੋਜਨਾ ਪੰਜਾਬ ਐਗਰੀ: ਯੂਨੀਵਰਸਿਟੀ ਵਿੱਚ ਬਹਿ ਕੇ ਬਣਾਈ ਪਰ ਯੋਜਨਾਕਾਰਾਂ ਵੱਲੋਂ ਦੱਸੇ ਸ਼ਾਮ ਵਾਲੇ ਜਸ਼ਨਾਵੀ ਬੱਜਟ ਨੇ ਡਰਾ ਦਿੱਤਾ।
ਕਾਰਡ ਦੇ ਪਰੂਫ ਵਿਖਾਉਣ ਬੇਦੀ ਆਇਆ ਤਾਂ ਮੈਂ ਵਰਕਾ ਪਾੜ ਦਿੱਤਾ। ਉਸ ਪੁੱਛਿਆ ਕਿਉਂ?
ਮੈਂ ਕਿਹਾ, ਇਹ ਮਹਿੰਗਾ ਜਸ਼ਨ ਮੇਰੀ ਲਿਖਤ ਦੇ ਅਨਕੂਲ ਨਹੀਂ ਹੈ।
ਪਤਾ ਨਹੀਂ ਕਿਉਂ, ਮੈਨੂੰ ਆਪਣੇ ਸ਼ਬਦਾਂ ਵਰਗਾ ਹੋਣਾ ਚੰਗਾ ਲੱਗਦਾ ਹੈ। ਕਈ ਵਾਰ ਪਿੱਛੇ ਵੀ ਰਹਿ ਜਾਂਦਾ ਹਾਂ।
ਇਹ ਕਿਤਾਬ ਦੂਜੀ ਵਾਰ ਵੀ 1996 ਚ ਬੇਦੀ ਨੇ ਹੀ ਛਾਪੀ। ਮੁੜ ਨਹੀਂ ਛਪੀ।
ਹੁਣ ਇਸ ਦੀ ਸੌਫਟ ਕਾਪੀ ਤਿਆਰ ਕਰਨ ਦੀ ਜ਼ੁੰਮੇਵਾਰੀ ਪ੍ਰੀਤੀ ਸ਼ੈਲੀ ਤੇ ਉਸ ਦੇ ਜੀਵਨ ਸਾਥੀ ਸਤਿਨਾਮ ਨੇ ਲਈ ਹੈ। ਉਹ ਵਿਕੀਪੀਡੀਆ ਚ ਪਾਉਣਗੇ ਮੇਰੀਆਂ ਬਾਕੀ ਕਿਤਾਬਾਂ ਵਾਂਗ। ਸ: ਕਰਮਜੀਤ ਸਿੰਘ ਗਾਠਵਾਲੀ ਨੇ ਇਸ ਨੂੰ ਪੰਜਾਬੀ ਕਵਿਤਾ ਡਾਟ ਕਾਮ ਚ ਚਾੜ੍ਹ ਦਿੱਤਾ ਹੈ। ਖੋਜਕਾਰ ਵਿਦਵਾਨਾਂ ਨੂੰ ਸੌਖੀ ਮਿਲ ਜਾਵੇਗੀ। ਚੱਲ ਮੇਰੇ ਭਾਈ, ਮੇਰਾ ਫ਼ਿਕਰ ਮੁੱਕਿਆ।
ਇਸ ਪੁਸਤਕ ਦੀਆਂ ਪਹਿਲੀਆਂ ਪੰਜ ਗ਼ਜ਼ਲਾਂ ਪੇਸ਼ ਹਨ।
ਗੁਰਭਜਨ ਗਿੱਲ
1.
ਕਾਫ਼ਲਿਆਂ ਦਾ ਸਾਥ ਭਲਾ ਕੀ ਰਾਹ ਵਿਚ ਉੱਗੀਆਂ ਛਾਵਾਂ ਨਾਲ।
ਕਦਮ ਮਿਲਾ ਕੇ ਜਿਨ੍ਹਾਂ ਤੁਰਨਾ ਭਰ ਵਗਦੇ ਦਰਿਆਵਾਂ ਨਾਲ।
ਅੱਜ ਤੇਰੇ ਮੂੰਹ ਜੀਭ ਨਹੀਂ ਹੈ ਚਿਹਰਾ ਵੀ ਉਪਰਾਮ ਹੈ ਕਿਉਂ?
ਤੇਰੀ ਤਾਂ ਸੀ ਬਹਿਣੀ ਉੱਠਣੀ ਅੱਗ ਵਰ੍ਹੌਂਦੀਆਂ ’ਵਾਵਾਂ ਨਾਲ।
ਧਰਤ, ਸਮੁੰਦਰ, ਦਰਿਆ, ਸਹਿਰਾ, ਹੰਝੂਆਂ ਦਾ ਵੀ ਮੀਂਹ ਵਰ੍ਹਦੈ,
ਪੋਟਾ ਪੋਟਾ ਵਿੰਨ੍ਹਿਆਂ ਦਿਲ ਹੈ ਹਉਕੇ ਬਲਦੀਆਂ ਆਹਵਾਂ ਨਾਲ।
ਸ਼ੀਸ਼ੇ ਸਨਮੁਖ ਰੋਜ਼ ਖਲੋ ਕੇ ਮੇਰਾ ਬੁੱਤ ਘਬਰਾਉਂਦਾ ਹੈ,
ਆਪਣਾ ਆਪ ਪਕੜਨਾ ਚਾਹਵੇ ਥੱਕੀਆਂ ਥੱਕੀਆਂ ਬਾਹਵਾਂ ਨਾਲ।
ਦਿੱਲੀ ਦੱਖਣ ਗਾਹੁਣ ਮਗਰੋਂ ਘਰ ਵਿਚ ਆਣ ਖਲੋ ਜਾਈਏ,
ਛਾਵਾਂ ਖ਼ਾਤਰ ਜੁੜ ਜਾਂਦੇ ਹਾਂ ਨਿੱਕੀਆਂ ਨਿੱਕੀਆਂ ਥਾਵਾਂ ਨਾਲ।
ਮੰਜ਼ਿਲ ਤਾਂ ਸੀ ਟੇਢੀ ਮੇਢੀ ਉਂਞ ਵੀ ਸੀ ਵੀਰਾਨ ਜਹੀ,
ਐਵੇਂ ਯਾਰੋ ਪਰਚ ਗਏ ਆਂ ਸਿੱਧ-ਮ-ਸਿੱਧੀਆਂ ਰਾਹਵਾਂ ਨਾਲ।
ਰਾਤ, ਹਨੇਰੀ, ਗੜੇਮਾਰ ਤੇ ਬੱਦਲ, ਕਣੀਆਂ, ਤੇਜ਼ ਹਵਾ,
ਪੱਕੀਆਂ ਫ਼ਸਲਾਂ ਕੌਣ ਉਡੀਕੇ ਏਨੇ ਦੁਸ਼ਮਣ ਚਾਵਾਂ ਨਾਲ।
ਧਰਤੀ ਮਾਂ ਹੈ ਸੋਨ ਚਿੜੀ ਹੈ ਪਤਾ ਨਹੀਂ ਇਹ ਕੀ ਕੀ ਹੈ?
ਬੇਘਰ ਵਿਧਵਾ ਜਾਣੀ ਜਾਵੇ ਰੰਗ ਬਰੰਗੇ ਨਾਵਾਂ ਨਾਲ।
2.
ਇਕ ਬਦਲੋਟੀ ਤੁਰਦੀ ਜਾਂਦੀ ਥਲ ਨੂੰ ਇਕ ਪਲ ਠਾਰ ਗਈ।
ਸਦੀਆਂ ਦੀ ਤੜਪਾਹਟ ਕੰਡਾ ਅਣਖਾਂ ਵਾਲਾ ਮਾਰ ਗਈ।
ਬੰਜਰ ਧਰਤੀ ਰੇਲ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ,
ਪਾਣੀ ਦੀ ਥਾਂ ਬਦਲੀ ਰਾਣੀ ਗੱਲੀਂ ਬਾਤੀਂ ਸਾਰ ਗਈ।
ਹਿੱਕ 'ਚ ਰਹਿ ਗਏ ਹਾਉਕੇ ਹਾਵੇ ਸੁੱਤੀਆਂ ਆਸਾਂ ਰਾਂਗਲੀਆਂ,
ਜਾਂਦੀ ਹੋਈ ਰਾਤ ਕੁਲਹਿਣੀ ਐਸਾ 'ਨੇਰ੍ਹ ਪਸਾਰ ਗਈ।
ਸਾਡੇ ਪਿੰਡ ਦੇ ਚਿਹਰੇ 'ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
ਸ਼ਹਿਰਾਂ ਵਾਲੀ ਅੱਗ ਨਾ ਕਿਧਰੇ ਸਾਡੀਆਂ ਜੂਹਾਂ ਘੇਰ ਲਵੇ,
ਡਰਦੀ ਮਾਰੀ ਉੱਡ ਕੇ ਏਥੋਂ ਏਸੇ ਲਈ ਹੈ ਡਾਰ ਗਈ।
ਰਣ-ਖੇਤਰ ਵਿਚ ਖੂਬ ਲੜੇ ਹਾਂ, ਅਤੇ ਲੜਾਂਗੇ ਵੀ ਆਪਾਂ,
ਹੋਇਆ ਕੀ ਜੇ ਬੇਹਥਿਆਰੀ ਧਿਰ ਸਾਡੀ ਫਿਰ ਹਾਰ ਗਈ।
3.
ਖ਼ੁਦਕਸ਼ੀ ਹੀ ਖ਼ੁਦਕਸ਼ੀ ਬੱਸ ਖ਼ੁਦਕਸ਼ੀ।
ਕੌਣ ਪਾਗਲ ਚਾਹੇਗਾ ਇਹ ਜ਼ਿੰਦਗੀ।
ਚੌਂਕ ਦੇ ਬੁੱਤ ਅੱਖ ਨੀਵੀਂ ਕਰ ਲਈ,
ਨਿੱਤ ਦਿਹਾੜੀ ਵੇਖ ਸਾਡੀ ਬੁਜ਼ਦਿਲੀ।
ਤਾਰ ਉੱਤੇ ਤੁਰੇ ਰਹੇ ਹਾਂ ਰਾਤ ਦਿਨ,
ਕੋਹਾਂ ਲੰਮੀ ਮੌਤ ਵਰਗੀ ਜ਼ਿੰਦਗੀ।
ਭੀੜ ਦਾ ਹਿੱਸਾ ਬਣਾਂ ਤਾਂ ਜਾਪਦੈ,
ਬਣ ਗਿਆ ਹਾਂ ਆਪਣੇ ਘਰ ਅਜਨਬੀ।
ਪਿੰਡ ਜਾ ਕੇ ਇਸ ਤਰ੍ਹਾਂ ਮਹਿਸੂਸਦਾਂ,
ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ।
ਜ਼ਿੰਦਗੀ ਅਖ਼ਬਾਰ ਤਾਂ ਨਹੀਂ ਦੋਸਤੋ,
ਵਾਚਦੇ ਹੋ ਏਸ ਨੂੰ ਵੀ ਸਰਸਰੀ।
4.
ਅੰਨ੍ਹੀ ਬੋਲੀ ਰਾਤ ਹਨੇਰੀ ਰਹਿਣ ਦਿਉ।
ਕਾਲਖ਼ ਦੇ ਦਰਿਆ ਨੂੰ ਏਦਾਂ ਵਹਿਣ ਦਿਉ।
ਏਸ ਨਮੋਸ਼ੀ ਨੂੰ ਵੀ ਜੀਣਾ ਚਾਹੁੰਦਾ ਹਾਂ,
ਮੈਨੂੰ ਮੇਰਾ ਹਿੱਸਾ ਆਪੇ ਸਹਿਣ ਦਿਉ।
ਕਿੱਥੋਂ ਕਿੱਥੋਂ ਗਰਕਦਿਆਂ ਨੂੰ ਰੋਕੋਗੇ,
ਜੋ ਢਹਿੰਦਾ ਹੈ ਉਹਨੂੰ ਤਾਂ ਬੱਸ ਢਹਿਣ ਦਿਉ।
ਫ਼ਿਰ ਆਖੋਗੇ ਸਿਲ-ਪੱਥਰ ਹੈ ਕੂੰਦਾ ਨਹੀਂ,
ਮੈਨੂੰ ਅਪਣੀ ਦਰਦ-ਕਹਾਣੀ ਕਹਿਣ ਦਿਉ।
ਨਹਿਰਾਂ ਸੂਏ ਖਾਲ ਤੁਹਾਡੇ ਨੌਕਰ ਨੇ,
ਮੇਰਾ ਇਕ ਦਰਿਆ ਤਾਂ ਵਗਦਾ ਰਹਿਣ ਦਿਉ।
ਹੌਲੀ ਹੌਲੀ ਇਕ ਦਿਨ ਆਪੇ ਨਿੱਤਰੇਗਾ,
ਮਿੱਟੀ ਰੰਗੇ ਪਾਣੀ ਨੂੰ ਹੁਣ ਬਹਿਣ ਦਿਉ।
ਜਗਦਾ ਬੁਝਦਾ ਜੰਗਲ ਹੈ ਇਹ ਆਸਾਂ ਦਾ,
ਦਿਨ ਚੜ੍ਹਦੇ ਤਕ ਬਾਸਾਂ ਨੂੰ ਇੰਞ ਖਹਿਣ ਦਿਉ।
5.
ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ।
ਬਚਪਨੇ ਵਿਚ ਜੋ ਉਸਾਰੇ ਕਾਗ਼ਜ਼ੀ ਘਰ ਯਾਦ ਨੇ।
ਇੱਕ ਦਰਿਆ ਪਾਰ ਕਰਕੇ ਦੂਸਰੇ ਕੰਢੇ ਖਲੋ,
ਪਰਤਦੇ ਯਾਰਾਂ ਦੀਆਂ ਅੱਖਾਂ ਤੇ ਅੱਥਰ ਯਾਦ ਨੇ।
ਚਰਖ਼ੜੀ ਤੇ ਰਾਤ ਦਿਨ ਬੇਸ਼ੱਕ ਅਸਾਡਾ ਬੀਤਿਆ,
ਨਿੱਕੇ ਨਿੱਕੇ ਚਾਅ ਕੁਆਰੇ ਹਾਲੇ ਤੀਕਰ ਯਾਦ ਨੇ।
ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ,
ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ।
ਦੋਸਤਾਂ ਦੇ ਕੀਮਤੀ ਤੋਹਫ਼ੇ ਮੈਂ ਕਿੱਦਾਂ ਭੁੱਲ ਜਾਂ,
ਤਾਅਨੇ, ਮਿਹਣੇ, ਤੁਹਮਤਾਂ ਸਾਰੇ ਹੀ ਨਸ਼ਤਰ ਯਾਦ ਨੇ।
ਸ਼ਹਿਰ ਦੇ ਜ਼ੰਗਾਲ ਨੇ ਰੂਹਾਂ ਨੂੰ ਭਾਵੇਂ ਖਾ ਲਿਆ,
ਛੋਲਿਆਂ ਦੇ ਖੇਤ ਨੂੰ ਚੁਗਦੇ ਕਬੂਤਰ ਯਾਦ ਨੇ।
ਡੇਰਾ ਬਾਬਾ ਨਾਨਕੋਂ ਕੋਠੇ ਤੇ ਚੜ੍ਹ ਕੇ ਦਿਸਣ ਜੋ,
ਜਿਸਮ ਨਾਲੋਂ ਕਤਰ ਕੇ ਸੁੱਟੇ ਗਏ ਪਰ ਯਾਦ ਨੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.