ਬੀਤੇ ਕੱਲ ਫ਼ੌਤ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਸਤਵੰਤ ਕੌਰ ਸੰਧੂ ਦਾ ਜਨਮ ਡੇਰਾ ਬੱਸੀ ਤਹਿਸੀਲ ਦੇ ਠਾਣਾ ਲਾਲੜੂ ਚ ਪੈਂਦੇ ਪਿੰਡ ਜੋਲੀ ਦੇ ਸਰਦਾਰ ਭਗਵਾਨ ਸਿੰਘ ਦੇ ਘਰ 22 ਫ਼ਰਵਰੀ ਸੰਨ 1940 ਨੂੰ ਹੋਇਆ । ਲਗਦੇ ਹੱਥ ਇਹ ਵੀ ਦੱਸ ਦਿਆਂ ਕਿ ਇਸੇ ਪਿੰਡ ਚ ਪੰਜਾਬ ਵਿਧਾਨ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੀ ਵਿਆਹੇ ਹੋਏ ਨੇ ।
ਬੀਬੀ ਸਤਵੰਤ ਕੌਰ ਦਾ ਵਿਆਹ ਅੰਬਾਲੇ ਦੇ ਉੱਘੇ ਪੰਥਕ ਆਗੂ ਸਰਦਾਰ ਕਰੋੜਾ ਸਿੰਘ ਸੰਧੂ ਦੇ ਬੇਟੇ ਤੇ ਐਡਵੋਕੇਟ ਸਰਦਾਰ ਅਜਾਇਬ ਸਿੰਘ ਸੰਧੂ ਨਾਲ ਹੋਇਆ ਜੀਹਨਾ ਦਾ ਸ਼ੁਮਾਰ ਅਕਾਲੀ ਦਲ ਦੇ ਦੋ ਧੜੱਲੇਦਾਰ ਲੀਡਰਾਂ ਚ ਹੁੰਦਾ ਰਿਹਾ ਹੈ। ਇੰਨਾਂ ਧੱਕੜ ਆਗੂਆਂ ਦੀ ਜੋੜੀ ਚ ਦੂਜਾ ਨਾਂਅ ਸਰਦਾਰ ਲਛਮਣ ਸਿੰਘ ਗਿੱਲ ਦਾ ਆਉਂਦਾ ਹੈ।1964-65 'ਚ ਦੋਵੇਂ ਅਕਾਲੀ ਸਫ਼ਾਂ 'ਚ ਚੋਟੀ ਦੇ ਲੀਡਰ ਸਨ ਜੋ ਕਿ ਅਕਾਲੀ ਦਲ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਪਬਲੀਕਲੀ ਟੋਕਣ ਦੀ ਹਿੰਮਤ ਰੱਖਦੇ ਸੀ ਇਨ੍ਹਾਂ 'ਚੋਂ ਲਛਮਣ ਸਿੰਘ ਗਿੱਲ 1967 'ਚ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਸਰਦਾਰ ਅਜਾਇਬ ਸਿੰਘ M.L.A ਬਣੇ।
ਬੀਬੀ ਸਤਵੰਤ ਕੌਰ ਸੰਧੂ ਨੂੰ ਸਿਆਸੀ ਪਰਿਵਾਰ ਚ ਵਿਆਹੇ ਹੋਣ ਕਰਕੇ ਸਿਆਸੀ ਸਮਝ ਤਾਂ ਮੁੱਢ ਤੋਂ ਹੀ ਸੀ ਪਰ ਉਹਨਾਂ ਨੇ ਸਰਗਰਮ ਸਿਆਸਤ ਕਦਮ ਆਪਣੇ ਪਤੀ ਦੀ ਫੌਤਗੀ ਤੋਂ ਬਾਅਦ ਹੀ ਰੱਖਿਆ । ਬੀਬੀ ਸੰਧੂ 1977 'ਚ ਕਾਂਗਰਸ ਦੇ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਨੂੰ ਹਲਕਾ 'ਚਮਕੌਰ ਸਾਹਿਬ' ਤੋਂ ਹਰਾ ਕੇ ਪਹਿਲੀ ਵਾਰੀ M. L. A. ਚੁਣੇ ਗਏ ਅਤੇ ਉਸੇ ਸਾਲ ਹੀ ਬਾਦਲ ਸਾਹਿਬ ਦੀ ਵਜ਼ਾਰਤ 'ਚ ਵਜ਼ੀਰ ਬਣੇ ।ਫਿਰ ਬੀਬੀ ਸਤਵੰਤ ਕੌਰ ਨੇ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਉਹ ਆਪਣੇ ਸਿਆਸੀ ਜੀਵਨ 'ਚ ਅਕਾਲੀ ਦਲ ਦੀ ਟਿਕਟ ਤੋਂ ਪੰਜ ਵਾਰ ਵਿਧਾਨ ਸਭਾ ਦੇ ਮੈਂਬਰ ਅਤੇ 2 ਵਾਰੀ ਵਜ਼ੀਰ ਬਣੇ। ਸਵਰਗੀ ਬੀਬੀ ਸਤਵੰਤ ਕੌਰ ਆਪਣੇ ਪਿੱਛੇ 2 ਧੀਆਂ ਅਤੇ ਇਕ ਪੁੱਤਰ ਹਰਮੋਹਨ ਸਿੰਘ ਸੰਧੂ ਨੂੰ ਛੱਡ ਗਏ ਨੇ। ਕਬਿਲੇਗੌਰ ਹੈ, ਕਿ ਹਰਮੋਹਨ ਸਿੰਘ ਸੰਧੂ ਆਪਣੇ AIG ਦੇ ਵੱਡੇ ਅਹੁਦੇ ਨੂੰ ਛੱਡ ਕੇ 2019 'ਚ ਅਕਾਲੀ ਪਾਰਟੀ 'ਚ ਸ਼ਾਮਿਲ ਹੋ ਗਏ ਸਨ।
-
ਮਲਕੀਤ ਸਿੰਘ ਮਲਕਪੁਰ, ਲੇਖਕ
*****************
98154 48201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.