20 ਜਨਵਰੀ, 2021 ਨੂੰ ਅਮਰੀਕਾ ਦੇ 46ਵੇਂ ਪ੍ਰਧਾਨ ਵਜੋਂ ਸਹੁੰ-ਚੁੱਕ ਸਮਾਗਮ ਵੇਲੇ ਆਪਣੇ ਸੰਖੇਪ ਪਰ ਇਤਿਹਾਸਕ ਭਾਸ਼ਣ ਵਿਚ 78 ਸਾਲਾ ਪ੍ਰੌਢ ਜੋਅ ਬਾਈਡਨ ਦੇਸ਼ ਵਾਸੀਆਂ ਨੂੰ ਆਪਣੀ ਨੀਯਤ, ਨੀਤੀ ਅਤੇ ਇੰਨਾਂ ਤੇ ਅਮਲ ਬਾਰੇ ਦਲੇਰਾਨਾ ਗੰਭੀਰਤਾ ਨਾਲ ਦਸ ਦਿਤਾ। ਪਿਛਲੇ 4 ਸਾਲਾਂ ਦੇ ਪ੍ਰਧਾਨ ਡੋਨਾਲਡ ਟਰੰਪ ਦੇ ਨਸਲਵਾਦ, ਗੜਬੜ, ਫਸਾਦ ਅਤੇ ਖਰੂਦ ਭਰੇ ਸ਼ਾਸਨ ਬਾਅਦ ਉਨ੍ਹਾਂ ਕੌਮ ਨੂੰ ਦਰਸਾਇਆ ਕਿ ਇਹ ਅਮਰੀਕਾ ਦਾ ਦਿਨ ਹੈ, ਇਹ ਲੋਕਤੰਤਰ ਦਾ ਦਿਨ ਹੈ ਅਤੇ ਉਹ ਸਾਰੇ ਅਮਰੀਕੀਆਂ ਦੇ ਸਾਂਝੇ ਪ੍ਰਧਾਨ ਹਨ।
ਨਸਲਵਾਦ, ਧਰਤੀ ਪੁੱਤਰ ਅਤੇ ਡਰ ਦੇ ਵਿਵਾਦਾਂ ਦੇ ਦਿਨ ਲੱਦ ਗਏ। ਜਿੰਨਾਂ ਸਾਨੂੰ ਸਾਡੀ ਪਵਿੱਤਰ ਧਰਤੀ ਤੋਂ ਉਖਾੜਨ (ਟਰੰਪ ਅਤੇ ਹਮਾਇਤੀਆਂ) ਦਾ ਯਤਨ ਕੀਤਾ, ਇੰਜ ਹੋ ਨਹੀਂ ਸਕਿਆ ਅਤੇ ਇਹ ਕਦੇ ਨਹੀਂ ਹੋਵੇਗਾ। ਆਬਰਾਹਮ ਲਿੰਕਨ ਅਨੁਸਾਰ ਅਮਰੀਕੀ ਫਰਿਸ਼ਤਿਆਂ ਨੂੰ ਜਾਗਣਾ ਹੋਵੇਗਾ। ਫਰੈਂਕਲਿਨ ਡੀ. ਰੂਜ਼ਵੈਲਟ ਅਨੁਸਾਰ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਬਲਕਿ ਡਰ ਸਾਥੋਂ ਡਰੇ। ਜਾਹਨ ਐਫ. ਕੈਨੇਡੀ ਦੇ ਸ਼ਬਦ ਬੋਲਦਿਆਂ ਕੌਮ ਨੂੰ ਮੁੜ ਝੰਝੋੜਿਆ, ‘‘ਇਹ ਨਾ ਪੁੱਛੋ ਕਿ ਵਤਨ ਤੁਹਾਡੇ ਲਈ ਕੀ ਕਰ ਸਕਦਾ ਹੈ ਬਲਕਿ ਇਹ ਪੁੱਛੋ ਕਿ ਤੁਸੀਂ ਵਤਨ ਲਈ ਕੀ ਕਰ ਸਕਦੇ ਹੋ।’’ ਦੇਸ਼ ਅੰਦਰ ਗੈਰ-ਘਰੋਗੀ ਜੰਗ ਖਤਮ ਕਰਨੀ ਹੈ ਅਤੇ ਮੇਰੀ ਆਤਮਾ ਇਸ ਵਿਚ ਹੈ, ਉਨ੍ਹਾਂ ਨੇ ਮੁੜ ਮਹਾਨ ਪ੍ਰਧਾਨ ਅਬਰਾਹਮ ਦੇ ਇਤਿਹਾਸਕ ਸ਼ਬਦਾਂ ਦਾ ਜ਼ਿਕਰ ਕਰਦੇ ਕਿਹਾ।
ਆਪਣੇ ਪੂਰਵਧਿਕਾਰੀ ਡੋਨਾਲਡ ਟਰੰਪ ਦੀ ਕੌਮੀ ਵੰਡਵਾਦ ਭਰੀ ਨਸਲਵਾਦੀ ਨੀਤੀ ਤੋਂ ਉਲਟ ਉਨ੍ਹਾਂ ਅਮਰੀਕੀ ਫਿਜਾ ਵਿਚ ਧਰਮ ਨਿਰਪਖਤਾ, ਮਾਨਵ ਬਰਾਬਰੀ, ਭੇਦ-ਭਾਵ ਰਹਿਤ ਕੌਮੀ ਏਕਤਾ, ਇਕਜੁੱਟਤਾ, ਅਖੰਡਤਾ ਅਤੇ ਪ੍ਰਪੱਕਤਾ ਦਾ ਸੰਦੇਸ਼ ਦਿਤਾ। ਅਮਰੀਕੀ ਆਤਮਾ ਲੋਕਤੰਤਰ ਦੀ ਕਾਇਮੀ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਵਚਨ ਦਿਤਾ ਕਿ ਉਹ ਅਮਰੀਕੀ ਸੰਵਿਧਾਨ, ਲੋਕਤੰਤਰ ਅਤੇ ਅਮਰੀਕੀ ਰਾਸ਼ਟਰ ਦੀ ਰਾਖੀ ਸੁਨਿਸ਼ਚਿਤ ਬਣਾਉਣਗੇ। ਦੇਸ਼ ਦੀ ਇਕਜੁੱਟਤਾ, ਨਵ ਉਸਾਰੀ, ਅਨੇਕ ਉਗਰ ਚੁਣੌਤੀਆਂ ਦੇ ਸਮਾਧਾਨ ਲਈ ਉਨ੍ਹਾਂ ਇਕ ਪਲ ਗਵਾਏ, ਪ੍ਰਧਾਨ ਦੇ ਓਵਲ ਦਫ਼ਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ।
ਅਮਰੀਕੀ ਇਤਿਹਾਸ ਵਿਚ ਪਹਿਲੀ ਉਨ੍ਹਾਂ ਨਾਲ ਭਾਰਤੀ ਪਿਛੋਕੜ ਵਾਲੀ ਸਿਆਹਫਾਮ ਲੇਡੀ ਕਮਲਾ ਹੈਰਿਸ ਨੇ ਉੱਪ ਪ੍ਰਧਾਨ ਵਜੋਂ ਸਹੁੰ ਚੁੱਕੀ ਹੈ। ਸਾਬਕਾ ਸੈਨੇਟਰ, ਕੈਲੇਫੋਰਨੀਆ ਦੀ ਅਟਾਰਨੀ ਜਨਰਲ ਰਹੀ ਲੰਬੇ ਤਜ਼ਰਬੇ ਵਾਲੀ ਇਹ ਔਰਤ ਪ੍ਰਧਾਨ ਬਾਈਡਨ ਦੇ ਕਾਰਜਕਾਲ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ‘ਰਾਸ਼ਟਰੀ ਏਕਤਾ’ ਦੇ ਪ੍ਰਧਾਨ ਬਾਈਡਨ ਦੇ ਸੰਕਲਪ ਦੀ ਪੂਰਤੀ, ਉਸ ਦੇ ਪ੍ਰਮੁੱਖ ਸਲਾਹਕਾਰ ਅਤੇ ਸੈਨੇਟ ਦੀ ਚੇਅਰਪਰਸਨ ਵਜੋਂ ਅਹਿਮ ਭੂਮਿਕਾ ਨਿਭਾਏਗੀ। ਸੈਨੇਟ ਵਿਚ ਡੈਮੋਕ੍ਰੈਟ-ਰਿਪਬਲੀਕਨ ਦਰਮਿਆਨ 50-50 ਬਰਾਬਰ ਸੀਟਾਂ ਹੋਣ ਕਰਕੇ ਉਹ ਆਪਣੀ ਕਾਸਟਿੰਗ ਵੋਟ ਦਾ ਪ੍ਰਯੋਗ ਪ੍ਰਧਾਨ ਬਾਇਡਨ ਪ੍ਰਸ਼ਾਸਨ ਦੀ ਨੀਤੀਗਤ ਸਫਲਤਾ ਅਤੇ ਬਿਹਤਰੀ ਲਈ ਨਿਸ਼ਚਤ ਤੌਰ ’ਤੇ ਭਲੀਭਾਂਤ ਕਰੇਗੀ।
ਸਾਬਕਾ ਪ੍ਰਧਾਨ ਨੇ ਜਿਵੇਂ ਸੱਤਾ ਅਤੇ ਲਾਭ ਲਈ ਇੱਕ ਲੱਖ ਵੀਹ ਹਜਾਰ ਤੋਂ ਵਧ ਵਾਰ ਝੂਠ ਬੋਲਿਆ, ਸੱਤਾ ਵਿਚ ਬਣੇ ਰਹਿਣ ਲਈ ਆਪਣੀ ਹਾਰ ਨੂੰ ਜਿੱਤ ਵਿਚ ਬਦਲਣ ਲਈ ਹਿੰਸਕ ਵਿਦਰੋਹ ਭੜਕਾ ਕੇ ਸੰਸਦ ਤੇ ਹਮਲਾ ਕਰਾਇਆ, ਕੌਮਾਂਤਰੀ ਸੰਸਥਾਵਾਂ ਨਾਲ ਬਖੇੜਾ ਖੜ੍ਹਾ ਕੀਤਾ, ਕੌਮਾਂਤਰੀ ਸੰਧੀਆਂ ਤੋੜੀਆਂ, ਮਿੱਤਰ ਅਤੇ ਸਹਿਯੋਗੀ ਰਾਸ਼ਟਰਾਂ ਨਾਲ ਸਬੰਧ ਵਿਗੜੇ, ‘ਅਮਰੀਕਾ ਫਸਟ’ ਨੀਤੀ ਤਹਿਤ ਅਮਰੀਕੀ ਗੋਰੇ ਵਸਨੀਕਾਂ ਅਤੇ ਕਾਲੇ, ਹਿਸਨੈਪਿਕ ਲੋਕਾਂ ਵਿਚਕਾਰ ਹਿੰਸਕ ਨਸਲਵਾਦ ਰਾਹੀਂ ਫਾਸ਼ੀਵਾਦੀ ਰਾਸ਼ਟਰੀ ਵੰਡ ਨੂੰ ਉਕਸਾਇਆ, ਮੀਡੀਆ ਨੂੰ ਅਮਰੀਕਾ ਦੁਸ਼ਮਣ ਗਰਦਾਨਿਆ। ਇਸ ਨਿਕੰਮੇ ਫਸਾਦੀ ਅਰਧ-ਪਾਗਲ ਕਿਸਮ ਦੇ ਪ੍ਰਧਾਨ ਦੀ ਪ੍ਰਬੰਧਕੀ ਅਕੁਸ਼ਲਤਾ ਕਰਕੇ ਕੋਵਿਡ-19 ਮਹਾਂਮਾਰੀ ਕਰਕੇ ਵਿਸ਼ਵ ਵਿਚ ਸਭ ਤੋਂ ਵਧ 4 ਲੱਖ ਕਰੀਬ ਅਮਰੀਕੀ ਮਰ ਗਏ।
ਇਹ ਮਹਾਂਮਾਰੀ ਬੇਕਾਬੂ ਜਾਰੀ ਹੈ। ਇਸ ਦੀਆਂ ਗਲਤ ਨੀਤੀਆਂ ਕਰਕੇ ‘ਅਮਰੀਕਾ ਫਸਟ’ ਆਰਥਿਕ, ਤਕਨੀਕੀ, ਵਿਕਾਸ ਪੱਖੋਂ ਅੱਜ ਅਮਰੀਕਾ ਵਿਚ ਇਤਨੀ ਸ਼ਕਤੀ ਨਹੀਂ ਕਿ ਉਹ ਉਸ ਦੀ ਬੜਤ ਨੂੰ ਰੋਕ ਸਕੇ। ਪ੍ਰਧਾਨ ਟਰੰਪ ਇਖਲਾਕੀ ਤੌਰ ’ਤੇ ਏਨਾ ਗੁਨਾਹਗਾਰ ਅਤੇ ਕਮਜ਼ੋਰ ਹੋ ਚੁੱਕਾ ਸੀ ਕਿ ਉਸ ਦੀ ਬੜਤ ਨੂੰ ਰੋਕ ਸਕੇ। ਪ੍ਰਧਾਨ ਟਰੰਪ ਇਖਲਾਕੀ ਤੌਰ ’ਤੇ ਏਨਾ ਗੁਨਾਹਗਾਰ ਅਤੇ ਕਮਜ਼ੋਰ ਹੋ ਚੁੱਕਾ ਸੀ ਕਿ ਉਸ ਦੀ ਜੁਅਰਤ ਨਹੀਂ ਪਈ ਕਿ ਉਪ ਪ੍ਰਧਾਨ ਬਾਈਡਨ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੁੰਦਾ। ਇਸ ਲਈ 20 ਜਨਵਰੀ ਨੂੰ ਤੜਕਸਾਰ ਵਾਈਟ ਹਾਊਸ ਤੋਂ ਪੱਤਰਾਵਾਚ ਗਿਆ। ਜਾਂਦਾ-ਜਾਂਦਾ ਫਿਰ ਫੱਕੜ ਤੋਲ ਗਿਆ ਕਿ ਛੇਤੀ ਹੀ ਕਿਸੇ ਨਾ ਕਿਸੇ ਰੂਪ ਵਿਚ ਉਹ ਵਾਪਸ ਪਰਤੇਗਾ।
ਸੋ ਸਾਬਕਾ ਪ੍ਰਧਾਨ ਟਰੰਪ ਦੀ ਅਕੁਸ਼ਲਤਾ ਅਤੇ ਬਜਰ ਗਲਤੀਆਂ ਕਰਕੇ ਨਵੇਂ ਪ੍ਰਧਾਨ ਬਾਈਡਨ ਸਾਹਮਣੇ ਹਿਮਾਲੀਅਨ ਉਚਾਈ ਭਰੀਆਂ ਚੁਣੌਤੀਆਂ ਖੜ੍ਹੀਆਂ ਹਨ। 8 ਸਾਲ ਉਪ ਪ੍ਰਧਾਨ ਅਤੇ 36 ਸਾਲਾ ਸੈਨੇਟਰ ਵਜੋਂ ਤਜਰਬਾ ਰਖਦੇ ਪ੍ਰਧਾਨ ਬਾਈਡਨ ਪਹਿਲੇ ਦਿਨ ਹੀ ਸਹੁੰ ਚੁੱਕਣ ਬਾਅਦ 15 ਕਾਰਜਕਾਰੀ ਹੁਕਮਾਂ ਤੇ ਦਸਤਖ਼ਤ ਕਰਕੇ ਆਪਣੇ ਪ੍ਰਸ਼ਾਸਨ ਸਾਹਮਣੇ ਦਿਉਕੱਦ ਅਤੇ ਔਝੜਾਂ ਭਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਕਾਰਜ ਸ਼ੁਰੂ ਕਰ ਦਿਤਾ ਹੈ।
ਉਨ੍ਹਾਂ ਦੇ 15 ਕਾਰਜਕਾਰੀ ਹੁਕਮਾਂ ਵਿਚ ਬਹੁਤੇ ਆਪਣੇ ਪੂਰਵਧਿਕਾਰੀ ਦੇ ਗਲਤ ਨਿਰਣਿਆਂ ਨੂੰ ਰਾਸ਼ਟਰ ਹਿੱਤ ਵਿਚ ਪਲਟਾਉਣ ਨਾਲ ਸਬੰਧਿਤ ਹਨ। ਕਰੋਨਾ ਮਹਾਂਮਾਰੀ ਨਾਲ ਕੁਸ਼ਲਤਾਪੂਰਵਕ ਨਜਿੱਠਣ ਲਈ ਉਨ੍ਹਾਂ ਆਪਣੇ ਚੋਣ ਵਾਇਦੇ ਅਨੁਸਾਰ ਕਾਰਜਕਾਲ ਦੇ ਪਹਿਲੇ 100 ਦਿਨ ਫੈਡਰਲ ਪ੍ਰਾਪਰਟੀ ਤੇ ਮਾਸਕ ਪਾਉਣੀ ਲਾਜ਼ਮੀ ਕਰ ਦਿਤੀ ਹੈ। ਟੀਕਾਕਰਨ ਅਤੇ ਟੈਸਟਿੰਗ ਦਾ ਕੰਮ ਤੇਜ਼ ਅਤੇ ਯੋਜਨਾਬੱਧ ਕਰ ਦਿਤਾ ਹੈ। ਇਸ ਦੀ ਕਮਾਨ ਜੈਫਰੀ ਜੈਂਟਸ ਨੂੰ ਸੌਂਪੀ ਹੈ ਜੋ ਸਿੱਧੇ ਪ੍ਰਧਾਨ ਪ੍ਰਤੀ ਜਵਾਬਦੇਹ ਹੋਣਗੇ।
ਜਿਨ੍ਹਾਂ ਮੁਸਲਿਮ ਰਾਸ਼ਟਰਾਂ ਦੇ ਨਾਗਰਿਕਾਂ ਦੀ ਅਮਰੀਕਾ ਅੰਦਰ ਆਂਵਦ ਤੇ ਪਾਬੰਦੀ ਲਗਾਈ ਸੀ ਉਹ ਟਰੰਪ ਹੁਕਮ ਪਲਟ ਦਿਤਾ ਹੈ। ਗ੍ਰਹਿ ਵਿਭਾਗ ਨੂੰ ਉਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਵੀਜ਼ਿਆਂ ਨੂੰ ਸਵੀਕਾਰ ਕਰਨ ਲਈ ਕਾਰਵਾਈ ਦੇ ਹੁਕਮ ਦਿਤੇ ਹਨ।
ਕੈਨੇਡਾ ਨਾਲ ਕੀਸਟੋਨ ਐਕਸ ਐਲ ਪਾਈਪ ਲਾਈਨ ਸਮਝੌਤਾ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਆਪਣੀ ਜਲਵਾਯੂ ਨੀਤੀ ਤਹਿਤ। ਪੈਰਿਸ ਜਲਵਾਯੂ ਸੰਧੀ ਅਤੇ ਵਿਸ਼ਵ ਸਿਹਤ ਸੰਧੀ ਵਿਚ ਮੁੜ ਅਮਰੀਕੀ ਸ਼ਮੂਲੀਅਤ ਤੇ ਸਹੀ ਪਾ ਦਿਤੀ ਹੈ। ਅਮਰੀਕੀ ਮਜ਼ਦੂਰਾਂ ਅਤੇ ਆਰਥਿਕਤਾ ਦੀ ਬਿਹਤਰੀ ਸਬੰਧੀ ਹੁਕਮ ਜਾਰੀ ਕੀਤੇ ਹਨ। ਦੇਸ਼ ਦੀ ਤਰੱਕੀ ਦੀ ਗਤੀ ਬਹਾਲੀ ਲਈ ਇਹ ਅਹਿਮ ਨਿਰਣਾ ਸਮਝਿਆ ਜਾਂਦਾ ਹੈ। ਵਿਦਿਆਰਥੀਆਂ ਦੇ ਕਰਜ਼ੇ ਦੀ ਸਮਾਂ ਸੀਮਾ 30 ਸਤੰਬਰ ਤਕ ਵਧਾ ਦਿਤੀ ਗਈ ਹੈ।
ਅਮਰੀਕੀ ਕਾਂਗਰਸ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਉਹ ਪ੍ਰਵਾਸ ਸਬੰਧੀ ਵਧੀਆ ਨੀਤੀਗਤ ਬਿੱਲ ਲਿਆਵੇ ਤਾਂ ਕਿ 8 ਸਾਲਾਂ ਵਿਚ 11 ਮਿਲੀਅਨ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਸਕੇ ਜੋ ਅਮਰੀਕੀ ਆਰਥਿਕ ਵਿਕਾਸ ਦੇ ਵਿਸ਼ੇਸ਼ ਅੰਗ ਵਜੋਂ ਵਿਚਰ ਰਹੇ ਹਨ। ਮੈਕਸੀਕੋ ਸਰਹੱਦ ਤੇ ਕੰਧ ਦਾ ਕੰਮ ਰੋਕ ਦਿਤਾ ਹੈ ਅਤੇ ਉਸ ਸਬੰਧੀ ਅਣਵਰਤੀ ਪੂੰਜੀ ਹੋਰ ਕਾਰਜਾਂ ਲਈ ਵਰਤਣ ਦੇ ਹੁਕਮ ਜਾਰੀ ਕੀਤੇ ਹਨ। ਟ੍ਰਾਂਸਜੈਂਡਰ ਸੇਵਾ ਮੈਂਬਰਾਂ ਅਤੇ ਮੈਕਸੀਕੋ ਸਿਟੀ ਸਬੰਧੀ ਨੀਤੀ ਦੀ ਵਾਪਸੀ ਕਰ ਦਿਤੀ ਹੈ।
ਫੈਡਰਲ ਏਜੰਸੀਆਂ ਨੂੰ ਸਿਆਹਫਾਮ ਅਮਰੀਕੀਆਂ ਦੇ ਬਿਹਤਰ ਜੀਵਨ, ਰੋਜ਼ਗਾਰ ਅਤੇ ਹੋਰ ਜ਼ਰੂਰਤਾਂ ਲਈ ਫੈਡਰਲ ਸਾਧਨਾਂ ਤੋਂ ਵਧ ਧੰਨ ਜੁਟਾਉਣ ਦਾ ਨਿਰਣਾ ਲਿਆ ਗਿਆ ਹੈ। ਓਬਾਮ ਕੇਅਰ ਵਿਰੋਧੀ ਹੁਕਮਾਂ ਦੀ ਵਾਪਸੀ ਕੀਤੀ ਗਈ ਹੈ। ਸਰਕਾਰ ਵਿਚ ਜਨਤਕ ਵਿਸ਼ਵਾਸ ਬਹਾਲੀ ਲਈ ‘ਸਦਾਚਾਰ ਸੰਕਲਪ’ ਜਾਰੀ ਕੀਤਾ ਹੈ। ਅਗਲੇ ਦਿਨਾਂ ਵਿਚ ਚੀਨ ਦੇ ਪ੍ਰਸਾਰਵਾਦ ਨੂੰ ਰੋਕਣ ਲਈ ਯੂਰਪੀਨ ਰਵਾਇਤੀ ਮਿੱਤਰਾਂ ਨਾਲ ਸਬੰਧ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਜਪਾਨ ਸਮੇਤ ਮੁੜ ਤੋਂ ਬਹਾਲ ਕੀਤੇ ਜਾਣਗੇ। ਟੈਰਿਫ ਨੀਤੀ ਮੁੜ ਤੋਂ ਸਹੀ ਕੀਤੀ ਜਾਏਗੀ। ਨਾਟੋ ਨੂੰ ਮੁੜ ਤੋਂ ਗਤੀਸ਼ੀਲ ਅਤੇ ਮੁਨੱਜ਼ਮ ਕੀਤਾ ਜਾਏਗਾ। ਵਿਦੇਸ਼ ਨੀਤੀ ਵਿਚ ਵੱਡੇ ਬਦਲਾਅ ਵੇਖੇ ਜਾਣਗੇ। ਉਤਰੀ ਕੋਰੀਆ ਪ੍ਰਧਾਨ ਨਾਲ ਸ਼ੁਰੂ ਖ਼ਤੋ-ਖਿਤਾਬਤ ਦਾ ਭੋਗ ਪਾ ਦਿਤਾ ਜਾਵੇਗਾ।
ਬਰਬਾਦੀ ਦੀ ਰਾਹ ਪੈ ਚੁੱਕੀ ਆਰਥਿਕਤਾ ਸੰਭਾਲਣ ਲਈ ਪੂਰਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਟਰੰਪ ਵਲੋਂ ਅਹੁਦਾ ਸੰਭਾਲਣ ਸਮੇਂ ਅਮਰੀਕਾ ਸਿਰ 7 ਟ੍ਰਿਲੀਅਨ ਡਾਲਰ ਕਰਜ਼ਾ ਸੀ ਜੋ ਹੁਣ 27 ਟ੍ਰਿਲੀਅਨ ਹੋ ਚੁੱਕਾ ਹੈ। ਮਨਫੀ ਚਲ ਰਹੇ ਅਮਰੀਕੀ ਵਿਕਾਸ ਕਰਕੇ ਜਿਥੇ ਪਿਛਲੇ ਮਾਰਚ-ਅਪਰੈਲ ਵਿਚ ਕੋਵਿਡ-19 ਕਰਕੇ 22.2 ਮਿਲੀਅਨ ਰੋਜ਼ਗਾਰ ਖਤਮ ਹੋਏ ਉਥੇ ਦਸੰਬਰ 2020 ਵਿਚ 14 ਹਜ਼ਾਰ ਰੋਜ਼ਗਾਰ ਖਤਮ ਹੋਏ। ਰਿਟੇਲ ਵਿਕਰੀ ਘੱਟ ਗਈ ਹੈ। ਟੈਰਿਫ ਜੰਗ ਨੇ ਹੋਰ ਬਰਬਾਦੀ ਕੀਤੀ। ਕੋਵਿਡ-19 ਦੀ ਮਾਰ ਤੋਂ ਬਚਾਉਣ ਲਈ 1.9 ਟ੍ਰਿਲੀਅਨ ਡਾਲਰ ਜਾਰੀ ਕੀਤੇ ਜਾਣਗੇ। ਮਜ਼ਦੂਰਾਂ ਦੀ ਪ੍ਰਤੀ ਘੰਟਾ ਉਜਰਤ 15 ਡਾਲਰ ਕੀਤੀ ਜਾਏਗੀ। ਘਰੋਗੀ ਨਿਵੇਸ਼ ਤੇ ਜ਼ੋਰ ਦਿਤਾ ਜਾਵੇਗਾ। ਸੰਨ 2050 ਤਕ ਜੀਰੋ ਕਾਰਬਨ ਨਿਕਾਸ ਲਈ ਦੋ ਟ੍ਰਿਲੀਅਨ ਡਾਲਰ ਸੋਲਰ ਅਤੇ ਵਿੰਡ ਊਰਜਾ ਤੇ ਖਰਚੇ ਜਾਣਗੇ।
ਸੱਤਾ ਵਿਚ ਆਉਣ ਵੇਲੇ ਅਕਸਰ ਅਮਰੀਕੀ ਪ੍ਰਧਾਨ ਅਵਾਮ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ ਲੇਕਿਨ ਵਿਸ਼ਵ ਅਤੇ ਰਾਸ਼ਟਰੀ ਸ਼ਾਂਤੀ, ਵਿਕਾਸ, ਮਾਨਵ ਬਰਾਬਰੀ, ਮਾਨਵ ਅਧਿਕਾਰਾਂ ਦੀ ਰਾਖੀ ਤੋਂ ਭਟਕ ਜਾਂਦੇ ਹਨ। ਇਸੇ ਕਰਕੇ ਅੱਜ ਅਮਰੀਕਾ ਰਾਜਨੀਤਕ, ਆਰਥਿਕ, ਸਮਾਜਿਕ ਪਤਨ ਦਾ ਸ਼ਿਕਾਰ ਹੋ ਚੁੱਕਾ ਹੈ। ਨਸਲਵਾਦੀ ਅੰਦਰੂਨੀ ਹਿੰਸਾ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕਾ ਹੈ। ਨਤੀਜਾ ਆਪਣੀ ਸੰਸਦ ਦੀ ਰਾਖੀ ਨਹੀਂ ਕਰ ਸਕਿਆ। ਪ੍ਰਧਾਨ ਬਾਈਡਨ ਅਤੇ ਉਨ੍ਹਾਂ ਦੀ ਨਤੀਜਾ ਆਪਣੀ ਸੰਸਦ ਦੀ ਰਾਖੀ ਨਹੀਂ ਕਰ ਸਕਿਆ। ਪ੍ਰਧਾਨ ਬਾਈਡਨ ਅਤੇ ਉਨ੍ਹਾਂ ਦੀ ਨਵਨਿਯੁਕਤ ਟੀਮ ਲਈ ਅਮਰੀਕੀ ਜਲੌਅ ਦੀ ਬਹਾਲੀ ਹਕੀਕਤ ਵਿਚ ਵੱਡੀ ਚੁਣੌਤੀ ਹੈ।
-
ਦਰਬਾਰਾ ਸਿੰਘ ਕਾਹਲੋਂ ਕੈਨੇਡਾ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1 2898 292929
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.