ਬਲਵਿੰਦਰ ਸਿੰਘ ਚਾਹਲ ਯੂਕੇ
ਬਨਿਦਅਚਹਅਹਅਲ@ਗਮਅਲਿ।ਚੋਮ
26 ਜਨਵਰੀ ਨੂੰ ਕਿਸਾਨਾਂ ਦੀ ਹੋ ਰਹੀ ਟਰੈਕਟਰ ਪਰੇਡ ਨੂੰ ਲੈ ਕੇ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਦਿੱਲੀ ਵੱਲ ਟਿਕੀਆਂ ਹੋਈਆਂ ਹਨ। ਜਿੱਥੇ ਇੱਕ ਪਾਸੇ ਸੰਘਰਸ਼ੀ ਲੋਕ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉੱਥੇ ਭਾਰਤ ਦੀ ਲੋਕਤੰਤਰਿਕ ਕਹਾਉਣ ਵਾਲੀ ਸਰਕਾਰ ਕਿਸਾਨਾਂ ਨੂੰ ਮੀਟਿੰਗਾਂ ਵਿੱਚ ਉਲਝਾਅ ਕੇ ਉਹਨਾਂ ਦੇ ਸੰਘਰਸ਼ ਨੂੰ ਲਮਕਾਉਣ ਵਿੱਚ ਲੱਗੀ ਰਹੀ ਹੈ। ਆਪਣੇ ਆਪ ਨੂੰ ਦੇਸ਼ ਦਾ ਚੌਂਕੀਦਾਰ ਕਹਾਉਣ ਵਾਲਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਘਰਸ਼ ਦੌਰਾਨ ਲੱਗਭੱਗ ਪਿਛਲੇ ਦੋ ਮਹੀਨੇ ਤੋਂ ਦਿੱਲੀ ਵਿੱਚ ਧਰਨਾ ਲਾ ਕੇ ਬੈਠੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਵਾਰ ਵੀ ਮਿਲਣ ਤੱਕ ਨਹੀਂ ਗਿਆ। ਉਹਨਾਂ ਨਾਲ ਸਿਰਫ਼ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਹੀ ਮੀਟਿੰਗਾਂ ਕਰਦੇ ਰਹੇ। ਪਰ ਪ੍ਰਧਾਨ ਮੰਤਰੀ ਨੇ ਇਸ ਦੀ ਜਰੂਰਤ ਵੀ ਸਮਝੀ। ਸਗੋਂ ਉਹ ਬਾਹਰਲੇ ਰਾਜਾਂ ਵਿੱਚ ਆਪਣੇ ਦੌਰੇ ਕਰਦੇ ਰਹੇ ਹਨ। ਜੋ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਸਰਕਾਰ ਕਿਸਾਨਾਂ ਨੂੰ ਨਾ ਸਿਰਫ਼ ਅੱਖੋਂ ਪਰੋਖੇ ਕਰ ਰਹੀ ਹੈ। ਸਗੋਂ ਸਰਕਾਰ ਵੱਲੋਂ ਕਿਸਾਨਾਂ ਨਾਲ ਲੁਕਣ ਮੀਟੀ ਦੀ ਖੇਡ ਵੀ ਖੇਡੀ ਜਾ ਰਹੀ ਹੈ।
ਇੱਥੇ ਹੀ ਬੱਸ ਨਹੀਂ ਹੋ ਜਾਂਦੀ ਇਸਦੇ ਨਾਲ ਨਾਲ ਕਿਸਾਨਾਂ ਦੇ ਸੰਗਠਨਾਂ ਉੱਪਰ ਬੇਤੁਕੇ ਕਿਸਮ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਜਿਹਨਾਂ ਵਿੱਚ ਕਿਸਾਨਾਂ ਨੂੰ ਕਦੇ ਖਾਲਸਤਾਨੀ, ਮਾਉਵਾਦੀ, ਨਕਸਲਬਾੜੀ, ਚੀਨੀ ਤੇ ਪਾਕਿਸਤਾਨੀ ਪੱਖੀ ਹੋਣ ਦਾ ਜਿ਼ਕਰ ਹੁੰਦਾ ਆਇਆ ਹੈ। ਜਦੋਂ ਕਿ ਕਿਸਾਨ ਆਗੂਆਂ ਨੇ ਵਾਰ ਵਾਰ ਇਹਨਾਂ ਦੋਸ਼ਾ ਦਾ ਨਾ ਸਿਰਫ਼ ਖੰਡਨ ਕੀਤਾ ਹੈ। ਇਸਦੇ ਨਾਲ ਨਾਲ ਉਹਨਾਂ ਨੇ ਇਸ ਗੱਲ ਦਾ ਭਰੋਸਾ ਵੀ ਜਤਾਇਆ ਹੈ ਕਿ ਅਸੀਂ ਸਿਰਫ਼ ਭਾਰਤ ਦੀ ਆਖੰਡਤਾ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਸਾਡਾ ਇਹ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੈ ਨਾ ਕਿ ਦੇਸ਼ ਦੇ ਵਿਰੋਧ ਵਿੱਚ ਹੈ। ਪਰ ਸਰਕਾਰੀ ਤੰਤਰ ਅਤੇ ਸਰਕਾਰ ਪੱਖੀ ਮੀਡੀਆ ਨੇ ਸਿਰ ਤੋਂ ਪੈਰਾਂ ਤੱਕ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੇ ਯਤਨ ਜਾਰੀ ਰੱਖੇ। ਇਸ ਦੌਰਾਨ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ ਨੂੰ ਮੱੁਖ ਰੱਖ ਕੇ ਖੇਤੀ ਕਾਨੂੰਨਾਂ ਉੱਪਰ ਰੋਕ ਲਗਾਈ ਗਈ। ਇਸਦੇ ਨਾਲ ਨਾਲ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸਦੇ ਚਾਰੋਂ ਮੈਂਬਰ ਖੇਤੀ ਕਾਨੂੰਨਾਂ ਦੀ ਖੁੱਲ ਕੇ ਹਮਾਇਤ ਕਰ ਚੁੱਕੇ ਹਨ। ਇਹਨਾਂ ਵਿੱਚੋਂ ਇੱਕ ਮੈਂਬਰ ਕਮੇਟੀ ਵਿੱਚੋਂ ਬਾਹਰ ਵੀ ਹੋ ਗਿਆ ਹੈ। ਕਿਸਾਨ ਸੰਗਠਨਾਂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੂੰ ਜਿੱਥੇ ਅਪ੍ਰਵਾਨ ਕੀਤਾ ਹੈ। ਉੱਥੇ ਉਹਨਾਂ ਨੇ ਆਪਣੇ ਵੱਲੋਂ ਇਸ ਕਮੇਟੀ ਮੂਹਰੇ ਪੇਸ਼ ਹੋਣ ਤੋਂ ਵੀ ਸਾਫ਼ ਇਨਕਾਰ ਕਰਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ।
ਮਗਰਲੀਆਂ ਦੋਹਾਂ ਮੀਟਿੰਗਾਂ ਦੌਰਾਨ ਸਰਕਾਰ ਵੱਲੋਂ ਡੇਢ ਸਾਲ ਲਈ ਕਾਨੂੰਨਾਂ ਨੂੰ ਰੋਕ ਦੇਣ ਦੀ ਗੱਲ ਨੂੰ ਕਿਸਾਨ ਆਗੂਆਂ ਨੇ ਨਕਾਰਦਿਆਂ ਆਪਣਾ ਸੰਘਰਸ਼ ਜਾਰੀ ਰੱਖਣ ਦਾ ਇਰਾਦਾ ਦੱਸਦਿਆਂ ਕਿਹਾ ਕਿ 26 ਜਨਵਰੀ ਵਾਲੀ ਟਰੈਕਟਰ ਪਰੇਡ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ। ਕਿਸਾਨ ਆਗੂਆਂ ਅਨੁਸਾਰ ਇਹ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ ਅਤੇ ਇਸ ਪਰੇਡ ਦਾ ਅਸਲ ਮਕਸਦ ਕਿਸਾਨਾਂ ਦੀ ਆਵਾਜ਼ ਸਰਕਾਰ ਦੇ ਬੋਲੇ ਕੰਨਾਂ ਵਿੱਚ ਪਹੁੰਚਾਉਣੀ ਹੈ। ਇਸ ਪਰੇਡ ਨੂੰ ਲੈ ਕੇ ਜਿੱਥੇ ਸਰਕਾਰ ਬਹੁਤ ਹੱਦ ਤੱਕ ਹਿੱਲੀ ਹੋਈ ਜਾਪ ਰਹੀ ਹੈ। ਸਰਕਾਰ ਵੱਲੋਂ ਕਈ ਤਰ੍ਹਾਂ ਹੱਥਕੰਡੇ ਅਪਣਾਏ ਜਾ ਰਹੇ ਪਰ ਸਭ ਫੇਲ੍ਹ ਹੁੰਦੇ ਗਏ ਹਨ। ਇਸਦੇ ਉਲਟ ਭਾਰਤ ਦੇ ਬਾਕੀ ਰਾਜਾਂ ਵਿੱਚ ਵੀ ਕਿਸਾਨਾਂ ਵੱਲੋਂ ਆਪਣੇ ਯਤਨ ਇਹ ਦਰਸਾਉਂਦੇ ਹਨ ਕਿ ਇਹ ਸੰਘਰਸ਼ ਨਾ ਸਿਰਫ਼ ਪੰਜਾਬ ਹਰਿਆਣਾ ਦਾ ਹੈ ਸਗੋਂ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਸੰਗਰਸ਼ ਹੈ। ਅੱਜ ਮੁੰਬਈ ਵਿੱਚ ਹਜਾਰਾਂ ਕਿਸਾਨ ਸੰਸਦ ਵੱਲ ਵੱਧ ਕੇ ਮਾਰਚ ਕਰ ਰਹੇ ਸਨ। ਜੋ ਉੱਥੋਂ ਦੇ ਰਾਜਪਾਲ ਨੂੰ ਆਪਣਾ ਮੰਗ ਪੱਤਰ ਪੇਸ਼ ਕਰਨ ਵਾਲੇ ਸਨ। ਇਸੇ ਤਰ੍ਹਾਂ ਹੋਰ ਵੀ ਕਈ ਰਾਜਾਂ ਦੇ ਕਿਸਾਨਾਂ ਨੇ ਆਪਣਾ ਯੋਗਦਾਨ ਪਾਇਆ ਹੈ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਯੂਪੀ, ਰਾਜਸਥਾਨ ਤੇ ਕਈ ਹੋਰ ਰਾਜਾਂ ਤੋਂ ਕਿਸਾਨ ਆਪਣਾ ਸੰਘਰਸ਼ ਚਲਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਪਰ ਸਾਡਾ ਭਾਰਤੀ ਮੀਡੀਆ ਬਹੁਤ ਸਾਰੇ ਅਜਿਹੇ ਦਿ੍ਰਸ਼ ਦਿਖਾਉਣ ਤੋਂ ਕੰਨੀ ਕਤਰਾ ਜਾਂਦਾ ਹੈ। ਕਿਉਂਕਿ ਭਾਰਤ ਦਾ ਜਿਆਦਾਤਰ ਮੀਡੀਆ ਸਰਕਾਰ ਪੱਖੀ ਲੋਕਾਂ ਦੀ ਮਲਕੀਅਤ ਹੋਣ ਕਰਕੇ ਉਹੀ ਬੋਲਦਾ ਹੈ ਜੋ ਉਹਨਾਂ ਦੇ ਆਕਾ ਦਾ ਹੁਕਮ ਹੁੰਦਾ ਹੈ।
ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ 16 ਜਨਵਰੀ ਦਾ ਇਤਿਹਾਸ ਭਾਰਤ ਵਿੱਚ ਆਜਾਦੀ ਤੋਂ ਬਾਅਦ ਮਨਾਇਆ ਜਾਣ ਵਾਲਾ ਗਣਤੰਤਰ ਦਿਵਸ ਵਜੋਂ ਬਹੁਤ ਪ੍ਰਚਲਿਤ ਹੈ। ਟਰੈਕਟਰ ਪਰੇਡ ਨਾਲ ਇਸਦੇ ਇਤਿਹਾਸ ਵਿੱਚ ਇੱਕ ਹੋਰ ਮਹਾਨ ਕਾਰਜ ਵਜੋਂ ਸਦਾ ਲਈ ਜਾਣਿਆ ਜਾਣ ਲੱਗੇਗਾ। ਜਿਹਨਾਂ ਕਿਸਾਨ ਜਥੇਬੰਦੀਆਂ ਹਹਨ। ਉਹਨਾਂ ਦੀ ਸਮਝ, ਦਿਆਨਤਾਰੀ, ਤਿਆਗ ਦੀ ਵੀ ਕਦਰ ਕਰਨੀ ਬਣਦੀ ਹੈ। ਇਸਦੇ ਨਾਲ ਨਾਲ ਜਿਹਨਾਂ ਲੋਕਾਂ, ਸੰਸਥਾਵਾਂ ਤੇ ਹੋਰ ਸੰਗਠਨਾਂ ਅਤੇ ਬਹੁਤ ਸਾਰੇ ਹੋਰ ਵਰਗਾਂ ਜਿਹਨਾਂ ਵਿੱਚ ਆਈ ਏ ਐੱਸ, ਬੁੱਧੀਜੀਵੀ, ਗਾਇਕ, ਗੀਤਕਾਰ, ਲੇਖਕ, ਅਧਿਆਪਕ, ਵਕੀਲ, ਮਜਦੂਰ, ਟਰਾਂਸਪੋਰਟਰ ਤੇ ਅਨੇਕਾਂ ਗੈਰਰਾਜਨੀਤਕ ਲੋਕ ਇਹਨਾਂ ਕਿਸਾਨਾਂ ਆਗੂਆਂ ਦੇ ਸੱਦੇ ਉੱਪਰ ਆਪਣੇ ਜਾਨ ਮਾਲ ਦੀ ਪ੍ਰਵਾਹ ਕੀਤੇ ਬਗੈਰ ਇਸ ਸੰਘਰਸ਼ ਵਿੱਚ ਕੁੱਦੇ ਹਨ। ਉਹਨਾਂ ਨੂੰ ਵੀ ਦਿਲੋਂ ਸਲਾਮ ਕਰਦੇ ਹਾਂ। ਇਸ ਦੌਰਾਨ ਜੋ ਲੋਕ ਆਪਣੀਆਂ ਜਾਨਾਂ ਦੇ ਕੇ ਸ਼ਹਾਦਤਾਂ ਦਾ ਜਾਮ ਪ੍ਰਾਪਤ ਕਰ ਗਏ ਹਨ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਹ ਵਾਅਦਾ ਦਿੰਦੇ ਹਾਂ ਕਿ ਤੁਹਾਡੀਆਂ ਕੁਰਬਾਨੀਆਂ ਕਦੇ ਵੀ ਵਿਅਰਥ ਨਹੀਂ ਜਾਣਗੀਆਂ। ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਪਰ ਤੁਹਾਡਾ ਨਾਮ ਦਰਜ ਹੋਵੇਗਾ। ਆਉਣ ਵਾਲੀਆਂ ਪੀੜੀਆਂ ਇਹ ਗੱਲ ਬੜੇ ਮਾਣ ਨਾਲ ਕਰਿਆ ਕਰਨਗੀਆਂ ਕਿ ਸਾਡੇ ਲੋਕਾਂ ਨੇ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਕਲੰਕਿਤ ਹੋਣ ਤੋਂ ਨਾ ਸਿਰਫ ਬਚਾਇਆ ਹੀ ਹੈ ਸਗੋਂ ਇਤਿਹਾਸ ਨੂੰ ਦੁਹਰਾਅ ਕੇ ਤਰੋ ਤਾਜ਼ਾ ਵੀ ਕੀਤਾ ਹੈ ਅਤੇ ਪੰਜਾਬੀਅਤ ਦੀ ਮਰ ਰਹੀ ਸਾਖ ਨੂੰ ਦੁਬਾਰਾ ਖੜਾ ਕਰਨ ਵਿੱਚ ਆਪਣਾ ਲਹੂ ਤੱਕ ਡੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ।
-
ਬਲਵਿੰਦਰ ਸਿੰਘ ਚਾਹਲ ਯੂਕੇ,
bindachahal@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.