ਦੇਸ਼ ਦਾ ਜਨਮਾਣਸ ਲੋਕਤੰਤਰ ਦੇ ਬਚਾਓ ਅਤੇ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਿਹਾ ਹੈ। ਇੱਕ ਕਵੀ ਦੇ ਸ਼ਬਦਾਂ 'ਚ "ਲੋਕਤੰਤਰ ਦਾ ਲੋਕੋਂ ਹੈ ਲੱਕ ਟੁੱਟਾ, ਤਾਨਾਸ਼ਾਹੀ ਨੇ ਲੱਕ ਇਹ ਤੋੜਿਆ ਏ" ਅਤੇ ਪ੍ਰਵਾਸ ਹੰਢਾ ਰਹੇ ਭਾਰਤ ਦੇ ਵਾਸੀ ਇਸ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਦਿਖਾਈ ਦੇ ਰਹੇ ਹਨ। ਜਿਥੇ ਅਮਰੀਕਾ, ਕੈਨੇਡਾ, ਬਰਤਾਨੀਆ, ਅਸਟ੍ਰੇਲੀਆ, ਨਿਊਜੀਲੈਂਡ ਅਤੇ ਹੋਰ ਦੇਸ਼ਾਂ 'ਚ ਵਸੇ ਪ੍ਰਵਾਸੀਆਂ ਨੇ ਵੱਡੀ ਪੱਧਰ ਉਤੇ ਰੋਸ ਮੁਜ਼ਾਹਰੇ, ਰੈਲੀਆਂ ਕਰਕੇ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ 'ਚ ਅੰਤਰਰਾਸ਼ਟਰੀ ਪੱਧਰ ਉਤੇ ਆਵਾਜ਼ ਬੁਲੰਦ ਕੀਤੀ ਹੈ, ਉਥੇ ਦੇਸ਼ ਦੀ ਵੇਲੇ ਦੀ ਸਮੱਸਿਆ ਦੀ ਇਸ ਲੜਾਈ ਦੇ ਮੂਲ ਤੱਤ ਨੂੰ ਸਮਝਦਿਆਂ, ਦੇਸ਼ ਦੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਿਰੁੱਧ ਰੋਹ ਪ੍ਰਗਟ ਕੀਤਾ ਹੈ। ਉਹਨਾ ਦਿੱਲੀ ਬਰੂਹਾਂ 'ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਵੀ ਹੱਥ ਨਹੀਂ ਘੁੱਟਿਆ।
ਦੇਸ਼ ਦੇ ਹਾਕਮ ਵਲੋਂ, ਸਮੇਂ-ਸਮੇਂ ਉਤੇ ਜਦੋਂ ਵੀ ਦੇਸ਼ ਵਾਸੀਆਂ ਨੂੰ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਨੂੰ ਖੋਹਣ ਲਈ ਕਦਮ ਚੁੱਕੇ, ਪ੍ਰਵਾਸ ਹੰਢਾ ਰਹੇ ਭਾਰਤੀਆਂ ਨੇ ਚਿੰਤਾ ਜ਼ਾਹਰ ਕੀਤੀ। ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੀ ਗਈ, ਜੰਮੂ ਕਸ਼ਮੀਰ ਦੇ ਲੋਕ ਤਿਲਮਿਲਾਏ। ਜਦੋਂ ਦੇਸ਼ ਵਿੱਚ ਨਾਗਰਿਕਤਾ ਬਿੱਲ ਪਾਸ ਕਰਕੇ ਘੱਟ ਗਿਣਤੀਆਂ ਉਤੇ ਹਮਲਾ ਹੋਇਆ, ਮੁਸਲਮਾਨਾਂ ਨੇ ਗੁੱਸਾ ਪ੍ਰਗਟਾਇਆ, ਜਦੋਂ ਦੇਸ਼ ਦੀ ਸੀਬੀਆਈ, ਰਿਜ਼ਰਵ ਬੈਂਕ, ਆਈ ਬੀ ਅਤੇ ਹੋਰ ਸੰਸਥਾਵਾਂ ਨੂੰ ਹਾਕਮਾਂ ਪਿੰਜਰੇ ਦਾ ਤੋਤਾ ਬਣਾਇਆ, ਦੇਸ਼ ਦੇ ਬੁੱਧੀਜੀਵੀਆਂ , ਲੇਖਕਾਂ ਆਵਾਜ਼ ਉਠਾਈ ਅਤੇ ਜਦੋਂ ਦੇਸ਼ ਦੇ ਸੰਵਿਧਾਨ ਨੂੰ ਖੋਰਾ ਲਾਉਂਦਿਆਂ ਮੌਜੂਦਾ ਹਾਕਮਾਂ ਨੇ ਸੱਭੋ ਕੁਝ ਆਪਣੇ ਹੱਥ-ਬੱਸ ਕਰਨ ਦਾ ਅਮਲ ਆਰੰਭਿਆ, ਉਦੋਂ ਦੇਸ਼ 'ਚ ਵੱਡਾ ਰੋਸ ਪੈਦਾ ਹੋਇਆ। ਜਦੋਂ ਕਿਸਾਨਾਂ ਦੇ ਹੱਥੋਂ ਸਭ ਕੁਝ ਖੋਹਕੇ ਧਨ-ਕੁਬੇਰਾਂ ਦੀ ਝੋਲੀ ਭਰਨ ਦਾ "ਵੱਡਾ ਕਾਰਨਾਮਾ" ਕਰਦਿਆਂ ਦੇਸ਼ ਦੇ ਹਾਕਮਾਂ ਵਲੋਂ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ ਗਏ। (ਇੱਕ ਕਵੀ ਦੇ ਸ਼ਬਦਾਂ ਅਨੁਸਾਰ "ਸੋਚ ਜਦੋਂ ਹੁੰਦੀ ਕਾਲੀ ਹਾਕਮਾਂ ਦੀ, ਹੋ ਜਾਂਦੇ ਨੇ ਉਹਨਾ ਦੇ ਖ਼ੂਨ ਕਾਲੇ। ਮੁਗਲਾਂ, ਗੋਰਿਆਂ ਸਾਡੇ 'ਤੇ ਰਾਜ ਕੀਤਾ, ਪਾਸ ਕੀਤੇ ਕਈ ਉਹਨਾ ਕਾਨੂੰਨ ਕਾਲੇ") ਤਾਂ ਦੇਸ਼ ਦਾ ਕਿਸਾਨ "ਲੋਈ ਲਾਹਕੇ", ਜਾਨ ਜ਼ੋਖ਼ਮ ਵਿੱਚ ਪਾ ਕੇ, ਲੜਾਈ ਲੜਨ ਤੁਰਿਆ ਤਾਂ ਇਹਨਾ ਸਾਰੇ ਮੌਕਿਆਂ ਉਤੇ ਪ੍ਰਵਾਸੀ ਭਾਰਤੀਆਂ ਨੇ ਸਿਰਫ਼ ਹਾਅ ਦਾ ਨਾਹਰਾ ਨਹੀਂ ਮਾਰਿਆ ਪੂਰੇ ਜ਼ੋਰ-ਜ਼ੋਰ ਨਾਲ ਦੇਸ਼ ਨੂੰ ਬਚਾਉਣ ਲਈ ਯਥਾਯੋਗ ਯਤਨ ਕੀਤੇ । ਸਿੱਟਾ ਸਾਹਮਣੇ ਹੈ ਕਿ ਵਿਦੇਸ਼ ਵਸਦੇ ਇਹਨਾ ਮਾਤਭੂਮੀ ਦੇ ਪਿਆਰਿਆਂ-ਦੁਲਾਰਿਆਂ ਦੀ ਮਿਹਨਤ ਸਦਕਾ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਨਮਾਣਸਅੰਦੋਲਨ ਦੇ ਹੱਕ 'ਚ ਆਵਾਜ਼ ਉਠਾਈ। ਆਵਾਜ਼ ਇਹਨਾ ਪ੍ਰਵਾਸੀਆਂ ਉਦੋਂ ਵੀ ਬੁਲੰਦ ਕੀਤੀ ਸੀ ਜਦੋਂ ਕਾਂਗਰਸ ਰਾਜ ਵੇਲੇ ਦੇਸ਼ 'ਚ ਐਮਰਜੈਂਸੀ ਲਗਾਈ ਗਈ ਸੀ। ਜਦੋਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਮੌਕੇ ਦੇ ਹਾਕਮਾਂ ਵਲੋਂ ਕੀਤਾ ਗਿਆ ਸੀ।
ਭਾਰਤੀ ਖੁਦਮੁਖ਼ਤਿਆਰ ਸੰਸਥਾਵਾਂ ਦੇ ਸਾਹਮਣੇ ਅੱਜ ਵੱਡੀਆਂ ਚਣੌਤੀਆਂ ਹਨ। ਹਾਕਮ ਉਹਨਾ ਨੂੰ ਆਪਣਾ ਦੁੰਮ-ਛਲਾ ਬਣਾ ਰਹੇ ਹਨ। ਉਹਨਾ ਨੂੰ ਨਿਰਪੱਖ ਰਹਿਕੇ ਆਪਣੇ ਕੰਮ ਨਹੀਂ ਕਰਨ ਦਿੱਤੇ ਜਾ ਰਹੇ। ਕਿਸਾਨ ਅੰਦੋਲਨ ਸਮੇਂ ਜਿਸ ਢੰਗ ਨਾਲ ਐਨ.ਆਈ.ਏ. ਏਜੰਸੀ ਵਲੋਂ ਅੰਦੋਲਨ ਨਾਲ ਜੁੜੇ ਆਗੂਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉਹ ਉਹਨਾ ਦੇ ਕੰਮਕਾਜ ਉਤੇ ਵੱਡਾ ਡਾਕਾ ਹਨ। ਕੈਨੇਡਾ ਦੇ ਮੈਂਬਰ ਪਾਰਲੀਮੈਂਟ ਤਾਂ ਖ਼ਾਲਸਾ ਏਡ ਸੰਸਥਾ ਨੂੰ ਨੋਬਲ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕਰਦੇ ਹਨ, ਪਰ ਐਨ.ਆਈ.ਏ. ਏਜੰਸੀ ਉਹਨਾ ਨੂੰ ਪੁਛ-ਗਿੱਛ ਦਾ ਨੋਟਿਸ ਜਾਰੀ ਕਰ ਰਹੀ ਹੈ। ਉਹ ਸੰਸਥਾ ਜਿਹੜੀ ਸਰਬੱਤ ਦੇ ਭਲੇ ਲਈ, ਹਰ ਥਾਂ ਜਾਕੇ ਆਫ਼ਤ ਵੇਲੇ ਦੁਨੀਆ ਭਰ 'ਚ ਲੋਕਾਂ ਨਾਲ ਖੜਦੀ ਹੈ,ਉਸ ਉਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਫੰਡਿੰਗ ਕਿਥੋਂ ਲੈਂਦੀ ਹੈ ਤੇ ਫੰਡਿੰਗ ਕਿਸਨੂੰ ਕਰਦੀ ਹੈ? ਅਸਲ ਵਿੱਚ ਤਾਂ ਦੇਸ਼ ਦੀਆਂ ਖੁਦਮੁਖਤਿਆਰ ਸੁਤੰਤਰ ਕੰਮ ਕਰ ਰਹੀਆਂ ਸੰਸਥਾਵਾਂ ਸਮੇਤ ਸੁਪਰੀਮ ਕੋਰਟ ਉਤੇ ਹਾਕਮਾਂ ਨੇ ਕਾਲਖ਼ ਪੋਚ ਦਿੱਤੀ ਹੈ ਜਿਸ ਬਾਰੇ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਚਿੰਤਾ ਪ੍ਰਗਟ ਕੀਤੀ ਸੀ।
ਦੇਸ਼ 'ਚ ਉਸ ਵੇਲੇ ਵੀ ਵੱਡਾ ਉਬਾਲ ਉਠਿਆ ਸੀ, ਜਦੋਂ ਕਸ਼ਮੀਰ 'ਚ ਧਾਰਾ 370 ਖ਼ਤਮ ਕਰ ਦਿੱਤੀ ਗਈ ਸੀ। ਕਈ ਪ੍ਰਤੀਨਿਧੀਆਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ, ਕਈਆਂ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਰਜ਼ ਕੀਤੇ ਗਏ। ਇਹਨਾ ਪ੍ਰਤੀਨਿਧੀਆਂ ਦੀਆਂ ਜ਼ਮਾਨਤਾਂ ਦੀ ਸੁਣਵਾਈ ਮਹੀਨਿਆਂ ਬੱਧੀ ਨਾ ਕੀਤੀ ਗਈ, ਜਦ ਕਿ ਸਰਕਾਰ ਸਮਰਥਕ ਇੱਕ ਟੀਵੀ ਐਂਕਰ ਨੂੰ ਰਾਹਤ ਦੇਣ ਲਈ ਤੁਰੰਤ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਵੇਂ ਹੀ ਕਿਸਾਨ ਅੰਦੋਲਨ 'ਚ ਸੁਪਰੀਮ ਕੋਰਟ ਦੀ ਸੁਣਵਾਈ ਸਮੇਂ ਉਹਨਾ ਚਾਰ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ, ਜਿਹੜੇ ਤਿੰਨੇ ਕਾਨੂੰਨਾਂ ਦੇ ਸਮਰਥਕ ਹਨ। ਇਸੇ ਤਰ੍ਹਾਂ ਚੋਣਾਵੀਂ ਬਾਂਡ ਦੇ ਸਬੰਧ 'ਚ 2017 ਤੋਂ ਮੁਆਮਲਾ ਲੰਬਿਤ ਹੈ, ਜੋ ਵੱਖੋ-ਵੱਖਰੀਆਂ ਸਿਆਸੀ ਧਿਰਾਂ ਨੂੰ ਮਿਲਣ ਵਾਲੇ ਚੰਦੇ ਨਾਲ ਸਬੰਧਤ ਹੈ। ਇਸ ਮਾਮਲੇ ਨੂੰ ਸੁਣਵਾਈ 'ਚ ਨਹੀਂ ਲਿਆਂਦਾ ਜਾ ਰਿਹਾ। ਇਹ ਇਸ ਵਿਸ਼ਵਾਸ ਨੂੰ ਹਰ ਬੱਲ ਦਿੰਦਾ ਹੈ ਕਿ ਅਦਾਲਤਾਂ ਉਤੇ ਸਰਕਾਰ ਦਾ ਮਜ਼ਬੂਤ ਪ੍ਰਭਾਵ ਹੈ। ਇਹਨਾ ਸਾਰੇ ਮਾਮਲਿਆਂ ਬਾਰੇ ਸਮੇਂ-ਸਮੇਂ ਦੇਸ਼-ਵਿਦੇਸ਼ 'ਚ ਵਸਦੇ ਪ੍ਰਵਾਸੀ ਭਾਰਤੀ ਯੂ.ਐਨ.ਓ., ਜਾਂ ਅੰਤਰਰਾਸ਼ਟਰੀ ਅਦਾਲਤਾਂ 'ਚ ਮੁੱਦੇ ਉਠਾਉਂਦੇ ਰਹਿੰਦੇ ਹਨ।
ਸਮੁੱਚੇ ਭਾਰਤ ਦਾ ਰੋਜ਼ਾਨਾ ਪ੍ਰਸਾਸ਼ਨ ਕਾਰਜਪਾਲਿਕਾ ਵਲੋਂ ਸੰਭਾਲਿਆ ਜਾਂਦਾ ਹੈ। ਉਸ ਵਿੱਚ ਵੱਡਾ ਰੋਲ ਪੁਲਿਸ ਪ੍ਰਸਾਸ਼ਨ ਦਾ ਵੀ ਹੈ। ਉਹਨਾ ਦੇ ਕੰਮ ਕਾਰ ਵਿੱਚ ਵੱਡੀਆਂ ਖਾਮੀਆਂ ਹਨ। ਰਾਜਾਂ ਦੇ ਰਾਜਪਾਲਾਂ ਦਾ ਕੰਮ ਕਾਰ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਤਾਂ ਬਹੁਤੇ ਵਿਰੋਧੀ ਧਿਰਾਂ ਦੇ ਮੁੱਖਮੰਤਰੀ ਮੌਜੂਦਾ ਰਾਜਪਾਲਾਂ ਵਿਰੁੱਧ ਸ਼ਕਾਇਤ ਕਰਦੇ ਹਨ ਕਿ ਉਹ ਆਪਣੇ ਦਾਇਰੇ ਤੋਂ ਬਾਹਰ ਜਾਕੇ ਕੰਮ ਕਰ ਰਹੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀ.ਬੀ.ਆਈ., ਈ.ਡੀ., ਆਮਦਨ ਕਰ ਅਧਿਕਾਰੀ ਚੋਣਾਂ ਤੋਂ ਪਹਿਲਾਂ ਵਿਰੋਧੀ ਦਲਾਂ ਦੇ ਉਮੀਦਵਾਰਾਂ, ਸਮਰਥਕਾਂ ਉਤੇ ਛਾਪੇ ਮਾਰਦੇ ਹਨ। ਇਸਦੀ ਉਦਾਹਰਨ ਕਿਸਾਨ ਅੰਦੋਲਨ ਦੌਰਾਨ ਵੀ ਵੇਖਣ ਨੂੰ ਮਿਲੀ ਹੈ, ਜਦੋਂ ਪੰਜਾਬ ਦੇ ਆੜ੍ਹਤੀਆਂ ਵਿਰੁੱਧ ਆਮਦਨ ਕਰ ਵਾਲਿਆਂ ਛਾਪੇ ਮਾਰੇ ਹਨ। ਇਸ ਸਭ ਕੁਝ ਦੀ ਚਿੰਤਾ ਦੇਸ਼ ਤੋਂ ਬਾਹਰ ਬੈਠੇ ਪ੍ਰਵਾਸੀਆਂ ਨੂੰ ਉਸ ਵੇਲੇ ਵੱਧ ਜਾਂਦੀ ਹੈ, ਜਦੋਂ ਉਹ ਇਹ ਸੁਫ਼ਨਾ ਪਾਲੀ ਬੈਠੇ ਹੁੰਦੇ ਹਨ ਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ, ਜਿਥੇ ਉਹ ਜੰਮੇ, ਪਲੇ, ਪ੍ਰਵਾਨ ਚੜ੍ਹੇ ਹਨ, ਉਹੋ ਕਿਸਮ ਦੀਆਂ ਪ੍ਰਸ਼ਾਸਨ, ਸਿਹਤ, ਸਿੱਖਿਆ ਸਹੂਲਤਾਂ ਦੇਣ ਦੇ ਚਾਹਵਾਨ ਹਨ, ਜਿਹੋ ਜਿਹਾ ਉਹ ਹੰਢਾ ਰਹੇ ਹਨ। ਇਸੇ ਸੁਫ਼ਨੇ ਨੂੰ ਪੂਰਿਆਂ ਕਰਨ ਲਈ ਉਹ ਮਣਾ-ਮੂੰਹੀ ਧਨ ਪਿੰਡਾਂ ਦੇ ਵਿਕਾਸ ਲਈ ਭੇਜਦੇ ਹਨ। ਆਪਣੇ ਪਿਛਲੇ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ। ਖੇਡਾਂ ਲਈ ਸਟੇਡੀਅਮ, ਬੁਨਿਆਦੀ ਸੁਧਾਰ ਲਈ ਅੰਡਰਗਰਾਊਂਡ ਸਟੇਡੀਅਮ, ਸਕੂਲਾਂ ਲਈ ਲੋੜਾਂ ਪੂਰੀਆਂ ਕਰਨ ਲਈ ਹੋਰ ਸਹੂਲਤਾਂ ਪ੍ਰਦਾਨ ਹੀ ਨਹੀਂ ਕਰਦੇ, ਸਮਾਜਿਕ ਭਲਾਈ ਕਾਰਜਾਂ ਜਿਹਨਾ ਵਿੱਚ ਲੋੜਬੰਦਾਂ ਲਈ ਅੰਨਦਾਣਾ, ਪੈਨਸ਼ਨ ਵੀ ਦਿੰਦੇ ਹਨ। ਕੋਵਿਡ-19 ਦੇ ਦਿਨਾਂ 'ਚ ਪ੍ਰਵਾਸੀਆਂ ਨੇ ਲੋੜਬੰਦਾਂ ਦੀ ਵੱਡੀ ਆਰਥਿਕ ਸਹਾਇਤਾ ਉਹਨਾ ਨੂੰ ਅਨਾਜ਼ ਕਿੱਟਾਂ ਵੰਡਕੇ ਕੀਤੀ। ਪਰ ਇਸ ਸਭ ਕੁਝ ਦੇ ਨਾਲ ਨਾਲ ਉਹ ਸਿਆਸੀ ਸਰਗਰਮੀਆਂ 'ਚ ਵੀ ਵੱਡਾ ਹਿੱਸਾ ਲੈਂਦੇ ਹਨ, ਪੰਜਾਬ ਸੂਬਾ ਇਸ ਦੀ ਵੱਡੀ ਉਦਾਹਰਨ ਹੈ।
ਬਹੁਤਾ ਦੂਰ ਨਾ ਜਾਈਏ, ਪੰਜਾਬ ਦੀਆਂ ਹਰ ਕਿਸਮ ਦੀਆਂ ਚੋਣਾਂ 'ਚ ਪ੍ਰਵਾਸੀ ਪੰਜਾਬੀ ਹਿੱਸਾ ਲੈਂਦੇ ਹਨ। ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਖ਼ਾਸ ਰਾਜਸੀ ਧਿਰ ਲਈ ਵੋਟਾਂ ਦੀ ਮੰਗ ਕਰਦੇ ਹਨ। ਹਾਲ 'ਚ ਹੀ ਆਮ ਆਦਮੀ ਪਾਰਟੀ ਦੀ ਪੂਰੀ ਮੁਹਿੰਮ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੇ ਚਲਾਈ। ਪੰਜਾਬ 'ਚ ਇਸ ਪਾਰਟੀ ਨੂੰ ਜਿੰਨੀ ਸਫਲਤਾ ਮਿਲੀ, ਉਸਦਾ ਵੱਡਾ ਹਿੱਸਾ ਪ੍ਰਵਾਸੀਆਂ ਕਰਕੇ ਸੰਭਵ ਹੋਇਆ। ਵਿਧਾਨ ਸਭਾ ਚੋਣ ਮੁਹਿੰਮ 'ਚ ਵੀ ਇਹਨਾ ਪ੍ਰਵਾਸੀਆਂ ਧਨ ਨਾਲ ਹੀ ਸਹਾਇਤਾ ਨਹੀਂ ਕੀਤੀ, ਸਗੋਂ ਨਿੱਜੀ ਤੌਰ 'ਤੇ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬ ਦੀ ਧਰਤੀ ਤੇ ਪੁੱਜੇ। ਇਕੋ ਆਸ਼ੇ ਨੂੰ ਲੈਕੇ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਵੇ। ਪੰਜਾਬ ਖੁਸ਼ਹਾਲ ਹੋਵੇ। ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਵੇ। ਪੰਜਾਬ ਨੂੰ ਸਾਫ਼-ਸੁਥਰਾ ਪ੍ਰਸਾਸ਼ਨ ਮਿਲੇ। ਪੂਰੀ ਸਫ਼ਲਤਾ ਨਾ ਮਿਲਣ ਤੇ ਪ੍ਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਰਤਾਰੇ ਤੋਂ ਨਿਰਾਸ਼ ਹੋਏ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਲਵੰਤ ਸਿੰਘ ਰਾਮੂੰਵਾਲੀਆ ਅਤੇ ਮਨਪ੍ਰੀਤ ਸਿੰਘ ਬਾਦਲ ਵਲੋਂ ਆਰੰਭੀਆਂ ਸਿਆਸੀ ਧਿਰਾਂ ਦੀ ਕਾਰਗੁਜ਼ਾਰੀ ਤੋਂ ਉਹ ਨਿਰਾਸ਼ ਹੋਏ ਸਨ, ਜਿਹੜੇ ਉਹਨਾ ਦੀ ਸੋਚ ਅਨੁਸਾਰ ਕੰਮ ਨਹੀਂ ਸਨ ਕਰ ਸਕੇ।
ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀ ਵੱਡੀ ਚਿੰਤਾ ਆਪਣੇ ਦੇਸ਼ ਨੂੰ ਖੁਸ਼ਹਾਲ ਵੇਖਣ ਦੀ ਹੈ। ਕਿਸੇ ਵੀ ਭੀੜ ਵੇਲੇ ਉਹ ਆਪਣੇ ਦੇਸ਼ ਵਾਸੀਆਂ ਨਾਲ ਖੜਦੇ ਹਨ। ਕਿਸਾਨ ਅੰਦੋਲਨ ਦੌਰਾਨ ਖ਼ਾਸ ਕਰਕੇ ਪ੍ਰਵਾਸੀ ਪੰਜਾਬੀ ਅੰਦੋਲਨ ਨਾਲ ਖੜੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਅੰਦੋਲਨ ਦੇ ਬੀਜ ਹਰੀ ਕ੍ਰਾਂਤੀ ਨੇ ਪੈਦਾ ਕੀਤੇ ਤੇ ਪੰਜਾਬ ਦੇ ਪਾਣੀਆਂ ਉਤੇ ਡਾਕਾ ਹਰੀ ਕ੍ਰਾਂਤੀ ਨੇ ਮਾਰਿਆ। ਖੁਦਕੁਸ਼ੀਆਂ ਦਾ ਵਰਤਾਰਾ ਇਸੇ ਦੀ ਦੇਣ ਹੈ ਅਤੇ ਇਸੇ ਨੇ ਹੀ ਖੇਤੀ ਦੀਆਂ ਤਕਨੀਕਾਂ ਤੋਂ ਲੈਕੇ ਬੈਂਕਾਂ, ਸ਼ਾਹੂਕਾਰਾਂ ਦਾ ਉਹਨਾ ਨੂੰ ਗੁਲਾਮ ਬਣਾ ਦਿੱਤਾ ਤੇ ਇਸੇ ਦੀ ਇੱਕ ਵੱਡੀ ਦੇਣ ਪੰਜਾਬੀਆਂ ਨੂੰ ਪ੍ਰਵਾਸ ਦੇ ਰਾਹ ਤੋਰਨਾ ਹੈ।
ਪ੍ਰਵਾਸੀ ਪੰਜਾਬੀਆਂ ਦੇ ਮਨਾਂ 'ਚ ਪਿਆਰੇ ਪੰਜਾਬ ਦੀ ਮੰਦਹਾਲੀ ਦੀ ਤਸਵੀਰ ਰੜਕਦੀ ਹੈ। ਉਸਨੂੰ ਨਾ 47 ਭੁਲਿਆ ਹੈ ਨਾ 84। ਉਸ ਦੇ ਮਨ 'ਚ ਮਾਪਿਆਂ, ਰਿਸ਼ਤੇਦਾਰਾਂ ਦੀ ਆਰਥਿਕ ਤੰਗੀ ਪਲ-ਪਲ ਖੋਰੂ ਪਾਉਂਦੀ ਹੈ। ਉਸਨੂੰ ਬੇ-ਇਮਾਨ ਸਿਆਸਤਦਾਨਾਂ ਦਾ ਵਰਤਾਰਾ ਪ੍ਰੇਸ਼ਾਨ ਕਰਦਾ ਹੈ, ਜਿਹਨਾ ਨੇ ਪੰਜਾਬ ਨੂੰ ਨਸ਼ੇ ਦਿੱਤੇ, ਜਿਹਨਾ ਜਵਾਨੀ ਦਾ ਘਾਣ ਕੀਤਾ।
ਬੇਰੁਜ਼ਗਾਰੀ ਤੇ ਪ੍ਰਵਾਸ ਪੰਜਾਬੀਆਂ ਪੱਲੇ ਪਾਇਆ। ਚੰਗੇ ਸਾਸ਼ਨ ਦੀ ਥਾਂ 'ਤੇ ਮਾਫੀਆ ਰਾਜ ਦਿੱਤਾ। ਪੰਜਾਬ ਦੀ ਧਰਤੀ 'ਚ ਜੰਮਣ ਵਾਲੇ 5 ਸਾਲਾਂ ਤੋਂ ਘੱਟ ਉਮਰ ਦੇ 38.4 ਫ਼ੀਸਦੀ ਬੱਚੇ ਛੋਟੇ ਕੱਦ ਦੇ, 35.7 ਫ਼ੀਸਦੀ ਬੱਚੇ ਕਮਜ਼ੋਰ ਅਤੇ 21 ਫ਼ੀਸਦੀ ਬੱਚੇ ਘੱਟ ਵਜ਼ਨ ਦੇ ਉਸ ਧਰਤੀ ਦੀ ਝੋਲੀ ਪਾਏ, ਜਿਹੜੀ ਧਰਤੀ ਛੈਲ ਛਬੀਲੇ ਗੱਭਰੂ, ਸੁਡੋਲ ਸੁਨੱਖੀਆਂ ਮੁਟਿਆਰਾਂ ਜੰਮਦੀ ਸੀ। ਜਿਹਨਾ ਨੇ ਪੰਜਾਬੀਆਂ ਦੀ ਬੋਲੀ ਅਤੇ ਸਭਿਆਚਾਰ ਖੋਹ ਲਿਆ। ਪਰਿਵਾਰਕ ਤਾਣਾ ਬਾਣਾ ਤਹਿਸ਼ ਨਹਿਸ਼ ਕਰਕੇ ਪਿੰਡਾਂ-ਸ਼ਹਿਰਾਂ 'ਚ ਧੜੇਬੰਦੀ ਪੈਦਾ ਕਰ ਦਿੱਤੀ ਤਾਂ ਕਿ ਉਹਨਾ ਦੀ ਕੁਰਸੀ ਬਚੀ ਰਹੇ ਤੇ ਸਭ ਤੋਂ ਵੱਡੀ ਗੱ. ਇਹ ਕਿ ਕਿਸਾਨਾਂ ਦੀ ਖੇਤੀ ਸਿਆਸਤਦਾਨਾਂ ਹਥਿਆ ਲਈ, ਘਾਟੇ ਦੀ ਖੇਤੀ ਉਹਨਾਂ ਪੱਲੇ ਪਾ ਦਿੱਤੀ।
ਬਾਵਜੂਦ ਇਸ ਗੱਲ ਦੇ ਕਿ ਪ੍ਰਵਾਸੀਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ, ਪੂਰਾ ਇਨਸਾਫ ਨਹੀਂ ਦਿੱਤਾ। ਕਈ ਪ੍ਰਵਾਸੀਆਂ ਉਤੇ ਝੂਠੇ ਕੇਸ ਦਰਜ਼ ਕੀਤੇ। ਕਈਆਂ ਦੇ ਪਰਿਵਾਰਾਂ ਨੇ ਕੁਝ ਪੁਲਿਸ, ਪ੍ਰਸ਼ਾਸਨ ਨਾਲ ਰਲਕੇ ਜ਼ਮੀਨਾਂ ਹਥਿਆਈਆਂ, ਪੈਸੇ ਬਟੋਰੇ। ਹਵਾਈ ਅੱਡਿਆਂ ਉਤੇ ਉਹਨਾ ਦੀ ਆਮਦ 'ਤੇ ੳਹਨਾ ਦਾ ਤ੍ਰਿਸਕਾਰ ਹੋਇਆ। ਵੱਡੇ ਕੇਸ ਵੀ ਦਰਜ਼ ਹੋਏ। "ਵੱਡੀ ਸਰਕਾਰ" ਵਲੋਂ ਚੋਣਾਂ 'ਚ ਵੋਟ ਦਾ ਅਧਿਕਾਰ ਦੇਣ ਦੇ ਐਲਾਨ ਹੋਏ, ਪੱਲੇ ਕੁਝ ਵੀ ਨਾ ਪਾਇਆ।
ਪਰ ਪ੍ਰਵਾਸੀ ਭਾਰਤੀ, ਮਨ 'ਚ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਜਜ਼ਬਾ ਰੱਖਕੇ, ਸੰਘਰਸ਼ ਕਰ ਰਹੇ ਦੇਸ਼ ਵਾਸੀਆਂ ਨਾਲ ਇਕਜੁੱਟਤਾ ਵਿਖਾ ਰਹੇ ਹਨ। ਆਪਣੀ ਧਰਤੀ ਤੋਂ ਠੰਡੀ ਹਵਾ ਦੇ ਬੁਲ੍ਹਿਆਂ ਦੀ ਉਡੀਕ 'ਚ, ਇਹ ਪ੍ਰਵਾਸੀ ਜੂਝਦੇ ਜੁਝਾਰੂ ਲੋਕਾਂ ਦੀ ਜਿੱਤ ਦੀ ਖ਼ਬਰ ਉਡੀਕਦੇ ਉਹਨਾ ਦੀ ਸੁੱਖ ਉਸੇ ਤਰ੍ਹਾਂ ਮੰਗਦੇ ਹਨ, ਜਿਵੇਂ ਕੋਈ ਮਾਂ ਆਪਣੇ ਪੁੱਤਾਂ ਦੇ ਸੁੱਖ ਅਤੇ ਖੇਤਰ ਵਿੱਚ ਤਰੱਕੀ ਦੀ ਕਾਮਨਾ ਕਰਦੀ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.