ਵੱਡੀ ਆਂਤ ਅਤੇ ਲੈਟਰੀਨ ਦਾ ਰਸਤਾ ਭੋਜਨ ਨਾਲੀ ਦਾ ਇੱਕ ਅਹਿਮ ਹਿੱਸਾ ਹਨ l ਵੱਡੀ ਆਂਤ ਅੰਦਾਜ਼ਨ 5 ਫੁੱਟ ਲੰਬੀ ਹੁੰਦੀ ਹੈ ਅਤੇ ਲੈਟਰੀਨ ਦਾ ਰਸਤਾ ਅੰਦਾਜ਼ਾ ਪੌਣਾ ਕੁ ਫੁੱਟ ਲੰਬਾ ਹੁੰਦਾ ਹੈ l ਖਾਣਾ ਖਾਣ ਤੋਂ ਬਾਅਦ ਭੋਜਨ ਮਿਹਦੇ ਤੋਂ ਹੁੰਦਾ ਹੋਇਆ ਛੋਟੀ ਆਂਤੜੀ ਵਿੱਚ ਜਾਂਦਾ ਹੈ, ਜਿਥੇ ਇਹ ਕਾਫੀ ਮਾਤਰਾ ਵਿੱਚ ਜ਼ਜਬ ਹੋ ਜਾਂਦਾ ਹੈ ਅਤੇ ਜਿਹੜਾ ਭੋਜਨ ਛੋਟੀ ਆਂਤ ਵਿੱਚ ਜ਼ਜਬ ਨਹੀਂ ਹੁੰਦਾ ਉਹ ਵੱਡੀ ਆਂਤ ਵਿੱਚ ਪੂਰੀ ਤਰ੍ਹਾਂ ਪਚਦਾ ਹੈ ਅਤੇ ਇਥੇ ਹੀ ਇਸ ਦਾ ਪਾਣੀ ਅਤੇ ਹੋਰ ਪੋਸ਼ਕ ਤੱਤ ਪੂਰੀ ਤਰ੍ਹਾਂ ਸਰੀਰ ਵਿੱਚ ਜ਼ਜਬ ਹੋ ਜਾਂਦੇ ਹਨ ਅਤੇ ਬਾਕੀ ਬਚਿਆ ਫੋਕ ਪਦਾਰਥ ਲੈਟਰੀਨ ਦੇ ਰਸਤੇ ਰਾਹੀਂ ਮੱਲ ਦੇ ਰੂਪ ਵਿੱਚ ਬਾਹਰ ਆ ਜਾਂਦੇ ਹਨl
ਕੈਂਸਰ ਕੀ ਹੈ
ਸਾਡਾ ਸਰੀਰ ਛੋਟੇ ਛੋਟੇ ਸੈੱਲਾਂ ਤੋਂ ਬਣਿਆ ਹੁੰਦਾ ਹੈ ਅਤੇ ਇਹ ਸੈੱਲ ਬਣਦੇ ਰਹਿੰਦੇ ਹਨ ਅਤੇ ਮਰਦੇ ਰਹਿੰਦੇ ਹਨ l ਇਸ ਨਾਲ ਸਰੀਰ ਦਾ ਕੰਮ ਠੀਕ ਤਰੀਕੇ ਨਾਲ ਚਲਦਾ ਰਹਿੰਦਾ ਹੈ l ਜਦੋਂ ਕਈ ਵਾਰ ਸੈੱਲ ਬਣਦੇ ਤਾਂ ਰਹਿੰਦੇ ਹਨ ਪਰ ਟੁੱਟਦੇ ਨਹੀਂ ਜਾਂ ਮਰਦੇ ਨਹੀਂ ਤਾਂ ਉਸ ਜਗ੍ਹਾ ਤੇ ਉਨ੍ਹਾਂ ਸੈੱਲਾਂ ਦੀ ਬਹੁਤਾਤ ਹੋ ਜਾਂਦੀ ਹੈ ਜਿਸ ਨੂੰ ਕੈਂਸਰ ਕਿਹਾ ਜਾਂਦਾ ਹੈ l ਇਹ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲੀ ਕਿਸਮ ਵਿੱਚ ਉਹ ਸੈੱਲ ਉਸੀ ਜਗ੍ਹਾ ਤੇ ਹੀ ਰਹਿੰਦੇ ਹਨ ਅਤੇ ਸਰੀਰ ਵਿੱਚ ਹੋਰ ਕਿਸੇ ਪਾਸੇ ਨਹੀਂ ਫੈਲਦੇ, ਇਸ ਨੂੰ ਬਿਨਾਈਨ ਕੈਂਸਰ (Benign Cancer) ਕਹਿੰਦੇ ਹਨ ਜਦਕਿ ਦੂਜੀ ਕਿਸਮ ਵਿੱਚ ਸੈੱਲ ਜਦੋਂ ਬਣਦੇ ਹਨ ਤਾਂ ਉਹ ਸਰੀਰ ਵਿੱਚ ਹੋਰ ਜਗ੍ਹਾ ਵੀ ਫੈਲ੍ਹ ਜਾਂਦੇ ਹਨ ਇਸ ਨੂੰ ਮੈਲਿਗਨੈਂਟ ਕੈਂਸਰ (Malignant Cancer) ਕਹਿੰਦੇ ਹਨ l ਪਹਿਲੀ ਤਰ੍ਹਾਂ ਦੇ ਕੈਂਸਰ ਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ l ਜਦ ਕਿ ਦੂਜੀ ਤਰ੍ਹਾਂ ਦੇ ਕੈਂਸਰ, ਜੇ ਸਮੇਂ ਸਿਰ ਇਲਾਜ ਨਾਲ ਖਤਮ ਨਾ ਕੀਤੇ ਜਾਣ ਤਾਂ ਮੌਤ ਦਾ ਕਾਰਨ ਬਣ ਸਕਦੇ ਹਨ l ਜੇ ਇਹ ਕੈਂਸਰ ਵੱਧ ਜਾਣ ਤਾਂ ਇਨ੍ਹਾਂ ਦਾ ਇਲਾਜ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ l ਕਈ ਵਾਰ ਪਹਿਲੀ ਕਿਸਮ ਦਾ ਕੈਂਸਰ (Benign Cancer) ਦੂਜੀ ਕਿਸਮ ਦੇ ਕੈਂਸਰ (Malignant Cancer) ਨੂੰ ਜਨਮ ਦੇ ਸਕਦਾ ਹੈ l
ਵੱਡੀ ਆਂਤ ਦਾ ਕੈਂਸਰ
ਵੱਡੀ ਆਂਤ ਦਾ ਕੈਂਸਰ ਬਿਨਾਈਨ ਵੀ ਹੋ ਸਕਦਾ ਹੈ ਅਤੇ ਮੈਲਿਗਨੈਂਟ ਵੀ l ਇਹ ਜ਼ਿਆਦਾਤਰ ਲੈਟਰੀਨ ਦੇ ਰਸਤੇ ਦੇ ਨੇੜੇ ਹੁੰਦਾ ਹੈ l ਇਸ ਬਿਮਾਰੀ ਦਾ ਸਭ ਤੋਂ ਵੱਡਾ ਲੱਛਣ ਹੈ ਕਿ ਲੈਟਰੀਨ ਵਿੱਚ ਖੂਨ ਦਾ ਆਉਣਾ l ਕਈ ਮਰੀਜ਼ਾਂ ਵਿੱਚ ਕਦੇ ਪਤਲੀ ਟੱਟੀ ਅਤੇ ਕਦੇ ਕਬਜ਼ ਹੁੰਦੀ ਰਹਿੰਦੀ ਹੈ l ਕਈ ਵਾਰ ਮਰੀਜ਼ ਨੂੰ ਲੱਗਦਾ ਹੈ ਕਿ ਉਸ ਨੂੰ ਲੈਟਰੀਨ ਖੁੱਲ੍ਹ ਕੇ ਨਹੀਂ ਆਈ ਅਤੇ ਵਾਰ ਵਾਰ ਲੈਟਰੀਨ ਜਾਣਾ ਪੈਂਦਾ ਹੈ l ਇਸ ਤੋਂ ਇਲਾਵਾ ਭੁੱਖ ਘੱਟ ਲੱਗਣਾ, ਕਮਜ਼ੋਰੀ ਮਹਿਸੂਸ ਕਰਨਾ ਆਦਿਕ ਲੱਛਣ ਵੀ ਹੋ ਸਕਦੇ ਹਨ l ਕਈ ਵਾਰ ਮਰੀਜ਼ ਸਾਰਾ ਦਿਨ ਥੱਕਿਆ ਥੱਕਿਆ ਰਹਿੰਦਾ ਹੈ, ਕਿਓਂਕਿ ਥਕਾਨ ਰਹਿਣਾ, ਕਮਜ਼ੋਰੀ ਮਹਿਸੂਸ ਕਰਨਾ ਜਾਂ ਭਾਰ ਘੱਟ ਹੋਣਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਕੈਂਸਰ ਕਰਕੇ ਹੀ ਹੋ ਰਿਹਾ ਹੈ l ਇਸ ਲਈ ਸਹੀ ਸਮੇਂ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ l ਜਦੋਂ ਕੈਂਸਰ ਦੀ ਗਿਲਟੀ ਛੋਟੀ ਹੁੰਦੀ ਹੈ ਤਾਂ ਮਰੀਜ਼ ਨੂੰ ਜ਼ਿਆਦਾ ਲੱਛਣ ਨਹੀਂ ਹੁੰਦੇ l ਇਥੇ ਸਕਰੀਨਿੰਗ ਟੈੱਸਟਾਂ ਦਾ ਬਹੁਤ ਵੱਡਾ ਰੋਲ ਹੈ, ਕਿਓਂਕਿ ਇਹ ਕੈਂਸਰ ਨੂੰ ਉਸ ਸਟੇਜ ਤੇ ਪਕੜਦੇ ਹਨ ਜਦੋਂ ਕੈਂਸਰ ਛੋਟਾ ਹੁੰਦਾ ਹੈ ਅਤੇ ਇਸ ਦੇ ਠੀਕ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ l ਬਿ੍ਟਿਸ਼ ਕੋਲੰਬੀਆਂ ਵਿੱਚ ਔਸਤਨ ਹਰ ਸਾਲ 3000 ਲੋਕਾਂ ਵਿੱਚ ਇਸ ਬਿਮਾਰੀ ਦਾ ਪਤਾ ਲਗਦਾ ਹੈ ਅਤੇ ਹਰ ਰੋਜ਼ ਤਿੰਨ ਲੋਕ ਵੱਡੀ ਆਂਤ ਦੇ ਕੈਂਸਰ ਨਾਲ ਮਰਦੇ ਹਨ l
ਕੈਂਸਰ ਹੋਣ ਦੇ ਕਾਰਨ
ਅਜੇ ਤੱਕ ਪੱਕੀ ਤਰ੍ਹਾਂ ਨਹੀਂ ਪਤਾ ਲਗਿਆ ਕਿ ਵੱਡੀ ਆਂਤ ਦਾ ਕੈਂਸਰ ਕਿਸ ਕਿਸ ਕਾਰਨ ਕਰਕੇ ਹੁੰਦਾ ਹੈ. ਪਰ ਇੱਕ ਗੱਲ ਤਾਂ ਸਾਫ ਹੈ ਕਿ ਇਹ ਛੂਤ ਦੀ ਬਿਮਾਰੀ ਨਹੀਂ ਹੈ l ਇਸ ਲਈ ਇਹ ਕੈਂਸਰ ਦੇ ਕਿਸੇ ਵਿਅਕਤੀ ਨੂੰ ਛੂਹਣ ਨਾਲ ਜਾਂ ਉਸ ਦੇ ਕੱਪੜੇ ਪਾਉਣ ਨਾਲ ਜਾਂ ਉਸ ਦਾ ਖਾਣਾ ਖਾਣ ਨਾਲ ਨਹੀਂ ਹੁੰਦਾ l ਫਿਰ ਵੀ ਕੁੱਝ ਇੱਕ ਕਾਰਨ ਹਨ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਉਹ ਇਸ ਪ੍ਰਕਾਰ ਹਨ
· ਉਮਰ: ਵੱਡੀ ਆਂਤ ਦਾ ਕੈਂਸਰ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ ਵਿੱਚ ਹੁੰਦਾ ਹੈ l ਜ਼ਿਆਦਾਤਰ ਇਹ ਪੰਜਾਹ ਸਾਲ ਦੇ ਬਾਅਦ ਦੇ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ l ਇਸ ਦੇ ਮਿਲਣ ਦੀ ਔਸਤਨ ਉਮਰ ਅੰਦਾਜ਼ਾ 70 ਸਾਲ ਦੇ ਕਰੀਬ ਹੁੰਦੀ ਹੈ l
· ਅਨੂਵੰਸ਼ਿਕ ਕਾਰਨ: ਜੇ ਕਿਸੇ ਵਿਅਕਤੀ ਦੇ ਖਾਨਦਾਨ ਵਿੱਚ ਕੈਂਸਰ ਦੀ ਬਿਮਾਰੀ ਪਹਿਲਾਂ ਹੋਈ ਹੋਵੇ, ਉਸ ਵਿੱਚ ਇਹ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ l ਸਭ ਤੋਂ ਜ਼ਿਆਦਾ ਉਹ ਲੋਕ ਖਤਰੇ ਵਿੱਚ ਹੁੰਦੇ ਹਨ ਜਿਨ੍ਹਾਂ ਦੇ ਮਾਂ, ਪਿਓ, ਭਾਈ ਜਾਂ ਭੈਣ ਆਦਿਕ ਨੂੰ ਪਹਿਲਾਂ ਇਹ ਬਿਮਾਰੀ ਹੋਈ ਹੋਵੇ l ਜੇ ਪਰਵਾਰ ਦੇ ਇੱਕ ਤੋਂ ਜ਼ਿਆਦਾ ਲੋਕਾਂ ਵਿੱਚ ਕੈਂਸਰ ਹੋਵੇ ਤਾਂ ਖਤਰਾ ਹੋਰ ਵੀ ਵੱਧ ਜਾਂਦਾ ਹੈ l
· ਖੁਰਾਕ: ਜਿਨ੍ਹਾਂ ਲੋਕਾਂ ਦੀ ਖੁਰਾਕ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੋਵੇ ਜਾਂ ਕੈਲਸ਼ੀਅਮ, ਵਿਟਾਮਿਨ ਬੀ ਅਤੇ ਸੀ ਦੀ ਘਾਟ ਹੋਵੇ ਤਾਂ ਉਨ੍ਹਾਂ ਵਿੱਚ ਵੀ ਵੱਡੀ ਆਂਤ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ l ਪਰ ਹਰ ਕੇਸ ਵਿੱਚ ਇਹ ਦੇਖਣ ਨੂੰ ਨਹੀਂ ਮਿਲਦਾl
· ਸ਼ਰਾਬ ਤੇ ਸਿਗਰਟ: ਜਿਹੜੇ ਲੋਕ ਸ਼ਰਾਬ, ਸਿਗਰਟ ਅਤੇ ਤੰਬਾਕੂ ਦਾ ਸੇਵਨ ਭਾਰੀ ਮਾਤਰਾ ਵਿੱਚ ਕਰਦੇ ਹਨ, ਉਨ੍ਹਾਂ ਵਿੱਚ ਵੀ ਵੱਡੀ ਆਂਤੜੀ ਦਾ ਕੈਂਸਰ ਕਾਫੀ ਦੇਖਣ ਨੂੰ ਮਿਲਦਾ ਹੈ l
· ਸੰਗ੍ਰਹਿਣੀ (Ulcerative Colitis): ਜਿਨ੍ਹਾਂ ਵਿਅਕਤੀਆਂ ਵਿੱਚ ਸੰਗ੍ਰਹਿਣੀ ਹੋਵੇ ਜਾਂ ਆਂਤ ਦੀ ਸੋਜਸ਼ ਦੀ ਬਿਮਾਰੀ ਹੋਵੇ ਤਾਂ ਉਨ੍ਹਾਂ ਨੂੰ ਵੀ ਕੈਂਸਰ ਦਾ ਖਤਰਾ ਰਹਿੰਦਾ ਹੈ l
ਕੈਂਸਰ ਦਾ ਫੈਲਾਅ
ਜਦੋਂ ਵੱਡੀ ਆਂਤ ਦਾ ਕੈਂਸਰ ਆਪਣੀ ਜਗ੍ਹਾ ਤੋਂ ਬਾਹਰ ਫੈਲਦਾ ਹੈ ਤਾਂ ਸਭ ਤੋਂ ਪਹਿਲਾਂ ਕੈਂਸਰ ਦੇ ਸੈੱਲ ਵੱਡੀ ਆਂਤ ਦੇ ਨੇੜੇ ਦੀਆਂ ਗੰਢਾਂ ਵਿੱਚ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਰੀਰ ਦੇ ਹੋਰ ਅੰਗਾਂ ਵਿੱਚ ਜਾ ਕੇ ਫੈਲਦੇ ਹਨ l ਵੱਡੀ ਆਂਤ ਦਾ ਕੈਂਸਰ ਜ਼ਿਆਦਾਤਰ ਜਿਗਰ ਵਿੱਚ ਜਾਂਦਾ ਹੈ l ਕਿਓਂਕਿ ਵੱਡੀ ਆਂਤ ਦਾ ਗੰਦਾ ਖੂਨ ਸਭ ਤੋਂ ਪਹਿਲਾਂ ਜਿਗਰ ਵਿੱਚ ਜਾ ਕੇ ਸਾਫ ਹੁੰਦਾ ਹੈ l ਜਿਗਰ ਤੋਂ ਇਲਾਵਾ ਕੈਂਸਰ ਦੀ ਗੰਢ ਵੱਡੀ ਆਂਤ ਦੇ ਨਾਲ ਪਏ ਗੁਰਦੇ ਤੱਕ ਵੀ ਜਾ ਸਕਦੀ ਹੈ l ਇਸ ਤੋਂ ਇਲਾਵਾ ਇਹ ਸਰੀਰ ਦੇ ਕਿਸੇ ਹਿੱਸੇ ਵਿੱਚ ਵੀ ਫੈਲ ਸਕਦਾ ਹੈl
ਟੈੱਸਟ
ਕੈਂਸਰ ਦਾ ਸਭ ਤੋਂ ਅੱਛਾ ਇਲਾਜ ਤਦ ਹੀ ਹੋ ਸਕਦਾ ਹੈ ਜਦੋ ਇਹ ਸ਼ੁਰੂਆਤੀ ਸਟੇਜ ਤੇ ਹੀ ਹੋਵੇ l ਜੇ ਅਸੀੱ ਡਾਕਟਰ ਕੋਲ ਕਿਸੇ ਵੱਡੀ ਆਂਤ ਦੇ ਕੈਂਸਰ ਦੇ ਲੱਛਣ ਨਾਲ ਜਾ ਰਹੇ ਹਾਂ ਤਾਂ ਇਸ ਦਾ ਮਤਲਬ ਕਿ ਕੈਂਸਰ ਕਾਫੀ ਵੱਧ ਚੁੱਕਾ ਹੈ l ਇਸ ਨੂੰ ਪਤਾ ਕਰਨ ਵਾਸਤੇ ਕੁੱਝ ਇੱਕ ਟੈੱਸਟ ਹਨ ਜਿਨ੍ਹਾਂ ਨਾਲ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਵੱਡੀ ਆਂਤ ਵਿੱਚ ਕੈਂਸਰ ਹੈ ਕਿ ਨਹੀਂ l ਇਹ ਇਸ ਪ੍ਰਕਾਰ ਹਨ l
• ਲੈਟਰੀਨ ਦਾ ਟੈੱਸਟ : ਇਹ ਇੱਕ ਕਿਸਮ ਦਾ ਸਕਰੀਨਿੰਗ ਟੈੱਸਟ ਹੈ l ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਮਰੀਜ਼ ਦੀ ਲੈਟਰੀਨ ਵਿੱਚ ਖੂਨ ਦੇ ਅੰਸ਼ ਤਾਂ ਨਹੀਂ ਕਿਓਂਕਿ ਜੇ ਇਸ ਵਿੱਚ ਖੂਨ ਹੋਵੇ ਤਾਂ ਸੰਭਾਵਨਾ ਹੁੰਦੀ ਹੈ ਕਿ ਵੱਡੀ ਆਂਤ ਵਿੱਚ ਕੋਈ ਕੈਂਸਰ ਹੋ ਸਕਦਾ ਹੈl ਟੈੱਸਟ ਵਸਤੇ ਮਰੀਜ਼ ਦੀ ਲੈਟਰੀਨ ਦਾ ਸੈਂਪਲ ਲਿਆ ਜਾਂਦਾ ਹੈ ਅਤੇ ਕੈਮੀਕਲ ਪਾ ਕੇ ਇਹ ਦੇਖਿਆ ਜਾਂਦਾ ਹੈ ਕਿ ਇਸ ਵਿੱਚ ਕੋਈ ਖੂਨ ਤਾਂ ਨਹੀਂ l ਲੈਟਰੀਨ ਵਿੱਚ ਖੂਨ, ਕੈਂਸਰ ਤੋਂ ਇਲਾਵਾ ਹੋਰ ਕਈ ਕਾਰਨਾਂ ਕਰਕੇ ਵੀ ਆ ਸਕਦਾ ਹੈ l ਇਸ ਲਈ ਕੈਂਸਰ ਦਾ ਪੱਕਾ ਪਤਾ ਕਰਨ ਵਾਸਤੇ ਲੈਟਰੀਨ ਦੇ ਰਸਤੇ ਦੀ ਦੂਰਬੀਨ ਦੀ ਜਾਂਚ ਕਰਨੀ ਜ਼ਰੂਰੀ ਹੰਦੀ ਹੈ l ਬਿ੍ਟਿਸ਼ ਕੋਲੰਬੀਆ ਵਿੱਚ ਇਹ ਸਕਰੀਨਿੰਗ ਟੈੱਸਟ 50 ਤੋਂ 74 ਸਾਲ ਦੇ ਲੋਕਾਂ ਵਿੱਚ ਕੀਤਾ ਜਾਂਦਾ ਹੈ l
· ਜੇ ਤੁਸੀਂ ਇਸ ਉਮਰ ਦੇ ਹੋ ਅਤੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚ ਕੈਂਸਰ ਦਾ ਕੋਈ ਕੇਸ ਨਹੀਂ ਹੈ ਤਾਂ ਤੁਸੀਂ ਇਸ ਸਕਰੀਨਿੰਗ ਟੈੱਸਟ ਵਾਸਤੇ ਆਪਣੇ ਫੈਮਲੀ ਡਾਕਟਰ ਨੂੰ ਮਿਲ ਸਕਦੇ ਹੋ ਅਤੇ ਉਹ ਤੁਹਾਨੂੰ ਲੈਟਰੀਨ ਦਾ ਟੈੱਸਟ ਕਰਵਾਉਣ ਵਾਸਤੇ ਕਿੱਟ ਦੇ ਸਕਦਾ ਹੈ l ਇਹ ਟੈੱਸਟ ਤੁਸੀਂ ਘਰ ਬੈਠ ਕੇ ਹੀ ਕਰ ਸਕਦੇ ਹੋ l ਇਹ ਟੈੱਸਟ ਦੋ ਸਾਲਾਂ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ l ਇਹ ਟੈੱਸਟ ਬਿਲਕੁਲ ਮੁਫਤ ਹੈ l
· ਜੇ ਤੁਸੀਂ ਇਸ ਉਮਰ ਦੇ ਹੋ ਅਤੇ ਤੁਹਾਡੇ ਪਰਿਵਾਰ ਵਿੱਚ ਜਾਂ ਤੁਹਾਡੇ ਵਿੱਚ ਪਹਿਲਾਂ ਤੋਂ ਕੈਂਸਰ ਦੇ ਕੇਸ ਹਨ ਤਾਂ ਤੁਹਾਡਾ ਫੈਮਲੀ ਡਾਕਟਰ ਤੁਹਾਨੂੰ ਕਲੋਨੋਸਕੋਪੀ ਜਾਂ ਦੂਰਬੀਨ ਦੀ ਜਾਂਚ ਕਰਵਾਉਣ ਦੀ ਸਲਾਹ ਦੇ ਸਕਦਾ ਹੈ l ਇਹ ਟੈੱਸਟ ਆਮ ਹਾਲਤਾਂ ਵਿੱਚ ਪੰਜ ਸਾਲ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ l
• ਲੈਟਰੀਨ ਦੇ ਰਸਤੇ ਦੀ ਦੂਰਬੀਨ ਦੀ ਜਾਂਚ (Colonoscopy): ਇਸ ਟੈੱਸਟ ਵਿੱਚ ਲੈਟਰੀਨ ਦੇ ਰਸਤੇ ਵਿੱਚ ਇੱਕ ਦੂਰਬੀਨ ਪਾ ਕੇ ਦੇਖਿਆ ਜਾਂਦਾ ਹੈ ਕਿ ਵੱਡੀ ਆਂਤ ਵਿੱਚ ਕੋਈ ਕੈਂਸਰ ਹੈ ਕਿ ਨਹੀਂ l ਦੂਰਬੀਨ ਦੇ ਅਗਲੇ ਸਿਰੇ ਤੇ ਇੱਕ ਕੈਮਰਾ ਲੱਗਿਆ ਹੁੰਦਾ ਹੈ ਜਿਹੜਾ ਕਿ ਵੱਡੀ ਆਂਤ ਦੇ ਅੰਦਰ ਦਾ ਸਾਰਾ ਕੁੱਝ ਰਿਕਾਰਡ ਕਰ ਲੈਂਦਾ ਹੈ l ਜੇ ਇਸ ਟੈੱਸਟ ਵਿੱਚ ਡਾਕਟਰ ਨੂੰ ਲੱਗੇ ਕਿ ਕੋਈ ਪ੍ਰੇਸ਼ਾਨੀ ਹੈ ਤਾਂ ਉਸ ਜਗ੍ਹਾ ਤੋਂ ਇੱਕ ਟੁੱਕੜਾ ਲਿਆ ਜਾਂਦਾ ਹੈ ਅਤੇ ਟੈੱਸਟ ਵਾਸਤੇ ਭੇਜਿਆ ਜਾਂਦਾ ਹੈ l ਜਿਸ ਵਿਅਕਤੀ ਵਿੱਚ ਕੈਂਸਰ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਵੇਂ ਕਿ ਉਪਰ ਕੁੱਝ ਕਾਰਨ ਦਿੱਤੇ ਗਏ ਹਨ ਉਨ੍ਹਾਂ ਵਾਸਤੇ 50 ਸਾਲ ਦੀ ਉਮਰ ਤੇ ਇੱਕ ਵਾਰੀ ਦੂਰਬੀਨ ਦੀ ਜਾਂਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ l
• ਖੂਨ ਦੇ ਟੈੱਸਟ: ਇਸ ਤੋਂ ਇਲਾਵਾ ਖੂਨ ਦੇ ਟੈੱਸਟ ਕੀਤੇ ਜਾਂਦੇ ਹਨ ਕਿ ਮਰੀਜ਼ ਅੱਗੇ ਦੇ ਇਲਾਜ ਵਾਸਤੇ ਫਿੱਟ ਹੈ ਕਿ ਨਹੀਂ l
• ਸੀ.ਟੀ. ਸਕੈਨ : ਪੇਟ ਦਾ ਸੀ.ਟੀ. ਸਕੈਨ ਕਰਵਾ ਕੇ ਦੇਖਿਆ ਜਾਂਦਾ ਹੈ ਕਿ ਕੈਂਸਰ ਉਸੀ ਜਗ੍ਹਾ ਤੱਕ ਸੀਮਤ ਹੈ ਕਿ ਅੱਗੇ ਵੀ ਵੱਧ ਰਿਹਾ ਹੈ l
ਇਲਾਜ
ਸਾਰੇ ਟੈੱਸਟਾਂ ਤੋਂ ਬਾਅਦ ਡਾਕਟਰ ਦੇਖਦਾ ਹੈ ਮਰੀਜ਼ ਦਾ ਕਿਸ ਤਰੀਕੇ ਨਾਲ ਇਲਾਜ ਕਰਨਾ ਹੈ l ਵੱਡੀ ਆਂਤੜੀ ਦੇ ਕੈਂਸਰ ਦਾ ਪੱਕਾ ਇਲਾਜ ਆਪਰੇਸ਼ਨ ਹੈ ਅਤੇ ਇਸ ਤੋਂ ਬਾਅਦ ਜੇ ਲੋੜ ਹੋਵੇ ਤਾਂ ਕੈਂਸਰ ਦੇ ਟੀਕੇ ਜਾਂ ਸੇਕੇ (Chemotherapy or Radiotherapy) ਦਿੱਤੇ ਜਾਂਦੇ ਹਨ l ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਨੂੰ ਹਰ ਤਰ੍ਹਾਂ ਦੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜੋ ਮਰੀਜ਼ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਇਲਾਜ ਸ਼ੁਰੂ ਕੀਤਾ ਜਾਂਦਾ ਹੈ l ਆਪਰੇਸ਼ਨ ਵਿੱਚ ਵੱਡੀ ਆਂਤ ਦਾ ਉਹ ਹਿੱਸਾ ਜਿਸ ਜਗ੍ਹਾ ਵਿੱਚ ਕੈਂਸਰ ਹੈ, ਉਸ ਨੂੰ ਅਤੇ ਆਸੇ ਪਾਸੇ ਦੀ ਥੋੜ੍ਹੀ ਜਿਹੀ ਆਂਤੜੀ ਨੂੰ ਕੱਢ ਦਿੰਦੇ ਹਾਂ l ਆਂਤੜੀ ਕੱਢਣ ਤੋਂ ਬਾਅਦ ਆਂਤੜੀਆ ਦੇ ਦੋਵੇਂ ਸਿਰਿਆਂ ਨੂੰ ਜੋੜ੍ਹ ਦਿੱਤਾ ਜਾਂਦਾ ਹੈ l ਕਈ ਵਾਰ ਲੈਟਰੀਨ ਦਾ ਰਸਤਾ ਪੇਟ ਤੇ ਵੀ ਬਣਾਉਣਾ ਪੈ ਸਕਦਾ ਹੈ ਜੋ ਕਿ ਕਈ ਕੇਸਾਂ ਵਿੱਚ ਸਥਾਈ ਵੀ ਹੋ ਸਕਦਾ ਹੈ ਅਤੇ ਥੋੜ੍ਹੇ ਸਮੇਂ ਵਾਸਤੇ ਵੀ ਹੋ ਸਕਦਾ ਹੈ l ਜੇ ਇਹ ਰਸਤਾ ਥੋੜ੍ਹੇ ਸਮੇਂ ਵਾਸਤੇ ਹੀ ਬਣਾਇਆ ਗਿਆ ਹੈ ਤਾਂ ਤਿੰਨ ਜਾਂ ਚਾਰ ਮਹੀਨਿਆਂ ਬਾਅਦ ਦੁਬਾਰਾ ਆਪਰੇਸ਼ਨ ਕਰਕੇ ਇਹ ਪੇਟ ਦੇ ਅੰਦਰ ਕਰ ਦਿਤਾ ਜਾਂਦਾ ਹੈ ਅਤੇ ਫਿਰ ਲੈਟਰੀਨ ਆਮ ਰਸਤੇ ਤੋਂ ਹੀ ਆਉਂਦੀ ਹੈ l
ਲੋੜ ਹੈ ਜਾਗਰੂਕ ਹੋਣ ਦੀ l ਕੈਂਸਰ ਦਾ ਇਲਾਜ ਸੰਭਵ ਹੈ, ਸਿਰਫ ਸਾਡੀ ਥੋੜ੍ਹੀ ਜਿਹੀ ਸਾਵਧਾਨੀ ਨਾਲ ਅਸੀਂ ਇਸ ਘਾਤਕ ਬਿਮਾਰੀ ਤੋਂ ਬਚ ਸਕਦੇ ਹਾਂ l
ਜੇ ਤੁਸੀਂ 50 ਸਾਲ ਦੀ ਉਮਰ ਤੋਂ ਉਪਰ ਹੋ, ਤੁਹਾਨੂੰ ਲੈਟਰੀਨ ਵਿੱਚ ਖੂਨ ਆਉਂਦਾ ਹੈ ਅਤੇ ਕਦੇ ਕਬਜ਼ ਅਤੇ ਕਦੇ ਪਤਲੀਆਂ ਟੱਟੀਆਂ ਲੱਗਦੀਆਂ ਹਨ ਤਾਂ ਆਪਣੇ ਫੈਮਲੀ ਡਾਕਟਰ ਨੂੰ ਜ਼ਰੂਰ ਦਿਖਾਓ, ਹੋ ਸਕਦਾ ਹੈ ਕਿ ਕਿਤੇ ਇਹ ਕੈਂਸਰ ਹੀ ਨਾ ਹੋਵੇ l
ਇਸ ਤੋਂ ਇਲਾਵਾ ਜੇ ਤੁਹਾਡੇ ਹੋਰ ਵੀ ਕੋਈ ਪ੍ਰਸ਼ਨ ਹਨ ਤਾਂ ਤੁਸੀਂ drperrysingh@gmail.com ਤੇ ਭੇਜ ਸਕਦੇ ਹੋ l
-
ਡਾ. ਪਰਵਿੰਦਰ ਸਿੰਘ, ਐਮ.ਡੀ. (ਕੈਨੇਡਾ), ਐਮ.ਡੀ. (ਕੈਨੇਡਾ)
drperrysingh@gmail.com
(604) 802-9532
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.