ਪੰਜਾਬ ਵਿੱਚ ਲਗਭਗ ਪਿਛਲੇ ਢਾਈ ਮਹੀਨਿਆਂ ਤੋਂ ਤੇ ਹੁਣ ਲਗਭਗ ਇੱਕ ਮਹੀਨੇ ਤੋਂ ਵੀ ਵੱਧ ਦਿੱਲੀ ਦੀਆਂ ਬਰੂਹਾਂ ਤੇ ਸਾਡੇ ਅੰਨਦਾਤਾ ਕਿਸਾਨ ਅੰਦੋਲਨ ਕਰ ਰਹੇ ਹਨ।ਜਿਸ ਦਾ ਕਾਰਨ ਸਾਡੀ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਦਾ ਜਾਰੀ ਕਰਨਾ ਹੈ।ਅੰਦੋਲਨ ਦੇ ਢੰਗ ਵੱਖੋ ਵੱਖਰੇ ਹਨ ਜਿਸ ਤਰਾਂ ਪੂਰਨ ਸਾਂਤਮਈ ਤਰੀਕੇ ਨਾਲ ਰੇਲਵੇ ਟਰੈਕ ਰੋਕਣੇ,ਹਾਈਵੇ ਜਾਮ ਕਰਨੇ,ਕਾਰਪੋਰੇਟ ਘਰਾਣਿਆਂ ਦੇ ਬਿਜਨਸ਼ ਤੇ ਸੱਟ ਮਾਰਨੀ ਅਤੇ ਟੋਲ ਪਲਾਜ਼ੇ ਜਾਮ ਕਰਨੇ ਜੋ ਕਿ ਸਰਾ ਸਰ ਆਮ ਲੋਕਾਂ ਦੀ ਲੁੱਟ ਦਾ ਕਾਰਨ ਬਣੇ ਹੋਏ ਹਨ ਉੰਨਾਂ ਤੇ ਨਿਰੰਤਰ ਪ੍ਰਦਰਸ਼ਨ ਕਰਕੇ ਲੋਕਾਂ ਲਈ ਟੋਲ ਫਰੀ ਰੱਖਿਆ ਜਾ ਰਿਹਾ ਹੈ ਬਹੁ ਚਰਚਿਤ ਖੇਤੀ ਕਾਨੂੰਨ ਹੁਣ ਕਿਸਾਨਾਂ,ਵਿਰੋਧੀ ਪਾਰਟੀਆਂ,ਸਮਾਜਿਕ ਜਥੇਬੰਦੀਆਂ;ਸੱਭਿਆਚਾਰਕ ਸੰਸਥਾਵਾਂ ,ਖੇਡ ਜਗਤ ਦੇ ਸਿਤਾਰਿਆਂ ਅਤੇ ਗਾਇਕ ਕਲਾਕਾਰਾਂ ਤੋਂ ਇਲਾਵਾ ਪੂਰੇ ਵਿਸਵ ਦੀ ਜ਼ੁਬਾਨ ਤੇ ਹੈ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਮੀਡੀਆ ਚੈਨਲ ਅਤੇ ਸ਼ੋਸਲ ਚੈਨਲਾਂ ਤੇ ਕਿਸਾਨੀ ਸੰਘਰਸ਼ ਦਾ ਹੀ ਜ਼ਿਕਰ ਚਲਦਾ ਹੈ।ਜਿਸ ਨਾਲ ਪੂਰੇ ਵਿਸ਼ਵ ਵਿੱਚ ਜਿੱਥੇ ਭਾਰਤ ਦੇਸ਼ ਦੀ ਬਦਨਾਮੀ ਹੋਈ ਹੈ ਉੱਥੇ ਹੀ ਪੰਜਾਬੀ ਕਿਸਾਨਾਂ ਵੱਲੋਂ ਅੱਗੇ ਹੋ ਕਿ ਵਿੱਢੇ ਇਸ ਸ਼ਾਂਤਮਈ ਸੰਘਰਸ਼ ਵਿੱਚ ਸ਼ਾਮਲ ਦੇਸ਼ ਦੇ ਹਰ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸਲਾਘਾ ਹੋ ਰਹੀ ਹੈ।ਹਰ ਜੀਵ ਜੰਤੂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਆਖਰ ਸੜਕਾਂ ਤੇ ਰੁਲ ਰਿਹਾ ਹੈ।ਜਦੋਂ ਕਿ ਇਹ ਕਿਸਾਨ ਅੰਨਦਾਤੇ ਇਹ ਦਲੀਲ ਦੇ ਰਹੇ ਹਨ ਕਿ ਖੇਤੀਬਾੜੀ ਉਪਜ ਮੰਡੀ ਕਮੇਟੀਆਂ ਜੋ ਸਰ ਛੋਟੂ ਰਾਮ ਜੀ ਦੀ ਸਾਲ ੧੯੪੦-੪੨ ਦੇ ਸਮੇਂ ਦੀ ਦੇਣ ਹਨ ਜੋ ਕਿ ਪੂਰੇ ਭਾਰਤ ਵਿੱਚ ਸਥਾਪਿਤ ਹਨ ਜਿੰਨਾਂ ਦੀ ਕਾਰਗੁਜ਼ਾਰੀ ਨਾਲ ਕਿਸਾਨਾਂ,ਸਮਾਜ ਅਤੇ ਰਾਜਾਂ ਦੀ ਤਰੱਕੀ ਵਿੱਚ ਵਾਧਾ ਹੋ ਰਿਹਾ ਹੈ ਨੂੰ ਖਤਮ ਨਾ ਕੀਤਾ ਜਾਵੇ।ਪਰ ਦੂਜ਼ੇ ਪਾਸੇ ਸਰਕਾਰ ਦੇਸ਼ ਦੇ ਅੰਨਦਾਤਿਆਂ ਦਾ ਗਲਾ ਘੁੱਟ ਕੇ ਕਾਰਪੋਰੇਟ ਘਰਾਣਿਆਂ ਦੀ ਗੋਗੜ ਹੋਰ ਵਧਾਉਣ ਨੂੰ ਤਰਜ਼ੀਹ ਦੇ ਰਹੀ ਹੈ।ਇਸ ਸਿਸਟਮ ਦੇ ਲਾਗੂ ਹੋ ਜਾਣ ਨਾਲ ਕਿਸਾਨ ਮਜ਼ਦੂਰ,ਆੜਤੀਏ ਅਤੇ ਹੋਰ ਛੋਟੇ ਕੰਮ ਧੰਦਿਆਂ ਵਾਲੇ ਲੋਕ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਆਸ਼ਰਿਤ ਹੋ ਜਾਣਗੇ।ਦੇਸ਼ ਦੀ ਇੱਕ ਸੌ ਪੈਂਤੀ ਕਰੋੜ ਅਬਾਦੀ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਆਪ ਭੁੱਖ ਤੇਹ ਕੱਟ ਕੇ ਜ਼ਿੰਦਗੀ ਦੇ ਦਿਨ ਬਸ਼ਰ ਕਰ ਰਿਹਾਂ ਹੈ।
ਅੱਜ ਕਿਸਾਨਾਂ ਦੇ ਇਸ ਸੰਘਰਸ਼ ਦਾ ਅਸਰ ਇੱਕ ਬਦਲਦੀ ਰੁੱਤ ਦੇ ਵਾਂਗ ਹੋ ਗਿਆ ਹੈ।ਜਿਸ ਵਿੱਚ ਜਿੱਥੇ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਸ਼ਾਮਲ ਹੋ ਰਹੇ ਹਨ ਉੱਥੇ ਹੀ ਇਸ ਸੰਘਰਸ਼ ਵਿੱਚ ਡਾਕਟਰ ਅਧਿਆਪਕ ਗਾਇਕ ਅਫਸਰ ਕਵੀ,ਲੇਖਕ,ਵਕੀਲ,ਵਿਕਲਾਂਗ ਅਤੇ ਹੋਰ ਬੁੱਧੀਜੀਵੀ ਲੋਕ ਵੀ ਇਸ ਬਦਲਦੀ ਰੁੱਤ ਦੇ ਪਾਂਧੀ ਬਣ ਤੁਰੇ ਹਨ।ਜਿਵੇ ਰੁੱਤ ਆਈ ਤੋਂ ਗੁਲਮੋਹਰ ਦੇ ਦਰੱਖਤਾਂ ਨੂੰ ਸੰਤਰੀ ਰੰਗ ਦੇ ਫੁੱਲ ਪੈ ਜਾਂਦੇ ਹਨ।ਉਸੇ ਤਰਾਂ ਹੀ ਇਸ ਸੰਘਰਸ਼ ਦੇ ਵਿੱਚੋਂ ਉਸ ਬੁਲੰਦ ਅਵਾਜ਼ ਦਾ ਆਉਣਾ ਸ਼ੁਰੂ ਹੋ ਗਿਆ ਹੈ ਜੋ ਆਵਾਜ਼ ਸਾਡੇ ਸ਼ਹੀਦਾ ਨੇ ਅਜ਼ਾਦੀ ਲੈਣ ਸਮੇਂ ਬੁਲੰਦ ਕੀਤੀ ਸੀ ‘ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ,ਮੇਰਾ ਰੰਗ ਦੇ ਬਸੰਤੀ ਚੋਲਾ’ਇਸ ਠਾਠਾਂ ਮਾਰਦੇ ਸੰਘਰਸ਼ ਵਿੱਚ ਨਿੱਕੇ ਨਿੱਕੇ ਬੱਚੇ ਜਿੱਥੇ ਤਿਰੰਗੇ ਨੂੰ ਸਮਰਪਿਤ ਤਿੰਨ ਰੰਗ ਦੀਆਂ ਨਿੱਕੀਆਂ ਨਿੱਕਿਆਂ ਪੱਗੜੀਆਂ ਬੰਨ ਅਜ਼ਾਦੀ ਦੇ ਉਸ ਤਿੰਨ ਰੰਗਾਂ ਦੀ ਅਦੁੱਤੀ ਮਿਸ਼ਾਲ ਲੈ ਕੇ ਜਾ ਰਹੇ ਹਨ ਉੱਥੇ ਹੀ ਸਾਡੀਆਂ ਸਤਿਕਾਰਤ ਔਰਤਾਂ ਦਾ ਵੀ ਬਹੁੱਤ ਵੱਡਾ ਯੋਗਦਾਨ ਹੈ।
ਜੋ ਟਰੈਕਟਰ ਟਰਾਲੀਆਂ ਵਿੱਚ ਆਪਣੇ ਸਿਰਾਂ ਤੇ ਹਰਿਆਵਲ ਰੰਗੀਆਂ ਹਰੀਆਂ ਚੁੰਨੀਆਂ ਅਤੇ ਨਿੱਕੇ ਨਿੱਕੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਇਸ ਸੰਘਰਸ਼ ਵਿੱਚ ਦੇਸ਼ ਦੇ ਅੰਨਦਾਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੂਰਲੀਆਂ ਸਫਾਂ ਵਿੱਚ ਇਸ ਲੋਕ ਜੰਗ ਨੂੰ ਜਿੱਤਣ ਲਈ ਭਰਪੂਰ ਸਮਰਥਨ ਦੇ ਰਹੀਆਂ ਹਨ।ਲੋਕ ਆਪ ਮੁਹਾਰੇ ਹੀ ਇਸ ਅੰਦੋਲਨ ਵਿੱਚ ਸ਼ਿਕਰਤ ਕਰ ਰਹੇ ਹਨ।ਹੁਣ ਇਹ ਕੋਈ ਛੋਟਾ ਮੋਟਾ ਅਦੋਲਨ ਨਹੀ ਰਿਹਾ ਸਗੋਂ ਵੱਡੇ ਕਾਫਲੇ ਦੇ ਰੂਪ ਵਿੱਚ ਜਨ ਅੰਦੋਲਨ ਬਣ ਚੁੱਕਿਆ ਹੈ ਜਿਸ ਵਿੱਚ ਦੇਸ ਵਿਦੇਸ਼ ਵਿੱਚ ਵਸਦਾ ਹਰ ਭਾਰਤੀ ਵਸ਼ਿੰਦਾ ਆਪਣਾ ਆਪਣਾ ਯੋਗਦਾਨ ਵੱਧ ਚੜ੍ਹ ਕੇ ਪਾ ਰਿਹਾ ਹੈ।
ਇਸ ਅੰਦੋਲਨ ਦੇ ਸਦਕਾ ਜਿੱਥੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਮਨ ਇੱਕ ਕੀਤੇ ਹਨ ਉੱਥੇ ਹੀ ਚਿਰਾਂ ਤੋਂ ਦਿਲਾਂ ਵਿੱਚ ਸੁਲਗ ਰਹੀਆਂ ਗਲਤਫਹਿਮੀਆਂ ਅਤੇ ਨਾਰਾਜ਼ਗੀਆਂ ਵੀ ਦੂਰ ਹੋਈਆਂ ਹਨ॥ਕਿਉਂਕਿ ਇਸ ਸੰਘਰਸ਼ ਨੇ ਲੋਕ ਚੇਤਨਤਾ ਫੈਲਾਉਣ ਵਿੱਚ ਵੀ ਆਪਣਾ ਮਹਿਰੀ ਰੋਲ ਅਦਾ ਕੀਤਾ ਹੈ।ਚੇਤਿਆਂ ਦੀ ਇਸ ਚੰਗੇਰ ਨੇ ਜਿੱਥੇ ਆਪਸੀ ਰਿਸ਼ਤਿਆਂ ਦੀ ਤੰਦ ਹੋਰ ਗੂੜੀ ਕਰ ਦਿੱਤੀ ਹੈ।ਉੱਥੇ ਹੀ ਸਾਡੇ ਨੌਜਵਾਨਾਂ ਦੇ ਮਨਾਂ ਵਿਚਲੇ ਸੁੰਨੇਪਣ ਦੂਰ ਹੋ ਗਏ ਹਨ।ਨੌਜਵਾਨ ਹੁਣ ਇਸ ਅੰਦੋਲਨ ਨੂੰ ਜ਼ਮੀਨ, ਬੇਜ਼ਮੀਨ ਦੇ ਸੀਮਿਤ ਅਰਥਾਂ ਵਿੱਚ ਨਹੀ ਦੇਖਦੇ ਸਗੋਂ ਸੱਚ ਅਤੇ ਝੂਠ ਕਿਰਤ ਦੀ ਲੁੱਟ ਅਤੇ ਇਨਸਾਫ ਅਤੇ ਬੇਇਨਸਾਫ ਜਿਹੇ ਬਹੁਤ ਵੱਡੇ ਪੈਮਾਨਿਆਂ ਦੇ ਰੂਪ ਵਿੱਚ ਇਸ ਸੰਘਰਸ਼ ਨੂੰ ਦੂਰ ਅੰਦੇਸੀ ਪਾਰਖੂ ਨਜ਼ਰ ਨਾਲ ਦੇਖ ਰਹੇ ਹਨ।
ਖੇਤੀ ਸਬੰਧੀ ਅਜਿਹੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਕਿਸਾਨ ਦੀ ਹੋਂਦ ਹੀ ਇਸ ਜਰਖੇਜ਼ ਧਰਤੀ ਤੋਂ ਮਿਟ ਜਾਵੇਗੀ।ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਜਿਸ ਦਾ ਆਹ ਦਿਨਾਂ ਵਿੱਚ ਖੇਤਾਂ ਵਿੱਚ ਆਪਣੀ ਫਸਲ ਨੁੰ ਪੁੱਤਾਂ ਵਾਂਗ ਪਾਲਣ ਦਾ ਵੇਲਾ ਸੀ ਪਰ ਖੇਤਾਂ ਦਾ ਇਹ ਰਾਜਾ ਕੜਕਦੀ ਠੰਢ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਆਪਣੇ ਹੱਕ ਲ਼ੈਣ ਲਈ ਤਿਲ ਤਿਲ ਜੀਅ ਮਰ ਰਿਹਾ ਹੈ।ਸਮੂਹ ਲੋਕਾਂ ਸਮੇਤ ਦਿੱਲੀ ਦੀ ਇਸ ਹਕੂਮਤ ਅਤੇ ਉਹਨਾਂ ਦੇ ਪ੍ਰੀਵਾਰਾਂ ਦਾ ਪੇਟ ਭਰਨ ਵਾਲਾ ਕਿਸਾਨ ਪੁੱਤ ਆਪਣੇ ਪ੍ਰੀਵਾਰਾਂ ਸਮੇਤ ਦਿੱਲੀ ਹਕੂਮਤ ਦੇ ਦਰਬਾਰ ਆਪਣੀ ਹੋਂਦ ਨੂੰ ਬਚਾਉਣ ਲਈ ਸ਼ਹਾਦਤਾਂ ਦੇਣ ਤੋਂ ਵੀ ਗੁਰੇਜ਼ ਨਹੀ ਕਰ ਰਿਹਾ।ਕਿਸਾਨ ਲੀਡਰਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਹੁਣ ਸਮੁਚਾ ਕਿਸਾਨ ਮਜ਼ਦੂਰ ਅਤੇ ਹਰ ਕਿਰਤੀ ਆਰ ਪਾਰ ਦੀ ਲੜਾਈ ਦੇ ਸ਼ੁਹਿਰਦ ਹੋ ਗਿਆ ਹੈ।
ਕਿਸਾਨ ਲੀਡਰਸ਼ਿਪ ਵੀ ਆਪਣੇ ਕਦਮ ਫੂਕ ਫੂਕ ਕੇ ਅੱਗੇ ਵਧਾ ਰਹੀ ਹੈ ਤਾਂ ਕਿ ਹਕੂਮਤ ਦੇ ਕਿਸੇ ਵੀ ਤਰਾਂ ਦੇ ਮਨਹੂਸ ਇਰਾਦਿਆਂ ਤੋਂ ਬਚਿਆ ਜਾ ਸਕੇ ਜੋ ਕਿ ਇਸ ਸੰਘਰਸ਼ ਨੂੰ ਕਿਸੇ ਵੀ ਕਿਸਮ ਦੀ ਢਾਹ ਜਾਂ ਖੋਰਾ ਲਾ ਕੇ ਤਾਰੋਪੀੜ ਕਰਨ ਦੀਆਂ ਕੋਸ਼ਿਸਾਂ ਕਰ ਰਹੀ ਹੈ।ਹੁਣ ਉਹ ਦਿਨ ਵੀ ਦੂਰ ਨਹੀ ਜਦੋਂ ਸਾਡੇ ਇਹ ਅੰਨਦਾਤੇ ਕਿਸਾਨ ਚਾਰੇ ਚੁਫਿਰਿਓਂ ਘੇਰੀ ਦਿੱਲੀ ਹਕੂਮਤ ਨੂੰ ਇਸ ਕਥਨ ਅਨੁਸਾਰ “ਸੂਰਜ਼ ਚੜਨੋਂ ਕਦੋਂ ਨੇ ਡਰਦੇ ਦੱਸ,ਕਾਲੀਆ ਰਾਤਾਂ ਤੋਂ”ਨੂੰ ਸੱਚ ਸਾਬਤ ਕਰਕੇ ਹੀ ੧੯੦੬-੦੭ ਵਾਲੇ ਪੱਗੜੀ ਸੰਭਾਲ ਜੱਟਾ ਵਾਲੇ ਇਤਹਾਸ ਦੇ ਪੰਨੇ ਫਿਰ ਦੁਹਰਾਉਂਦੇ ਹੋਏ ਇੱਕ ਵਾਰ ਫਿਰ ਇਸ ਸਾਂਤਮਈ ਕਿਸਾਨ ਅੰਦੋਲਨ ਨੂੰ ਆਉਣ ਵਾਲੇ ਇਤਹਾਸ ਦੇ ਸ਼ੁਨਿਹਰੀ ਪੰਨਿਆਂ ਵਿੱਚ ਦਰਜ਼ ਕਰਵਾ ਕੇ ਹੀ ਸੂਰਜ਼ ਦੀ ਖਿੜੀ ਉਸ ਲਾਲੀ ਦੇ ਵਾਂਗ ਖਿੜੇ ਚਿਹਰਿਆਂ ਨਾਲ ਆਪਣੇ ਵਤਨ ਦੇ ਘਰਾਂ ਨੂੰ ਸੁੱਖੀਸਾਂਦੀ ਵਾਪਸ ਮੋੜਾ ਪਾਉਣਗੇ।
-
ਜਗਦੀਸ਼ ਸਿੰਘ ਪੱਖੋ, ਲੇਖਕ
chanandeep@gmail.com
9815107001
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.