ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ ਬਣਿਆ ਇਸ ਤੋਂ ਪਹਿਲਾਂ ਉਸ ਨੇ ਇਕ ਦਹਾਕੇ ਦੇ ਕਰੀਬ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ । 2004 ਅਤੇ 2012 ਓਲੰਪਿਕ ਖੇਡਾਂ 2010 ਵਰ੍ਹੇ ਦਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ, 2005 ਦਾ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਇਸ ਤੋਂ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਟੂਰਨਾਮੈਂਟਾਂ ਵਿੱਚ ਸੰਦੀਪ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਕਈ ਮੌਕਿਆਂ ਤੇ ਭਾਰਤੀ ਹਾਕੀ ਟੀਮ ਨੂੰ ਸੰਦੀਪ ਸਿੰਘ ਨੇ ਮਾਣਮੱਤੀਆਂ ਜਿੱਤਾਂ ਵੀ ਦਵਾਈਆਂ ਕਿਉਂਕਿ ਉਹ ਇੱਕ ਆਪਣੇ ਸਮੇਂ ਦਾ ਚੰਗਾ ਡਰੈਗ ਫਲਿੱਕਰ ਪੈਨਲਟੀ ਕਾਰਨਰ ਲਾਉਣ ਦੀ ਮੁਹਾਰਤ ਰੱਖਣ ਵਾਲਾ ਖਿਡਾਰੀ ਸੀ ਭਾਰਤੀ ਹਾਕੀ ਟੀਮ ਵਿੱਚ ਉਸ ਨੂੰ ਜਗਰਾਜ ਸਿੰਘ ਦੇ ਭਵਿੱਖ ਵਜੋਂ ਜਾਣਿਆ ਜਾਂਦਾ ਸੀ । ਕਸਬਾ ਸ਼ਾਹਬਾਦ ਮਾਰਕੰਡਾ ਤੋਂ ਆਪਣੀ ਜ਼ਿੰਦਗੀ ਅਤੇ ਹਾਕੀ ਕੈਰੀਅਰ ਦੀ ਸ਼ੁਰੂਆਤ ਕਰਕੇ ਸੰਦੀਪ ਸਿੰਘ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਪਹਿਲਾਂ ਹਰਿਆਣਾ ਪੁਲੀਸ ਦੇ ਵਿੱਚ ਡੀਐੱਸਪੀ ਰੈਂਕ ਦਾ ਅਹੁਦਾ ਹਾਸਲ ਕੀਤਾ ਫਿਰ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਪਹਿਲੇ ਝੱਟ ਹੀ ਵਿਧਾਇਕ ਉਸਤੋਂ ਬਾਅਦ ਨਾਲ ਹੀ ਖੇਡ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ । ਸੰਦੀਪ ਸਿੰਘ ਦੂਜਾ ਅਜਿਹਾ ਖਿਡਾਰੀ ਹੈ ਜਿਸ ਨੂੰ ਇਹ ਰਾਜਨੀਤੀ ਵਿੱਚ ਮਾਣਮੱਤਾ ਮਾਣ ਮਿਲਿਆ ਇਸ ਤੋਂ ਪਹਿਲਾਂ 1975 ਵਿਸ਼ਵ ਕੱਪ ਹਾਕੀ ਜੇਤੂ ਖਿਡਾਰੀ ਅਸਲਮ ਸ਼ੇਰ ਖਾਨ ਕੇਂਦਰ ਸਰਕਾਰ ਦੇ ਵਿਚ ਖੇਡ ਮੰਤਰੀ ਬਣਿਆ ਸੀ ਜਦਕਿ 34 ਸਾਲਾ ਸੰਦੀਪ ਸਿੰਘ ਨੂੰ ਹਰਿਆਣਾ ਦਾ ਖੇਡ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਹਾਲਾਂਕਿ ਕਈ ਹੋਰ ਹਾਕੀ ਖਿਡਾਰੀਆਂ ਨੇ ਵੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਪਰ ਉਹ ਕੈਬਨਿਟ ਮੰਤਰੀ ਬਨਣ ਵਾਲੇ ਉੱਚ ਮੁਕਾਮ ਤੇ ਨਹੀਂ ਪੁੱਜ ਸਕੇ । 2006 ਵਿਸ਼ਵ ਕੱਪ ਹਾਕੀ ਮੁਕਾਬਲੇ ਤੋਂ ਪਹਿਲਾਂ ਸੰਦੀਪ ਸਿੰਘ ਨੂੰ ਟ੍ਰੇਨ ਵਿੱਚ ਜਾਂਦਿਆਂ ਗੋਲੀ ਵੱਜ ਗਈ ਸੀ ਜਿਸ ਨਾਲ ਉਹ ਮੀਡੀਏ ਦੀਆਂ ਸੁਰਖੀਆਂ ਦਾ ਵੱਡਾ ਸ਼ਿੰਗਾਰ ਬਣਿਆ ਉਸ ਨੇ ਆਪਣੀ ਹਿੰਮਤ ਅਤੇ ਲਗਨ ਨਾਲ ਦੁਬਾਰਾ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਤੇ ਪੰਜਾਬੀ ਫ਼ਿਲਮ "ਸੂਰਮਾ" ਬਣੀ ਜਿਸ ਨਾਲ ਸੰਦੀਪ ਸਿੰਘ ਦੀ ਖੇਡ ਪ੍ਰਾਪਤੀਆਂ ਕਰਕੇ ਘੱਟ ਪਰ ਫ਼ਿਲਮ ਕਰ ਕੇ ਲੋਕਾਂ ਵਿਚ ਜ਼ਿਆਦਾ ਚਰਚਾ ਹੋਈ ਕਿਓੁਕਿ ਉਸ ਦੀ ਜ਼ਿੰਦਗੀ ਦੀ ਕਹਾਣੀ ਕਈ ਪਾਸਿਆਂ ਤੋਂ ਦਿਲਚਸਪ ਹੋ ਗਈ ਸੀ ਜੋ ਫ਼ਿਲਮਾਂ ਵਾਲਿਆਂ ਨੂੰ ਆਮ ਹੀ ਭਾਉਂਦੀ ਹੁੰਦੀ ਹੈ ਫ਼ਿਲਮ ਡਾਇਰੈਕਟਰਾਂ ਦਾ ਕੰਮ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ ਕਿਓੁਕਿਂ ਜੇਕਰ ਹਾਕੀ ਦੀਆਂ ਪ੍ਰਾਪਤੀਆਂ ਹੀ ਦੇਖਣੀਆਂ ਹੋਣ ਤਾਂ ਭਾਰਤ ਵਿੱਚ ਤਿੰਨ ਤਿੰਨ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਆਲਮੀ ਵਿਸ਼ਵ ਕੱਪ ਜਿੱਤਣ ਵਾਲੇ ਅਤੇ ਹੋਰ ਹਾਕੀ ਦੀਆਂ ਵੱਡੀਆਂ ਪ੍ਰਾਪਤੀਆਂ ਵਾਲੇ ਨਾਮੀ ਸੁਪਰ ਸਟਾਰ ਖਿਡਾਰੀ ਬੈਠੇ ਹਨ ਜਿਨ੍ਹਾਂ ਨੂੰ ਕਦੇ ਨਾਂ ਹੀ ਕਿਸੇ ਫ਼ਿਲਮਾਂ ਵਾਲਿਆਂ ਨੇ ਅਤੇ ਨਾਂ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੇਰਾਂ ਵੱਟੇ ਨਹੀਂ ਪੁੱਛਿਆ ,ਚਲੋ ਇਹ ਕਿਸੇ ਵੀ ਇਨਸਾਨ ਦੀ ਕਿਸਮਤ ਦੇ ਰੰਗ ਨੇ, ਜੇ ਸੰਦੀਪ ਸਿੰਘ ਖੇਡ ਮੰਤਰੀ ਬਣਿਆ ਤਾਂ ਉਸ ਦੇ ਨਾਲ ਹਾਕੀ ਖੇਡ ਦਾ ਮਾਣ ਵੀ ਦੁਨੀਆਂ ਵਿੱਚ ਉੱਚਾ ਹੋਇਆ ।ਸੰਦੀਪ ਸਿੰਘ ਜਿਂਓੁ ਹੀ ਖੇਡ ਮੰਤਰੀ ਬਣਿਆ ਉਸ ਤੋਂ ਖੇਡਾਂ ਵਾਲਿਆਂ ਨੂੰ ,ਕਿਸਾਨਾਂ ਨੂੰ, ਪੰਜਾਬੀਆਂ ਨੂੰ ,ਖਾਸ ਕਰਕੇ ਹਰਿਆਣਵੀਆਂ ਨੂੰ ਬੜੀਆਂ ਵੱਡੀਆਂ ਆਸਾਂ ਬਣੀਆਂ ।
ਅੱਜ ਦੇ ਵਕਤ ਮੁਲਕ ਵਿੱਚ ਦੇਸ਼ ਦਾ ਅੰਨਦਾਤਾ ਕਿਸਾਨ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਆਪਣੇ ਹੱਕ ਲਈ ,ਆਪਣੇ ਇਨਸਾਫ ਲਈ ਸੜਕਾਂ ਤੇ ਰੁਲਦਾ ਫਿਰਦਾ ਹੈ, ਸਮਾਜ ਦੇ ਹਰ ਵਰਗ ਨੇ ਕਿਸਾਨ ਅੰਦੋਲਨ ਨੂੰ ਅਪਣਾ ਸਾਥ ਦਿੱਤਾ ਹੈ ਇੱਥੋਂ ਤਕ ਕਿ ਪੰਜਾਬ ਦੇ ਪਦਮਸ਼੍ਰੀ ,ਅਰਜੁਨਾ ਐਵਾਰਡੀ,ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ,ਸਮਾਜ ਸੇਵੀ ਆਗੂਆਂ ਨੇ ਵੀ ਆਪਣੇ ਖੇਡ ਐਵਾਰਡ ਵੀ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਵਾਪਸ ਕਰ ਦਿੱਤੇ ਹਨ ਪਰ ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਓਲੰਪੀਅਨ ਸੰਦੀਪ ਸਿੰਘ ਭਾਜਪਾ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਨੂੰ ਲਾਗੂ ਕਰਨ ਦੀ ਪ੍ਰੋੜ੍ਹਤਾ ਕਰ ਰਿਹਾ ਹੈ, ਕਿਸਾਨੀ ਸੰਘਰਸ਼ ਨੂੰ ਗਲਤ ਦੱਸ ਰਿਹਾ ਹੈ ਜੋ ਕਿ ਬੇਹੱਦ ਸ਼ਰਮਨਾਕ ਗੱਲ ਹੈ ਦਿਨ ਦਿਹਾੜੇ ਕਿਸਾਨੀ ਸੰਘਰਸ਼ ਦੇ ਨਾਲ ਉਸ ਦੀ ਬੇਵਫ਼ਾਈ ਹੈ ਜੇ ਹਮਾਇਤ ਨਹੀਂ ਕਰਨੀ ਸੀ ਤਾਂ ਘੱਟੋ ਘੱਟ ਚੁੱਪ ਹੀ ਹੋ ਜਾਂਦਾ ਪਰ ਨਹੀਂ ਇਹ ਰਾਜਨੀਤਕ ਕੁਰਸੀ ਦੀ ਲਾਲਸਾ ਵੱਡੇ ਵੱਡੇ ਬੰਦਿਆਂ ਦੀ ਜ਼ਮੀਰ ਮਾਰ ਦਿੰਦੀ ਹੈ ਸੰਦੀਪ ਸਿੰਆ ਬੜੇ ਵੱਡੇ ਵੱਡੇ ਬੰਦੇ ਅਮੀਰ ਵਜ਼ੀਰ ਬਣੇ ਪਰ ਇਤਿਹਾਸ ਸਮਾਜ ਨਾਲ ਖੜ੍ਹਨ ਵਾਲਿਆਂ ਦਾ ਹੀ ਬਣਿਆ ਹੈ , ਇਤਿਹਾਸ ਚਾਪਲੂਸਾਂ ਦਾ ਨਹੀਂ, ਸਰਕਾਰਾਂ ਨਾਲ ਟਕਰਾਉਣ ਵਾਲਿਆਂ ਦਾ ਹੁੰਦਾ ਹੈ । ਸੰਦੀਪ ਸਿੰਘ ਤੇਰੀ ਇਹ ਬੇਵਫ਼ਾਈ ਪਹਿਲੀ ਨਹੀਂ , ਫ਼ਿਲਮ "ਸੂਰਮਾਂ" ਦੇ ਇਕ ਰੋਲ ਵਿੱਚ ਤੈਨੂੰ ਆਪਣੇ ਮੁੱਢਲੇ ਉਸਤਾਦ ਕੋਚ ਦੀ ਬੇਇੱਜ਼ਤੀ ਕਰਦੇ ਦਿਖਾਇਆ ਗਿਆ ਹੈ ਹੁਣ ਤੂੰ ਦੇਸ਼ ਦੇ ਅੰਨਦਾਤੇ ਨਾਲ ਦਿਨ ਦਿਹਾੜੇ ਧ੍ਰੋਹ ਕਮਾ ਰਿਹਾ ਹੈ ਤੈਨੂੰ ਸਾਡੀਆਂ ਬਹੁਤੀਆਂ ਮੱਤਾਂ ਦੀ ਲੋਡ਼ ਨਹੀਂ ਕਿਉਂਕਿ ਤੂੰ ਖ਼ੁਦ ਬਹੁਤ ਸਿਆਣਾ ਹੈ ਪਰ ਯਾਦ ਰੱਖੀਂ " ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ ,ਮੇਲੇ ਲੱਗਣੇ ਸਦਾ ਕਿਸਾਨ ਫ਼ਕੀਰਾਂ ਦੇ " ਲੋਕਾਂ ਨੇ ਤਾਂ ਤੈਨੂੰ ਬਣਾਇਆ ਸੀ ਹਾਕੀ ਖੇਡ ਦਾ ਮੰਤਰੀ ਪਰ ਤੂੰ ਚਾਰ ਛਿੱਲੜਾਂ ਖ਼ਾਤਰ ਬਣ ਗਿਆ ਭਾਜਪਾ ਦਾ ਹੀ ਸੰਤਰੀ"। ਕਿਸਾਨਾਂ ਨੂੰ ਤੇਰਾ ਕੋਈ ਝੋਰਾਂ ਨਹੀਂ ,ਇਹ ਸਰਦਾਰੀਆਂ ਅਤੇ ਗੱਦਾਰੀਆਂ ਵੀ ਕਿਸੇ ਸੰਘਰਸ਼ ਦਾ ਹੀ ਹਿੱਸਾ ਹੁੰਦੀਆਂ ਹਨ । ਕੋਈ ਗੱਲ ਨਹੀਂ ਪੁੱਤਰਾਂ ਜੇ ਭਾਜਪਾ ਨੇ ਤੇਰੇ ਤੇ ਰਹਿਮਤ ਕਰਤੀ, ਤਾਂ ਅੰਨਦਾਤੇ ਤੇ ਦਾਤਾ ਰਹਿਮਤ ਕਰੇਗਾ, ਮੇਰੇ ਵਤਨ ਦੇ ਕਿਸਾਨ ਦਾ ਰੱਬ ਰਾਖਾ !
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
981430722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.