ਕਿਸਾਨ ਅੰਦੋਲਨ ਨੇ ਫਿਲਹਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰਸੰਗਕ ਕਰਕੇ ਵਾਹਣੇ ਪਾ ਦਿੱਤਾ ਹੈ। ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਆਪੋ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਭਾਵੇਂ ਕਿਸਾਨ ਅੰਦੋਲਨ ਵਿਚ ਸਿਆਸਤਦਾਨਾ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ ਤਾਂ ਵੀ ਕਿਸਾਨ ਅੰਦੋਲਨ ਸਿਖਰਾਂ ਤੇ ਪਹੁੰਚ ਗਿਆ ਹੈ। ਰਾਜਨੀਤਕ ਪਾਰਟੀਆਂ ਦਾ ਘੁਮੰਡ ਕਿਸਾਨ ਅੰਦੋਲਨ ਨੇ ਤੋੜਕੇ ਰੱਖ ਦਿੱਤਾ ਹੈ ਕਿ ਲੋਕ ਉਨ੍ਹਾਂ ਦੇ ਬਿਨਾ ਹੋਰ ਕਿਸੇ ਦੀ ਸੁਣਦੇ ਨਹੀਂ। ਕਿਸਾਨਾ ਨੇ ਕੇਂਦਰ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਜੇ ਤਾਂ ਨਮੂਨਾ ਹੀ ਵਿਖਾਇਆ ਹੈ। ਇਸ ਅੰਦੋਲਨ ਦਾ ਸੰਕੇਤ ਇਹ ਹੈ ਕਿ ਹੁਣ ਸਿਆਸਦਾਨ ਕਿਸਾਨਾ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਨਹੀਂ ਵਟੋਰ ਸਕਦੇ ਸਗੋਂ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨਾ ਪਵੇਗਾ। ਇਸ ਅੰਦੋਲਨ ਨੇ ਕਿਸਾਨਾ ਵਿਚ ਜਾਗ੍ਰਤੀ ਪੈਦਾ ਕਰ ਦਿੱਤੀ ਹੈ। ਹੁਣ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦਾ ਖਿਲਾਫੀ ਨਹੀਂ ਕਰ ਸਕਣਗੀਆਂ। ਭਰਿਸ਼ਟਾਚਾਰ ਨੂੰ ਲਗਾਮ ਵੀ ਲੱਗਣ ਦੀ ਉਮੀਦ ਬੱਝੇਗੀ। ਤਿੰਨ ਖੇਤੀ ਕਾਨੂੰਨਾ ਨੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਮੌਕਾ ਦੇ ਕੇ ਅਜਿਹੀ ਜਾਗ੍ਰਤੀ ਪੈਦਾ ਕੀਤੀ ਹੈ ਕਿ ਉਹ ਛੇਤੀ ਕੀਤਿਆਂ ਗੁਮਰਾਹ ਨਹੀਂ ਹੋਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾ ਦੇ ਵਿਰੁਧ ਦਿੱਲੀ ਦੀ ਸਰਹੱਦ ਤੇ ਸ਼ੁਰੂ ਕੀਤੇ ਗਏ ਅੰਦੋਲਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ਤੇ ਕਰ ਦਿੱਤੀਆਂ ਹਨ। ਕਿਸਾਨ ਅੰਦੋਲਨ ਇਸ ਸਮੇਂ ਪੰਜਾਬ ਦਾ ਹੀ ਨਹੀਂ ਸਗੋਂ ਦੇਸ ਦਾ ਲੋਕ ਅੰਦੋਲਨ ਬਣ ਗਿਆ ਹੈ। ਪੰਜਾਬੀ ਕਿਸਾਨਾ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ। ਸਿਆਸੀ ਪਾਰਟੀਆਂ ਵਿਚ ਹਲਚਲ ਮੱਚ ਗਈ ਹੈ ਕਿ ਕਿਤੇ ਇਹ ਸਿਆਸੀ ਮੰਚ ਬਣਾਕੇ ਉਨ੍ਹਾਂ ਨੂੰ ਤੁਰਦੀਆਂ ਨਾ ਕਰ ਦੇਣ।
ਪੰਜਾਬੀ ਸੰਸਾਰ ਵਿਚ ਇਕ ਚੇਤਨ ਅਤੇ ਉਦਮੀ ਕੌਮ ਤੇ ਤੌਰ ਤੇ ਜਾਣੇ ਜਾਂਦੇ ਹਨ। ਦੇਸ ਨੂੰ ਕਦੀਂ ਵੀ ਕੋਈ ਸਮੱਸਿਆ ਆਈ ਤਾਂ ਹਮੇਸ਼ਾ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਵੇਂ ਆਜ਼ਾਦੀ ਦੀ ਜਦੋਜਹਿਦ ਹੋਵੇ ਜਾਂ ਸਰਹੱਦਾਂ ‘ਤੇ ਗੁਆਢੀ ਦੇਸਾਂ ਨੇ ਭਾਰਤ ਨੂੰ ਵੰਗਾਰਿਆ ਹੋਵੇ, ਪੰਜਾਬੀਆਂ ਨੇ ਤਨੋ ਮਨੋ ਮੋਹਰੀ ਬਣਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹੇ ਹਨ। ਕਿਸਾਨ ਅੰਦੋਲਨ ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ ਜਾਂ ਇਉਂ ਕਹਿ ਲਓ ਕਿ ਪੰਜਾਬੀ ਨੌਜਵਾਨਾ ਨੇ ਆਪਣੇ ਵਿਵਹਾਰ ਵਿਚ ਸੁਧਾਰ ਕਰ ਲਿਆ ਹੈ। ਕਿਸਾਨ ਅੰਦੋਲਨ ਵਿਚ ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਦਿ੍ਰੜ੍ਹਤਾ ਨੇ ਪੰਜਾਬੀਆਂ ਦੀ ਵਿਰਾਸਤੀ ਹਿੰਮਤ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਨੂੰ ਸਮੁਚੇ ਦੇਸ਼ ਦੇ ਕਿਸਾਨਾ ਨੇ ਹੀ ਨਹੀਂ ਸਗੋਂ ਆਮ ਲੋਕਾਂ ਨੇ ਵੀ ਮਾਣਤਾ ਦੇ ਕੇ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ। ਨੌਜਵਾਨਾਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਰਾਜਨੀਤਕ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ। ਇਸ ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮਹੱਤਤਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਨੇੜੇ ਵੀ ਫਟਕਣ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਫਿਰ ਵੀ ਲੁਕ ਛਿਪਕੇ ਅੰਦੋਲਨ ਵਿਚ ਵਿਖਾਵੇ ਲਈ ਹਾਜ਼ਰੀ ਲਵਾ ਰਹੇ ਹਨ। ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਪਾਰਟੀ ਦੇ ਤੌਰ ਤੇ ਨਹੀਂ ਕਿਸਾਨ ਜਾਂ ਕਿਸਾਨ ਹਮਾਇਤੀ ਹੋਣ ਕਰਕੇ ਅੰਦਲੋਨ ਦਾ ਹਿੱਸਾ ਬਣ ਰਹੇ ਹਨ। ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦਾ ਅੰਦੋਲਨ ਵਿਚ ਆਉਣਾ ਸਿਆਸੀ ਮਜ਼ਬੂਰੀ ਵੀ ਹੈ। ਜੇ ਉਹ ਅੰਦੋਲਨ ਦਾ ਹਿੱਸਾ ਨਹੀਂ ਬਣਦੇ ਪਿੰਡਾਂ ਵਿਚ ਰਹਿਣਾ ਉਨ੍ਹਾਂ ਦਾ ਦੁੱਭਰ ਹੋ ਜਾਵੇਗਾ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਵੱਡੀਆਂ ਮੁੱਖ ਸਿਆਸੀ ਪਾਰਟੀਆਂ ਹੋਣ ਕਰਕੇ ਹੁਣ ਤੱਕ ਬਦਲ ਬਦਲਕੇ ਸਰਕਾਰਾਂ ਬਣਾਉਂਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਪਹਿਲੀ ਵਾਰੀ 2014 ਵਿਚ ਸਿਆਸੀ ਤੌਰ ਸਾਹਮਣੇ ਆਈ ਸੀ। ਚਾਰ ਲੋਕ ਸਭਾ ਦੀਆਂ ਸੀਟਾਂ ਵੀ ਜਿੱਤ ਗਈ ਸੀ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਹੈ। ਆਮ ਆਦਮੀ ਪਾਰਟੀ ਜਿਹੜੀ ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਵਜੋਂ ਉਭਰਕੇ ਸਿਆਸੀ ਸੀਨ ਤੇ ਆਈ ਸੀ, ਉਹਦਾ ਮੁੱਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਸਾਬਤ ਹੋ ਚੁੱਕਾ ਹੈ। ਉਸਨੇ ਇੱਕ ਖੇਤੀਬਾੜੀ ਕਾਨੂੰਨ ਨੂੰ ਤਾਂ ਦਿੱਲੀ ਵਿਚ ਲਾਗੂ ਵੀ ਕਰ ਦਿੱਤਾ ਹੈ। ਉਸਨੇ ਖੇਤੀਬਾੜੀ ਕਾਨੂੰਨਾ ਨੂੰ ਵਿਧਾਨ ਸਭਾ ਵਿਚ ਪਾੜਨ ਦਾ ਨਾਟਕ ਵੀ ਕੀਤਾ ਹੈ। ਫਿਰ ਵੀ ਉਸਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਖਿਚੋਤਾਣ ਵੀ ਉਨ੍ਹਾਂ ਦੇ ਅਕਸ ਨੂੰ ਧੱਬਾ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਭਾਵੇਂ ਕੌਮੀ ਪਾਰਟੀ ਹੈ ਪ੍ਰੰਤੂ ਉਹ ਵੀ ਪੰਜਾਬ ਵਿਚ ਇਕੱਲੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਭਾਰਤੀ ਜਨਤਾ ਪਾਰਟੀ ਤਾਂ ਸਿੱਧੇ ਤੌਰ ਤੇ ਹਾਸ਼ੀਏ ਤੇ ਚਲੀ ਗਈ ਹੈ ਕਿਉਂਕਿ ਕਿਸਾਨ ਵਿਰੋਧੀ ਕਾਨੂੰਨ ਹੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਬਣਾਏ ਹਨ। ਸੀ ਪੀ ਆਈ, ਸੀ ਪੀ ਐਮ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਬਾਕੀ ਧੜੇ ਵੀ ਇਕੱਲੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਏ ਅਤੇ ਨਾ ਹੋ ਸਕਦੇ ਹਨ। ਕਿਸੇ ਦੂਜੀ ਪਾਰਟੀ ਨਾਲ ਰਲਕੇ ਹੀ ਚੋਣਾਂ ਜਿਤਦੇ ਰਹੇ ਹਨ। ਇਸ ਅੰਦੋਲਨ ਨੇ ਸਾਰੀਆਂ ਪਾਰਟੀਆਂ ਨੂੰ ਢਾਹ ਲਾਈ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਹਾਸ਼ੀਏ ਤੇ ਜਾ ਚੁੱਕਾ ਸੀ ਪ੍ਰੰਤੂ ਕੇਂਦਰੀ ਮੰਤਰੀ ਦੀ ਕੁਰਸੀ ਦੇ ਲਾਲਚ ਨੇ ਅਕਾਲੀ ਦਲ ਦਾ ਅਕਸ ਮਿੱਟੀ ਵਿਚ ਮਿਲਾ ਦਿੱਤਾ ਹੈ। ਰਹਿੰਦੇ ਖੂੰਹਦੇ ਆਧਾਰ ਨੂੰ ਵੀ ਖ਼ੋਰਾ ਲੱਗ ਗਿਆ ਕਿਉਂਕਿ ਅਕਾਲੀ ਦਲ ਦੇ ਨੁਮਾਇੰਦੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕੇਂਦਰੀ ਮੰਤਰੀ ਮੰਡਲ ਵਿਚ ਆਰਡੀਨੈਂਸਾਂ ਨੂੰ ਪਾਸ ਕਰਨ ਵਾਲੀ ਮੀਟਿੰਗ ਵਿਚ ਹਾਜ਼ਰ ਸਨ। ਹਾਲਾਂ ਕਿ ਅਕਾਲੀ ਦਲ ਕਿਸਾਨਾ ਦੀ ਹਮਾਇਤੀ ਪਾਰਟੀ ਕਹਾਉਂਦਾ ਸੀ। ਉਹ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਤਿੰਨਾ ਕਾਨੂੰਨਾ ਦੇ ਆਰਡੀਨੈਂਸਾਂ ਨੂੰ ਸਹੀ ਕਹਿੰਦੇ ਰਹੇ। ਇਥੋਂ ਤੱਕ ਕਿ ਪੰਜ ਵਾਰੀ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਤਾਂ ਇਨ੍ਹਾਂ ਆਰਡੀਨੈਂਸਾਂ ਦੇ ਫਾਇਦੇ ਗੁਣਗੁਣਾਉਂਦੇ ਰਹੇ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਚਿੱਠੀ ਲਿਆਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਾਨੂੰਨਾਂ ਨੂੰ ਜ਼ਾਇਜ਼ ਠਹਿਰਾਉਂਦਾ ਰਿਹਾ। ਅਕਾਲੀ ਦਲ ਤਾਂ ਕਿਸਾਨਾ ਦੇ ਮਨਾ ਚੋਂ ਲਹਿ ਚੁੱਕਾ ਹੈ। ਜਦੋਂ ਕਿਸਾਨਾ ਨੇ ਪੰਜਾਬ ਵਿਚ ਅੰਦੋਲਨ ਸ਼ੁਰੂ ਕਰਕੇ ਅਕਾਲੀ ਦਲ ਦੇ ਨੱਕ ਵਿਚ ਦਮ ਕਰ ਦਿੱਤਾ, ਫਿਰ ਲੋਕ ਰੋਹ ਤੋਂ ਡਰਦਿਆਂ ਕੇਂਦਰੀ ਮੰਤਰੀ ਮੰਡਲ ਵਿਚੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਇਆ। ਅਕਾਲੀ ਦਲ ਨੇ ਭਾਵੇਂ ਆਪਣੇ ਮੰਤਰੀ ਤੋਂ ਅਸਤੀਫਾ ਵੀ ਦਿਵਾ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਵੀ ਤੋੜ ਲਿਆ ਪ੍ਰੰਤੂ ਕਿਸਾਨਾ ਦਾ ਉਨ੍ਹਾਂ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਹਰਸਿਮਰਤ ਕੌਰ ਦਾ ਉਸਦੇ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਬਾਦਲ ਨੇ ਕਿਸਾਨਾ ਦੀ ਹਮਦਰਦੀ ਲੈਣ ਲਈ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾ ਦੇ ਭੋਗ ਪੁਆਏ ਹਨ। ਅਕਾਲੀ ਦਲ ਭਾਵੇਂ ਜਿਤਨੇ ਮਰਜ਼ੀ ਵੇਲਣ ਵੇਲ ਲਵੇ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੀਆਂ। ਡੈਮੋਕਰੈਟਿਕ ਅਕਾਲੀ ਦਲ ਢੀਂਡਸਾ ਤੋਂ ਕੁਝ ਆਸ ਬੱਝ ਸਕਦੀ ਹੈ।
ਖੇਤੀਬਾੜੀ ਦੇ ਤਿੰਨ ਆਰਡੀਨੈਂਸ ਜ਼ਾਰੀ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਮੁੱਖੀਆਂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਨ, ਨੂੰ ਆਰਡੀਨੈਂਸਾਂ ਨਾਲ ਕਿਸਾਨਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਦੋਹਾਂ ਪਾਰਟੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਤਿੰਨ ਬਿਲ ਰੱਦ ਕਰਕੇ ਆਪਣੀ ਪਾਰਟੀ ਅਤੇ ਸਰਕਾਰ ਦਾ ਅਕਸ ਬਚਾਉਣ ਦੀ ਕੋਸਿਸ਼ ਕੀਤੀ ਹੈ। ਪੰਜਾਬ ਵਿਚ ਕਿਸਾਨਾ ਵੱਲੋਂ ਆਯੋਜਤ ਕੀਤੇ ਜਾ ਰਹੇ ਧਰਨਿਆਂ ਅਤੇ ਹੋਰ ਸਰਗਰਮੀਆਂ ਬਾਰੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀਆਂ ਵਿਰੁਧ ਕਾਰਵਾਈ ਕਰਨ ਲਈ ਕਹਿਣ ਦੇ ਬਾਵਜੂਦ ਕਿਸਾਨਾ ਤੇ ਕੋਈ ਕਾਰਵਾਈ ਨਾ ਕਰਕੇ ਸਹਿਯੋਗ ਦੇ ਰਹੀ ਸੀ। ਰੇਲਵੇ ਲਾਈਨਾ ਤੋਂ ਵੀ ਕਿਸਾਨਾ ਨੂੰ ਹਟਾਇਆ ਨਹੀਂ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉਪਰ ਈ ਡੀ ਦਾ ਸਿਕੰਜਾ ਵੀ ਕਸਿਆ ਜਾ ਰਿਹਾ ਹੈ। ਹੁਣ ਕੇਂਦਰ ਦੇ ਦਬਾਆ ਕਰਕੇ ਕੈਪਟਨ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਵਿਰੁਧ ਧਰਨੇ ਤੇ ਬਿਆਨ ਦੇਣ ਵਾਲਿਆਂ ਅਤੇ ਰਿਲਾਇੰਸ ਟਾਵਰਾਂ ਦੇ ਨੁਕਸਾਨ ਬਾਰੇ ਕੇਸ ਦਰਜ ਕਰ ਰਹੀ ਹੈ। ਪ੍ਰੰਤੂ ਕਿਸਾਨ ਅੰਦੋਲਨ ਦੇ ਨੇਤਾ ਕਿਸੇ ਵੀ ਸਿਆਸੀ ਨੇਤਾ ਬਾਰੇ ਅਜੇ ਤੱਕ ਹਮਦਰਦੀ ਨਹੀਂ ਵਿਖਾ ਰਹੇ। ਹਰ ਪਾਰਟੀ ਆਪਣਾ ਆਧਾਰ ਬਚਾਉਣ ਲਈ ਹੁਣ ਸਰਗਰਮ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਜਲਸੇ ਕੀਤੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਆਪਣਾ ਆਧਾਰ ਵਧਾਉਣ ਲਈ ਅਹੁਦੇਦਾਰੀਆਂ ਵੰਡ ਰਹੀ ਹੈ। ਲੋਕ ਸਭਾ ਵਿਚ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਸਾਨ ਬਿਲਾਂ ਦਾ ਵਿਰੋਧ ਕਰਕੇ ਕਿਸਾਨਾ ਦੀ ਹਮਦਰਦੀ ਬਟੋਰੀ ਸੀ। ਹੁਣ ਉਸਨੇ ਆਪਣੇ ਸੰਸਦ ਮੈਂਬਰਾਂ ਨਾਲ ਜੰਤਰ ਮੰਤਰ ਤੇ ਕਿਸਾਨ ਬਿਲਾਂ ਦੇ ਵਿਰੋਧ ਵਿਚ ਧਰਨਾ ਵੀ ਦਿੱਤਾ ਹੋਇਆ ਹੈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜੇ ਕਿਸਾਨ ਅੰਦੋਲਨ ਕਰ ਰਹੇ ਹਨ ਤਾਂ ਨੇਤਾਵਾਂ ਦਾ ਘਰਾਂ ਅੰਦਰ ਸੌਣ ਦਾ ਕੋਈ ਅਰਥ ਨਹੀਂ ਕਿਉਂਕਿ ਜੇ ਕਿਸਾਨ ਹਨ ਤਾਂ ਹੀ ਨੈਤਾ ਚੋਣਾਂ ਜਿੱਤ ਸਕਦੇ ਹਾਂ। ਭਾਵ ਕਿਸਾਨ ਰੀੜ੍ਹ ਦੀ ਹੱਡੀ ਹਨ। ਰਵਨੀਤ ਸਿੰਘ ਬਿੱਟੂ ਉਪਰ ਦਬਾਆ ਪਾ ਕੇ ਧਰਨਾ ਖ਼ਤਮ ਕਰਵਾਉਣ ਦੇ ਇਰਾਦੇ ਨਾਲ ਉਸ ਵਿਰੁਧ ਦਿੱਲੀ ਵਿਖੇ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੇਖੋ ਕੀ ਰੰਗ ਲਿਆਉਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਕਿਸਾਨ ਪ੍ਰਸੰਸਾ ਦੇ ਹੱਕਦਾਰ ਹਨ, ਜਿਹੜੇ ਆਪਣੇ ਮਨੁੱਖੀ ਹੱਕਾਂ ਲਈ ਲੜ ਰਹੇ ਹਨ। ਇਹ ਵੀ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਇਕਮੁੱਠਤਾ ਨਾਲ ਉਹ ਕਿਸਾਨ ਅੰਦੋਲਨ ਚਲਾ ਰਹੇ ਹਨ ਕਿ ਸਿਆਸੀ ਮੰਚ ਬਣਾਉਣ ਲਈ ਉਹ ਇਕਮੁੱਠ ਰਹਿਣਗੇ ਜਾਂ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿਚ ਨਵੇਂ ਸਿਆਸੀ ਸਮੀਕਰਨ ਹੋਣਗੇ ਜਿਸ ਨਾਲ ਸਥਾਪਤ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.