ਕਿਸਾਨੀ ਅੰਦੋਲਨ; ਦਿੱਲੀ ਬਾਰਡਰ ਤੋ ਇੱਕ ਪੰਛੀ ਝਾਤ
ਸੱਚ ਕਿਹਾ ਹੈਂ ਅੱਖੀਂ ਵੇਖਣ ਤੇ ਕੰਨੀ ਸੁਨਣ ਚ ਜ਼ਮੀਨ ਆਸਮਾਨ ਦਾ ਅੰਤਰ ਹੁੰਦਾ ਹੈ।ਕੱਲ੍ਹ ਅਜਿਹਾ ਅਦਭੁੱਤ ਨਜ਼ਾਰਾ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਵਿਚ ਮਿਲਿਆ।
ਅੱਸੀ ਪੰਜਾਬ ਕੇਡਰ ਦੇ ਕੁਝ ਆਈ ਏ ਐੱਸ ਆਈ ਆਰ ਐੱਸ ਡਾਕਟਰ ਵਕੀਲ ਪ੍ਰੋਫ਼ੈਸਰ ਜਰਨਲ ਬ੍ਰਿਗੇਡੀਅਰ ਕਰਨਲ 70000 ਕਿਤਾਬਾਂ ਤੇ ਕੁਝ ਝੰਡੇ ਸਟਿੱਕਰ ਬੈਜ ਲੋਈਆਂ ਆਦਿ ਲੈਕੇ ਪੁੱਜੇ ਸੀ।ਉੱਥੇ ਕੀ ਦੇਖਿਆ ਕਿ,ਸਾਰੇ ਭਾਰਤ ਦੇ ਕਿਸਾਨ ਪੰਜਾਬੀ ਕਿਸਾਨਾਂ ਦੀ ਅਗਵਾਈ ਚ ਦਿੱਲੀ ਘੇਰੀ ਬੈਠੇ ਕੜਾਕੇ ਦੀ ਠੰਢ ਮੀਂਹ ਦੇ ਪ੍ਰਕੋਪ ਝੱਲਦੇ ਹੋਏ ਵੀ ਖ਼ੁਸ਼ੀ ਤੇ ਚੜ੍ਹਦੀਕਲਾ ਵਿੱਚ ਨਜ਼ਰ ਆ ਰਹੇ ਸਨ।ਹਰ ਕਿਸਮ ਦਾ ਗੁਰੂ ਕਾ ਲੰਗਰ, ਪਹਿਨਣ ਲਈ ਬਸਤਰ ਠੰਡ ਤੋਂ ਰਜਾਈਆਂ ਕੰਬਲ ,ਬਿਮਾਰੀ ਲਈ ਦਵਾਈ ,ਕਿਤਾਬਾਂ ,ਰੋਚਕ ਇਤਿਹਾਸ,ਯੋਧਿਆਂ ਦੀ ਕੁਰਬਾਨੀ ਦੀਆਂ ਵਾਰਾਂ ,ਕਿੱਸੇ, ਅਤੇ ਅੰਦੋਲਨ ਚ ਸਾਬਕਾ ਉੱਚ ਅਧਿਕਾਰੀ ਵਕੀਲ ਜੱਜ ਜਰਨਲ ਇੰਜੀਨੀਅਰ ਡਾਕਟਰ ਬੁੱਧੀਜੀਵੀ ਹਰ ਵਰਗ ,ਦਾਦਾ ਪੋਤਾ ਨਾਨਾ ਦੋਹਤਾ ਪੂਰੇ ਪਰਿਵਾਰ ਮੌਕੇ ਤੇ ਟਰੈਫ਼ਿਕ, ਸਫ਼ਾਈ, ਲੰਗਰ ਦੀ ਸੇਵਾ ਨਿਭਾ ਰਹੇ ਨੇ ।ਜਾਤ ਫ਼ਿਰਕੇ ,ਬੋਲੀ ਪਹਿਰਾਵਾ ਨਸਲ ਤੇ ਭੇਦ ਮੁਕਾ ਕੇ ਤਿੰਨ ਕਾਲੇ ਕਾਨੂੰਨਾਂ ਅਤੇ ਜਿਨਸਾਂ ਦੇ ਸਮਰਥਨ ਮੁੱਲ ਦੀ ਗਰੰਟੀ ਮੰਗਣ ਲਈ 37 ਦਿਨਾਂ ਤੋ ਡਟੇ ਹੋਏ ਨੇ।
ਰੇਲਾਂ, ਜਹਾਜ਼ਰਾਨੀ ,ਟੈਲੀਕਮਿਊਨੀਕੇਸ਼ਨ ,ਰੱਖਿਆ, ਖ਼ਾਨਾਂ ,ਤੇਲ ਤੱਕ ਵੇਚਣ ਤੇ ਮਜ਼ਦੂਰਾਂ ਦੇ ਕਨੂੰਨ ਖੇਤੀਂ ਕਨੂੰਨ ਵਪਾਰ ਕਨੂੰਨ ਕਾਰਪੋਰੇਟ ਦੇ ਤਿਆਰ ਕੀਤੇ ਖਰੜੇ ਸੰਸਦ ਚ ਬੁਰਕੀ ਖਾ ਕੇ ਪਾਸ ਕਰਨ ਵਾਲੀ ਸਰਕਾਰ ਦੇ ਖ਼ਿਲਾਫ਼ ਜਦੋਂ ਹੋਰ ਕੋਈ ਨਾ ਬੋਲਿਆ ਤਾਂ ਪੰਜਾਬ ਦੇ ਕਿਸਾਨਾਂ ਨੇ ਘੋਲ ਦਾ ਬਿਗਲ ਵਜਾਇਆ ਜਿਸ ਨੂੰ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਕਾਮਿਆਂ ਨੇ ਆਪਣੀ ਹੋਣੀ ਦੀ ਆਰ ਪਾਰ ਦੀ ਲੜਾਈ ਮੰਨ ਕੇ ਗੁਰੂ ਦਾ ਓਟ ਆਸਰਾ ਲੈ ਕੇ ਬੇੜੀ ਅਥਾਹ ਸਮੁੰਦਰ ਚ ਠੇਲ੍ਹਤੀ, ਬੱਸ ਫੇਰ ਕੀ ਸੀ,"ਅਕੇਲੇ ਚਲੇ ਥੇ ਕਾਫਲਾ ਜੁੜ੍ਹਤਾ ਗਿਆ"।
ਸੰਗਤਾਂ ਦਾ ਅਨੁਸ਼ਾਸਨ,ਹਲੀਮੀ, ਮਿਲਵਰਤਨ ਪਿਆਰ ਸਤਿਕਾਰ ਜੋਸ਼ ਜਜ਼ਬਾ ਤੇ ਸਿਦਕ ਸਾਬੂਰੀ ਵੇਖ ਕੇ ਇਹ ਲੱਗਿਆ ਕਿ ਜੋ ਕੁਛ ਹੋ ਰਿਹਾ ਹੈਂ, ਉਹ ਅਕਾਲ ਪੁਰਖ ਦੇ ਭਾਣੇ ਚ ਹੋ ਰਿਹਾ ਹੈ।
ਜੇ ਪੰਜਾਬੀ 1849 ਦੀ ਗ਼ਲਤੀ ਨਾ ਕਰਦੇ ਤਾਂ1947 ਦਾ ਭਾਣਾ ਨਹੀਂ ਵਰਤਣਾ ਸੀ ਨਾ ਹੀ 1966 ਦੀ ,ਵੰਡ ਤੇ ਨਾ,1984 ਦਾ ਸੰਤਾਪ ਭੁਗਤਣਾ ਪੈਣਾ ਸੀ।ਮੈਨੂੰ ਲੱਗਦੈ ਆਹ ਸੱਚੇ ਹਿਰਦੇ ਤੇ ਪਾਕ ਇਰਾਦਿਆਂ ਨਾਲ ਚਲਦਾ ਸ਼ਾਂਤ ਮਾਈ ਸੰਗਤ ਦਾ ਠਾਠਾਂ ਮਾਰਦਾ ਲੋਕ ਦਰਿਆ ਦੀ ਲੋਕ ਲਹਿਰ ਮੋਦੀ ਨੂੰ ਸਣੇ ਮੋਦੀ ਸਰਕਾਰ ਵਹਾ ਕੇ ਲੈ ਜਾਵੇਗਾ ਕਿਉਂਕਿ ਹੰਕਾਰ ਤੇ ਹਉਮੈ ਦਾ ਰੱਬ ਵੈਰੀ ਹੁੰਦਾ ਹੈਂ। ਜਿਹੜੀ ਸਰਕਾਰ ਅੰਦੋਲਨਕਾਰੀਆਂ ਦਾ ਇਤਿਹਾਸ ਪਿਛੋਕੜ ਤੇ ਕਿਰਦਾਰ ਭੁੱਲ ਜਾਂਦੀ ਐ ਉਸ ਨੂੰ ਅਖੀਰ ਮੂੰਹ ਦੀ ਮਾਰ ਖਾਣੀ ਪੈਂਦੀ ਐ।
ਇਹ ਲੋਕ ਘੋਲ ਜੋ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਸੀ ਪਰ ਹੁਣ ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਦਾ ਲੇਖਾ ਜੋਖਾ,ਕੇਂਦਰ ਤੇ ਰਾਜਾਂ ਦਰਮਿਆਨ ਰਿਸ਼ਤਿਆਂ ਦੀ ਵਿਆਖਿਆ ਭਾਰਤੀ ਮੀਡੀਆ ਨਿਆਂ ਪਾਲਕਾਂ ਤੇ ਕਾਰਜ ਪਾਲਿਕਾ, ਫ਼ਿਰਕੇ ਦੀ ਰਾਜਨੀਤੀ ,ਮਜ਼੍ਹਬੀ ਏਜੰਡੇ ਆਦਿ ਸਭ ਦੇ ਕਿਰਦਾਰਾਂ ਦੇ ਰੋਲ ਵਿਆਖਿਆ ਅਤੇ ਭਾਰਤ ਤੇ ਅੰਨ ਉਤਪਾਦਕ ਅਤੇ ਖਪਤਕਾਰ ਦੇ ਅਧਿਕਾਰਾਂ ਤੇ ਜਾਗਰੂਕਤਾ ਦੀ ਤਰਜਮਾਨੀ ਕਰੇਗਾ। ਪਹਿਲੀ ਵਾਰ ਸਿਆਸੀ ਲੜਾਈ ਨਾ ਹੋ ਕੇ ਇਹ ਆਰਥਿਕਤਾ, ਖੇਤੀ, ਪਿੰਡਾਂ ,ਕਿਸਾਨਾਂ ਮਜ਼ਦੂਰਾਂ ਤੇ ਖਪਤਕਾਰਾਂ ਦੀ ਲੜਾਈ ਐ ਜੋ ਰਾਜਨੀਤਕ ਅਤੇ ਕਾਰਪੋਰੇਟ ਘਰਾਣਿਆਂ ਦੇ ਨਾਪਾਕ ਗਠਬੰਧਨ ਦੇ ਖ਼ਿਲਾਫ਼ ਲੜੀ ਜਾ ਰਹੀ ਐ।ਇਹ ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਮਈ ਇਤਿਹਾਸਕ ਘਟਨਾ ਹੋਵੇਗੀ ਜੋ ਪੂੰਜੀਪਤੀ ਤੇ ਸਿਆਸੀ ਲੋਕਾਂ ਦੇ ਇੱਕ ਗੁੱਟ ਦੇ ਰਿਸ਼ਤੇ ਕਿਸਾਨਾਂ ਖਪਤਕਾਰਾਂ ਅਤੇ ਕਿਰਤੀਆਂ ਦੇ ਦਰਮਿਆਨ ਹੱਦਬੰਦੀਆਂ ਸਥਾਪਿਤ ਕਰੇਗੀ।
ਕਿਸਾਨੀ ਅਤੇ ਸਰਕਾਰ ਵਿਚਕਾਰ ਹੈ ਜਾ ਨਾਂਹ ਦੀ ਦੀ ਲਕੀਰ ਨਿਕਲ ਗਈ ਹੈ।ਵੱਡਾ ਖ਼ਦਸ਼ਾ ਲੱਗ ਰਿਹਾ ਹੈ ਕਿ ਸਰਕਾਰ ਨਿਆਂ ਪਾਲਕਾਂ ਰਾਹੀਂ ਚੋਰ ਮੋਰੀ ਬਣਾ ਕੇ ਮੋਰਚਾ ਫੈਲ ਕਰਨ ਦੀ ਕੋਸ਼ਿਸ਼ ਕਰੇਂਗੀ। ਇੱਕ ਗੱਲ ਨੋਟ ਕਰਨ ਵਾਲੀ ਐ ਕਿ ਲੋਕ ਰਾਜ ਵਿਚ ਨਾ ਸੰਸਦ ਨਾ ਸੰਵਿਧਾਨ ਨਾ ਸਰਕਾਰ ਨਾ ਮੀਡੀਆ ,ਸਿਰਫ਼ ਤੇ ਸਿਰਫ਼ ਲੋਕ ਮਹਾਨ ਤੇ ਮਹੱਤਵਪੂਰਨ ਹੁੰਦੇ ਨੇ।ਬਾਕੀ ਸਭ ਕੁਝ ਲੋਕਾਂ ਲਈ ਹੁੰਦਾ ਐ। ਸੱਚ ਕਿਹਾ ਹੈ ;
ਗਲ ਪੈ ਜਾਣ, ਜੇ ਭੁੱਖੇ ਲੋਕ, ਬੰਬ ਬੰਦੂਕਾਂ ਨਾ ਸਕਣ ਰੋਕ। ਨਿਆਂ ਪਾਲਿਕਾ ਤੇ ਸਰਕਾਰ ਨੂੰ ਇਸ ਕਥਨ ਦੇ ਅਰਥ ਸਮਝ ਲੈਣੇ ਚਾਹੀਦੇ ਨੇ।
ਇਸ ਘੋਲ਼ ਤੋਂ ਅੱਗੇ ਜੇ ਹੋਰ ਕੋਈ ਇੱਕ ਵੀ ਪ੍ਰਾਪਤੀ ਨਾ ਹੋਵੇ ਤਾਂ ਵੀ ਕਿਸਾਨਾਂ ਪੰਜਾਬੀਆਂ ਤੇ ਸਿੱਖਾਂ ਜਿਹੜੀ ਦੀ ਪਿਛਲੇ ਸੌ ਸਾਲਾਂ ਤੋਂ ਡਿੱਗੀ ਹੋਈ ਸਾਖ ਸੀ ਉਸ ਨੂੰ ਬਹਾਲ ਕਰਨ ਦਾ ਸੇਹਰਾ ਇਸ ਘੋਲ਼ ਨੂੰ ਜਾਵੇਗਾ।ਬੀਬੀਆਂ ਬੱਚਿਆਂ ਬਜ਼ੁਰਗਾਂ ਦਾ ਘੋਲ ਵਿੱਚ ਸ਼ਾਮਲ ਹੋਣਾ ਸਮਾਜ ਵਿਚ ਵੱਡੀ ਚੇਤਨਾ ਦੀ ਨਿਸ਼ਾਨੀ ਮੰਨੀ ਜਾ ਸਕਦੀ ਹੈਂ।
ਇਹ ਅੰਦੋਲਨ ਭਾਜਪਾ ਦੇ ਦੇਸ਼ ਭਰ ਚ ਫ਼ਿਰਕੂ ਰਾਜਨੀਤੀ ਦੀ ਪੁੱਠੀ ਗਿਣਤੀ ਸ਼ੁਰੂ ਕਰਨ ਚ ਦੇਸ ਭਰ ਚ ਕਾਂਗਰਸ ਦੀ ਬਜਾਏ ਕਿਸਾਨਾਂ ਕਿਰਤੀਆਂ ਮਜ਼ਦੂਰਾਂ ਦਾ ਇੱਕ ਤੀਜਾ ਬਦਲ ਬਣਕੇ ਉੱਭਰੇਗਾ।
ਫੋਕੇ ਰਾਸ਼ਟਰਵਾਦੀ ਢਕਵੰਜ ਨੂੰ ਨੰਗਾ ਕਰੇਗਾ।।ਦੇਸ਼ ਦੇ ਗੈਰ ਫ਼ਿਰਕੂ ਬਹੁਗਿਣਤੀ ਨੂੰ ਆਪਣੇ ਹੱਕਾਂ ਲਈ ਲਾਮਬੰਦ ਕਰੇਗਾ।
-
ਡਾ ਹਰਕੇਸ਼ ਸਿੰਘ ਸਿੱਧੂ, ਸੇਵਾ ਮੁਕਤ ਆਈ ਏ ਐਸ , ਸਾਬਕਾ ਡੀ ਸੀ, ਬਰਨਾਲਾ,ਸੰਗਰੂਰ ,ਕਪੂਰਥਲਾ
harrkesh123@gmail.com
+91- 9814053272
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.