ਦਲਿਤਾਂ ਦੇ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਲੰਬੀ ਬਿਮਾਰੀ ਤੋਂ ਬਾਅਦ 86 ਸਾਲ ਦੀ ਉਮਰ ਭੋਗ ਕੇ ਸਵਰਗ ਹੋ ਗਏ ਹਨ। ਬੂਟਾ ਸਿੰਘ 8 ਵਾਰ ਲੋਕ ਸਭਾ ਦੇ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਸਨ। ਜਗਜੀਵਨ ਰਾਮ ਤੋਂ ਬਾਅਦ ਬੂਟਾ ਸਿੰਘ ਦਲਿਤਾਂ ਦੇ ਸਭ ਤੋਂ ਮਜ਼ਬੂਤ ਨੇਤਾ ਰਹੇ ਹਨ। 1977 ਵਿਚ ਜਦੋਂ ਕਾਂਗਰਸ ਪਾਰਟੀ ਜਨਤਾ ਲਹਿਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਹਾਰ ਗਈ ਸੀ ਤਾਂ ਕਾਂਗਰਸ ਪਾਰਟੀ ਦੋਫਾੜ ਹੋ ਗਈ। ਉਸ ਸਮੇਂ ਇੰਦਰਾ ਗਾਂਧੀ ਦੇ ਸਿਤਾਰੇ ਡਾਵਾਂ ਡੋਲ ਹੋ ਗਏ ਸਨ ਕਿਉਂਕਿ ਇੰਦਰਾ ਗਾਂਧੀ ਦੇ ਕਾਂਗਰਸ ਪਾਰਟੀ ਵਿਰੁਧ ਬਗਾਬਤ ਕਰਨ ‘ਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇਤਾ ਉਨ੍ਹਾਂ ਦਾ ਸਾਥ ਛੱਡ ਗਏ ਸਨ। ਸਰਦਾਰ ਬੂਟਾ ਸਿੰਘ ਇਕੋ ਇਕ ਅਜਿਹਾ ਨੇਤਾ ਸਨ, ਜਿਹੜੇ ਇੰਦਰਾ ਗਾਂਧੀ ਨਾਲ ਅੱਤ ਨਾਜ਼ਕ ਸਮੇਂ ਵਿਚ ਚਟਾਨ ਦੀ ਤਰ੍ਹਾਂ ਖੜ੍ਹੇ ਰਹੇ। ਉਸ ਸਮੇਂ ਇੰਦਰਾ ਗਾਂਧੀ ਨੇ ਇੰਦਰਾ ਕਾਂਗਰਸ ਪਾਰਟੀ ਬਣਾ ਲਈ ਸੀ ਅਤੇ ਉਹ ਆਪ ਪਾਰਟੀ ਦੇ ਪ੍ਰਧਾਨ ਅਤੇ ਬੂਟਾ ਸਿੰਘ ਨੂੰ ਜਨਰਲ ਸਕੱਤਰ ਬੂਟਾ ਸਿੰਘ ਬਣਾਇਆ। ਬੂਟਾ ਸਿੰਘ ਹੀ ਕਾਂਗਰਸ ਪਾਰਟੀ ਦਾ ਸਾਰਾ ਕੰਮ ਇਕੱਲੇ ਹੀ ਵੇਖਦੇ ਸਨ। ਉਸ ਸਮੇਂ ਬਹੁਤੇ ਕਾਂਗਰਸੀ ਦੁਬਿਧਾ ਵਿਚ ਸਨ ਕਿ ਇੰਦਰਾ ਗਾਂਧੀ ਦਾ ਸਾਥ ਦਿੱਤਾ ਜਾਵੇ ਜਾਂ ਨਾ।
ਇੰਦਰਾ ਕਾਂਗਰਸ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਬੂਟਾ ਸਿੰਘ ਸਮੁਚੇ ਦੇਸ਼ ਵਿਚ ਜਾ ਕੇ ਕਾਂਗਰਸੀਆਂ ਨਾਲ ਮੀਟਿੰਗਾਂ ਕਰਦੇ ਰਹੇ। ਖਾਸ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬੂਟਾ ਸਿੰਘ ਨੇ ਇੰਦਰਾ ਕਾਂਗਰਸ ਦਾ ਸਾਥ ਦੇਣ ਲਈ ਪ੍ਰੇਰਿਤ ਕਰ ਲਿਆ। ਘਟਨਾਕਰਮ ਐਸਾ ਹੋਇਆ ਕਿ ਬਗਾਬਤ ਕਰਨ ਵਾਲੀ ਇੰਦਰਾ ਗਾਂਧੀ ਦੀ ਪਾਰਟੀ ਇੰਦਰਾ ਕਾਂਗਰਸ ਮੁੜਕੇ ਅਸਲ ਸਰਬ ਭਾਰਤੀ ਕਾਂਗਰਸ ਦੇ ਰੂਪ ਵਿਚ ਸਥਾਪਤ ਹੋ ਗਈ, ਇਸ ਵਿਚ ਸਭ ਤੋਂ ਵੱਡਾ ਯੋਗਦਾਨ ਇੰਦਰਾ ਗਾਂਧੀ ਤੋਂ ਬਾਅਦ ਬੂਟਾ ਸਿੰਘ ਦਾ ਸੀ। 1980 ਵਿਚ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਲੋਕ ਸਭਾ ਦੀ ਚੋਣ ਜਿੱਤ ਗਈ। ਇੰਦਰਾ ਗਾਂਧੀ ਨੇ ਵੀ ਬੂਟਾ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿਚ ਬਤੌਰ ਮੰਤਰੀ ਸ਼ਾਮਲ ਕਰਕੇ ਉਨ੍ਹਾਂ ਦੀ ਵਫ਼ਾਦਰੀ ਦਾ ਮੁਲ ਮੋੜਿਆ। ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਬੂਟਾ ਸਿੰਘ ਦੀ ਤੂਤੀ ਬੋਲਦੀ ਸੀ। ਉਨ੍ਹਾਂ ਨੂੰ ਇੰਦਰਾ ਗਾਂਧੀ ਦੀ ਵਫ਼ਦਾਰੀ ਐਸੀ ਰਾਸ ਆਈ ਕਿ ਜਿਤਨੀ ਦੇਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਹੇ, ਬੂਟਾ ਸਿੰਘ ਹਮੇਸ਼ਾ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਰਹੇ। ਉਨ੍ਹਾਂ ਤੋਂ ਬਾਅਦ ਰਾਜੀਵ ਗਾਂਧੀ ਦੀ ਵਜ਼ਾਰਤ ਦਾ ਵੀ ਆਨੰਦ ਮਾਣਦੇ ਰਹੇ। ਕਹਿਣ ਤੋਂ ਭਾਵ ਗਾਂਧੀ ਪਰਿਵਾਰ ਦਾ ਬੂਟਾ ਸਿੰਘ ਦੇ ਸਿਆਸੀ ਕੈਰੀਅਰ ਵਿਚ ਮਹੱਤਵਪੂਰਨ ਯੋਗਦਾਨ ਹੈ।
ਉਸਤੋਂ ਬਾਅਦ ਤਾਂ ਬੂਟਾ ਸਿੰਘ ਕਾਂਗਰਸ ਪਾਰਟੀ ਵਿਚ ਪੈਰ ਜਮਾ ਨਹੀਂ ਸਕਿਆ। ਉਨ੍ਹਾਂ ਦਾ ਲੜਕਾ ਇਕ ਵਾਰ ਦਿੱਲੀ ਤੋਂ ਵਿਧਾਨਕਾਰ ਬਣਿਆਂ। ਇਕ ਵਾਰ ਬੂਟਾ ਸਿੰਘ ਕਾਂਗਰਸ ਪਾਰਟੀ ਛੱਡ ਵੀ ਗਿਆ ਸੀ ਪ੍ਰੰਤੂ ਹੋਰ ਕਿਸੇ ਪਾਰਟੀ ਨੇ ਬੂਟਾ ਸਿੰਘ ਨੂੰ ਅਹਿਮੀਅਤ ਨਹੀਂ ਦਿੱਤੀ। ਫਿਰ ਉਹ ਵਾਪਸ ਕਾਂਗਰਸ ਪਾਰਟੀ ਵਿਚ ਆ ਗਏ ਪ੍ਰੰਤੂ ਮੁੱਖ ਧਾਰਾ ਵਿਚ ਨਹੀਂ ਆ ਸਕੇ। ਉਸ ਤੋਂ ਬਾਅਦ ਅਖ਼ੀਰ ਸਮੇਂ ਤੱਕ ਉਹ ਅਣਗੌਲਿਆ ਨੇਤਾ ਹੀ ਰਹੇ। ਬੂਟਾ ਸਿੰਘ ਪਹਿਲੀ ਵਾਰ ਹੀ 1962 ਵਿਚ ਮੋਗਾ ਰਾਖਵਾਂ ਹਲਕੇ ਤੋਂ ਅਕਾਲੀ ਦਲ ਦੇ ਟਿਕਟ ਤੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਅਕਾਲੀ ਦਲ ਦੀ ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ ਅਤੇ ਥੋੜ੍ਹੀ ਦੇਰ ਬਾਅਦ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਕਿਉਂਕਿ ਆਪ ਦੀ ਵਿਚਾਰਧਾਰਾ ਅਕਾਲੀ ਦਲ ਨਾਲ ਬਹੁਤੀ ਮੇਲ ਨਹੀਂ ਖਾਂਦੀ ਸੀ। ਉਹ 1971 ਅਤੇ 80 ਵਿਚ ਰੋਪੜ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਚੁਣੇ ਗਏ। ਇਸ ਸਮੇਂ ਦੌਰਾਨ ਆਪ ਇੰਦਰਾ ਗਾਂਧੀ ਦੇ ਬਹੁਤ ਨੇੜੇ ਹੋ ਗਏ ਕਿਉਂਕਿ ਉਨ੍ਹਾਂ ਨੂੰ ਸਿਅਸੀ ਤੌਰ ਤੇ ਜਗਜੀਵਨ ਰਾਮ ਦੇ ਮੁਕਾਬਲੇ ਤੇ ਅਨੁਸੂਚਿਤ ਜਾਤੀਆਂ ਦਾ ਕੋਈ ਵਿਅਕਤੀ ਲੋੜੀਂਦਾ ਸੀ, ਜਿਹੜਾ ਇੰਦਰਾ ਗਾਂਧੀ ਲਈ ਵੰਗਾਰ ਨਾ ਬਣ ਸਕੇ।
ਉਨ੍ਹਾਂ ਨੂੰ ਪਹਿਲੀ ਵਾਰ ਇੰਦਰਾ ਗਾਂਧੀ ਨੇ 1974 ਵਿਚ ਕੇਂਦਰ ਸਰਕਾਰ ਵਿਚ ਉਪ ਮੰਤਰੀ ਰੇਲਵੇ ਬਣਾਇਆ। ਇਸ ਤੋ ਬਾਅਦ ਤਾਂ ਜਿਵੇਂ ਉਨ੍ਹਾਂ ਦੀ ਲਾਟਰੀ ਹੀ ਨਿਕਲ ਗਈ ਕਿਉਂਕਿ ਉਹ ਪੜ੍ਹੇ ਲਿਖੇ ਤੇਜ ਦਿਮਾਗ ਸ਼ਾਤਰ ਸਿਆਸਤਦਾਨ ਸਨ। ਉਹ ਉਪ ਮੰਤਰੀ ਕਾਮਰਸ 1976, 1980 ਵਿਚ ਰਾਜ ਮੰਤਰੀ ਸ਼ਿਪਿੰਗ ਤੇ ਟਰਾਂਸਪੋਰਟ, 1982 ਵਿਚ ਰਾਜ ਮੰਤਰੀ ਸਿਵਲ ਸਪਲਾਈਜ਼ ਤੇ ਮੁੜ ਵਸੇਬਾ, 1983 ਵਿਚ ਸੰਸਦੀ ਮਾਮਲੇ ਤੇ ਖੇਡਾਂ, 84 ਵਿਚ ਦਿਹਾਤੀ ਵਿਕਾਸ ਤੇ ਖੇਤੀਬਾੜੀ, 86 ਵਿਚ ਗ੍ਰਹਿ, 95 ਵਿਚ ਸਿਵਲ ਸਪਲਾਈਜ਼ ਅਤੇ 1998 ਵਿਚ ਸੰਚਾਰ ਮੰਤਰੀ ਰਹੇ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹੇ ਸਨ। ਉਹ ਭਾਵੇਂ ਇੱਕ ਕੱਟੜ ਸਿਖ ਅਤੇ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਪ੍ਰੰਤੂ ਜਦੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਤੇ ਫ਼ੌਜਾਂ ਨੇ ਹਮਲਾ ਕਰਕੇ ਕਥਿਤ ਅੱਤਵਾਦੀਆਂ ਨੂੰ ਹਰਿਮੰਦਰ ਸਾਹਿਬ ਵਿਚੋਂ ਬਾਹਰ ਕੱਢਣ ਦੇ ਬਹਾਨੇ ਸਿਖਾਂ ਦੇ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਤੇ ਸ਼੍ਰੀ ਅਕਾਲ ਤੱਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤਾਂ ਬੂਟਾ ਸਿੰਘ ਨੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਨੂੰ ਮੋਹਰੀ ਬਣਾ ਕੇ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਾਰ ਸੇਵਾ ਦੇ ਬਹਾਨੇ ਕਰਵਾਈ ਤੇ ਸਿਖਾਂ ਵਿਚ ਬਦਨਾਮ ਹੋ ਗਏ। ਇਸ ਕਰਕੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।
ਫਿਰ ਪੰਜਾਬ ਵਿਚ ਤਾਂ ਕਾਫੀ ਸਮਾਂ ਚੋਣਾਂ ਹੀ ਨਹੀਂ ਹੋਈਆਂ, ਕਾਂਗਰਸ ਪਾਰਟੀ ਨੇ ਉਨ੍ਹਾਂ ਵਲੋਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਕੀਤੇ ਕੰਮ ਬਦਲੇ ਮੁਲ ਤਾਰਨ ਲਈ ਉਨ੍ਹਾਂ ਨੂੰ ਰਾਜਸਥਾਨ ਵਿਚੋਂ ਲੋਕ ਸਭਾ ਦੀ ਟਿਕਟ ਦੇ ਕੇ ਲੋਕ ਸਭਾ ਦਾ ਮੈਂਬਰ ਬਣਾਕੇ ਮੰਤਰੀ ਵੀ ਬਣਾਇਆ ਗਿਆ। ਸਿਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਅੰਤਹਕਰਨ ਦੀ ਆਵਾਜ਼ ਝੰਜੋੜਨ ਲੱਗੀ, ਇਸ ਕਰਕੇ ਉਹ ਕਾਂਗਰਸ ਪਾਰਟੀ ਦਾ ਸਾਥ ਛੱਡ ਗਏ। ਫਿਰ ਤਾਂ ਉਹ ਪਾਰਟੀਆਂ ਹੀ ਬਦਲਦੇ ਰਹੇ ਮੁੜਕੇ ਕਾਂਗਰਸ ਪਾਰਟੀ ਵਿਚ ਆ ਗਏ। ਪ੍ਰੰਤੂ ਕਾਂਗਰਸ ਪਾਰਟੀ ਉਨ੍ਹਾਂ ਵੱਲੋਂ ਸਿਖਾਂ ਨਾਲ ਕੀਤੇ ਵਰਤਾਓ ਕਰਕੇ ਉਨ੍ਹਾਂ ਨੂੰ ਨਿਵਾਜਦੀ ਰਹੀ ਤੇ ਕੇਂਦਰੀ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਇੰਦਰਾ ਗਾਂਧੀ ਦੇ ਰਾਜ ਵਿਚ ਬੂਟਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਜਦੋਜਹਿਦ ਕਰਦੇ ਰਹੇ ਪ੍ਰੰਤੂ ਉਨ੍ਹਾਂ ਦੀਆਂ ਕੋਸ਼ਿਸਾਂ ਨੂੰ ਬੂਰ ਨਹੀਂ ਪਿਆ । ਉਹ ਇੰਦਰਾ ਗਾਂਧੀ ਕੋਲ ਦਰਬਾਰਾ ਸਿੰਘ ਦੇ ਵਿਰੁਧ ਭੀੜ ਇਕੱਠੀ ਕਰਕੇ ਭੇਜਦੇ ਰਹੇ।
ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਮੁਸਤਫਾਬਾਦ ਵਿਖੇ ਬੀਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਵਾਰ ਆਰਥਕ ਪੱਖੋਂ ਬਹੁਤਾ ਸੌਖਾ ਨਹੀਂ ਸੀ, ਇਸ ਕਰਕੇ ਉਨ੍ਹਾਂ ਦੀ ਪੜ੍ਹਾਈ ਵਿਚ ਮੁਸ਼ਕਲ ਆਉਂਦੀ ਰਹੀ। ਬੂਟਾ ਸਿੰਘ ਪੜ੍ਹਨ ਵਿਚ ਵਧੇਰੇ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਆਪਣੀ ਬੀ ਏ ਤੱਕ ਦੀ ਸਿੱਖਿਆ ਪ੍ਰਾਪਤ ਕਰ ਲਈ ਪ੍ਰੰਤੂ ਉੱਚ ਵਿਦਿਆ ਲਈ ਵਧੇਰੇ ਖ਼ਰਚੇ ਦੀ ਲੋੜ ਸੀ। ਉਨ੍ਹਾਂ ਦੀ ਪੜ੍ਹਾਈ ਵਿਚ ਦਿਲਚਸਪੀ ਨੂੰ ਮੁਖ ਰੱਖਦਿਆਂ ਆਪਦੇ ਅਧਿਆਪਕ ਤੇ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਹੀ ਬੰਬਈ ਲੈ ਗਏ। ਉਨ੍ਹਾਂ ਬੂਟਾ ਸਿੰਘ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਆਪ ਕੀਤਾ ਅਤੇ ਐਮ.ਏ.ਤੱਕ ਦੀ ਪੜ੍ਹਾਈ ਬੰਬਈ ਤੋਂ ਕੀਤੀ। ਬੰਬਈ ਤੋਂ ਵਾਪਸ ਆ ਕੇ ਉਨ੍ਹਾਂ ਅਕਾਲੀ ਦਲ ਦੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾ ਵਿਚ ਅਕਾਲੀ ਦਲ ਵਿਚ ਬਹੁਤੇ ਪੜ੍ਹੇ ਲਿਖੇ ਵਿਅਕਤੀ ਨਹੀਂ ਸਨ। ਬੂਟਾ ਸਿੰਘ ਪੜ੍ਹੇ ਲਿਖੇ ਸਨ। ਇਸ ਲਈ ਇਤਫਾਕੀਆ ਹੀ ਬੂਟਾ ਸਿੰਘ ਦਾ ਸਰਗਰਮ ਸਿਆਸਤ ਵਿਚ ਆਉਣਾ ਬਣਿਆਂ।
ਅਕਾਲੀ ਦਲ ਨੂੰ ਲੋਕ ਸਭਾ ਦੀਆਂ ਚੋਣਾਂ ਵਿਚ ਕਿਸੇ ਪੜ੍ਹੇ ਲਿਖੇ ਵਿਅਕਤੀ ਦੀ ਮੋਗਾ ਰਾਖਵੇਂ ਹਲਕੇ ਤੋਂ ਲੋੜ ਸੀ, ਇਸ ਲਈ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਦਿੱਤੀ। ਉਹ ਸਿਆਸਤ ਵਿਚ ਅਜੇ ਨਵੇਂ ਸਨ ਇਸ ਲਈ ਚੋਣ ਲੜਨ ਤੋਂ ਘਬਰਾਉਂਦੇ ਸਨ। ਮੁੱਖ ਤੌਰ ਤੇ ਆਰਥਿਕ ਹਾਲਤ ਇਜ਼ਾਜਤ ਨਹੀਂ ਦਿੰਦੀ ਸੀ। ਉਨ੍ਹਾਂ ਨੇ ਝਿਜਕਦਿਆਂ ਲੋਕ ਸਭਾ ਦੀ ਚੋਣ ਲੜੀ ਅਤੇ ਪਹਿਲੀ ਵਾਰ ਹੀ ਚੋਣ ਜਿੱਤ ਗਏ।। ਮੁੜਕੇ ਉਹ ਸਾਰੀ ਉਮਰ ਸਿਆਸਤ ਵਿਚ ਛਾਏ ਰਹੇ। ਬੂਟਾ ਸਿੰਘ 2 ਜਨਵਰੀ 2021 ਨੂੰ ਦਿੱਲੀ ਵਿਖੇ ਸਵਰਗ ਸਿਧਾਰ ਗਏ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.