ਕਿਸਾਨਾਂ ਦੇ ਸੰਘਰਸ਼ ਨੂੰ ਨਕਸਲਬਾੜੀਆਂ ਜਾਂ ਕਿਸੇ ਵੀ ਹੋਰ ਧਿਰ ਨਾਲ ਜੋੜ ਕੇ ਦੇਖਣ ਦੀ ਬਜਾਏ ਜੇਕਰ ਕਿਸਾਨਾਂ ਨਾਲ ਜੋੜ ਕੇ ਦੇਖੀਏ ਤਾਂ ਹੀ ਅਸੀਂ ਸਰਕਾਰ ਤੋਂ ਇਹ ਬਿੱਲ ਵਾਪਸ ਕਰਵਾ ਸਕਦੇ ਹਾਂ। ਸਰਕਾਰ ਤਾਂ ਅੱਗੇ ਚਾਹੁੰਦੀ ਹੈ ਕਿ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਕੋਈ ਅਜਿਹਾ ਕਦਮ ਚੁੱਕਣ ਜੋ ਇਸ ਮੋਰਚੇ ਨੂੰ ਢਾਹ ਲਾ ਸਕੇ। ਕੱਲ੍ਹ ਜੋ ਵੀ ਉਗਰਾਹਾਂ ਵੱਲੋਂ ਨਕਸਲਬਾੜੀਆਂ ਦੇ ਹੱਕ ਵਿੱਚ ਬੈਨਰ ਚੁੱਕ ਕੇ ਕੀਤਾ ਗਿਆ ਹੈ। ਉਹ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਵਾਸਤੇ ਇੱਕ ਕਦਮ ਹੈ। ਪਰ ਉਗਰਾਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਲ੍ਹਾਂ ਵਿੱਚ ਸਿਰਫ਼ ਨਕਸਲਬਾੜੀ ਬੰਦ ਨਹੀਂ ਹਨ, ਹੋਰ ਵੀ ਬਹੁਤ ਲੋਕ ਹਨ। ਪਰ ਇਹ ਸਮਾਂ ਜੇਲ੍ਹਾਂ ਵਿੱਚ ਬੰਦ ਲੋਕਾਂ ਨੂੰ ਰਿਹਾ ਕਰਵਾਉਣ ਦਾ ਨਹੀਂ ਸਗੋਂ ਕਿਸਾਨਾਂ ਦੀ ਜ਼ਮੀਨ ਬਚਾਉਣ ਦਾ ਹੈ। ਪੂੰਜੀਪਤੀਆਂ ਦੇ ਹੱਥ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਦੇਸ ਬਚਾਉਣ ਦਾ ਸਮਾਂ ਹੈ। ਸਾਰੇ ਦੇਸ ਨੂੰ ਕੁਝ ਲੋਕ ਆਪਣੀ ਮਰਜ਼ੀ ਤੇ ਪੈਸੇ ਦੇ ਜ਼ੋਰ ਨਾਲ ਚਲਾਉਣਾ ਚਾਹੁੰਦੇ ਹਨ। ਪਰ ਕਿਸਾਨਾਂ ਵੱਲੋਂ ਆਰੰਭੇ ਇਸ ਸੰਘਰਸ਼ ਨੇ ਉਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਪਰ ਸਾਡੇ ਵਿਚਲੇ ਹੀ ਕੁਝ ਢਾਹ ਲਾਊ ਅਨਸਰ ਸਰਕਾਰ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਇਸ ਕਰਕੇ ਮੈਂ ਸਮੂਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਕਿਸੇ ਵੀ ਧਰਮ, ਖ਼ਿੱਤੇ ਜਾਂ ਆਪਣੇ ਨਿੱਜੀ ਵਿਚਾਰਾਂ ਤੋਂ ਉੱਪਰ ਉੱਠ ਕੇ ਸਿਰਫ਼ ਤੇ ਸਿਰਫ਼ ਕਿਸਾਨਾਂ ਦੇ ਸੰਘਰਸ਼ ਦਾ ਸਾਥ ਤੇ ਸਮਰਥਨ ਕਰੀਏ।
ਅੱਜ ਦੇਸ ਭਰ ਦਾ ਕਿਸਾਨ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ। ਕਈ ਕਈ ਸੌ ਮੀਲ ਦਾ ਸਫ਼ਰ ਤੈਅ ਕਰਕੇ ਲੋਕ ਦਿੱਲੀ ਦੀਆਂ ਸੜਕਾਂ ਤੇ ਠੰਡੀਆਂ ਰਾਤਾਂ ਕੱਟ ਰਹੇ ਹਨ। ਪਰ ਲੋਕਾਂ ਦਾ ਹੌਸਲਾ ਬਰਕਰਾਰ ਹੈ। ਨਿੱਤ ਦਿਨ ਦਿੱਲੀ ਵੱਲ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ। ਆਖਿਰ ਕਿਉਂ ਲੋਕਾਂ ਨੂੰ ਇਸ ਰਾਹੇ ਤੁਰਨਾ ਪਿਆ। ਬੜੇ ਸਾਦੇ ਜਿਹੇ ਕੁਝ ਨੁਕਤੇ ਹਨ ਆਓ ਵਿਚਾਰ ਕਰਦੇ ਹਾਂ।
ਪੂੰਜੀਪਤੀ ਸਾਰੇ ਦੇਸ ਦੀ ਸਭਿਅਤਾ, ਸਭਿਆਚਾਰ ਤੇ ਹੋਰ ਕਦਰਾਂ ਕੀਮਤਾਂ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰੀ ਜ਼ਰ ਰਹੇ ਹਨ। ਕਦੇ ਪਿੰਡਾਂ ਸ਼ਹਿਰਾਂ ਵਿੱਚ ਲੋਕ ਪਿਆਰ ਮੁਹੱਬਤ ਨਾਲ ਰਿਹਾ ਕਰਦੇ ਸਨ। ਪਰ ਕੀ ਹਾਲ ਹੋ ਚੁੱਕਾ ਹੈ ਇਸ ਬਿਆਨ ਕਰਨ ਤੋਂ ਵੀ ਬਾਹਰ ਹੈ। ਕਦੇ ਪਿੰਡ ਵਿੱਚ ਕੋਈ ਖੇਡ ਮੇਲਾ ਹੋਣਾ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ ਸਾਂਝਾ ਕਾਰਜ ਹੋਣ ਹੋਵੇ ਤਾਂ ਲੋਕ ਆਪਣੀ ਵਿੱਤ ਮੁਤਾਬਿਕ ਉਗਰਾਹੀ ਕਰਕੇ ਕਾਰਜ ਨੂੰ ਬੜੀ ਸਰਲਤਾ ਤੇ ਸਫਲਤਾ ਨਾਲ ਨੇਪਰੇ ਚਾੜ੍ਹ ਲੈਂਦੇ ਸਨ। ਹੌਲੀ ਹੌਲੀ ਇਹਨਾਂ ਕਾਰਜਾਂ ਵਿੱਚ ਵਿਦੇਸ਼ਾਂ ਤੋਂ ਆਉਂਦਾ ਪੈਸਾ ਦਾਖਲ ਹੋਣ ਲੱਗਾ। ਫਿਰ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰ, ਸਪਾਂਸਰਾਂ ਤੇ ਹੋਰ ਬਹੁਤ ਕੁਝ ਮਨਲੁਭਾਊ ਚੀਜ਼ਾਂ ਨੇ ਆਪਣਾ ਘੇਰਾ ਵਧਾਇਆ ਤਾਂ ਆਮ ਲੋਕ ਹੌਲੀ ਹੌਲੀ ਦੂਰ ਹੋਣ ਲੱਗੇ। ਲੋਕਾਂ ਵਿੱਚੋਂ ਆਪਣਾਪਨ, ਦਿਲੀ ਸਾਂਝਾਂ ਤੇ ਹੋਰ ਬੜਾ ਕੁਝ ਘਟਣ ਲੱਗਾ। ਲੋਕ ਪਦਾਰਥਵਾਦੀ ਹੋਣ ਲੱਗੇ ਤੇ ਜਿਸ ਨੇ ਹਰ ਇਨਸਾਨ ਨੂੰ ਮੰਡੀ ਦਾ ਹਿੱਸਾ ਬਣਾ ਲਿਆ।
ਅੱਜ ਸਾਡਾ ਸਭ ਕੁਝ ਵਿਕਾਊ ਹੋਣ ਦੀ ਕਗਾਰ ਤੇ ਪੁੱਜ ਚੁੱਕਾ ਹੈ। ਜਿਸ ਵਿੱਚ ਸਾਡੀਆਂ ਖੇਡਾਂ, ਸਾਡੇ ਵਿਆਹ ਸ਼ਾਦੀਆਂ, ਸਾਡੇ ਜੰਮਣ ਮਰਨ ਦੇ ਕਾਰਜ ਇੱਥੋਂ ਤੱਕ ਕੇ ਅਸੀਂ ਹਰ ਖੁਦ ਪਦਾਰਥਾਂ ਵਾਂਗ ਵਿਕਣ ਲੱਗੇ ਹਾਂ। ਉਦਾਹਰਨ ਦੇ ਤੌਰ ਤੇ ਪਹਿਲਾਂ ਕਿਸੇ ਵਿਆਹ ਲਈ ਮੰਜੇ ਬਿਸਤਰੇ ਪਿੰਡ ਵਿੱਚ ਇਕੱਠੇ ਹੁੰਦੇ ਹਨ। ਪਿੰਡ ਦੀਆਂ ਸੁਆਣੀਆਂ ਰਲ ਮਿਲ ਕੇ ਸਾਰਾ ਖਾਣ ਪੀਣ ਬਣਾਉਂਦੀਆਂ ਸਨ ਤੇ ਵਿਆਹ ਬੜੇ ਸਾਦੇ ਹੁੰਦੇ ਸਨ ਪਰ ਬਹੁਤ ਕਾਮਯਾਬ ਹੋਇਆ ਕਰਦੇ ਸਨ। ਅੱਜ ਸਾਰਾ ਕੁਝ ਬਜ਼ਾਰੋਂ ਖ਼ਰੀਦ ਕੇ, ਵਿਆਹ ਦੇ ਪੈਲੇਸ ਤੋਂ ਲੈ ਕੇ ਖਾਣ ਪੀਣ, ਹਾਰ ਸ਼ਿੰਗਾਰ ਗੱਲ ਕੀ ਹਰ ਚੀਜ਼ ਮੁੱਲ ਦੀ ਹੁੰਦੀ ਹੈ। ਲੱਖਾਂ ਖ਼ਰਚ ਕਰਕੇ ਵੀ ਪਤਾ ਨਹੀਂ ਕਿ ਕਦੋਂ ਵਿਆਹ ਵਾਲੀ ਜੋੜੀ ਦਾ ਤਲਾਕ ਹੋ ਜਾਣਾ ਹੈ। ਸੋ ਅਸੀਂ ਪੂੰਜੀਪਤੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚ ਰਹੇ ਹਾਂ।
ਸਾਡੀਆਂ ਸਰਕਾਰਾਂ, ਮੀਡੀਆ ਤੇ ਹੋਰ ਸਭ ਤੰਤਰ ਜਿਨ੍ਹਾਂ ਨੇ ਲੋਕਾਂ ਬਾਰੇ ਸੋਚਣਾ ਹੈ, ਜਿਨ੍ਹਾਂ ਨੇ ਲੋਕਾਂ ਦੇ ਭਲੇ ਲਈ ਕੰਮ ਕਰਨ ਦੀ ਸਹੁੰ ਚੁੱਕੀ ਹੈ, ਜਿਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਭ ਦੇ ਸਾਹਮਣੇ ਲਿਆ ਕੇ ਹੱਲ ਲੱਭਣੇ ਤੇ ਕਰਨੇ ਹਨ। ਅੱਜ ਉਹੀ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੰੀ ਤਿਲਾਂਜਲੀ ਦੇ ਕੇ ਲੋਕ ਦੇ ਉਲਟ ਭੁਗਤ ਰਹੇ ਹਨ। ਇਹ ਸਭ ਕਿਉਂ ਹੋ ਰਿਹਾ ਹੈ? ਕਿਉਂਕਿ ਪੂੰਜੀਪਤੀਆਂ ਕੋਲ ਪੈਸਾ ਹੈ ਤੇ ਉਹ ਇਸਦੇ ਜ਼ੋਰ ਨਾਲ ਕਿਸੇ ਨੂੰ ਖ਼ਰੀਦ ਸਕਦੇ ਹਨ, ਕਿਸੇ ਨੂੰ ਭਰਮਾ ਸਕਦੇ ਹਨ, ਕਿਸੇ ਦਬਾ ਸਕਦੇ ਹਨ, ਕਿਸੇ ਨੂੰ ਇਸ ਦੀ ਚਕਾਚੌਂਧ ਵਿੱਚ ਚੁੰਧਿਆ ਕੇ ਉਸਦੇ ਸਹੀ ਮਾਰਗ ਤੋਂ ਭਟਕਾ ਸਕਦੇ ਹਨ। ਪਰ ਸਾਨੂੰ ਸਭ ਨੂੰ ਸੁਚੇਤ ਹੋਣਾ ਪਵੇਗਾ। ਆਪਣੀ ਧਰਤੀ, ਆਪਣੇ ਲੋਕਾਂ ਤੇ ਆਉਣ ਵਾਲੇ ਭਵਿੱਖ ਲਈ ਖੜੇ ਹੋਣਾ ਪਵੇਗਾ।
ਪੂੰਜੀਪਤੀਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਆਮ ਲੋਕਾਂ ਨੂੰ ਸਿਰਫ਼ ਕੰਮ ਕਰਨ ਵਾਲੀਆਂ ਮਸ਼ੀਨਾਂ ਬਣਾ ਕੇ ਚਲਾਇਆ ਜਾਵੇ। ਆਮ ਲੋਕ ਹਰ ਮਹੀਨੇ ਤਨਖਾਹਾਂ ਤਾਂ ਲੈਣ ਪਰ ਪਹਿਲੇ ਹਫ਼ਤੇ ਵਿੱਚ ਹੀ ਉਹ ਘਰ ਦੀਆਂ ਕਿਸ਼ਤਾਂ, ਘਰੇਲੂ ਖਰਚਿਆਂ ਤੇ ਬਾਕੀ ਸਭ ਵਿੱਚ ਖਪਤ ਕਰ ਲੈਣ ਤਾਂ ਕਿ ਬਾਕੀ ਮਹੀਨਾ ਉਨ੍ਹਾਂ ਨੂੰ ਕੁਝ ਹੋਰ ਸੋਚਣ ਦਾ ਸਮਾਂ ਹੀ ਨਾ ਮਿਲੇ। ਲੋਕ ਪੂੰਜੀਪਤੀਆਂ ਤੇ ਪੂਰੀ ਤਰ੍ਹਾਂ ਨਿਰਭਰ ਰਹਿਣ। ਦੂਸਰੇ ਪਾਸੇ ਸਰਕਾਰਾਂ ਚਾਹੁੰਦੀਆਂ ਹਨ ਕਿ ਆਮ ਲੋਕਾਂ ਨੂੰ ਸਿਹਤ ਸਹੂਲਤਾਂ, ਸੜਕਾਂ, ਰੇਲਾਂ, ਸੁਰੱਖਿਆ ਬਾਕੀ ਸਭ ਦੇਣ ਦੀ ਬਜਾਏ ਹਰ ਕੰਮ ਨੂੰ ਪ੍ਰਾਈਵੇਟ ਸੈਕਟਰ ਵਿੱਚ ਤਬਦੀਲ ਕਰ ਦਿੱਤਾ ਜਾਵੇ। ਤਾਂ ਕਿ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਾ ਰਹਿ ਜਾਵੇ। ਸਰਕਾਰ ਹਰ ਤਰਾਂ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਣਾ ਚਾਹੁੰਦੀ ਹੈ ਅਤੇ ਕੁੰਭਕਰਨੀ ਨੀਂਦ ਸੌਣਾ ਚਾਹੁੰਦੀ ਹੈ। ਜਿਸ ਲਈ ਜ਼ਰੂਰੀ ਹੈ ਕਿ ਪੂੰਜੀਪਤੀਆਂ ਦੀ ਇੱਕ ਧਿਰ ਨੂੰ ਦੇਸ ਦਾ ਬਹੁਤਾ ਕਾਰਜ ਭਾਗ ਸੌਂਪਿਆ ਜਾਵੇ। ਇਸੇ ਲਈ ਹੀ ਸਰਕਾਰ ਤੇ ਪੂੰਜੀਪਤੀ ਰਲ ਬੈਠੇ ਹਨ ਤੇ ਆਮ ਲੋਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।
ਭਾਰਤ ਦੇਸ ਦਾ ਰਾਜਨੀਤਿਕ ਵਰਗ ਸ਼ੁਰੂ ਤੋਂ ਲਾਲਚੀ ਰਿਹਾ ਹੋਣ ਕਰਕੇ ਉਹ ਹਰ ਕੰਮ ਵਿੱਚ ਆਪਣਾ ਹਿਤ ਮੂਹਰੇ ਰੱਖਦਾ ਹੈ ਅਤੇ ਆਪਣੇ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਨਕਾਰ ਕੇ ਹਰ ਤਰਾਂ ਦਾ ਸਮਝੌਤਾ ਕਰ ਲੈਂਦਾ ਹੈ। ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਹਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕੀਤਾ ਹੈ। ਵੋਟ ਸ਼ਕਤੀ ਨੂੰ ਨੋਟ ਸ਼ਕਤੀ ਦੇ ਜ਼ੋਰ ਨਾਲ ਤਹਿਸ ਨਹਿਸ ਕਰ ਦਿੱਤਾ ਹੈ। ਸੱਤਾ ਹਾਸਲ ਕਰਨ ਲਈ ਹਰ ਤਰਾਂ ਦਾ ਹੱਥਕੰਡਾ ਅਪਣਾਇਆ ਜਾਣਾ ਆਮ ਗੱਲ ਬਣ ਗਈ ਹੈ। ਇਸ ਵਿੱਚ ਪੂੰਜੀਪਤੀ ਘਰਾਣਿਆਂ ਦਾ ਸਹਿਯੋਗ ਬਹੁਤ ਵੱਡੀ ਪੱਧਰ ਤੇ ਲਿਆ ਜਾਂਦਾ ਹੈ। ਲੋਕਾਂ ਵਿੱਚ ਪੈਸਾ, ਸ਼ਰਾਬ, ਕੀਮਤਾਂ ਚੀਜ਼ਾਂ ਵੰਡ ਕੇ ਉਹਨਾਂ ਨੂੰ ਵੋਟਾਂ ਵਿੱਚ ਗੁੰਮਰਾਹ ਕੀਤਾ ਜਾਣਾ। ਫਿਰਕਾਪ੍ਰਸਤੀ, ਧਾਰਮਿਕ ਵੰਡੀਆਂ, ਜਾਤ ਪਾਤ ਤੇ ਗੁੰਡਾਗਰਦੀ ਦਾ ਸਹਾਰਾ ਲੈਣ ਲਈ ਪੂੰਜੀਪਤੀਆਂ ਦੀ ਪੂੰਜੀ ਦਾ ਸਹਾਰਾ ਲਿਆ ਜਾਣਾ ਤੇ ਪਿੱਛੋਂ ਤਾਕਤ ਹੱਥ ਆਉਣ ਤੇ ਉਹਨਾਂ ਦੇ ਇਸ਼ਾਰਿਆਂ ਤੇ ਨੱਚਣਾ ਅੱਜ ਦੀਆਂ ਸਰਕਾਰਾਂ ਦੀ, ਨੇਤਾਵਾਂ ਦੀ ਮਜਬੂਰੀ ਹੈ।
-
ਬਲਵਿੰਦਰ ਸਿੰਘ ਚਾਹਲ, ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ
bindachahal@gmail.com
00447491073808
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.