- ਪੂਰੀ ਦੁਨੀਆਂ ਦੇ ਇਤਿਹਾਸ ਅੰਦਰ ਝਾਤੀ ਮਾਰਦਿਆਂ ਕਿਧਰੇ ਵੀ ਇਹ ਵਿਖਾਈ ਨਹੀਂ ਦਿੰਦਾ ਕਿ ਜਦ 'ਇੱਕ ਵਾਇਰਸ' ਦੇ ਕਾਰਨ ਪਰਿੰਦੇ ਬਾਹਰ ਅਤੇ ਇਨਸਾਨ ਘਰਾਂ ਅੰਦਰ ਡੱਕੇ ਜਾਣ , ਜਹਾਜ਼ ਹਵਾਈ ਅੱਡਿਆਂ ਚੋਂ ਨਿਕਲਣੇ ਬੰਦ ਹੋਏ ਹੋਣ , ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਲੱਗਿਆ ਹੋਵੇ , ਸਿੱਖਿਆ ਤੰਤਰ ਇੱਕ ਤਰ੍ਹਾਂ ਨਾਲ ਨੇਸਤੋਂ-ਨਾਬੂਦ ਹੋਣ ਹੋਣ ਤੋਂ ਬਾਅਦ ਪੂਰੀ ਚਮਕ-ਦਮਕ ਨਾਲ ਭਰਪੂਰ ਖੇਤਰ ਗੁੰਮਨਾਮੀ ਦੇ ਹਨੇਰੇ ਵਿੱਚ ਗੁਆਚ ਚੁੱਕੇ ਹੋਣ ਤੋਂ ਇਲਾਵਾਂ ਲੱਖਾਂ ਇਨਸਾਨੀ ਜ਼ਿੰਦਗੀਆਂ ਨੇ ਇੰਨੇ ਥੋੜ੍ਹੇ ਸਮੇਂ ਅੰਦਰ ਇਸ ਸੰਸਾਰ ਤੋਂ ਕੂਚ ਕੀਤਾ ਹੋਵੇ ਅਤੇ ਜਦ ਇਨਸਾਨੀ ਆਸਥਾ ਦੇ ਕੇਂਦਰਾਂ ਤੱਕ ਦੇ ਬੂਹੇ ਭੇੜ ਦਿੱਤੇ ਜਾਵਣ ਤਾਂ ਵਾਕਿਆ ਹੀ ਅਜਿਹੇ ਸਮੇਂ ਨੂੰ ਇਤਿਹਾਸ ਦੇ ਪੰਨਿਆਂ ਅੰਦਰ ਮਾੜਾ ਲਿਖਿਆ ਜਾਵੇਗਾ । ਬਿਨਾਂ ਸ਼ੱਕ ਲੰਘੇ ਵਰ੍ਹੇ 2020 ਨੇ ਆਪਣੇ ਨਾਂ ਦਾ ਖ਼ੌਫ਼ ਇਨਸਾਨੀ ਮਨਾਂ ਅੰਦਰ ਬੁਰੀ ਤਰ੍ਹਾਂ ਸਿਰਜ ਦਿੱਤਾ ।
ਲੰਘੇ ਵਰ੍ਹੇ ਦੇਸ਼ ਅੰਦਰ ਵਾਪਰੀਆਂ ਕਈ ਵੱਡੀਆਂ ਘਟਨਾਵਾਂ , ਕੋਰੋਨਾ ਮਹਾਂਮਾਰੀ ਤੋਂ ਲੈ ਕੇ ਨਾਗਰਿਕਤਾ ਸੋਧ ਬਿੱਲ ਅਤੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਆਮ ਜਨਤਾ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੇ ਅਜਿਹਾ ਸਮਾਂ ਆਪਣੀ ਪੂਰੀ ਉਮਰ ਵਿੱਚ ਕਦੇ ਨਹੀਂ ਵੇਖਿਆ । ਭਾਰਤ ਅੰਦਰ ਕੋਰੋਨਾ ਦੇ ਸ਼ੁਰੂਆਤੀ ਦੌਰ ਸਮੇਂ ਬਿਮਾਰੀ ਦੇ ਕਰੂਪ ਚਿਹਰੇ ਦੇ ਨਾਲ-ਨਾਲ ਪੁਲਿਸ ਦੇ ਵਹਿਸ਼ੀਆਨਾ ਵਤੀਰੇ ਦੀ ਰੱਜ ਕੇ ਚਰਚਾ ਹੋਈ । ਕਿੰਝ ਆਮ ਜਨਤਾ ਨੂੰ ਬਿਮਾਰੀ ਤੋਂ ਬਚਾਉਣ ਦੇ ਨਾਂ ਤੇ ਘਰਾਂ ਵਿੱਚ ਤੁੰਨਣ ਦੇ ਲਈ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਕੀਤਾ ਗਿਆ ਇਹ ਆਪਣੇ ਆਪ ਵਿੱਚ ਇੱਕ ਵਿਲੱਖਣਤਾ ਭਰਪੂਰ ਘਟਨਾਵਾਂ ਸਨ । ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਸਮਾਂ ਸੀ ਜਦ ਲਗਪਗ ਬਹੁਤ ਸਾਰੇ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਇਨਸਾਨਾਂ ਦਾ ਦਾਖਲਾ ਬੰਦ ਸੀ ਅਤੇ ਰੇਲਵੇ ਸਟੇਸ਼ਨਾਂ ਤੇ ਖਡ਼੍ਹੀਆਂ ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਨੇ ਘੇਰਾ ਪਾ ਲਿਆ ਸੀ ।
ਇਹ ਵੀ ਸ਼ਾਇਦ ਪਹਿਲੀ ਵਾਰ ਹੀ ਵਾਪਰਿਆ ਹੈ ਕਿ ਜਦ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਜਾਣ ਲਈ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹੋਣ 'ਤੇ ਉਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੁਰ ਕੇ ਤੈਅ ਕੀਤਾ ਹੋਵੇ ਅਤੇ ਕਾਰੋਬਾਰ ਬੁਰੀ ਤਰ੍ਹਾਂ ਖ਼ਤਮ ਹੋਏ ਹੋਣ । ਇਸਦੇ ਨਾਲ ਹੀ ਲੰਘੇ ਸਮੇਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਇੱਕ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕੀਮਤੀ ਸਮਾਂ ਧਰਨਿਆਂ ਮੁਜ਼ਾਹਰਿਆਂ ਰਾਹੀਂ ਸੜਕਾਂ ਤੇ ਬੀਤਿਆ , ਉਨ੍ਹਾਂ ਵੱਲੋਂ ਇਹ ਇਹ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਲੰਬੀ ਜੱਦੋ-ਜਹਿਦ ਕੀਤੀ । ਕਈ ਸ਼ਹਿਰਾਂ ਅੰਦਰ ਧਰਨੇ ਮੁਜ਼ਾਹਰੇ ਅਤੇ ਹੜਤਾਲਾਂ ਦੌਰਾਨ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਪਰ ਕਨੂੰਨ ਫਿਰ ਵੀ ਰੱਦ ਨਾ ਹੋਏ । ਇਸ ਤੋਂ ਇਲਾਵਾ ਬੌਲੀਵੁੱਡ ਦੇ ਕਈ ਨਾਮੀ ਕਲਾਕਾਰ ਵੀ ਇਸ ਵਰ੍ਹੇ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਛੱਡ ਕੇ ਤੁਰ ਗਏ ਅਤੇ ਫ਼ਿਲਮੀ ਖੇਤਰ ਅੰਦਰ ਪੂਰੀ ਤਰ੍ਹਾਂ ਮੰਦੀ ਛਾਈ ਰਹੀ ।
ਹੁਣ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਕਿਸਾਨ ਭਾਈਚਾਰਾ ਕੇਂਦਰੀ ਹਕੂਮਤ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਘਰ ਪਰਿਵਾਰਾਂ ਨੂੰ ਤਿਆਗ ਛੋਟੇ-ਛੋਟੇ ਬੱਚਿਆਂ ਸਮੇਤ ਸੜਕਾਂ ਤੇ ਰੁੱਲ ਰਿਹਾ ਹੈ । ਪੰਜਾਬ ਤੋਂ ਸ਼ੁਰੂ ਹੋਇਆ ਇਹ ਲੋਕ ਅੰਦੋਲਨ ਹੌਲੀ-ਹੌਲੀ ਹੁਣ ਦੇਸ਼ ਵਿਆਪੀ ਹੋ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਫੈਲ ਚੁੱਕਿਆ ਹੈ ਇਸ ਅੰਦੋਲਨ ਦੀ ਸਭ ਤੋਂ ਵਿਲੱਖਣ ਤਾਂ ਭਰੀ ਗੱਲ ਇਹ ਹੈ ਕਿ ਇਹ ਸ਼ਾਂਤਮਈ ਹੋਣ ਦੇ ਨਾਲ-ਨਾਲ ਪੂਰੀ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਗਿਣਿਆ ਜਾਣ ਲੱਗਾ ਹੈ । ਕਿਸਾਨੀ ਦਾ ਇਹ ਮਹਾਂ ਅੰਦੋਲਨ ਵੀ ਲੰਘੇ ਵਰ੍ਹੇ ਦੇ ਹਿੱਸੇ ਹੀ ਗਿਆ ਹੈ । ਭਾਵੇਂ ਇਸ ਅੰਦੋਲਨ ਅੰਦਰ ਲਗਪਗ 40 ਦੇ ਕਰੀਬ ਬੇਸ਼ਕੀਮਤੀ ਜਾਨਾਂ ਇਸ ਸੰਸਾਰ ਤੋਂ ਭੰਗ ਦੇ ਭਾਣੇ ਚਲੀਆਂ ਗਈਆਂ ਜਿਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਸਦਾ ਹੀ ਬੇਹੱਦ ਅਫ਼ਸੋਸ ਰਹੇਗਾ ।
ਪਰ ਉਥੇ ਹੀ ਇਹ ਅੰਦੋਲਨ ਕੁਝ ਅਜਿਹੇ ਦਿਸਹੱਦੇ ਵੀ ਸਿਰਜਦਾ ਵਿਖਾਈ ਦੇ ਰਿਹਾ ਹੈ ਜੋ ਉਨ੍ਹਾਂ ਮਿੱਥਾਂ ਨੂੰ ਤੋੜਨ ਦੀ ਗੱਲ ਕਰਦੇ ਹਨ ਜਿਨ੍ਹਾਂ ਰਾਹੀਂ ਪੰਜਾਬ ਅਤੇ ਪੰਜਾਬ ਦੀ ਨੌਜੁਆਨੀ ਨੂੰ ਬਦਨਾਮ ਕੀਤਾ ਜਾ ਰਿਹਾ ਸੀ ,ਪੰਜਾਬ ਦੀ ਨੌਜਵਾਨੀ ਸਿਰੋਂ ਨਸ਼ੇ ਦੇ ਆਦੀ ਹੋਣ ਦਾ ਲੇਬਲ ਜਿੱਥੇ ਇਸ ਅੰਦੋਲਨ ਨੇ ਲਾਹਿਆ । ਉੱਥੇ ਹੀ ਹਰ ਸਮੇਂ ਨੌਜੁਆਨੀ ਨੂੰ ਲੱਚਰ ਗੀਤਾਂ ਦਾ ਹੀਰੋ ਵਿਖਾਉਣ ਵਾਲਾ ਕਲਾਕਾਰ ਭਾਈਚਾਰਾ ਵੀ ਇਸ ਵਰ੍ਹੇ ਪਹਿਲਾਂ ਲੰਬਾ ਸਮਾਂ ਕੋਰੋਨਾ ਕਾਰਨ ਖਾਮੋਸ਼ ਰਿਹਾ ਅਤੇ ਹੁਣ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਮੋਰਚੇ ਦਾ 'ਪਹਿਰੇਦਾਰ' ਬਣਿਆ ਵਿਖਾਈ ਦਿੰਦਾ ਹੈ । ਸਰਸਰੀ ਨਜ਼ਰ ਮਾਰਿਆਂ ਹੀ ਇਹ ਵਰ੍ਹਾ ਪੂਰੀ ਕਿਸਾਨੀ ਦੀ ਤਬਾਹਕੁੰਨ ਮੌਤ ਅਤੇ ਬਾਕੀ ਖੇਤਰਾਂ ਅੰਦਰ ਹੋਈਆਂ ਅਹਿਮ ਘਟਨਾਵਾਂ ਦਾ ਗਵਾਹ ਹੈ ।
ਕੁੱਝ ਵੀ ਹੋਵੇ 2020 ਲੰਬਾ ਸਮਾਂ ਇਨਸਾਨੀ ਚੇਤਿਆਂ ਤੇ ਕੌੜੀਆਂ ਕੁਸੈਲੀਆਂ ਯਾਦਾਂ ਦਾ ਪ੍ਰਤੀਕ ਬਣ ਕੇ ਜ਼ਿਹਨ ਤੇ ਤੈਰਦਾ ਰਹੇਗਾ ਅਤੇ ਯਾਦ ਆਉਂਦੀਆਂ ਰਹਿਣਗੀਆਂ ਉਹ ਨਾ ਭੁੱਲਣ ਵਾਲੀਆਂ , ਤਵਾਰੀਖ਼ ਦਾ ਹਿੱਸਾ ਬਣ ਚੁੱਕੀਆਂ ਇਤਿਹਾਸਕ ਘਟਨਾਵਾਂ ਤੇ ਬੀਤ ਚੁੱਕੇ ਪਲ । ਮਾਲਕ ਮੇਹਰ ਕਰੇ ਨਵਾਂ 2021 ਖ਼ੁਸ਼ੀਆਂ ਤੇ ਖੇੜੇ ਲੈ ਕੇ ਹਰ ਘਰ ਦੀਆਂ ਬਰੂਹਾਂ ਤੇ ਨਿੱਤ ਨਵੀਂਆਂ ਬੁਲੰਦੀਆਂ ਨੂੰ ਸਰ ਕਰਨ ਦਾ ਜਜ਼ਬਾ ਬਖ਼ਸ਼ੇ ।
-
ਮਨਜਿੰਦਰ ਸਿੰਘ ਸਰੌਦ , ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.