ਕੋਰੋਨਾ ਵਾਇਰਸ ਦਾ ਕਹਿਰ ਘਟਿਆ ਜਰੂਰ ਹੈ ਪਰ ਮੁਕੰਮਲ ਖਤਮ ਨਹੀ ਹੋਇਆ,ਇਸ ਲਈ ਲਾਪਰਵਾਹੀ ਨਾ ਕਰਦੇ ਹੋਏ ਅਜੇ ਵੀ ਹਦਾਇਤਾਂ ਦੀ ਪਾਲਣਾ ਕਰਨ ਦਾ ਸੁਨੇਹਾ ਹਰ ਪਾਸੇ ਗੂੰਜਦਾ ਸੁਣਾਈ ਦੇ ਰਿਹਾ ਹੈ।ਹੁਣ ਜਿਥੇ ਕੋਰੋਨਾ ਦਾ ਟੀਕਾ ਭਾਵ ਕੋਰੋਨਾ ਵੈਕਸੀਨ ਜਲਦ ਆਉਣ ਦੀ ਗੱਲ ਸੁਣ ਕੇ ਲੋਕਾਂ ਨੂੰ ਕੁਝ ਉਮੀਦ ਜਿਹੀ ਬੱਝੀ ਸੀ ਉਥੇ ਹੀ ਹੋਰ ਵੀ ਖਤਰਨਾਕ ਕੋਰੋਨਾ ਦੇ ਨਵੇਂ ਰੂਪ ਦੇ ਮੁੜ ਪਰਤਣ ਦੀ ਖਬਰ ਨੇ ਚਾਰਚੁਫੇਰੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ।ਵਿਸ਼ਵ ਸਿਹਤ ਸੰਗਠਨ ਤੇ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਟੀਕਾਕਰਨ ਲਈ ਕਮੇਟੀਆਂ ਦਾ ਗਠਨ,ਸਟਾਫ ਦੀ ਸਿਖਲਾਈ,ਟੀਕਾਕਰਨ ਸੈਂਟਰਾਂ ਦੀ ਸਥਾਪਨਾ ਅਤੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ।ਮਾਰਚ 2020 ਵਿੱਚ ਕੋਰੋਨਾ ਵਾਇਰਸ ਨੂੰ ਵਿਸ਼ਵ ਭਰ ‘ਚ ਇੱਕ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਸੀ,ਜਨਵਰੀ ਮਹੀਨੇ ਤੱਕ ਤਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਭਾਂਵੇ ਹਜ਼ਾਰਾਂ ਵਿੱਚ ਸੀ,ਪਰ ਦਸੰਬਰ ਮਹੀਨਾਂ ਚੜਦਿਆਂ ਤੱਕ 64,603428 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਸੀ ਜਦ ਕੇ ਕੋਰੋਨਾ ਕਾਰਨ 1,500614 ਮਰੀਜ਼ਾਂ ਦੀ ਮੌਤ ਸਬੰਧੀ ਅੰਕੜੇ ਵਿਸ਼ਵ ਸਿਹਤ ਸੰਗਠਨ ਕੋਲ ਦਰਜ ਕਰਵਾਏ ਗਏ ਹਨ।
ਕੋਵਿਡ-19 ਦੇੇ ਲੱਛਣਾਂ ਵਿੱਚ ਬੁਖਾਰ,ਖੰਘ,ਜੁਕਾਂਮ,ਸਾਹ ੳੁੱਖੜਣਾ ਜਾਂ ਸਾਹ ਲੈਣ ਵਿੱਚ ਤਕਲੀਫ ਅਤੇ ਥਕਾਣ ਆਦਿ ਮੁੱਖ ਹਨ,ਪਰ ਜਿਅਦਾਤਰ ਲੋਕਾਂ ਵਿੱਚ ਛੋਟੇ-ਮੋਟੇ ਲੱਛਣ ਹੀ ਨਜ਼ਰ ਆਏ ਅਤੇ ਉਹ ਬਿਨਾਂ ਹਸਪਤਾਲ ਦਾਖਲ ਹੋਇਆਂ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ,ਪਰ 20% ਦੇ ਕਰੀਬ ਕੋਰੋਨਾ ਦੀ ਲਪੇਟ ਵਿੱਚ ਆਏ ਲੋਕ ਜਿੰਨਾਂ ਨੂੰ ਇਸ ਵਾਇਰਸ ਨੇ ਗੰਭੀਰ ਰੂਪ ਵਿੱਚ ਬਿਮਾਰ ਕਰ ਦਿੱਤਾ,ਸਾਹ ਲੈਣ ਵਿੱਚ ਤਕਲੀਫ ਹੋਈ,ਕੁਝ ਮਰੀਜ਼ਾਂ ਨੂੰ ਤਾਂ ਇਸ ਵਾਇਰਸ ਨੇ ਨਿਮੂੰਨੀਆਂ,ਕਿਡਨੀ ਫੇਲੀਅਰ ਅਤੇ ਮੌਤ ਦੇ ਮੂੰਹ ਵਿੱਚ ਹੀ ਧਕੇਲ ਦਿੱਤਾ।
ਇਸੇ ਲਈ ਹੀ ਵਾਰ-ਵਾਰ ਸਰੀਰਕ ਦੂਰੀ ਬਣਾਈ ਰੱਖਣ,ਮਾਸਕ ਜਾਂ ਕੱਪੜੇ ਨਾਲ ਮੂੰਹ ਤੇ ਨੱਕ ਢੱਕ ਕੇ ਰੱਖਣ,ਹੱਥਾਂ ਦੀ ਸਫਾਈ ਰੱਖਣ ਅਤੇ ਸ਼ੱਕ ਦੂਰ ਕਰਨ ਲਈ ਬਿਨਾਂ ਕਿਸੇ ਡਰ ਤੋਂ ਕੋਰੋਨਾ ਦਾ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਪਰ ਹੁਣ ਨਵੇਂ ਸਾਲ ਦੀ ਆਮਦ ਮੌਕੇ ਸਭ ਦੀ ਨਜ਼ਰ ਕੋਰੋਨਾ ਵੈਕਸੀਨ ਤੇ ਹੈ,ਮਾਹਿਰਾਂ ਵੱਲੋਂ ਸਿਖਲਾਈ ਮੌਕੇ ਦਿੱਤੀ ਜਾਣਕਾਰੀ ਮੌਕੇ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾ ਬੇਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੋਵੇਗਾ,ਵਿਸ਼ਵ ਭਰ ਦੇ ਵਿਗਿਆਨੀ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ‘ਚ ਜੁਟੇ ਹੋਏ ਹਨ।
ਲੋਕਾਂ ਵਿੱਚ ਇਸ ਨਵੀਂ ਵੈਕਸੀਨ ਨੂੰ ਲੈ ਕੇ ਡਰ ਤੇ ਸਹਿਮ ਦਾ ਪੈਦਾ ਹੋਣਾ ਵੀ ਸੁਭਾਵਿਕ ਹੀ ਹੈ,ਪਰ ਜੇ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਲੰਡਨ ਦੇ ਇੱਕ ਵੈਕਸੀਨ ਸੈਂਟਰ ਵੱਲੋਂ ਵਿਕਸਤ ਕੀਤੇ ਟਰੈਕਰ ਮੁਤਾਬਕ 4 ਦਸੰਬਰ ਤੱਕ ਵਿਸ਼ਵ ਦੀਆਂ ਕੁੱਲ 274 ਕੋਰੋਨਾ ਵੈਕਸੀਨ ਵੱਖ-ਵੱਖ ਵਿਕਾਸ ਪੜਾਵਾਂ ਅਧੀਨ ਪ੍ਰਕਿਰਿਆ ਵਿੱਚ ਹਨ ਅਤੇ ਫੇਸ-3 ਟਰਾਇਲ ਮੁਕੰਮਲ ਕਰਨ ਤੋਂ ਬਾਅਦ ਲਾਇਸੈਂਸ ਹਾਸਲ ਕਰਨ ਵਾਲੀ ਅਜੇ ਸਿਰਫ 1 ਵੈਕਸੀਨ ਹੀ ਹੈ,ਜੇ ਭਾਰਤ ਦੀ ਗੱਲ ਕਰੀਏ ਤਾਂ 9 ਉਮੀਦਵਾਰ ਕੋਵਿਡ-19 ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹਨ ਜਿੰਨਾਂ ਵਿੱਚ 3 ਵੈਕਸੀਨ ਪ੍ਰੀ-ਕਲੀਨੀਕਲ ਤੇ 6 ਕਲੀਨੀਕਲ ਅਜਮਾਇਸ਼ ਅਧੀਨ ਹਨ।ਪਰ ਮਾਹਿਰਾਂ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾਵੇਗਾ,ਕੋਵਿਡ-19 ਦਾ ਟੀਕਾ ਪਹਿਲਾਂ ਸਿਹਤ ਕਾਮਿਆਂ,ਫਰੰਟਲਾਈਨ ਵਰਕਰਾਂ ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ,50 ਸਾਲ ਤੋਂ ਹੇਠਾਂ ਪਰ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਅਤੇ ਫਿਰ ਅੰਤ ਵਿੱਚ ਰਹਿੰਦੀ ਆਬਾਦੀ ਨੂੰ ਲਗਾਇਆ ਜਾਵੇਗਾ।
ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਂਹੀ ਟੀਕਾ ਲਗਵਾਉਣ ਦੇ ਇੱਛਕ ਲਾਭਪਾਤਰੀਆਂ ਦੀ ਪਹਿਲਾਂ ਰਜਿਸਟ੍ਰੇਸ਼ਨ ਕਰੇਗਾ ਮੌਕੇ ਤੇ ਰਜਿਸਟ੍ਰੇਸ਼ਨ ਕਰਕੇ ਟੀਕਾ ਲਗਾਉਣ ਦਾ ਕੋਈ ਪ੍ਰਬੰਧ ਨਹੀ ਹੋਵੇਗਾ,ਰਜਿਸਟ੍ਰੇਸ਼ਨ ਕਰਵਾਉਣ ਲਈ ਲਾਭਪਾਤਰੀ ਆਪਣਾ ਪਹਿਚਾਣ ਪੱਤਰ ਜਿਵੇਂ ਅਧਾਰ ਕਾਰਡ,ਵੋਟਰ ਕਾਰਡ,ਪਾਸਪੋਰਟ,ਪੈਨ ਕਾਰਡ,ਡਰਾਈਵਿੰਗ ਲਾਇਸੈਂਸ,ਬੈਂਕ ਪਾਸਬੁੱਕ,ਮਨਰੇਗਾ ਕਾਰਡ ਆਦਿ ਦੀ ਵਰਤੋਂ ਕਰ ਸਕਦਾ ਹੈ,ਭਾਰਤ ਦੇ ਸਿਹਤ ਮੰਤਰਾਲਾ ਵੱਲੋਂ ਕਿਹਾ ਜਾ ਰਿਹਾ ਹੈ ਕੇ ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਹੋਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ।
ਉਮੀਦ ਲਗਾਈ ਜਾ ਰਹੀ ਹੈ ਕੇ ਆਉਣ ਵਾਲੇ ਕੁਝ ਦਿਨਾਂ ਵਿੱਚ ਕੋਰੋਨਾ ਟੀਕੇ ਦੀ ਸਪਲਾਈ ਚਾਲੂ ਹੋ ਜਾਵੇਗੀ ਪਰ ਸ਼ਰਾਰਤੀ ਆਂਨਸਰਾਂ ਵੱਲੋਂ ਝੂਠੀਆਂ ਅਫਵਾਹਾਂ ਅਤੇ ਕੂੜ ਪ੍ਰਚਾਰ ਕਰਨਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ,ਇਸ ਲਈ ਲੋੜ ਹੈ ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ ਅਤੇ ਜਿੰਨੀ ਦੇਰ ਤੱਕ ਕੋਵਿਡ-19 ਦੀ ਵੈਕਸੀਨ ਅਤੇ ਟੀਕਾਕਰਨ ਦੇ ਮੁਕੰਮਲ ਪ੍ਰਬੰਧ ਨਹੀ ਹੋ ਜਾਂਦੇ ਉਨ੍ਹੀ ਦੇਰ ਤੱਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਤੇ ਪਹਿਰਾ ਦਿਓ ਤਾਂ ਜੋ ਇਸ ਛੂਤ ਦੀ ਬਿਮਾਰੀ ਤੋਂ ਬਚਿਆ ਜਾ ਸਕੇ ਤੇ ਆਪਣਿਆਂ ਨੂੰ ਬਚਾਇਆ ਜਾ ਸਕੇ।ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ਤੇ ਵਿਸ਼ਵਾਸ਼ ਨਾ ਕਰਦੇ ਹੋਏ ਸਰਕਾਰੀ ਵੈਬਸਾਈਟ,ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਜਾਂ ਸਿਹਤ ਮੰਤਰਾਲਾ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਤੇ ਹੀ ਸੰਪਰਕ ਕਰਨਾ ਚਾਹੀਦਾ ਹੈ।
-
ਡਾ.ਪ੍ਰਭਦੀਪ ਸਿੰਘ ਚਾਵਲਾ, ਮੀਡੀਆ ਇੰਚਾਰਜ ਕੋਵਿਡ-19 ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
*****************
9814656257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.