ਪਿਛਲੇ ਤਿੰਨ ਮਹੀਨਿਆਂ ਤੋਂ ਪੂਰੇ ਪੰਜਾਬ ਅਤੇ ਗੁਆਂਢੀ ਰਾਜਾਂ ਸਮੇਤ ਰਾਜਧਾਨੀ ਤੱਕ ਖੇਤੀ ਬਿੱਲ ਰੱਦ ਕਰਵਾਉਣ ਦਾ ਤਹੱਈਆ ਕਿਰਸਾਨਾਂ ਤੇ ਮਜਦੂਰਾਂ ਨੇ ਸਿਰੜ ਨਾਲ ਕੀਤਾ ਹੋਇਆ ਹੈ।
ਇਸ ਅੰਦੋਲਨ ਦੀ ਵਜ੍ਹਾ, ਤਨਾਜ਼ਾ ਤੋਂ ਹੁਣ ਤਾਂ ਲਗਭਗ ਬੱਚਾ-ਬੱਚਾ ਜਾਣੂ ਹੈ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਕਿਓੰ ਹੈ। ਲਿਹਾਜ਼ਾ ਇਸਦੇ ਵਿਸ਼ਲੇਸ਼ਣ ਨੂੰ ਸੰਖੇਪਦਿਆਂ ਮੈਂ ਇਸ ਮਹਾਂਸੰਘਰਸ਼ ਦੀ ਵਿਉਂਤਬੰਦੀ ਵਿੱਚ ਵੱਡਾ ਰੋਲ ਅਦਾ ਕਰ ਰਹੇ ਕਲਾਕਾਰਾਂ ਦੀ ਭੂਮਿਕਾ ਬਾਰੇ ਚਰਚਾ ਕਰਾਂਗੀ। ਬੇਸ਼ੱਕ ਇਹ ਖੇਤੀ ਬਿੱਲ ਸਿੱਧੇ ਤੌਰ ਤੇ ਕਾਸ਼ਤਕਾਰਾਂ ਨਾਲ ਬਾਵਸਤਾ ਹਨ ਪਰ ਇਹਨਾਂ ਦੇ ਮਾਰੂ ਪ੍ਰਭਾਵ ਪੂਰੇ ਜਨਸਮੂਹ ਨੂੰ ਪ੍ਰਭਾਵਿਤ ਕਰਨ ਲਈ ਸਮਰੱਥ ਹਨ।
ਸ਼ੁਰੂਆਤੀ ਦਿਨਾਂ ਵਿੱਚ ਜਦੋਂ ਧਰਨਿਆਂ ਦੇ ਰੂਪ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਨੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਟੋਲ਼ ਪਲਾਜ਼ਿਆਂ ਨੂੰ ਬੰਦ ਕਰਕੇ , ਸੜਕਾਂ ਅਤੇ ਰੇਲ ਪਟੜੀਆਂ ਜਾਮ ਕਰਕੇ ਸਰਕਾਰ ਨੂੰ ਅਗਾਹ ਕੀਤਾ ਸੀ ਤਾਂ ਆਵਾਜ਼ ਉਦੋਂ ਤੋਂ ਹੀ ਸੈਂਟਰ ਸਰਕਾਰ ਤੱਕ ਪਹੁੰਚ ਰਹੀ ਸੀ ਪਰ ਸਰਕਾਰ ਨੂੰ ਇਸ ਸੰਘਰਸ਼ ਦੇ ਏਨੇ ਪਸਾਰੇ ਦਾ ਕੋਈ ਕਿਆਸ ਵੀ ਨਹੀਂ ਸੀ। ਦਰਅਸਲ ਜਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੇ ਗੱਲਬਾਤ ਲਈ ਸੱਤ ਦਸੰਬਰ ਦਾ ਸਮਾਂ ਕਿਸਾਨੀ ਜੱਥੇਬੰਦੀਆਂ ਦੇ ਕਹਿਣ 'ਤੇ ਦਿੱਤਾ ਤਾਂ ਉਸ ਸਮੇਂ ਅਦਾਕਾਰ ਦੀਪ ਸਿੱਧੂ ਤੇ ਆਗੂ ਲੱਖਾ ਸਿਧਾਣਾ ਵੱਲੋਂ ਨੌਜਵਾਨਾਂ ਸਮੇਤ ਦਿੱਲੀ ਬਾਰਡਰਾਂ ਵੱਲ ਕੂਚ ਕੀਤਾ ਗਿਆ । ਭਾਂਵੇ ਸ਼ੁਰੂ ਵਿੱਚ ਕਿਸਾਨੀ ਜੱਥੇਬੰਦੀਆਂ ਨੂੰ ਇਹਨਾਂ ਨੌਜਵਾਨਾਂ ਦੀ ਇਹ ਪਹਿਲਕਦਮੀ ਜਚੀ ਨਹੀਂ ਸੀ ਪਰ ਉਨ੍ਹਾਂ ਦੇ ਹਲੂਣੇ ਨੌਜਵਾਨ ਇੱਕ ਵਾਰ ਕਿਸਾਨੀ ਧਰਨੇ ਨੂੰ ਕਿਸਾਨੀ ਮੋਰਚੇ ਵਿੱਚ ਤਬਦੀਲ ਕਰਨ ਵਿੱਚ ਕਾਮਯਾਬ ਰਹੇ। ਇਹ ਵੀ ਚੰਗੀ ਗੱਲ ਸੀ ਕਿ ਇਹਨਾਂ ਦੋਵਾਂ ਹੀ ਨੌਜਵਾਨਾਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਬਾਅਦ ਵਿੱਚ ਕਿਸਾਨਾਂ ਦੇ ਅਨੁਸਾਰ ਹੀ ਜਾਰੀ ਰਹਿਣ ਦਿੱਤਾ ਅਤੇ ਆਪਣਾ ਸਾਥ ਤਿਵੇਂ ਹੀ ਦਿੰਦੇ ਰਹੇ।
ਅੱਜ ਕਿਸਾਨੀ ਅੰਦੋਲਨ ਜਿਸ ਮੁਕਾਮ ਤੇ ਹੈ ਉਸ ਬਾਰੇ ਜਾਗਰੂਕ ਕਰਨ ਪਿੱਛੇ ਮੀਡੀਆ ਰਾਹੀਂ ਕਲਾਕਾਰਾਂ ਦਾ ਯੋਗਦਾਨ ਸਮਝਣ ਦੀ ਲੋੜ ਹੈ। ਦਰਅਸਲ ਸਾਰੇ ਪੰਜਾਬੀ ਮੀਡੀਆ ਅਤੇ ਗਾਇਕ ਪ੍ਰਚਾਰ ਕਰਨ ਲਈ ਇੱਕ ਦੂਜੇ ਦੇ ਪੂਰਕ ਹਨ। ਇਸ ਵਾਸਤੇ ਸਾਰੇ ਕਲਾਕਾਰਾਂ ਦਾ ਇੱਕ ਸਟੇਜ ਉੱਪਰ ਇਕੱਠੇ ਹੋ ਜਾਣਾ ਵੀ ਇੱਕ ਸਬੱਬ ਹੋ ਨਿੱਬੜਿਆ। ਪੰਜਾਬੀ ਗੀਤ ਅਤੇ ਪੰਜਾਬੀ ਫ਼ਿਲਮ ਜਗਤ ਦੇਸ਼ ਦੇ ਮੀਡੀਆ ਦਾ ਧੁਰਾ ਪਹਿਲਾਂ ਹੀ ਬਣੇ ਰਹੇ ਹਨ। ਤਾਲ਼ਾਬੰਦੀ ਤੋਂ ਪਹਿਲਾਂ ਦਾ ਸਮਾਂ ਯਾਦ ਕਰੀਏ ਤਾਂ ਪੰਜਾਬ ਦੇ ਖ਼ੇਤਰੀ ਸਿਨਮੇ ਵਿੱਚ ਹਫ਼ਤੇ ਦੀਆਂ ਤਿੰਨ-ਤਿੰਨ ਫ਼ਿਲਮਾਂ ਇੱਕਠੀਆਂ ਰਿਲੀਜ਼ ਵੀ ਹੁੰਦੀਆਂ ਰਹੀਆਂ ਹਨ। ਇਸ ਪ੍ਰਕਾਰ ਪੰਜਾਬੀ ਫ਼ਿਲਮ ਜਗਤ ਤਾਂ ਚੱਲਦਾ ਹੀ ਗਾਇਕਾਂ ਦੇ ਸਹਾਰੇ ਸੀ। ਸੋ, ਪੰਜਾਬ ਦੇ ਸਾਰੇ ਗਾਇਕਾਂ ਦੀ ਆਪਣੀ ਇੱਕ ਫੈਨ ਫ਼ੌਲੋਇੰਗ ਵੱਡੇ ਪੱਧਰ 'ਤੇ ਹੈ। ਦੂਜੇ ਪਾਸੇ ਸਾਡੇ ਪੰਜਾਬ ਦੇ ਕਿਸਾਨ, ਮਜਦੂਰ ਅਤੇ ਆਮ ਜਨ ਸਮੂਹ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਸ਼ੁਰੂਆਤ ਇਹਨਾਂ ਹੀ ਗਾਇਕਾਂ ਦੇ ਗੀਤਾਂ ਨਾਲ ਕਰਦੇ ਹਨ। ਖੇਤਾਂ ਵਿੱਚ ਅਕਸਰ ਫ਼ਸਲ ਬਿਜਾਈ, ਵਹਾਈ, ਕਟਾਈ ਵੇਲੇ ਨੌਜਵਾਨ ਇਹਨਾਂ ਗਾਇਕਾਂ ਦੇ ਗੀਤਾਂ ਨੂੰ ਟ੍ਰੈਕਟਰਾਂ ਉੱਪਰ ਲਗਾ ਕੇ ਕੰਮ ਕਰਦੇ ਨਜ਼ਰੀਂ ਪੈਂਦੇ ਹਨ। ਹੁਣ ਤਾਂ ਆਮ ਹੀ ਹਰ ਬੰਦੇ ਦੇ ਕੰਨਾਂ ਵਿੱਚ ਕੰਮ ਕਰਦਿਆਂ ਈਅਰਫ਼ੋਨ ਲਾ ਕੇ ਗੀਤ ਸੁਣਨ ਦੀ ਜਿਵੇਂ ਆਦਤ ਹੀ ਬਣੀ ਹੋਈ ਹੈ। ਗੱਲ ਕੀ, ਪੰਜਾਬੀਆਂ ਦਾ ਸੰਗੀਤ ਨਾਲ ਇੱਕ ਅਟੁੱਟ ਰਿਸ਼ਤਾ ਹੈ। ਸਗੋਂ ਪੰਜਾਬ ਦਾ ਅੱਧਾ ਗਾਇਕ ਭਾਈਚਾਰਾ ਇਸ ਖੇਤਰ ਵਿੱਚ ਹੈ ਹੀ ਕਿੱਲਿਆਂ ਦੇ ਦਮ ਤੇ।
ਖ਼ੈਰ, ਗਾਇਕਾਂ ਲਈ, ਕਲਾਕਾਰਾਂ ਲਈ ਜੋ ਪਿਆਰ ਆਮ ਲੋਕਾਈ ਦਾ ਸੀ ਉਸਦਾ ਮੁੱਲ ਇਹਨਾਂ ਗਾਇਕਾਂ ਨੇ ਧਰਨਿਆਂ 'ਤੇ ਕਿਸਾਨਾਂ ਮਜਦੂਰਾਂ ਦੀ ਹੌਸਲਾ ਅਫ਼ਜ਼ਾਈ ਕਰਕੇ ਬਾਖ਼ੂਬੀ ਮੋੜਿਆ ਹੈ। ਇਹਨਾਂ ਗਾਇਕਾਂ ਨੇ ਕਿਰਸਾਨੀ ਦੁੱਖਾਂ ਨੂੰ ਗਲੋਬਲ ਮੁੱਦਾ ਬਣਾਉਣ ਲਈ ਆਪਣੇ ਵਿਚਾਰਾਂ ਅਤੇ ਕਿਸਾਨੀ ਦੁੱਖਾਂ ਨੂੰ ਗੀਤਾਂ ਵਿੱਚ ਪਰੋ ਕੇ ਵਿਸ਼ਵ ਪੱਧਰ ਤੱਕ ਉਜਾਗਰ ਕੀਤਾ ਹੈ।
ਜੇਕਰ ਗੀਤ ਦੀ ਸਹੀ ਵਿਆਖਿਆ ਕਰਨੀ ਹੋਵੇ ਤਾਂ ਗੀਤ ਉਹੀ ਹੈ ਜੋ ਬੋਲਾਂ ਨਾਲ ਯੁੱਗ ਪਲਟਾਉਣ ਦੀ ਸਮਰੱਥਾ ਰੱਖਦਾ ਹੋਵੇ। ਇਸੇ ਤਰਜ ਤੇ ਸਾਡੇ ਪੰਜਾਬੀ ਗਾਇਕਾਂ ਨੇ ਜੋ ਭੂਮਿਕਾ ਅੱਜ ਨਿਭਾਈ ਹੈ, ਉਹ ਸਲਾਹੁਣਯੋਗ ਹੈ। ਪੰਜਾਬ ਦੇ ਲਗਭਗ ਹਰ ਨਾਮੀ ਅਤੇ ਕਈ ਨਵੇਂ ਗਾਇਕਾਂ ਨੇ ਕਿਸਾਨੀ ਜਜ਼ਬਿਆਂ ਵਿੱਚ ਜੋਸ਼ ਭਰਨ ਲਈ ਕਈ ਗੀਤ ਗਾਏ ਅਤੇ ਚਰਚਿਤ ਕੀਤੇ ਹਨ। ਇਹ ਅਸਰ ਤਾਂ ਇੱਥੋਂ ਤੱਕ ਵੀ ਹੈ ਕਿ ਬੱਸਾਂ ਵਿੱਚ, ਵਿਆਹਾਂ ਵਿੱਚ, ਧਰਨੇ ਵਿੱਚ ਜਾਂਦੇ ਟ੍ਰੈਕਟਰ ਅਤੇ ਇੱਥੋਂ ਤੱਕ ਕਿ ਹਰ ਪੰਜਾਬੀ ਦੇ ਵਟਸਅਪ ਸਟੇਟਸ ਤੇ ਵੀ ਕਿਸਾਨੀ ਅੰਦੋਲਨ ਦੇ ਗੀਤ ਅਤੇ ਤਸਵੀਰਾਂ ਛਾਏ ਹੋਏ ਹਨ।
ਇਸੇ ਬਦੌਲਤ ਪੂਰੇ ਪੰਜਾਬ ਵਿੱਚ ਕਿਸਾਨ ਕ੍ਰਾਂਤੀ ਲਈ ਚੇਟਕ ਮਘੀ ਵੀ ਹੈ।
ਕਿਰਸਾਨ ਜਿਸ ਹੌੰਸਲੇ ਨਾਲ ਉੱਥੇ ਜੱਥੇਬੰਦੀਆਂ ਦੀ ਸਰਪ੍ਰਸਤੀ ਵਿੱਚ ਬੈਠੇ ਹਨ ਉਸ ਵਿੱਚ ਇਹਨਾਂ ਗਾਇਕਾਂ ਵੱਲੋਂ ਪ੍ਰੇਰੇ ਹੋਏ ਇਕੱਠ ਦੀ ਅਹਿਮ ਭੂਮਿਕਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਕਦੇ ਕੋਈ ਵਿਗਿਆਪਨ ਨਹੀਂ ਬਣਿਆ ਅਤੇ ਇਹਨਾਂ ਕਲਾਕਾਰ ਲੋਕਾਂ ਦੀਆਂ ਮਸ਼ਹੂਰੀਆਂ ਨਾਲ ਪੂਰਾ ਮੀਡੀਆ ਚੱਲਦਾ ਹੈ। ਇੱਥੋਂ ਤੱਕ ਕਿ ਕਿਸੇ ਵੀ ਪ੍ਰਕਾਰ ਦੇ ਫ਼ਿਲਮ ਨਿਰਮਾਣ ਦੇ ਕੰਮ ਨੂੰ ਹਲੂਣਾ ਨਹੀਂ ਦਿੱਤਾ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਇਸ ਸੰਘਰਸ਼ ਨੂੰ ਛੋਟਾ ਨਾ ਕੀਤਾ ਜਾ ਸਕੇ। ਇਸ ਲਈ ਕਿਸਾਨੀ ਅੰਦੋਲਨ ਕਿਸੇ ਇੱਕ ਵਿਅਕਤੀ ਵਿਸ਼ੇਸ ਜਾਂ ਸਿਰਫ਼ ਖੇਤੀ ਕਾਸ਼ਤ ਸਮੂਹ ਦੀ ਪ੍ਰਾਪਤੀ ਨਹੀਂ ਬਲਕਿ ਇਹ ਵੱਡ ਆਕਾਰੀ ਸੰਘਰਸ਼ ਬਹੁਤ ਸਾਰੇ ਕਿੱਤਿਆਂ, ਖਿੱਤਿਆਂ ਦੇ ਸਮੂਹ ਆਕਰੋਸ਼ ਦਾ ਪ੍ਰਗਟਾਵਾ ਹੈ।
ਹਾਂ, ਇਸ ਹਜੂਮ ਦੀ ਇਹ ਪ੍ਰਾਪਤੀ ਜ਼ਰੂਰ ਹੈ ਕਿ ਸਾਡੀ ਨੌਜਵਾਨੀ ਦੇ ਹੌਸਲੇ ਨੇ ਦੂਜੇ ਸੂਬਿਆਂ ਨੂੰ ਵੀ ਮੈਦਾਨ ਵਿੱਚ ਨਿੱਤਰਣ ਲਈ ਜਗਾਇਆ ਹੈ। ਇਸ ਲੇਖ ਰਾਹੀਂ ਵੱਖ-ਵੱਖ ਲੋਕਾਂ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ਤੇ ਦਰਸਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਹੁਣ ਇਹ ਅੰਦੋਲਨ ਸਿਰਫ਼ ਅਤੇ ਸਿਰਫ਼ ਏਕੇ ਉੱਤੇ ਹੀ ਟਿਕਿਆ ਹੋਇਆ ਹੈ। ਇਸ ਸੰਘਰਸ਼ ਵਿੱਚ ਮੁਲਾਜ਼ਮ ਵਰਗ ਆਪਣਾ ਸਮਾਂ ਅੈਡਜਸਟ ਕਰਕੇ, ਨੌਜਵਾਨ ਖੇਤ ਅਤੇ ਪੜ੍ਹਾਈਆਂ ਲਾਂਹਬੇ ਕਰ, ਬਜ਼ੁਰਗ ਆਪਣੀ ਨੀੰਦ ਅਤੇ ਆਰਾਮ ਤਿਆਗ ਕੇ, ਮਜਦੂਰ ਆਪਣੀ ਜ਼ਮੀਰ ਨਾਲ, ਕਲਾਕਾਰ ਫ਼ੈਨ ਫ਼ੌਲੌਇੰਗ ਨਾਲ,ਦੂਜੇ ਸੂਬਿਆਂ ਦੇ ਕਿਸਾਨ ਭਰਾ ਬਣਕੇ ਅਤੇ ਕਾਮਰੇਡ ਆਪਣੇ ਸਿਰੜ ਅਤੇ ਝੰਡੇ ਸਮੇਤ ਇਕੱਤੀ ਕਿਸਾਨ ਜੱਥੇਬੰਦੀਆਂ ਦੀ ਢਾਹ ਬਣ ਕੇ ਖੜੇ ਹਨ।
ਇਹ ਸਾਰੀ ਗੱਲ ਹੁਣ ਇੱਕਜੁਟ ਰਿਹਾ ਹੀ ਮੁੱਕਣੀ ਹੈ। ਕਿਸਾਨੀ ਜੱਥੇ ਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਗੱਲ ਉੱਤੇ ਤਵੱਜੋ ਦੇਣ ਕਿ ਕਿਸਾਨੀ ਅੰਦੋਲਨ ਲਈ ਹਰ ਵਿਅਕਤੀ ਤਨ,ਮਨ, ਧਨ ਜ਼ਰੀਏ ਯੋਗਦਾਨ ਪਾ ਰਿਹਾ ਹੈ। ਉਹ ਹੁਣ ਇਸ ਜੰਗ ਲਈ ਸਿਰਫ਼ ਏਕਾ ਬਰਕਰਾਰ ਰੱਖਣ । ਇਸੇ ਤਰ੍ਹਾਂ ਗਾਇਕ ਵੀ ਕਿਸਾਨੀ ਅੰਦੋਲਨ ਲਈ ਹੋਰ ਤਰਾਨਿਆਂ ਅਤੇ ਵਿਚਾਰਾਂ ਨਾਲ ਕਿਸਾਨੀ ਸੰਘਰਸ਼ ਦੇ ਜੋਸ਼ ਲਈ ਯਤਨਸ਼ੀਲ ਰਹਿਣ। ਇਹ ਕੋਈ ਇੱਕ-ਦੋ ਮਹੀਨਿਆਂ ਵਿੱਚ ਹੋਣ ਵਾਲਾ ਬਦਲਾਵ ਨਹੀਂ ਬਲਕਿ ਵੱਡੀ ਕ੍ਰਾਂਤੀ ਹੈ ਜਿਸ ਵਿੱਚ ਤੁਹਾਡਾ ਯੋਗਦਾਨ ਪੰਜਾਬ ਸੂਬੇ ਵੱਲੋਂ ਵਿਸ਼ੇਸ਼ ਤੌਰ 'ਤੇ ਗਿਣਿਆ ਜਾਵੇਗਾ। ਤੁਹਾਡੇ ਵਿਚਾਰ ਅਤੇ ਗਾਇਨ ਸ਼ੈਲੀ ਪੂਰੇ ਸਮਾਜ ਦੇ ਨਕਸ਼ ਘੜਦੀ ਹੈ। ਸੋ, ਡਟੇ ਰਹੋ ਅਤੇ ਪੰਜਾਬੀਅਤ ਨੂੰ ਸਮਝਦੇ ਹਰ ਉਸ ਵਿਅਕਤੀ ਵਿਸ਼ੇਸ਼ ਦੇ ਯੋਗਦਾਨ ਨੂੰ ਪ੍ਰਚਾਰੋ ਜੋ ਤਿਲ ਮਾਤਰ ਵੀ ਇਸ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹੈ। ਅੰਤ ਵਿੱਚ, ਏਨੀ ਠੰਢ ਵਿੱਚ ਡਟਿਆਂ ਦੀ ਤੁਹਾਡੀ ਸਭ ਦੀ ਖੈਰੀਅਤ ਦੀ ਕਾਮਨਾ ਕਰਦਿਆਂ ਤੁਹਾਡੀ ਜਿੱਤ ਲਈ ਆਸਵੰਦ।
-
ਖ਼ੁਸ਼ਮਿੰਦਰ ਕੌਰ ਲੁਧਿਆਣਾ , ਹੈੱਡਮਿਸਟ੍ਰੈੱਸ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.