ਦੇਸ਼ ਦੀ ਸਿਆਸਤ ਉਤੇ ਅੰਬਾਨੀਆਂ, ਅਡਾਨੀਆਂ ਨੇ ਪ੍ਰਤੱਖ-ਅਪ੍ਰਤੱਖ ਰੂਪ ਵਿੱਚ ਕਬਜ਼ਾ ਜਮ੍ਹਾ ਲਿਆ ਹੈ। ਦੇਸ਼ ਦੀਆਂ ਬਹੁ-ਗਿਣਤੀ ਸਿਆਸੀ ਪਾਰਟੀਆਂ ਉਤੇ ਵੀ ਉਹਨਾਂ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਇਸ ਦੀ ਵੱਡੀ ਉਦਾਹਰਨ ਦੇਸ਼ ਵਿੱਚ ਚਲ ਰਿਹਾ ਕਿਸਾਨ ਜਨ ਅੰਦੋਲਨ ਹੈ, ਜਿਸ ਦੇ ਵਿਰੋਧ ਵਿੱਚ ਹਕੂਮਤ ਜਾਂ ਭਾਜਪਾ ਤਾਂ ਖੜੀ ਦਿਸਦੀ ਹੈ, ਪਰ ਦੂਜੀਆਂ ਸਿਆਸੀ ਧਿਰਾਂ ਵਿਚੋਂ ਬਹੁਤੀਆਂ ਅੰਬਾਨੀਆਂ-ਅਡਾਨੀਆਂ ਦੇ ਡਰੋਂ ਸਿੱਧਾ ਕਿਸਾਨ ਅੰਦੋਲਨ ਦੀ ਭਰਵੀਂ ਹਮਾਇਤ ਕਰਨ ਤੋਂ ਡਰਦੀਆਂ ਹਨ। ਭਾਵੇਂ ਕਿ ਦੇਸ਼ `ਚ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿਸੇ ਵੀ ਸਿਆਸੀ ਧਿਰ ਨੂੰ ਆਪਣੇ ਨੇੜੇ ਨਹੀਂ ਲੱਗਣ ਦੇ ਰਹੀਆਂ ਅਤੇ ਆਪਣੇ ਬਲਬੂਤੇ ਹੀ ਅੰਦੋਲਨ ਚਲਾ ਰਹੀਆਂ ਹਨ। ਪਰ ਦੇਸ਼ ਦੇ ਜੋ ਹਾਲਾਤ ਬਣਦੇ ਜਾ ਰਹੇ ਹਨ, ਦੇਸ਼ ਦੀ ਹਕੂਮਤ ਉਤੇ ਜਿਸ ਢੰਗ ਨਾਲ ਕਾਰਪੋਰੇਟ ਜਗਤ ਦਾ ਗਲਬਾ ਲਗਾਤਾਰ ਵਧਦਾ ਜਾ ਰਿਹਾ ਹੈ, ਕੀ ਉਸ ਹਾਲਾਤ ਵਿੱਚ ਦੇਸ਼ ਦੀਆਂ ਵਿਰੋਧੀ ਧਿਰਾਂ ਨੂੰ ਚਲ ਰਹੇ ਇਸ ਅੰਦੋਲਨ ਦੀ ਸਫਲਤਾ ਲਈ ਅੱਗੇ ਨਹੀਂ ਸੀ ਆਉਣਾ ਚਾਹੀਦਾ, ਜਿਸ ਨਾਲ ਕਾਰਪੋਰੇਟ ਜਗਤ ਦੇ ਵਧ ਰਹੇ ਪ੍ਰਭਾਵ ਨੂੰ ਨੱਥ ਪਾਈ ਜਾਵੇ ਅਤੇ ਦੇਸ਼ ਵਿੱਚ ਇਕੋ ਪਾਰਟੀ ਹਕੂਮਤ ਵਲ ਵਧਦੇ ਕਦਮ ਠੱਲੇ ਜਾ ਸਕਣ। ਦੇਸ਼ ਦੀਆਂ ਲਗਭਗ ਸਾਰੀਆਂ ਪਾਰਟੀਆਂ ਇਸ ਜਨ ਅੰਦੋਲਨੀ ਸਮੇਂ `ਚ ਡਿਕਟੇਟਰਾਨਾ ਵਰਤਾਰਾ ਰੋਕਣ ਲਈ ਝਿਜਕ ਦਿਖਾ ਰਹੀਆਂ ਹਨ। ਆਖਰ ਕਾਰਨ ਕੀ ਹੈ?
ਦੇਸ਼ `ਚ ਚੋਣਾਂ ਮਹਿੰਗੀਆਂ ਹੋ ਗਈਆਂ ਹਨ। ਜਿਸ ਧਿਰ ਦੇ ਪੱਲੇ ਚਾਰ ਪੈਸੇ ਹਨ। ਉਹ ਸਿਆਸੀ ਧਿਰ ਚੋਣ ਧੂੰਮ-ਧਾਮ ਨਾਲ ਲੜਦੀ ਹੈ। ਧੂੰਆਂਧਾਰ ਪ੍ਰਚਾਰ ਕਰਦੀ ਹੈ। ਚੋਣਾਂ `ਚ ਲੱਠ-ਮਾਰਾਂ ਨੂੰ ਟਿਕਟਾਂ ਦਿੰਦੀ ਹੈ। ਹਰ ਹੀਲੇ ਧਨ-ਬਲ ਦੇ ਜ਼ੋਰ ਨਾਲ ਲੋਕ ਸਭਾ ਸੀਟਾਂ ਜਿੱਤਦੀ ਹੈ। ਫਿਰ ਹਕੂਮਤ ਉਤੇ ਕਬਜ਼ੇ ਕਰਕੇ, ਉਹਨਾਂ ਲੋਕਾਂ ਨੂੰ, ਜਿਹਨਾਂ ਉਹਨਾਂ ਦੀ ਖ਼ਾਤਰ ਹੜ੍ਹ ਵਾਂਗਰ ਧਨ ਵਹਾਇਆ ਹੁੰਦਾ ਹੈ, ਖੁਸ਼ ਕਰਨ ਲਈ ਉਹ ਸਭ ਕੁਝ ਕਰਦੀ ਹੈ, ਜਿਹੜਾ ਸਿਰਫ਼ ਅਤੇ ਸਿਰਫ਼ ਉਹ ਚਾਹੁੰਦੇ ਹਨ। ਅੱਜ ਜਦੋਂ ਦੇਸ਼ ਦੇ ਵਪਾਰ ਉਤੇ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਹੋਇਆ ਹੈ। ਅੱਜ ਜਦੋਂ ਦੇਸ਼ ਦੀ ਹਰ ਨੀਤੀ, ਵਿਧਾ-ਵਿਧਾਨ ਨੂੰ ਕਾਰਪੋਰੇਟ ਨੇ ਪ੍ਰਭਾਵਿਤ ਕਰਨ ਲਈ ਤਾਕਤ ਹਥਿਆ ਲਈ ਹੋਈ ਹੈ। ਦੇਸ਼ ਦੇ ਪਬਲਿਕ ਅਦਾਰਿਆਂ ਨੂੰ ਇਹ ਕਹਿਕੇ ਸਰਕਾਰੀ ਹੱਥਾਂ `ਚੋਂ ਖਿਸਕਾ ਲਿਆ ਹੈ ਕਿ ਇਹ ਅਦਾਰੇ ਘਾਟੇ ਵਿੱਚ ਹਨ, ਠੀਕ ਨਹੀਂ ਚਲ ਰਹੇ। ਉਹਨਾਂ ਦੀ ਧੰਨ-ਦੌਲਤ ਹਥਿਆਉਣ ਦੀ ਹਵਸ਼ ਲਗਾਤਾਰ ਵਧ ਰਹੀ ਹੈ ਤੇ ਉਹਨਾਂ ਦਾ ਅਗਲਾ ਨਿਸ਼ਾਨਾ “ਕਿਸਾਨ ਦੀ ਜ਼ਮੀਨ" ਹਥਿਆਉਣ ਵੱਲ ਅੱਗੇ ਵਧਿਆ ਹੈ। ਇਸ ਹਵਸ਼ ਵਿਚਲੇ ਵਿਰੋਧ ਨੇ ਅੱਜ ਦੇਸ਼ ਨੂੰ ਇਕ ਵੱਖਰੀ ਕਿਸਮ ਦੀ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਇਸ ਜੰਗ ਦੀ ਜ਼ੁੰਮੇਵਾਰੀ ਬਿਨ੍ਹਾਂ ਸ਼ੱਕ ਮੌਜੂਦਾ ਹਕੂਮਤ ਉਤੇ ਹੈ, ਜੋ ਹੱਠੀ ਵਤੀਰਾ ਵਰਤਕੇ ਲੋਕ ਅੰਦੋਲਨ `ਚ ਕੁੱਦੇ ਲੋਕਾਂ ਦੀ ਗੱਲ ਨਾ ਸੁਣਕੇ “ਕਾਰਪੋਰੇਟ" ਜਗਤ ਨੂੰ ਖੁਸ਼ ਕਰਨ ਦੇ ਰਸਤੇ ਤੇ ਹੈ।
ਤਾਕਤ ਦੀ ਹਵਸ਼ ਦੀ ਸ਼ਿਕਾਰ ਭਾਵੇਂ ਦੇਸ਼ ਦੀਆਂ ਲਗਭਗ ਹਰੇਕ ਸਿਆਸੀ ਧਿਰ ਹੈ, ਪਰ ਮੌਜੂਦਾ ਹਾਕਮਾਂ ਨੇ ਤਾਂ ਸਿਰਾ ਹੀ ਲਗਾ ਦਿੱਤਾ ਹੈ। ਇਕ ਦੇਸ਼-ਇਕ ਪਾਰਟੀ, ਇਕ ਦੇਸ਼ ਇਕੋ ਇਕ ਸੋਚ ਨੂੰ ਦੇਸ਼ `ਚ ਫੈਲਾਉਣ ਲਈ ਦੇਸ਼ ਦੀਆਂ ਖੁਦਮੁਖਤਿਆਰ ਸੰਸਥਾਵਾਂ ਉਤੇ ਭਾਜਪਾ ਸਰਕਾਰ ਨੇ ਪਹਿਲਾਂ ਕਾਠੀ ਪਾਈ ਹੈ, ਫਿਰ ਇਸ ਨੂੰ ਵਿਰੋਧੀਆਂ ਨੂੰ ਕਾਬੂ ਕਰਨ ਲਈ ਵਰਤਿਆ ਹੈ। ਇਨਕਮ ਟੈਕਸ ਵਿਭਾਗ, ਆਈ ਡੀ, ਸੀ ਬੀ ਆਈ ਤਾਂ ਸਰਕਾਰ ਦੇ ਹਿੱਤਾਂ ਲਈ ਅਤੇ ਵਿਰੋਧੀਆਂ ਨੂੰ ਢਾਅ ਲਾਉਣ ਲਈ ਇਹੋ ਜਿਹੇ ਹਥਿਆਰ ਹਨ, ਜਿਹਨਾਂ ਨੂੰ ਰੋਕ-ਟੋਕ, ਬਿਨਾਂ ਕਿਸੇ ਲੁਕਾਅ ਵਰਤਿਆ ਜਾ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਇਨਕਮ ਟੈਕਸ ਵਿਭਾਗ ਦੇ ਪੰਜਾਬ ਦੇ ਆੜ੍ਹਤੀਆਂ ਉਤੇ ਛਾਪੇ ਇਸ ਦੀ ਇਕ ਉਦਾਹਰਨ ਹਨ। ਅੱਜ ਜਦੋਂ ਦੇਸ਼ ਦੇ ਹਰ ਇਕ ਵਰਗ ਦੇ ਲੋਕ ਸਮੇਤ ਪੰਜਾਬ ਦੇ ਆੜ੍ਹਤੀਏ ਕਿਸਾਨ ਅੰਦੋਲਨ ਦੇ ਹੱਕ `ਚ ਖੜੇ ਹਨ, ਸਰਕਾਰ ਸਮਝ ਰਹੀ ਹੈ ਕਿ ਇਸ ਦੀ ਰੀੜ੍ਹ ਦੀ ਹੱਡੀ ਆੜ੍ਹਤੀਏ ਹਨ, ਜਿਹਨਾਂ ਉਤੇ ਕਿਸਾਨ ਦਾ ਦਾਰੋਮਦਾਰ ਹੈ, ਇਸ ਰੀੜ੍ਹ ਦੀ ਹੱਡੀ ਨੂੰ ਤੋੜਕੇ ਕਿਸਾਨੀ ਅੰਦੋਲਨ ਮੱਠਾ ਪਾਇਆ ਜਾ ਸਕਦਾ ਹੈ।
ਦੇਸ਼ ਦੀ ਹਾਕਮ ਧਿਰ ਲਗਾਤਾਰ ਸੂਬਿਆਂ ਦੇ ਅਧਿਕਾਰ ਹਥਿਆ ਕੇ ਸੂਬਿਆਂ ਨੂੰ ਇਕ ਮਿਊਂਸਪੈਲਟੀ ਬਨਾਉਣਾ ਚਾਹੁੰਦੀ ਹੈ ਤਾਂ ਕਿ ਲੋਕ ਹਿੱਤ ਨੂੰ ਦਰ ਕਿਨਾਰ ਕਰਕੇ “ਅਡਾਨੀ-ਅੰਬਾਨੀ" ਜੁੰਡਲੀ ਦੇ ਹਿੱਤਾਂ ਲਈ ਉਹ ਸਾਰੇ ਕਾਨੂੰਨ ਪਾਸ ਕੀਤੇ ਜਾਣ, ਜਿਹੜੇ ਉਹਨਾਂ ਨੂੰ ਪੁੱਗਦੇ ਹਨ। ਗੱਲ ਤਾਂ ਸਿਰਫ਼ ਇਕੋ ਹੈ, ਜਿਹੜੀ ਹੁਣ ਲੋਕਾਂ ਦੇ ਸਮਝ ਵਿੱਚ ਆਉਣ ਲੱਗ ਪਈ ਹੈ ਕਿ ਧਨ ਦੀ ਵਰਤੋਂ ਨਾਲ ਚੋਣਾਂ ਜਿੱਤਣਾ, ਵੱਧ ਬੋਲ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨਾ, ਫ਼ਿਰਕਿਆਂ ਦੇ ਅਧਾਰ ਤੇ ਲੋਕਾਂ ਨੂੰ ਵੰਡਣਾ ਅਤੇ ਹਰ ਉਠ ਰਹੀ ਵਿਰੋਧੀ ਆਵਾਜ ਨੂੰ ਦੇਸ਼ ਧਰੋਹੀ ਐਲਾਨ ਦੇਣਾ ਇਸ ਹਕੂਮਤ ਦਾ ਅਜੰਡਾ ਹੈ। ਇਸ ਅਜੰਡੇ ਨੂੰ ਕਾਰਪੋਰੇਟ ਜਗਤ ਦੇ ਸਿਖ਼ਰ ਦੇ ਲੋਕ ਲਾਗੂ ਕਰਨ ਲਈ ਪੂਰਾ ਸਹਿਯੋਗ ਇਸ ਕਰਕੇ ਦੇ ਰਹੇ ਹਨ ਕਿਉਂਕਿ ਮੌਜੂਦਾ ਹਕੂਮਤ ਉਹਨਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਦੀ ਹੈ।
ਜਿਥੇ ਕਿਧਰੇ ਵੀ ਭਾਜਪਾ ਚੋਣਾਂ ਹਾਰਦੀ ਹੈ, ਉਥੇ ਥੈਲੀਆਂ ਦੇ ਮੂੰਹ ਖੁੱਲਦੇ ਹਨ ਅਤੇ ਉਹਨਾਂ ਕਮਜ਼ੋਰ ਸਿਆਸਤਦਾਨਾਂ ਨੂੰ ਆਪਣੇ ਹੱਕ `ਚ ਕਰ ਲਿਆ ਜਾਂਦਾ ਹੈ, ਜਿਹੜੇ ਕੁਰਸੀ ਦੇ ਲੋਭ `ਚ ਆਕੇ ਉਹਨਾਂ ਲਈ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਹਰਿਆਣਾ ਵਿਧਾਨ ਸਭਾ `ਚ ਖੱਟਰ ਸਰਕਾਰ ਚੋਣ ਹਾਰ ਗਈ। ਭਾਜਪਾ ਨੇ ਚੌਟਾਲਾ ਪਰਿਵਾਰ ਨਾਲ ਸਾਂਝ ਪਾਈ ਤੇ ਦੋਹਾਂ ਕੁਰਸੀ ਹਥਿਆਉਣ ਲਈ ਰਲ-ਮਿਲਕੇ ਵਜ਼ਾਰਤ ਬਣਾ ਲਈ। ਬਿਹਾਰ ਵਿੱਚ ਨਤੀਸ਼ ਕੁਮਾਰ ਨਾਲ ਭਾਜਪਾ ਦੀ ਸਾਂਝ ਸਾਹਮਣੇ ਹੈ। ਹਰ ਢੰਗ ਤਰੀਕਾ ਵਰਤਕੇ ਐਨ ਆਖਰੀ ਮੌਕੇ ਚੋਣਾਂ `ਚ ਭਾਜਪਾ ਵਲੋਂ ਜਿੱਤ ਦਾ ਪਰਚੰਮ ਲਹਿਰਾ ਲਿਆ। ਹੁਣ ਪੱਛਮੀ ਬੰਗਾਲ ਜਿੱਤਣ ਲਈ ਮੌਕੇ ਦੀ ਤ੍ਰਿਮੂਲ ਕਾਂਗਰਸ ਪਾਰਟੀ ਦੀਆਂ ਕਮਜ਼ੋਰ ਕੜੀਆਂ ਤੋੜੀਆਂ ਜਾ ਰਹੀਆਂ ਹਨ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ। ਫਿਰਕੇ, ਜਾਤਾਂ, ਧਰਮਾਂ ਅਧਾਰਤ ਵੰਡ ਕਰਕੇ ਦੇਸ਼ ਦੀ ਇਕ ਮਜ਼ਬੂਤ ਵਿਰੋਧੀ ਧਿਰ ਤੇ ਮੁੱਖ ਮੰਤਰੀ “ਮਮਤਾ ਬੈਨਰਜੀ" ਨੂੰ ਗੱਦੀ ਤੋਂ ਲਾਹੁਣ ਲਈ ਹਰ ਢੰਗ ਤਰੀਕਾ ਅਪਨਾਇਆ ਜਾ ਰਿਹਾ ਹੈ।
ਦੇਸ਼ ਵਿੱਚ ਆਤਮ ਨਿਰਭਰਤਾ, ਆਪਸੀ ਸਹਿਯੋਗ,ਅਮਨ ਪਸੰਦਗੀ ਦਾ ਮਾਹੌਲ ਕਾਰਗਰ ਰਿਹਾ ਹੈ। ਅੰਤਰ ਨਿਰਭਰਤਾ ਦੇ ਕੁਦਰਤੀ ਸਿਧਾਂਤ ਦੇ ਕਾਰਨ ਪੂਰੀ ਕਾਇਨਾਤ, ਦੇਸ਼, ਸੂਬੇ, ਲੋਕ, ਗੱਲ ਕੀ ਸਜੀਵ ਤੇ ਨਿਰਜੀਵ ਹਰ ਪ੍ਰਜਾਤੀ ਤੇ ਹਰੇਕ ਵਸੂਤ ਹੀ ਅੰਤਰ ਨਿਰਭਰ ਹੈ, ਪਰ ਦੇਸ਼ ਦਾ ਹਾਕਮ ਆਪਣੀ ਹੁਕਮਰਾਨੀ ਮਾਨਸਿਕਤਾ ਕਾਰਨ ਅੰਧ ਰਾਸ਼ਟਰਵਾਦੀ ਭਾਵਨਾਵਾਂ ਭੜਕਾਉਂਦੇ ਰਹੇ ਹਨ ਅਤੇ ਦੇਸ਼ ਨੂੰ ਜਮਹੂਰੀਅਤ ਦੇ ਅਸੂਲ ਦੇ ਖਿਲਾਫ਼, ਮੁਲਕ ਦੀ ਜਨਤਾ ਨੂੰ ਕਬਜ਼ੇ ਵਿੱਚ ਰੱਖਣ ਲਈ ਹਰ ਹਥਿਆਰ ਵਰਤ ਰਹੇ ਹਨ। ਕੌਮੀ ਨਾਗਰਿਕਤਾ ਬਦਲਾਅ ਕਾਨੂੰਨ, ਰਾਸ਼ਟਰੀ ਜਨਸੰਖਿਆ ਰਜਿਸਟਰ ਅਤੇ ਨਾਗਰਿਕਤਾ ਦੇ ਰਾਸ਼ਟਰੀ ਰਜਿਸਟਰ ਦੇ ਪੈਣ ਵਾਲੇ ਬੁਰੇ ਪ੍ਰਭਾਵ ਦੇਸ਼ ਨੂੰ ਤਬਾਹੀ ਵੱਲ ਲੈ ਜਾਣ ਵਾਲੇ ਹਨ। ਕੀ ਭਾਜਪਾ ਦਾ ਇੱਕ ਦੇਸ਼-ਇੱਕ ਟੈਕਸ, ਇੱਕ ਦੇਸ਼-ਇੱਕ ਚੋਣ, ਇੱਕ ਦੇਸ਼-ਇੱਕ ਭਾਸ਼ਾ, ਇੱਕ ਦੇਸ਼-ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਧਰਮ, ਇੱਕ ਦੇਸ਼-ਇੱਕ ਕਾਨੂੰਨ, ਇੱਕ ਦੇਸ਼-ਇੱਕ ਸਭਿਆਚਾਰ ਦਾ ਅਜੰਡਾ ਦੇਸ਼ ਦੀ ਵੰਨ-ਸੁਵੰਨਤਾ ਦੀ ਹਕੀਕਤ ਤੋਂ ਮੂੰਹ ਮੋੜਨ ਵਾਲਾ ਨਹੀਂ ਹੈ?
ਦੁਨੀਆ ਦਾ ਤਜ਼ੁਰਬਾ ਦਸਦਾ ਹੈ ਕਿ ਦੇਸ਼ ਦੀ ਵੰਨ-ਸੁਵੰਨਤਾ ਨਾਲ ਹੀ ਦੇਸ਼ ਇੱਕ ਜੁੱਟ ਤੇ ਖੁਸ਼ਹਾਲ ਰਹਿ ਸਕਦਾ ਹੈ ਨਾ ਕਿ ਕੇਂਦਰੀਕਰਨ, ਧੌਂਸ ਅਤੇ ਧੱਕਿਆਂ-ਧੌੜਿਆਂ ਨਾਲ, ਜਿਸ ਦੀ ਕਿ ਹਾਕਮ ਧਿਰ ਵਲੋਂ ਪੂਰੇ ਜ਼ੋਰ-ਸ਼ੋਰ ਨਾਲ ਵਰਤੋਂ ਹੋ ਰਹੀ ਹੈ। ਕੀ ਇਸ ਦੇ ਸਿੱਟੇ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤ, ਕਬਾਇਲੀ ਅਤੇ ਜਮਹੂਰੀ ਸੋਚ ਰੱਖਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਨਿਰਾਸ਼ਤਾ ਦੀ ਡੂੰਘੀ ਖੁੱਡ ਵਿੱਚ ਸੁੱਟਣ ਵਾਲੇ ਨਹੀਂ ਹੋਣਗੇ?
ਅੱਜ ਹਾਕਮਾਂ ਵਲੋਂ ਅੰਕੜਿਆਂ ਦੇ ਆਸਰੇ ਦੇਸ਼ ਚਲਾਉਣ ਦਾ ਯਤਨ ਹੋ ਰਿਹਾ ਹੈ। ਭੁੱਖਮਰੀ, ਬੇਰੁਜ਼ਗਾਰੀ ਵਧੀ ਹੈ। ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਹਾਕਮਾਂ ਵਲੋਂ ਝੂਠੇ ਵਾਇਦਿਆਂ ਨਾਲ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਾਨੂੰਨ, ਸ਼ਕਤੀਆਂ, ਸਿਰਫ਼ ਸਿਆਸਤਦਾਨਾਂ ਦੇ ਹਾਕਮੀ ਕੁਨਬੇ ਦੀ ਜਗੀਰ ਬਣਕੇ ਰਹਿ ਗਈਆਂ ਹਨ। ਨਿੱਜਤਾ ਦੇ ਅਧਿਕਾਰ ਨੂੰ ਵੱਡੀ ਠੇਸ ਪੁੱਜ ਰਹੀ ਹੈ। ਜਦ ਅੱਜ ਕੋਵਿਡ-19 ਦੇ ਸਮੇਂ 'ਚ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਦੀ ਲੋੜ ਸੀ, ਉਦੋਂ ਵਿਗਿਆਨ ਦੀ ਸ਼ਬਦਾਵਲੀ ਵਰਤ ਕੇ ਲੋਕਾਂ ਨੂੰ ਮੱਧਯੁੱਗੀ ਸੋਚ, ਪੁਰਾਤਨ ਘਸੇ-ਪਿੱਟੇ ਸਦੀਆਂ ਤੋਂ ਗਲਤ ਹੋਏ ਵਿਚਾਰਾਂ ਨੂੰ ਮੁੜ ਵਿਗਿਆਨ ਦਾ ਮੁਲੰਮਾ ਚਾੜ੍ਹਕੇ ਪੇਸ਼ ਕਰਨ ਦੀ ਸੋਚੀ ਸਮਝੀ ਚਾਲ ਸਾਹਮਣੇ ਲਿਆਂਦੀ ਗਈ। ਕੋਵਿਡ-19 ਦੌਰਾਨ ਥਾਲੀਆਂ-ਚਮਚੇ ਕਰੋਨਾ ਭਜਾਉਣ ਲਈ ਵਰਤੇ ਗਏ। ਜਾਪਦਾ ਹੈ ਹਾਕਮਾਂ ਲਈ ਕਿਸੇ ਸਮੱਸਿਆ ਪ੍ਰਤੀ ਅਫ਼ਵਾਹਾਂ ਫੈਲਾ ਕੇ ਭਰਮਜਾਲ ਬੁਣਨਾ ਬਹੁਤ ਸੌਖਾ ਹੋ ਗਿਆ ਹੈ।
ਮੌਜੂਦਾ ਦੌਰ ਵਿੱਚ ਪਾਰਟੀਆਂ ਉਤੇ ਪਰਿਵਾਰਾਂ ਜਾਂ ਕੁਝ ਗਿਣੇ ਚੁਣੇ ਧਨ ਕੁਬੇਰਾਂ ਦਾ ਕਬਜ਼ਾ ਹੋ ਗਿਆ ਹੈ। ਸਿਆਸਤ ਦਾ ਅਪਰਾਧੀਕਰਨ ਹੋ ਚੁੱਕਾ ਹੈ। ਧਨ ਅਤੇ ਬਾਹੂ ਬਲੀਆਂ ਦਾ ਦੌਰ ਪੂਰੇ ਜਲੌਅ ਵਿੱਚ ਹੈ। ਪਾਰਟੀਆਂ 'ਚ ਅੰਦਰੂਨੀ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ। ਦਲ-ਬਦਲੀ ਵਿਰੋਧੀ ਪ੍ਰਬੰਧ ਕੁਝ ਹੱਥਾਂ ਦੀ ਕਠ-ਪੁਤਲੀ ਬਣ ਕੇ ਰਹਿ ਗਿਆ ਹੈ। ਲੋਕ ਹਿੱਤਾਂ ਲਈ ਸਿਹਤ, ਸਿੱਖਿਆ, ਵਾਤਾਵਰਨ, ਉਜਰਤ, ਖੇਤੀ, ਸਮਾਜਿਕ ਸੁਰੱਖਿਆ, ਉਦਯੋਗ, ਵਪਾਰ ਸਬੰਧੀ ਭਲਾਈ ਕਾਰਜ਼ ਲਗਭਗ ਸੱਭੋ ਕੁਝ ਭ੍ਰਿਸ਼ਟਾਚਾਰ ਅਤੇ ਕਾਲੇ ਕਾਨੂੰਨਾਂ ਦੀ ਭੇਟ ਚੜ੍ਹ ਚੁੱਕਾ ਹੈ। ਦੇਸ਼ ਦੀ ਜਨਤਾ ਕੰਮ, ਨੌਕਰੀ, ਪੜ੍ਹਾਈ, ਚੰਗੀ ਸਿਹਤ, ਚੰਗੇ ਵਾਤਾਵਰਨ ਲਈ ਦੁਹਾਈ ਦੇ ਰਹੀ ਹੈ, ਪਰ ਕੰਨੋ ਬੋਲੀ ਸਰਕਾਰ, ਚੁੱਪ ਹੈ।
ਭਾਰਤੀ ਸਿਆਸਤ ਦੇ ਬਦਲਦੇ ਸਰੂਪ ਨੇ ਭਾਰਤੀ ਲੋਕਾਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਧਰਮ ਨਿਰਪੱਖਤਾ ਫੈਡਰੇਲਿਜ਼ਮ ਉਤੇ ਸੱਟਾਂ ਜਮਹੂਰਤੀਅਤ ਲਈ ਚਣੌਤੀ ਬਣ ਗਈਆਂ ਹਨ। ਪਰ ਦੇਸ਼ 'ਚ ਉਗਮਣ ਵਾਲੀਆਂ ਲੋਕਾਂ ਦੀਆਂ ਲਹਿਰਾਂ ਨੇ ਇਨਸਾਨਾਂ ਨੂੰ ਬਰਾਬਰ ਸਮਝਣ ਦਾ ਨਜ਼ਰੀਆ, ਇਨਸਾਫ ਦਾ ਨਜ਼ਰੀਆ ਅਤੇ ਵਿਚਾਰ ਵਿਅਕਤ ਕਰਨ ਪ੍ਰਤੀ ਪਹੁੰਚ ਬਦਲਣ ਦਾ ਰਸਤਾ ਮੌਕਲਾ ਕਰ ਦਿੱਤਾ ਹੈ। ਇਹੀ ਅਸਲ ਭਾਰਤ ਦੀ ਜਿੱਤ ਦਾ ਰਾਹ ਹੈ!!-
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.