ਨੌਂ ਤੇ ਸੱਤ ਸਾਲ ਦੀ ਉਮਰ
ਵੀ ਕੀ ਉਮਰ ਹੁੰਦੀ ਹੈ
ਅਜੇ ਤਾਂ ਲੋਰੀਆਂ
ਸਿਰਹਾਣੇ ਪਈਆਂ ਹੁੰਦੀਆਂ ਹਨ
ਅਜੇੇ ਤਾਂ ਖੇਡਾਂ ਖੇਡਣੀਆਂ ਸਨ
ਨਿੱਕੀਆਂ ਨਿੱਕੀਆਂ
ਪਰ ਉਹ ਵੱਡੀ ਖੇਡ ਖੇਡ ਗਏ
ਤਾਰਿਆਂ ਨੂੰ ਹੱਥ ਲਾਏ ਉਨ੍ਹਾਂ ਨੇ
ਤੇਰ੍ਹਾਂ ਪੋਹ ਦੇ ਦਿਨ ਨੇ
ਸਿੱਖ ਇਤਿਹਾਸ ਨੂੰ ਹੀ ਨਹੀਂ
ਸਗੋਂ ਭਵਿੱਖ ਵਿਚ ਵੀ ਸਿੱਖਾਂ ਦੇ ਜੀਵਨ
ਅਤੇ ਵਿਹਾਰ ਨੂੰ ਨਿਰੰਤਰ ਹਲੂਣ ਦਿੱਤਾ ਸੀ
ਇਤਿਹਾਸ ਦੇ ਪੰਨੇ ਸਾਜ ਗਏ
ਨਵੇਂ ਸੂਰਜ ਬਣ ਗਏ ਸਮੇਂ ਦੇ
ਰਾਹਾਂ ਨੂੰ ਵਗਣਾ ਦੱਸਿਆ
ਦਰਿਆਵਾਂ ਨੂੰ ਦਿਸ਼ਾਵਾਂ ਦਿਖਾਈਆਂ
ਸੂਰਜਾਂ ਨੂੰ ਨਵੇਂ ਰਾਹ ਦੱਸੇ ਜਗਣ ਦੇ
ਹੁਕਮਰਾਨ ਨੀਹਾਂ ਵਿਚ ਚਿਣ ਕੇ
ਸੁਰਖ਼ਰੂ ਨਹੀਂ ਸਨ ਹੋਏ
ਸ਼ਾਂਤ ਨਹੀਂ ਸੀ ਹੋਇਆ ਸਮੁੰਦਰ
ਸਗੋਂ ਇਤਿਹਾਸ ਨੇ ਨਵਾਂ ਰਾਹ ਬਣਾਇਆ ਸੀ
ਜਿਵੇਂ ਪਹਾੜੀ ਰਾਜੇ
ਅਨੰਦਪੁਰ ਤੋਂ ਕੰਬਦੇ ਰਹਿੰਦੇ ਸਨ
ਸਰਸਾ ਨਦੀ ਨੇ ਵੀ ਸਾਥ ਨਾ ਦਿੱਤਾ
ਸਮੇਂ ਦੇ ਮਨ ਵਿੱਚ ਮੈਲ ਸੀ
ਹਵਾਵਾਂ ਵੀ ਨਾਲ ਨਾ ਟੁਰੀਆਂ
ਸ਼ੇਰਾਂ ਨੇ ਇਸਲਾਮ ਕਬੂਲਣੋਂ ਨਾਂਹ ਕਰ ਦਿੱਤੀ
ਉਹ ਜਿਨ੍ਹਾਂ ਨੇ ਤਾਰੀਖ ਸਿਰਜਣੀ ਹੁੰਦੀ ਹੈ ਦੌਲਤਾਂ ਦੀ ਪ੍ਰਵਾਹ ਨਹੀਂ ਕਰਦੇ
ਬੱਚਿਆਂ ਤੋਂ ਕੌਣ ਲੈਂਦਾ ਹੈ ਬਦਲੇ
ਮੈਦਾਨ-ਏ-ਜੰਗ ਹੁੰਦੇ ਨੇ ਬਦਲਿਆਂ ਲਈ
ਦੀਵਾਰਾਂ ਵਿਚ ਚਿਣ ਕੇ
ਕੱਦ ਵਿਚਾਰ ਗੁੰਮ ਹੋਏ ਨੇ
ਇੰਝ ਕਦ ਮਰਦੇ ਨੇ ਸੂਰਜ
ਬੱਦਲਾਂ ਦੇ ਓਹਲੇ ਹੋ ਕੇ
ਸੰਸਾਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ
ਧੁੱਪਾਂ ਦੀ ਤੇਜ਼ ਰੌਸ਼ਨੀ ਨੇ
ਕਦੇ ਵਿਚਾਰਿਆ ਵੀ ਨਹੀਂ ਹੋਣਾ
ਧਰਤੀ ਤੇ ਏਡੇ ਵੱਡੇ ਪਾੜ ਵੀ
ਨਹੀਂ ਪਏ ਹੋਣੇ ਕਦੇ
ਨਹੀਂ ਪਈਆਂ ਹੋਣੀਆਂ ਦਰਾੜਾਂ
ਅਸਮਾਨਾਂ ਦੇ ਵਿੱਚ ਏਡੀਆਂ ਏਡੀਆਂ
ਠਰੇ ਦਿਨਾਂ ਨੂੰ ਵੀ ਰੋਹ ਆ ਗਿਆ ਸੀ
ਉਸ ਦਿਨ ਸ਼ਾਮ ਨੂੰ ਵੀ ਅੱਗ ਲੱਗ ਗਈ ਸੀ
ਪਰਛਾਵੇਂ ਮਿਟ ਗਏ ਸਨ ਰੁੱਖਾਂ ਦੇ
ਧਰਤੀ ਰੋਈ ਸੀ ਜ਼ਾਰ ਜ਼ਾਰ
ਅੰਬਰ ਕਹਿਰ ਦੇਖ ਕੇ ਕੰਬਿਆ ਸੀ
ਪਰ ਦੀਵਾਰ ਨੂੰ ਸ਼ਰਮ ਨਾ ਆਈ
ਘੁੰਮਦੀ ਘੁੰਮਦੀ ਮੋਢਿਆਂ ਤੇ ਆ ਚੜ੍ਹੀ
ਸਮੇਂ ਨੇ ਸੰਵਾਦ ਰਚਿਆ
ਪਹਿਲਾਂ ਹਵਾਵਾਂ ਵਿੱਚ
ਫਿਰ ਭਰਾਵਾਂ ਦੀਆਂ ਨਿਗਾਹਾਂ ਵਿੱਚ
ਸਾਰੇ ਸੰਵਾਦ ਸ਼ਬਦ ਨਹੀਂ ਹੁੰਦੇ
ਬੋਲ ਵੀ ਨਹੀਂ ਹੁੰਦੇੇ ਸੰਵਾਦ
ਨਜ਼ਰਾਂ ਵੀ ਕਰਦੀਆਂ ਨੇ
ਚੁੱਪ ਵੀ ਹੁੰਦੀ ਹੈ ਦੁਵੱਲਾ ਸੰਵਾਦ
ਇਨਸਾਨ ਕਿੰਨਾ ਵਹਿਸ਼ੀ ਹੋ ਜਾਂਦਾ ਹੈ
ਹੰਕਾਰ ਕਿੰਨਾਂ ਅਸਮਾਨ ਟੱਪ ਜਾਂਦਾ ਹੈ
ਸਮੇਂ ਨੇ ਦੱਸਿਆ
ਸੱਤਾ ਆਪਣੀ ਤਾਕਤ ਦਾ ਪ੍ਰਦਰਸ਼ਨ
ਦੋ ਸ਼ਸ਼ਤਰਹੀਣ ਬਾਲਕਾਂ ਸਾਹਮਣੇ
ਕੰਬਦੀ ਕੰਬਦੀ ਕਰ ਰਹੀ ਸੀ
ਇੰਜ ਵੀ ਹਿੱਲ ਜਾਂਦੇ ਨੇ ਤਖ਼ਤ
ਇੰਜ ਵੀ ਤਾਕਤਾਂ ਮਰ ਜਾਂਦੀਆਂ ਨੇ
ਸੱਤਾਧਾਰੀ ਕੀ ਕੁਝ ਨਹੀਂ ਕਰ ਸਕਦਾ
ਮਨਸੂਬੇ ਵਿਚ ਕਾਮਯਾਬ ਹੋਣ ਲਈ
ਧਰਮ ਨੂੰ ਅੱਗੇ ਰੱਖ
ਕਾਜ਼ੀਆਂ ਕੋਲੋਂ ਪੁਨਰ-ਵਿਆਖਿਆ ਕਰਵਾ ਸਕਦਾ ਹੈ
ਹੋਰ ਸਰਦ ਹੋ ਜਾਂਦੀਆਂ ਹਨ
ਸਰਦ ਦਿਨਾਂ ਦੀਆਂ ਰਾਤਾਂ
ਵਗਦੀ ਹਵਾ ਅਤੇ ਉਚਾਣ
ਹੋਰ ਕਹਿਰੀ ਬਣਾ ਦਿੰਦੀ ਹੈ ਮੌਸਮ ਨੂੰ
ਪਹਿਲਾਂ ਠੰਢੇ ਬੁਰਜ ਨੇ ਨਾ
ਆਰਾਮ ਕਰਨ ਦਿੱਤਾ
ਕਿੰਨਾ ਅਸਾਵਾਂਪਨ
ਕਈਆਂ ਦੇ ਦਰਮਿਆਨ
ਫੁੱਲਭਰ ਬੱਚੇ ਇਕੱਲੇ
ਉਨ੍ਹਾਂ ਨੂੰ ਦੇਖਣ-ਸੁਣਨ
ਅਤੇ ਆਸਰਾ ਦੇਣ ਵਾਲਾ ਕੋਈ ਨਹੀਂ ਸੀ
ਫਿਰ ਵੀ ਉਹ ਪਲ-ਪਲ ਡੋਲਦੇ ਲੋਕਾਂ ਅੱਗੇ
ਅਡੋਲ ਖੜ੍ਹੇ ਹਨ
ਦੋਵਾਂ ਦੇ ਸੀਸ ਦੁਆਲੇ ‘ਪ੍ਰਕਾਸ਼ ਚੱਕਰ’
ਦੋਵਾਂ ਧਿਰਾਂ ਦੇ ਆਪੋ-ਆਪਣੇ ਅਕੀਦੇ
ਕੀ ਸੀਮਾ ਹੋ ਸਕਦੀ ਹੈ ਕਰੂਰਤਾ ਦੀ
ਕਿਸੇ ਦਾਇਰੇ ਵਿਚ ਨਹੀਂ ਸੀ
ਕੰਧ ਮੋਢਿਆਂ ਤੱਕ ਅਪੜਦੀ ਡਿੱਗ ਪੈਂਦੀ ਹੈ
ਸਮਾਣੇ ਦੇ ਜੱਲਾਦ
ਬੇਹੋਸ਼ ਬੱਚਿਆਂ ਦੇ ਸੀਨਿਆਂ ਨਾਲ
ਖੰਜਰ ਨਾਲ ਖੇਡਦੇ ਹਨ
ਮਾਤਾ ਗੁਜਰੀ ਵੀ ਸਾਹਿਬਜ਼ਾਦਿਆਂ ਦੀ
ਲਾਸਾਨੀ ਸ਼ਹਾਦਤ ਨਾਲ
ਬੁਰਜ ਤੋਂ ਨਾਲ ਰਲ ਤੁਰਦੀ ਹੈ
ਜ਼ਾਲਮਾਂ ਨੇ
ਮੋਤੀ ਰਾਮ ਮਹਿਰਾ ਵੀ ਨਾ ਬਖਸ਼ਿਆ
ਪਰਿਵਾਰ ਨੂੰ ਕੋਹਲੂ ਵਿਚ ਪੀੜ
ਨੇਕੀ ਦਾ ਬਦਲਾ ਲਿਆ
ਟੋਡਰ ਮੱਲ ਨੇ ਖੜ੍ਹੀਆਂ ਅਸ਼ਰਫੀਆਂ ਹੱਥ ਸਸਕਾਰ ਲਈ ਜ਼ਮੀਨ ਖ਼ਰੀਦੀ
ਇਤਿਹਾਸ ਹੋਰ ਪਕੇਰਾ ਹੋ ਗਿਆ
-
ਅਮਰਜੀਤ ਟਾਂਡਾ, ਲੇਖਕ ਤੇ ਕਾਲਮਨਵੀਸ
drtanda101@gmail.com
+61 417 271 147
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.