ਇੱਕ ਖਤ, ਫਰੇਜ਼ਰ ਦਰਿਆ ਵੱਲੋਂ ਸਤਲੁਜ ਦੇ ਨਾਂਅ
ਸਤਲੁਜ ਦਰਿਆ : ਫੋਟੋ MyIndia
ਮੇਰੇ ਵੱਡੇ ਵੀਰ ਫ਼ਤਿਹ ਪ੍ਰਵਾਨ ਕਰਨੀ!
ਕਈ ਮਹੀਨਿਆਂ ਤੋਂ ਤੇਰੀ ਮਿੱਟੀ ਦੇ ਜਾਇਆਂ ਦੇ ਦੁੱਖ ਸੁਣ ਰਿਹਾ ਹਾਂ।
ਉਂਝ ਤਾਂ ਆਪਣੇ ਪੁੱਤਾਂ ਧੀ ਸਦਾ ਹੀ ਦੁੱਖਾਂ ਦੀ ਮਾਰ ਝੱਲਦੇ ਰਹੇ ਨੇ।
ਸੁਣਿਆ ਹੈ, ਤੇਰੇ ਇਲਾਕੇ ਦੇ ਹਾਕਮ ਬਹੁਤੇ ਜਾਲਮ ਹੋ ਚੁੱਕੇ ਨੇ।
ਬਹੁਤ ਦੁੱਖ ਹੁੰਦਾ ਹੈ ਸੁਣ ਕੇ।
ਮੈਂ ਤੇਰੇ ਪੁੱਤਾਂ ਧੀਆਂ ਦੇ ਸੁਭਾਅ ਨੂੰ ਹੁਣ ਚੰਗੀ ਤਰਾਂ ਜਾਣਦਾ ਹਾਂ।
ਇਹ ਬਹੁਤ ਹੀ ਮਿਹਨਤੀ ਨੇ।
ਥੋੜ੍ਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਬਹੁਤ ਕੁਛ ਸਿੱਖਿਆ ਹੈ ਮੈਂ ਇਨ੍ਹਾਂ ਕੋਲੋਂ।
ਨਾਨਕ ਦੀ ਬਾਣੀ ਵੀ ਮੈਂ ਹੁਣ ਸਿੱਖ ਲਈ ਐ।
ਮੈਂ ਜਾਣਦਾ ਹਾਂ ਕਿ ਇਹ ਭਾਈ ਲਾਲੋ ਦੇ ਯਾਰ ਨੇ ਤੇ ਸੱਜਣ ਠੱਗ ਦੇ ਸਖ਼ਤ ਵਿਰੋਧੀ ਨੇ।
ਮੈਨੂੰ ਪਤਾ ਹੈ ਕਿ ਤੇਰੇ ਬੱਚੇ ਤਾਂ ਓਦੋਂ ਨਹੀਂ ਡੋਲੇ ਸਨ ਜਦ ਇਨ੍ਹਾਂ ਨੇ ਲੱਖੀ ਦੇ ਜੰਗਲ਼ਾਂ ਵਿੱਚ ਦਿਨ ਕੱਟੇ ਸੀ।
ਓਦੋਂ ਇਹ ਛੋਲੇ ਚੱਬ ਕੇ ਤੇ ਬਾਣੀ ਪੜ੍ਹ ਕੇ ਬੁਰੇ ਦਿਨ ਲੰਘਾ ਲੈਂਦੇ ਸਨ।
ਓਏ ਮਿੱਤਰਾ, ਹੁਣ ਤਾਂ ਤੇਰੇ ਪੁੱਤ ਤੇ ਧੀਆਂ ਕਲਰਾਡੋ ਦਰਿਆ ਦੇ ਕੰਢੇ ‘ਤੇ ਲਲਕਾਰੇ ਮਾਰਦੇ ਮੈਂ ਸੁਣੇ ਨੇ।
ਓਏ, ਹੁਣ ਤਾਂ ਇਹ ਬਦਾਮਾਂ ਦੇ ਬਾਗ਼ਾਂ ਦੇ ਮਾਲਕ ਨੇ।
ਮੈਨੂੰ ਪਤਾ ਹੈ ਤੇਰੇ ਬੱਚੇ ਹੁਣ ਪੋ ਦਰਿਆ ਦੇ ਕੰਢੇ ‘ਤੇ ਵੀ ਖੇਤੀ ਕਰਦੇ ਨੇ।
ਮੱਰੀ ਦਰਿਆ ਦੇ ਕਿਨਾਰੇ ਤੇਰੇ ਪੁੱਤਾਂ ਦੇ ਟਰੈਕਟਰ ਚੱਲਦੇ ਨੇ।
ਹੁਣ ਤਾਂ ਇਹ ਥੇਮਜ ਦਰਿਆ ਦੇ ਕੰਢੇ ‘ਤੇ ਵੀ ਭੰਗੜਾ ਪਾ ਲੈਂਦੇ ਨੇ।
ਮੇਰੇ ਕਿਨਾਰੇ ਤੇ ਤਾਂ ਕੀ ਦੱਸਾਂ, ਕੀ-ਕੀ ਕਰਦੇ ਨੇ?
ਇੱਥੇ ਹਰ ਤਰਾਂ ਦੇ ਕਾਰੋਬਾਰਾਂ ਦੇ ਮਾਲਕ ਨੇ।
ਹਰੇਕ ਗਰਮੀਆਂ ਦੀ ਰੁੱਤ ‘ਚ ਇੱਥੇ ਤੀਆਂ ਲੱਗਦੀਆਂ ਨੇ...।
ਕੀ ਦੱਸਾਂ ਯਾਰ, ਹੁਣ ਇਨ੍ਹਾਂ ਕੋਲੋਂ ਮੈਂ ਵੀ ਗਾਲ਼ਾਂ ਕੱਢਣੀਆਂ ਸਿੱਖ ਗਿਆ ਹਾਂ।
ਓਏ ਵੱਡਿਆਂ ਹਾਕਮਾਂ ਤੇਰੀ ਭੈਣ ਦੀ.... ਪਰ ਮੈਂ ਗਾਲ਼ ਨ੍ਹੀਂ ਕੱਢਣੀ।
ਹਾਂ, ਕਹਿ ਦੇਈਂ ਗੰਗਾ ਤੇ ਜਮਨਾ ਨੂੰ ਕਿ ਫਿਕਰ ਨਾ ਕਰਨ।
ਛੋਟੇ ਭਾਈ ਸਤਲੁਜ, ਚਾਰ ਲਲਕਾਰੇ ਮੇਰਾ ਨਾਂ ਲੈਕੇ ਵੀ ਮਾਰ ਦੇਈਂ ਓਏ...
ਬਹੁਤ ਹੀ ਪਿਆਰ ਨਾਲ ਤੇਰਾ ਛੋਟਾ ਭਰਾ।
( ਫਰੇਜ਼ਰ ਵੈਲੀ ਫੋਟੋ : ਬੀ ਸੀ ਵਟਵਾਰਨ ਮਿਨਿਸਟ੍ਰੀ ਦੇ ਧਨਵਾਦ ਸਾਹਿਤ )
-
ਗੁਰਮੇਲ ਬੀਰੋਕੇ, ਪਰਦੇਸੀ ਪੰਜਾਬੀ, ਵੈਨਕੂਵਰ ,ਕੈਨੇਡਾ
gurmailbiroke@gmail.com
+1-604-825-8053
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.