ਮੇਰੇ ਬਚਪਨ ਵੇਲੇ ਅੰਮ੍ਰਿਤਸਰ ਦੇ ਚੌਂਕ ਹੁਸੈਨਪੁਰਾ ਤੋਂ ਇੱਕ ਸਾਹਿੱਤਕ ਮੈਗਜ਼ੀਨ ਕਵਿਤਾ ਛਪਦਾ ਹੁੰਦਾ ਸੀ। ਪਾਠਕਾਂ ਚ ਬਹੁਤ ਹੀ ਹਰ ਮਨ ਪਿਆਰਾ ਸੀ।ਬਹੁਤੇ ਵੱਡੇ ਕਵੀ ਪਹਿਲੀ ਵਾਰ ਕਵਿਤਾ ਵਿੱਚ ਹੀ ਛਪੇ। ਸ਼ਿਵ ਕੁਮਾਰ, ਸ ਸ ਮੀਸ਼ਾ ਰਣਧੀਰ ਸਿੰਘ ਚੰਦ ਤੇ ਡਾ: ਜਗਤਾਰ ਵਰਗੇ। ਗੀਤਕਾਰ ਬਾਬੂ ਸਿੰਘ ਮਾਨ ਤੇ ਕਈ ਹੋਰ।
ਉਸ ਦੇ ਸੰਪਾਦਕ ਸ: ਕਰਤਾਰ ਸਿੰਘ ਬਲੱਗਣ ਸਨ। ਉੱਚ ਪਾਏ ਦੇ ਸਟੇਜੀ ਤੇ ਧਾਰਮਿਕ ਕਵੀ ਵਿਧਾਤਾ ਸਿੰਘ ਤੀਰ ਵਾਂਗ। ਦੋਵੇਂ ਸੱਜਣ ਵੀ ਸਨ। ਬਲੱਗਣ ਜੀ ਸਿਆਲਕੋਟੀਏ ਸਨ ਤੇ 1947 ਚ ਵੰਡ ਵੇਲੇ ਹੀ ਅੰਮ੍ਰਿਤਸਰ ਆਏ ਸਨ ਓਧਰੋਂ ਉੱਜੜ ਕੇ।
ਉਨ੍ਹਾਂ ਦੇ ਦੋ ਗੀਤ ਸਿਰਫ਼ ਸੁਰਵੰਤੇ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਹੀ ਗਾਏ।
ਸਿੰਘਾ ਜੇ ਚੱਲਿਓਂ ਸਰਹਿੰਦ ਤੇ ਠੰਢੇ ਬੁਰਜ ਵਿੱਚ ਇਕ ਦਿਨ ਦਾਦੀ ਮਾਤਾ ਨਾਮੀ ਗੀਤ ਮੇਰੇ ਸਾਹੀਂ ਸਵਾਸੀਂ ਰਮੇ ਹੋਏ ਹਨ।
ਮੇਰੇ ਬਚਪਨ ਵੇਲੇ ਤੋਂ ਹੀ ਇਹ ਦੋਵੇਂ ਗੀਤ ਮੇਰੇ ਅੰਗ ਸੰਗ ਰਹੇ ਨੇ ਕਰਤਾਰ ਸਿੰਘ ਬਲੱਗਣ ਜੀ ਦੇ ਅਮਰ ਗੀਤ! ਪਰ ਇਨ੍ਹਾਂ ਨੂੰ ਅਮਰਜੀਤ ਗੁਰਦਾਸਪੁਰੀ ਤੋਂ ਬਿਨਾਂ ਮੈਂ ਕਿਸੇ ਦੇ ਕੰਠ ਤੋਂ ਨਹੀਂ ਸੁਣਿਆ।
ਅਮਰਜੀਤ ਗੁਰਦਾਸਪੁਰੀ ਜੀ ਦੱਸਦੇ ਹਨ ਕਿ ਇੱਕ ਵਾਰ ਕਲਕੱਤਾ ਨੂੰ ਜਾਂਦਿਆਂ ਬਲੱਗਣ ਜੀ ਨੇ ਇਹ ਦੋਵੇਂ ਗੀਤ ਮੈਨੂੰ ਲਿਖ ਕੇ ਦਿੱਤੇ , ਜੋ ਮੈਂ ਸਾਰੀ ਉਮਰ ਗਾਏ ਹਨ। ਮੇਰੀ 85 ਸਾਲ ਤੋਂ ਵਧੇਰੇ ਉਮਰ ਹੋ ਜਾਣ ਕਰਕੇ ਇਹ ਗੀਤ ਹੁਣ ਨੌਜਵਾਨਾਂ ਨੂੰ ਗਾਉਂਣੇ ਚਾਹੀਦੇ ਨੇ ਬਲੱਗਣ ਜੀ ਦੀਆਂ ਇਹ ਦੋ ਅਮਰ ਰਚਨਾਵਾਂ ਬੜੀ ਕੋਸ਼ਿਸ਼ ਦੇ ਬਾਵਜੂਦ ਮੈਨੂੰ ਉਨ੍ਹਾਂ ਦੀ ਕਿਸੇ ਕਿਤਾਬ ਚੋਂ ਕਦੇ ਨਹੀਂ ਲੱਭੀਆਂ।
ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਹਰ ਵਾਰ ਮੈਂ ਇਨ੍ਹਾਂ ਦੋ ਗੀਤਾਂ ਦੇ ਅਕਸਰ ਰੂਬਰੂ ਹੁੰਦਾ ਹਾਂ। ਪਲ ਪਲ ਪਿਘਲਦਾ ਹਾਂ, ਖ਼ੁਰਦਾ ਹਾਂ, ਹਾਉਕੇ ਭਰਦਾ ਹਾਂ। ਫਿਰ ਜੁੜ ਜਾਂਦਾ ਹਾਂ ਸ਼ਹਾਦਤਾਂ ਦਾ ਜਲੌਅ ਵੇਖ ਕੇ।
ਇਤਿਹਾਸ ਦੇ ਨਾਲ ਨਾਲ ਤੁਰਦਾ ਹਾਂ। ਸਰਹਿੰਦ ਦੀ ਖ਼ੂਨੀ ਦੀਵਾਰ ਹਰ ਸਾਲ ਅਨੇਕ ਸਵਾਲ ਕਰਦੀ ਹੈ, ਕਦੇ ਠੰਢਾ ਬੁਰਜ ਪੁੱਛਦਾ ਹੈ? ਮੇਰੇ ਹੀ ਵੈਰੀ ਹੋ ਗਏ, ਮੇਰੇ ਜਾਏ।
ਮਕਰਾਨੇ ਦੇ ਪੱਥਰਾਂ ਹੇਠ ਸਹਿਕ ਰਿਹਾ ਇਤਿਹਾਸ! ਨੰਗੀ ਅੱਖ ਨੂੰ ਸੋਹਣਾ ਲੱਗਣ ਵਾਲਾ ਸਿਰਜ ਰਹੇ ਹਾਂ, ਤੀਸਰੇ ਨੇਤਰ ਨੂੰ ਦੱਸਣ ਵਾਲਾ ਸਿਧਾਂਤ ਤੇ ਇਤਿਹਾਸ ਸਾਡੀ ਚੇਤਨਾ ਦਾ ਹਿੱਸਾ ਕਿਉਂ ਨਹੀਂ ਬਣਦਾ?
ਅਸੀਂ ਸਰਹਿੰਦ ਦੀ ਸ਼ੋਕ ਸਭਾ ਨੂੰ ਪਹਿਲਾਂ ਸਭਾ ਵਿੱਚ ਤਬਦੀਲ ਕੀਤਾ, ਫਿਰ ਹੌਲੀ ਹੌਲੀ ਜੋੜ ਮੇਲੇ ਵਿੱਚ ਤੇ ਅੰਤ ਮੇਲੇ ਵਿੱਚ! ਮੇਲੇ 'ਚ ਕੀ ਕੁਝ ਹੁੰਦਾ ਹੈ, ਮੈਂ ਨਹੀਂ ਦੱਸਾਂਗਾ, ਤੁਸੀਂ ਵੀ ਭੇਤੀ ਹੋ।
ਸ਼ੁਕਰ ਹੈ ਹੁਣ 2004 ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਕੁਝ ਪ੍ਰਸ਼ਾਸਕੀ ਸੁਧਾਰਾਂ ਕਾਰਨ ਪਹਿਲਾਂ ਨਾਲੋਂ ਕੁਰੀਤੀਆਂ ਘਟੀਆਂ ਹਨ।
ਸਿਆਸੀ ਸੱਤਾ ਦੇ ਅਭਿਲਾਸ਼ੀ ਸਿਆਸਤਦਾਨ ਆਸਥਾ ਦੀ ਧਰਤੀ ਸਰਹਿੰਦ ਤੇ ਆਉਂਦੇ ਨੇ। ਆਪੋ ਆਪਣੇ ਏਜੰਡੇ ਮੁਬਾਰਕ ਨਾਅਰੇ ਤੇ ਲਾਰੇ ਵੇਚਦੇ ਨੇ। ਧਰਤੀ ਪੁੱਤਰ ਬਣ ਬਣ ਵਿਖਾਉਂਦੇ ਹਨ ਧਰਮ ਦਾ ਇਕ ਬੋਲ ਨਹੀਂ। ਸਿਰਫ਼ ਮਿਹਣੇ। ਚਲੋ ਆਪਣੀ ਬੇਵਸੀ ਨੂੰ ਭਾਣਾ ਕਹੀਏ ਤੇ ਮੰਨੀਏ।
ਅਮਰਜੀਤ ਗੁਰਦਾਸਪੁਰੀ ਦੇ ਮੂੰਹੋਂ ਜੋ ਬੋਲ ਸੁਣੇ, ਦੁਬਾਰਾ ਇਹ ਬੋਲ ਕਾਗ਼ਜ਼ ਤੇ ਉਤਾਰਦਿਆਂ ਅੱਥਰੂ ਅੱਥਰੂ ਹਾਂ। ਲਿਖਣ ਵਾਲੇ ਕਰਤਾਰ ਸਿੰਘ ਬਲੱਗਣ ਦਾ ਲਿਖਣ ਵੇਲੇ ਕੀ ਹਾਲ ਹੋਇਆ ਹੋਵੇਗਾ?
ਗਾਉਣ ਵਾਲੇ ਅਮਰਜੀਤ ਗੁਰਦਾਸਪੁਰੀ ਨੂੰ ਪੂਰਾ ਨੁੱਚੜ ਕੇ ਗਾਉਂਦਾ ਵੇਖਿਆ ਹੈ ਪਿਛਲੇ ਕਈ ਵਰ੍ਹਿਆ ਤੋਂ। ਅੱਧੀ ਸਦੀ ਇਤਿਹਾਸ ਦੇ ਮੈਂ ਵੀ ਨਾਲ ਨਾਲ ਤੁਰਿਆ ਹਾਂ।
ਇਹ ਦੋਵੇਂ ਗੀਤ ਮੈਂ ਜਿਸ ਨੂੰ ਵੀ ਸੁਣਾਏ, ਉਹ ਹੀ ਅਸਰ ਅੰਦਾਜ਼ ਹੋਇਆ।
ਸਭ ਕਹਿੰਦੇ ਹਨ, ਮੈਂ ਪੂਰੇ ਵਿਸ਼ਵ ਨੂੰ ਸੁਣਾਵਾਂਗਾ। ਇਤਿਹਾਸ ਦੇ ਅਮਰ ਪੰਨੇ।
ਕਰਤਾਰ ਸਿੰਘ ਬਲੱਗਣ ਜੀ ਦੇ ਭਾਵਨਾ 'ਚ ਲਬਰੇਜ਼ ਇਹ ਗੀਤ ਤੁਸੀਂ ਵੀ ਪੜ੍ਹੋ ਤੇ ਪੜ੍ਹਾਉ।
ਗੁਰਭਜਨ ਗਿੱਲ
1.
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।
ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ ।
ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ ।
ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ ।
ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ ।
ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ ।
ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ ।
2.
ਸਿੰਘਾ ਜੇ ਚੱਲਿਆ ਚਮਕੌਰ
ਸਿੰਘਾ ਜੇ ਚੱਲਿਆ ਚਮਕੌਰ ।
ਓਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ ।
ਤੇਰੀ ਜਿੰਦੜੀ ਜਾਊ ਸੌਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਜੇ ਚੱਲਿਆ ਸਰਹੰਦ ।
ਓਥੇ ਉੱਸਰੀ ਖ਼ੂਨੀ ਕੰਧ ।
ਜਿਸ ਵਿਚ ਲੇਟੇ ਨੀ ਦੋ ਚੰਦ ।
ਕਲਗੀਵਾਲੇ ਦੇ ਨੇ ਫਰਜ਼ੰਦ ।
ਦਰਸ਼ਨ ਪਾ ਕੇ ਹੋਈਂ ਅਨੰਦ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ ।
ਓਥੇ ਵਗਦੀ ਊ ਸਰਸਾ ਨਹਿਰ ।
ਆਖੀਂ ਪੈ ਜੇ ਤੈਨੂੰ ਕਹਿਰ ।
ਤੇਰੇ ਪਾਣੀ ਦੇ ਵਿਚ ਜ਼ਹਿਰ ।
ਕੀਤਾ ਨਾਲ ਗੁਰਾਂ ਦੇ ਵੈਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਮਾਛੀਵਾੜੇ ।
ਓਥੇ ਆਖੀਂ ਕਰ ਕਰ ਹਾੜੇ ।
ਤੇਰੇ ਫੁੱਟ ਨੇ ਬਾਗ ਉਜਾੜੇ ।
ਤੇਰੇ ਬਾਝ ਨਾ ਮੁਕਣ ਪੁਆੜੇ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.