ਜਿਵੇਂ ਕਿ ਪਾਠਕਾਂ ਨੂੰ ਪਤਾ ਹੈ ਕਿ ਕੋਵਿਡ ਦਾ ਵੈਕਸੀਨ (ਟੀਕਾ) ਬਜ਼ਾਰ ਵਿੱਚ ਆ ਚੁੱਕਾ ਹੈ ਅਤੇ ਕਈਆਂ ਨੂੰ ਇਸ ਦੀ ਪਹਿਲੀ ਖੁਰਾਕ ਮਿਲ ਵੀ ਚੁੱਕੀ ਹੈ, ਪਰ ਫਿਰ ਵੀ ਲੋਕਾਂ ਵਿੱਚ ਇਸ ਪ੍ਰਤੀ ਕਾਫੀ ਭਰਮ ਹਨ, ਇਸ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਜਾਣਕਾਰੀ ਜਾਂ ਪ੍ਰਮਾਣਿਕ ਜਾਣਕਾਰੀ ਨਹੀਂ ਹੈ, ਜਿਸ ਦਾ ਟੀਕਾਕਰਨ ਤੇ ਮਾੜਾ ਅਸਰ ਵੀ ਪੈ ਸਕਦਾ ਹੈ. ਤੁਹਾਡੇ ਨਾਲ ਇਸ ਦੇ ਵੈਕਸੀਨ ਬਾਰੇ ਜੋ ਵੀ ਮਹੱਤਵਪੂਰਨ ਅਤੇ ਸਭ ਤੋਂ ਤਾਜ਼ਾ ਜਾਣਕਾਰੀ ਹੈ, ਸਾਂਝੀ ਕਰ ਰਿਹਾ ਹਾਂ.
ਅੱਜ ਕੱਲ ਜੋ ਕੋਵਿਡ ਦਾ ਵੈਕਸੀਨ ਬਜ਼ਾਰ ਵਿੱਚ ਉਪਲਬਧ ਹੈ, ਉਸ ਬਾਰੇ ਕੁੱਝ ਦੱਸੋ?
ਇਸ ਸਮੇਂ ਬਜ਼ਾਰ ਵਿੱਚ ਕੋਵਿਡ ਦੇ ਤਿੰਨ ਟੀਕਿਆਂ ਬਾਰੇ ਜ਼ਿਆਦਾ ਚਰਚਾ ਹੈ. ਪਹਿਲਾ ਫਾਈਜ਼ਰ (Pfizer) ਕੰਪਨੀ ਦਾ, ਦੂਜਾ ਐਸਟਰਾਜ਼ੇਨੇਕਾ (AstraZeneca) ਦਾ ਅਤੇ ਤੀਜਾ ਮੋਡਰਨਾ (Moderna) ਕੰਪਨੀ ਦਾ ਹੈ. ਕੈਨੇਡਾ ਵਿੱਚ ਜਿਹੜਾ ਟੀਕਾ ਲਗਾਇਆ ਜਾ ਰਿਹਾ ਹੈ ਉਹ ਫਾਈਜ਼ਰ ਅਤੇ ਮੋਡਰਨਾ ਕੰਪਨੀ ਦਾ ਹੈ.
ਇਹ ਵੈਕਸੀਨ ਸਾਨੂੰ ਕੋਵਿਡ ਤੋਂ ਕਿਵੇਂ ਬਚਾਉਂਦਾ ਹੈ?
ਫਾਈਜ਼ਰ ਅਤੇ ਮੋਡਰਨਾ, ਦੋਹਾਂ ਕੰਪਨੀਆਂ ਦੇ ਵੈਕਸੀਨ ਐਮ.ਆਰ.ਐਨ.ਏ. (mRNA) ਤੋਂ ਬਣੇ ਹਨ. ਐਮ.ਆਰ.ਐਨ.ਏ. (mRNA) ਦਾ ਕੰਮ ਸਰੀਰ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਟੀਨ ਬਣਾਉਣ ਵਿੱਚ ਮਦਦ ਕਰਨਾ ਹੈ. ਇਸ ਟੀਕੇ ਨੂੰ ਲਗਾਉਣ ਤੋਂ ਬਾਅਦ ਸਰੀਰ ਵਿੱਚ ਕੋਵਿਡ ਰੋਗ ਨਾਲ ਲੜ੍ਹਨ ਵਾਸਤੇ ਸਪੈਸ਼ਲ ਤੱਤ (ਐਂਟੀਬਾਡੀਜ਼) ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਜੇ ਸਾਡੇ ਤੇ ਕੋਵਿਡ ਦਾ ਹਮਲਾ ਹੁੰਦਾ ਹੈ ਤਾਂ ਇਹ ਤੱਤ ਕੋਵਿਡ ਵਾਇਰਸ ਨੂੰ ਮਾਰ ਦਿੰਦੇ ਹਨ ਅਤੇ ਸਾਡੀ ਰੱਖਿਆ ਕਰਦੇ ਹਨ.
ਕੀ ਵੈਕਸੀਨ ਲਗਾਉਣ ਤੋਂ ਤੁਰੰਤ ਬਾਅਦ ਹੀ ਸਰੀਰ ਵਿੱਚ ਕੋਵਿਡ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ?
ਇਸ ਵੈਕਸੀਨ ਦੀਆਂ ਦੋ ਖੁਰਾਕਾਂ ਹਨ. ਦੂਜੀ ਖੁਰਾਕ ਪਹਿਲੀ ਦੇ ਤਿੰਨ ਹਫਤਿਆਂ (ਫਾਈਜ਼ਰ ਦਾ ਟੀਕਾ) ਜਾਂ ਚਾਰ ਹਫਤਿਆਂ (ਮੋਡਰਨਾ ਦਾ ਟੀਕਾ) ਬਾਅਦ ਦਿੱਤੀ ਜਾਂਦੀ ਹੈ. ਵੈਕਸੀਨ ਦਾ ਅਸਰ ਦੂਜੀ ਖੁਰਾਕ ਦੇ ਇੱਕ ਤੋਂ ਦੋ ਹਫਤਿਆਂ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ. ਇਹ ਦੋਵੇਂ ਟੀਕੇ 94 ਤੋਂ 95 # ਤੱਕ ਕੋਵਿਡ ਤੋਂ ਸਾਡੀ ਰੱਖਿਆ ਕਰ ਸਕਦੇ ਹਨ. ਸੋ ਵੈਕਸੀਨ ਦੀ ਦੂਜੀ ਖੁਰਾਕ ਤੋਂ ਦੋ ਹਫਤਿਆਂ ਮਗਰੋਂ ਹੀ ਵੈਕਸੀਨ ਕੋਵਿਡ ਨੂੰ ਰੋਕਣ ਵਿੱਚ ਸਾਡੀ ਮਦਦ ਕਰਦਾ ਹੈ. ਉਦੋਂ ਤੱਕ ਸਾਨੂੰ ਹਰ ਕਿਸਮ ਦੀ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ.
ਕੀ ਇਸ ਵੈਕਸੀਨ ਦਾ ਕੋਈ ਸਾਈਡ ਇਫੈਕਟ ਵੀ ਹੈ?
ਵੱਖ ਵੱਖ ਕਲੀਨੀਕਲ ਪ੍ਰੀਖਣਾਂ ਤੋਂ ਜਿਹੜੇ ਸਾਈਡ ਇਫੈਕਟ ਅਜੇ ਤੱਕ ਸਾਹਮਣੇ ਆਏ ਹਨ, ਉਹ ਇਸ ਤਰ੍ਹਾਂ ਹਨ^
ਟੀਕੇ ਦੀ ਜਗ੍ਹਾ ਤੇ ਦਰਦ
ਠੰਢ ਲਗਣਾ
ਥਕਾਵਟ ਦਾ ਮਹਿਸੂਸ ਹੋਣਾ
ਹਲਕਾ ਬੁਖਾਰ ਹੋਣਾ
ਸਿਰ ਦਰਦ ਹੋਣਾ
ਜੋੜਾਂ ਵਿੱਚ ਹਲਕਾ^ਹਲਕਾ ਦਰਦ
ਟੀਕੇ ਤੋਂ ਐਲਰਜੀ
ਇਸ ਤੋਂ ਇਲਾਵਾ ਸਮੇਂ ਦੇ ਬੀਤਣ ਨਾਲ ਭਵਿੱਖ ਵਿਚ ਹੀ ਇਸ ਬਾਰੇ ਹੋਰ ਜ਼ਿਆਦਾ ਪਤਾ ਲਗੇਗਾ ਕਿ ਇਸ ਟੀਕੇ ਦਾ ਕੋਈ ਹੋਰ ਸਾਈਡ ਇਫੈਕਟ ਹੈ ਕਿ ਨਹੀਂ. ਹੈੱਲਥ ਕੈਨੇਡਾ ਇਸ ਗੱਲ ਤੇ ਪੂਰੀ ਨਜਰ ਰੱਖ ਰਿਹਾ ਹੈ.
ਕਿਓਂਕਿ ਇਹ ਟੀਕਾ ਅਜੇ ਨਵਾਂ ਹੈ, ਇਸ ਲਈ ਕੀ ਇਹ ਲਗਵਾਉਣਾ ਸੁਰੱਖਿਅਤ ਹੈ?
ਇਹ ਗੱਲ ਬਿਲਕੁਲ ਠੀਕ ਹੈ ਕਿ ਨਵੀਂ ਚੀਜ਼ ਖਾਸ ਕਰਕੇ ਨਵੀਂ ਦਵਾਈ ਲੈਣ ਤੋਂ ਸ਼ੁਰੂ ਵਿੱਚ ਸਾਰਿਆਂ ਨੂੰ ਥੋੜ੍ਹੀ ਬਹੁਤ ਝਿਜਕ ਹੁੰਦੀ ਹੈ, ਪਰ ਹੈੱਲਥ ਕੈਨੇਡਾ ਨੇ ਬਹੁਤ ਹੀ ਸਖਤ ਮਾਪਦੰਡ ਵਰਤ ਕੇ ਜਿਹੜੇ ਟੀਕੇ ਕੈਨੇਡਾ ਲਈ ਮਨਜ਼ੂਰ ਕੀਤੇ ਹਨ, ਉਹ ਕਾਫੀ ਸੁਰੱਖਿਅਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੈੱਲਥ ਕੈਨੇਡਾ ਇਨ੍ਹਾਂ ਟੀਕਿਆਂ ਤੇ ਪੂਰੀ ਨਜਰ ਰੱਖ ਰਹੀ ਹੈ ਤਾਂ ਕਿ ਕ?ਨੇਡੀਅਨ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹੇ.
ਇਹ ਟੀਕਾਕਰਨ ਪ੍ਰੋਗਰਾਮ ਬਿ੍ਟਿਸ਼ ਕੋਲੰਬੀਆ ਵਿੱਚ ਕਿਵੇਂ ਕੀਤਾ ਜਾਵੇਗਾ?
ਕਿਓਂਕਿ ਅਜੇ ਇਹ ਟੀਕਾ ਅਜੇ ਬਹੁਤ ਹੀ ਸੀਮਤ ਮਾਤਰਾ ਵਿੱਚ ਬਣ ਰਿਹਾ ਹੈ, ਇਸ ਲਈ ਇਸ ਨੂੰ ਲਗਾਉਣ ਲਈ ਪ੍ਰਸਾਸ਼ਨ ਵੱਲੋਂ ਪੜ੍ਹਾਅਵਾਰ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ.
ਪਹਿਲਾ ਪੜ੍ਹਾਅ
ਇਸ ਪੜ੍ਹਾਅ ਵਿੱਚ ਉਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਕੋਵਿਡ ਹੋਣ ਦੀਆਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਹਨ.ਜਿਵੇਂ^
ਸਿਹਤ ਸੰਭਾਲ ਦੇ ਕੰਮ ਵਿੱਚ ਲੱਗੇ ਉਹ ਲੋਕ ਜੋ ਕੋਵਿਡ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਉਂਦੇ ਹਨ ਜਿਵੇਂ ਕਿ ਆਈ.ਸੀ.ਯੂ., ਐਮਰਜੰਸੀ ਅਤੇ ਕੋਵਿਡ ਵਾਰਡ ਵਿੱਚ ਕੰਮ ਕਰਨ ਵਾਲੇ ਡਾਕਟਰ, ਨਰਸਾਂ ਅਤੇ ਹੋਰ ਸਟਾਫ.
ਲੰਬੇ ਸਮੇਂ ਦੇ ਕੇਅਰ ਹੋਮਸ ਵਿੱਚ ਰਹਿਣ ਵਾਲੇ ਲੋਕ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਸਟਾਫ
ਪਿੰਡਾਂ ਵਿੱਚ ਅਤੇ ਦੂਰ ਦੁਰਾਡੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕ
ਅੱਸੀ ਸਾਲ ਤੋਂ ਵੱਧ ਉਮਰ ਦੇ ਲੋਕ
ਦੂਜਾ ਪੜ੍ਹਾਅ
ਇਸ ਤੋਂ ਬਾਅਦ ਦੂਜੇ ਪੜ੍ਹਾਅ ਵਿੱਚ ਉਨ੍ਹਾਂ ਲੋਕਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਕੋਵਿਡ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਜ਼ਿਆਦਾ ਪਰ ਪਹਿਲੇ ਗਰੁੱਪ ਦੇ ਲੋਕਾਂ ਤੋਂ ਘੱਟ ਹਨ. ਇਹ ਪੜ੍ਹਾਅ ਸਪਰਿੰਗ 2021 ਵਿੱਚ ਸ਼ੁਰੂ ਕੀਤਾ ਜਾਵੇਗਾ ਕਿਓਂਕਿ ਉਮੀਦ ਹੈ ਕਿ ਉਸ ਸਮੇਂ ਤੱਕ ਇਹ ਵੈਕਸੀਨ ਹੁਣ ਨਾਲੋਂ ਜ਼ਿਆਦਾ ਮਾਤਰਾ ਵਿੱਚ ਉਪਲਬਧ ਹੋਵੇਗਾ. ਇਸ ਵਿੱਚ ਸ਼ਾਮਲ ਹਨ^
80 ਸਾਲ ਤੋਂ ਘੱਟ ਉਮਰ ਦੇ ਲੋਕ (ਜਿਹੜੇ ਜ਼ਿਆਦਾ ਬਜੁਰਗ ਹਨ ਉਨ੍ਹਾਂ ਨੂੰ ਪਹਿਲਾਂ ਦਿੱਤਾ ਜਾਵੇਗਾ.)
ਪਹਿਲੇ ਗਰੁੱਪ ਤੋਂ ਇਲਾਵਾ ਬਾਕੀ ਸਾਰੇ ਹੈੱਲਥ ਕੇਅਰ ਵਰਕਰ
ਪੁਲਿਸ ਅਤੇ ਅੱਗ ਬੁਝਾਉਣ ਵਾਲੇ ਵਰਕਰ
ਕਰਿਆਨੇ ਦੀਆਂ ਦੁਕਾਨਾਂ ਤੇ ਕੰਮ ਕਰਦੇ ਵਰਕਰ
ਸਕੂਲਾਂ ਵਿੱਚ ਅਤੇ ਚਾਈਲਡ ਕੇਅਰ ਦਾ ਸਟਾਫ
ਟਰਾਂਸਪੋਰਟ ਖੇਤਰ ਵਿੱਚ ਕੰਮ ਕਰਦੇ ਵਰਕਰ
ਨਿਰਮਾਣ ਅਤੇ ਉਤਪਾਦਨ ਦੀਆਂ ਥਾਵਾਂ ਤੇ ਕੰਮ ਕਰਦੇ ਲੋਕ
ਇਨ੍ਹਾਂ ਦੋਹਾਂ ਗਰੁੱਪਾਂ ਤੋਂ ਬਾਅਦ ਬਿ੍ਟਿਸ਼ ਕੋਲੰਬੀਆ ਦੇ ਬਾਕੀ ਲੋਕਾਂ ਵਾਸਤੇ ਟੀਕਾ ਉਪਲਬਧ ਹੋਵੇਗਾ ਅਤੇ ਉਸ ਸਮੇਂ ਤੱਕ ਇਸ ਟੀਕੇ ਦਾ ਉਤਪਾਦਨ ਵੀ ਕਾਫੀ ਮਾਤਰਾ ਵਿੱਚ ਹੋਣ ਲੱਗ ਜਾਵੇਗਾ. ਸਰਕਾਰ ਦਾ ਟੀਚਾ 2021 ਦੇ ਅੰਤ ਤੱਕ ਸਭ ਨੂੰ ਟੀਕਾ ਉਪਲਬਧ ਕਰਵਾਉਣਾ ਹੈ. ਜੇ 60 ਤੋਂ 70# ਲੋਕਾਂ ਨੂੰ ਵੀ ਇਹ ਟੀਕਾ ਲੱਗਦਾ ਹੈ ਤਾਂ ਵੀ ਸਾਡੇ ਸਮਾਜ ਵਿੱਚ ਇਸ ਬਿਮਾਰੀ ਨਾਲ ਲੜਨ ਦੀ ਸ਼ਕਤੀ ਆ ਜਾਵੇਗੀ.ਇਸ ਨੂੰ ਹਰਡ ਇਮਿਊਨਟੀ (Herd Immunity) ਆਖਦੇ ਹਨ.
ਇਮਿਊਨਟੀ ਦਾ ਕੀ ਅਰਥ ਹੈ?
ਸਰੀਰ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਨੂੰ ਇਮਿਊਨਟੀ ਆਖਿਆ ਜਾਂਦਾ ਹੈ.
ਕੀ ਬੱਚੇ ਅਤੇ ਗਰਭਵਤੀ ਮਹਿਲਾਵਾਂ ਵੀ ਇਸ ਵੈਕਸੀਨ ਨੂੰ ਲੈ ਸਕਦੀਆਂ ਹਨ?
ਅਜੇ ਤੱਕ ਇਹ ਵੈਕਸੀਨ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਤੇ ਟੈੱਸਟ ਨਹੀਂ ਕੀਤਾ ਗਿਆ. ਇਸ ਲਈ ਇਹ ਟੀਕਾ ਇਨ੍ਹਾਂ ਮਰੀਜ਼ਾਂ ਨੂੰ ਲਗਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ.
ਕਿਸੇ ਹੋਰ ਬਿਮਾਰੀ ਦੇ ਮਰੀਜ਼ ਜਿਨ੍ਹਾਂ ਨੂੰ ਇਹ ਟੀਕਾ ਨਾ ਲਗਾਉਣ ਦੀ ਸਲਾਹ ਹੋਵੇ?
ਕਈ ਲੋਕ ਜਿਨ੍ਹਾਂ ਵਿੱਚ ਪਹਿਲਾਂ ਤੋਂ ਕੋਈ ਕਰੋਨਿਕ ਬਿਮਾਰੀ ਹੈ ਜਿਵੇਂ ਕਿ ਜਿਗਰ ਜਾਂ ਗੁਰਦੇ ਦੀਆਂ ਬਿਮਾਰੀਆਂ ਆਦਿ, ਉਨ੍ਹਾਂ ਵਿੱਚ ਇਹਤਿਆਤ ਵਰਤਣਾ ਬਹੁਤ ਹੀ ਜ਼ਰੂਰੀ ਹੈ. ਜੇ ਤੁਹਾਡਾ ਡਾਕਟਰ ਇਸ ਦੀ ਸਿਫਾਰਸ਼ ਕਰਦਾ ਹੈ ਤਾਂ ਹੀ ਇਹ ਟੀਕਾ ਤੁਹਾਨੂੰ ਲੱਗ ਸਕਦਾ ਹੈ.
ਇਸ ਟੀਕੇ ਦੀ ਕੀ ਕੀਮਤ ਹੈ ?
ਬਿ੍ਟਿਸ਼ ਕੋਲੰਬੀਆ ਵਿੱਚ ਜਿਨ੍ਹਾਂ ਲੋਕਾਂ ਨੂੰ ਡਾਕਟਰ ਵੱਲੋਂ ਇਸ ਵੈਕਸੀਨ ਦੀ ਸਿਫਾਰਸ਼ ਕੀਤੀ ਗਈ ਹੈ, ਉਨ੍ਹਾਂ ਨੂੰ ਇਹ ਮੁਫਤ ਵਿੱਚ ਸਰਕਾਰ ਵੱਲੋਂ ਲਗਾਇਆ ਜਾਵੇਗਾ.
ਜਿਸ ਬੰਦੇ ਨੂੰ ਕੋਵਿਡ ਹੋ ਜਾਵੇ ਅਤੇ ਉਹ ਇਸ ਤੋਂ ਠੀਕ ਹੋ ਗਿਆ ਹੋਵੇ, ਕੀ ਉਸ ਲਈ ਵੀ ਇਹ ਟੀਕਾ ਜ਼ਰੂਰੀ ਹੈ
ਇਸ ਗੱਲ ਦਾ ਜਵਾਬ ਅਜੇ ਸਟੀਕਤਾ ਨਾਲ ਦੇਣਾ ਬਹੁਤ ਹੀ ਮੁਸ਼ਕਲ ਹੈ ਕਿ ਜੇ ਕਿਸੇ ਨੂੰ ਕੋਵਿਡ ਹੁੰਦਾ ਹੈ ਤਾਂ ਉਸ ਵਿੱਚ ਕੁਦਰਤੀ ਤੌਰ ਤੇ ਇਸ ਨਾਲ ਸੰਬੰਧਤ ਇਮਊਨਿਟੀ ਆਵੇਗੀ ਕਿ ਨਹੀਂ ਅਤੇ ਇਹ ਕਿੰਨਾ ਚਿਰ ਰਹੇਗੀ, ਪਰ ਮਾਹਰਾਂ ਦੀ ਰਾਇ ਇਹੀ ਹੈ ਕਿ ਕੋਵਿਡ ਤੋਂ ਠੀਕ ਹੋਏ ਬੰਦੇ ਨੂੰ ਵੀ ਟੀਕਾ ਲਗਾਉਣਾ ਜ਼ਰੂਰੀ ਹੈ ਤਾਂਕਿ ਉਸ ਦੀ ਕੋਵਿਡ ਸੰਬੰਧੀ ਇਮਊਨਿਟੀ ਬਣੀ ਰਹੇ.
ਵੈਕਸੀਨ ਲੱਗਣ ਤੋਂ ਬਾਅਦ ਵੀ ਕੀ ਮਾਸਕ ਲਗਾ ਕੇ ਰੱਖਣਾ ਪਏਗਾ
ਇਹ ਵੀ ਬਹੁਤ ਹੀ ਮੁਸ਼ਕਲ ਪ੍ਰਸ਼ਨ ਹੈ.ਇਸ ਦਾ ਸਹੀ ਜਵਾਬ ਭਵਿੱਖ ਵਿੱਚ ਹੀ ਤਜ਼ਰਬੇ ਦੇ ਅਧਾਰ ਤੇ ਦਿੱਤਾ ਜਾ ਸਕਦਾ ਹੈ. ਇਸ ਸਮੇਂ ਪ੍ਰੀਖਣਾਂ ਵਿੱਚ ਪਾਇਆ ਗਿਆ ਹੈ ਕਿ ਵੈਕਸੀਨ ਲਗਾ ਕੇ ਕਿਸੇ ਨੂੰ ਵੀ ਬਿਮਾਰੀ ਦੀ ਗੰਭੀਰਤਾ ਤੋਂ ਤਾਂ ਬਚਾਇਆ ਜਾ ਸਕਦਾ ਹੈ, ਪਰ ਉਹ ਉਸ ਸਮੇਂ ਵੀ ਹੋਰ ਲੋਕਾਂ ਤੱਕ ਵਾਇਰਸ ਫੈਲਾ ਸਕਦਾ ਹੈ. ਕਿਓਂਕਿ ਇਹ ਰੋਗ ਹੋਰਾਂ ਤੱਕ ਨਾ ਪਹੁੰਚੇ, ਇਸਲਈ ਮਾਸਕ ਲਗਾਉਣਾ, ਨਿਯਮਤ ਸਮੇਂ ਤੇ ਚੰਗੀ ਤਰ੍ਹਾਂ ਹੱਥ ਧੋਣਾ, ਸਰੀਰਕ ਦੂਰੀ ਰੱਖਣੀ ਬਹੁਤ ਹੀ ਜ਼ਰੂਰੀ ਹੈ. ਹੋਲੀ ਹੋਲੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲੱਗਣ ਤੋਂ ਬਾਅਦ ਹੀ ਅਤੇ ਇਸ ਬਿਮਾਰੀ ਦਾ ਰੁਝਾਨ ਦੇਖ ਕੇ ਹੀ ਅੱਗੇ ਵਾਸਤੇ ਕੁੱਝ ਨਿਰਣੇ ਲਏ ਜਾ ਸਕਦੇ ਹਨ.
ਅਜੇ ਵੀ ਡਾਕਟਰਾਂ ਅਤੇ ਪ੍ਰਸਾਸ਼ਨ ਵੱਲੋਂ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਕੇ ਇਸ ਰੋਗ ਤੋਂ ਆਪਣਾ ਬਚਾਅ ਰੱਖਣ l ਇਸ ਤੋਂ ਇਲਾਵਾ ਜੇ ਸਿਹਤ ਸੰਬੰਧੀ ਕੁੱਝ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ drperrysingh@gmail.com ਤੇ ਸੰਪਰਕ ਕਰ ਸਕਦੇ ਹੋ l
-ਹਵਾਲਾ- Engagement, Government Communications and Public. “COVID-19 Vaccines in B.C.” Province of British Columbia, Province of British Columbia, 18 Dec. 2020, www2.gov.bc.ca/gov/content/safety/emergency-preparedness-response-recovery/covid-19-provincial-support/vaccines. Canada, Health. “Government of Canada.” Canada.ca, / Gouvernement Du Canada, 16 Dec. 2020, www.canada.ca/en/health-canada/services/drugs-health-products/covid19-industry/drugs-vaccines-treatments/vaccines/pfizer-biontech.html. Canada, Health. “Government of Canada.” Canada.ca, / Gouvernement Du Canada, 23 Dec. 2020, www.canada.ca/en/health-canada/services/drugs-health-products/covid19-industry/drugs-vaccines-treatments/vaccines/moderna.html. “Coronavirus Disease (COVID-19): Vaccines.” World Health Organization, World Health Organization, www.who.int/news-room/q-a-detail/coronavirus-disease-(covid-19)-vaccines?adgroupsurvey=%7Badgroupsurvey%7D.
-
ਡਾ. ਪਰਵਿੰਦਰ ਸਿੰਘ, ਐਮ.ਡੀ.
drperrysingh@gmail.com
(604) 802-9532
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.