ਕੱਲ ਨਰਾਜ਼ ਹੋ ਗਿਆ ਸੀ
ਮੇਰਾ ਜ਼ਹਾਨ
ਰੁੱਸ ਗਈ ਸੀ ਦੁਨੀਆਂ
ਰੁੱਸੀ ਧਰਤ ਮਨਾਉਣੀ ਬਹੁਤ ਔਖੀ ਹੁੰਦੀ ਹੈ-
ਤੂੰ ਐਂਵੇ ਨਾ ਰੁੱਸ ਜਾਇਆ ਕਰ-
ਫਿਰ ਵਿਰਾਉਂਦਿਆਂ
ਬੀਤ ਜਾਂਦੀਆਂ ਨੇ ਸਦੀਆਂ-
ਅੱਥਰੂ ਵੱਖਰੇ ਮਰਦੇ ਨੇ-ਅਜ਼ਾਈਂ
ਰੂਹਾਂ ਤੇ ਜ਼ਖ਼ਮ ਹੋਰ-
ਗਲੀਆਂ ਨੂੰ ਵਾਧੂ ਰੋਣੇ-
ਫੁੱਲਾਂ ਨੂੰ ਵੱਖਰੀਆਂ ਝਰੀਟਾਂ-
ਨਾ ਨਰਾਜ਼ ਨਾ ਹੋਇਆ ਕਰ-
ਬਹੁਤ ਮੁਸ਼ਕਲ ਨੇ ਖ਼ਾਬ ਮਨਾਉਣੇ-
ਰੁੱਸਿਆ ਸੁਪਨਾ
ਫਿਰ ਇੱਕ ਵਾਰ ਨਹੀਂ
ਸੌ ਵਾਰ ਪੈਂਦਾ ਹੈ ਚੁੰਮਣਾ-
ਵਾਰ 2 ਲੈਣਾ ਪੈਂਦਾ ਹੈ ਗਲਵੱਕੜੀ ਚ ਘੁੱਟ ਕੇ
ਤਾਂ ਜਾ ਕੇ ਕਿਤੇ ਮੰਨਦਾ ਹੈ-
ਨਾ ਤੂੰ ਨਿੱਕੀ 2 ਗਲ ਤੇ
ਨਰਾਜ਼ ਨਾ ਹੋਇਆ ਕਰ
ਨਹੀਂ ਤਾਂ ਗੁੱਸੇ ਹੋਏ ਭਟਕਦੇ ਰਹਾਂਗੇ ਭੁੱਖੇ ਪਿਆਸੇ-
ਅੱਜਕਲ ਦੋ ਘੁੱਟ ਪਾਣੀ ਵੀ
ਕੋਈ ਨਹੀਂ ਪੁੱਛਦਾ-
ਪਿੱਠ ਤੇ ਹੱਥ ਤਾਂ ਕੀ ਰੱਖਣਾਂ
ਬਹੁਤ ਸਵਾਰਥੀ ਆਪਹੁਦਰਾ ਹੋ ਗਿਆ ਹੈ ਸੰਸਾਰ
ਹਾਂ ਜਾਗ ਪਿਆ ਕਰ
ਮੇਰੇ ਚੁੰਮਣ ਤੇ-
ਮੁਸਕਰਾ ਕੇ ਫਿਰ ਭਾਂਵੇਂ ਸੌਂ ਜਾਇਆ ਕਰ
ਸਾਰਾ ਦਿਨ ਰਾਤ-
ਇੰਜ਼ ਚੰਗਾ ਨਹੀਂ ਲਗਦਾ
ਕਿ ਨਾਲ ਲੱਗਕੇ ਸੁੱਤੇ ਹੋਈਏ
ਤੇ ਖ਼ਾਬਾਂ ਚ ਤੁਰੇ ਫਿਰੀਏ ਕਿਸੇ ਹੋਰ ਅੰਬਰ ਤੇ-
ਸੁਪਨਿਆਂ ਵਿੱਚ ਵੀ ਨਾਲ 2 ਰਿਹਾ ਕਰ ਮੇਰੇ-
ਹਾਦਸੇ ਹੋ ਜਾਂਦੇ ਨੇ
ਜੇ ਇਕੱਲੇ ਹੋਈਏ ਤਾਂ-
ਤੇ ਹਾਂ ਹਾਦਸਿਆਂ 'ਚ ਮਰੇ ਸੁਪਨੇ ਪਛਾਣੇ ਵੀ ਨਹੀਂ ਜਾਂਦੇ -
ਨਾ ਹੀ ਜੜ੍ਹ ਹੁੰਦੇ ਨੇ ਕਿਸੇ ਫਰੇਮ 'ਚ ਕਰੂਪ ਚਿਹਰੇ-
ਆਪਾਂ ਕਿਉਂ ਰਹੀਏ ਦੂਰ
ਦੂਰ ਰਹਿ 2 ਵਿਯੋਗ ਜਨਮਦੇ ਨੇ
ਫਿਰ ਉਹਨਾਂ ਨੂੰ ਫ਼ਿਰਾਂਗੇ ਸਾਂਭਦੇ!
ਇਹ ਸਾਰੇ ਦੁੱਖ ਹੀ ਵਿਯੋਗਾਂ ਦੇ ਨੇ-
ਨਾ ਮਰਮਾਂ ਨਾ ਪੱਟੀਆਂ
ਨਾ ਕੋਈ ਰੂਹ ਲੱਭੇ ਟੋਹਣ ਲਈ
ਨਾ ਪਤਾ ਲੱਗੇ ਧਰਵਾਸ ਕਿੱਥੇ ਰੱਖੀਏ
ਹੱਥਾਂ ਚ ਫ਼ੜ੍ਹੇ-ਜੇਬਾਂ ਚ ਸਾਂਭੇ-
ਜਦੋਂ ਵੀ ਕੋਈ ਮਿਟਿਆ ਵਿਛੋੜੇ ਚ ਹੀ ਮਰਿਆ
ਕੋਲ 2 ਰਹਾਂਗੇ
ਨਾ ਵਿਯੋਗ ਮਰਨ ਮਿਟਣ-
ਬੁੱਲਾਂ੍ਹ ਤੇ ਹਾਸੇ ਤੇ ਚੁੰਮਣ
ਬਾਹਾਂ ਚ ਗਲਵੱਕੜੀਆਂ-
ਏਦਾਂ ਹੀ ਜੇ ਪੈਂਦੀ ਰਹੇ ਕਿੱਕਲੀ
ਤਾਂ ਦੁਨੀਆਂ ਨਾ ਖ਼ੁਰੇ
ਪੱਛੀਆਂ ਨਾ ਜਾਣ ਰੂਹਾਂ
ਖ਼ਾਬ ਨਾ ਮਰਨ ਬੇਗੁਨਾਹ-
ਹਿਜ਼ਰ ਵੀ ਰਹਿਣ ਭਾਂਵੇਂ ਜਾਗਦੇ
ਫ਼ਾਸਿਲਿਆਂ ਚ ਕੁਝ ਨਹੀਂ ਰੱਖਿਆ-
ਸੁਣਿਆਂ ਕਰ ਗਹੁ ਨਾਲ ਮੇਰੀ
ਜਦ ਮੈਂ ਤੱਕਦਾ ਹਾਂ- ਤੈਨੂੰ ਕਰੀਬ ਤੋਂ
ਗਲ ਨਾਲ ਲਾ ਕੇ-
ਧਰਤੀ ਤੇ ਪੈਰ ਰੱਖ ਕੇ ਕੀ ਕਰਨੇ-
ਤੈਨੂੰ ਚੁੱਕ ਕੇ ਹੁਲਾਰੇ ਦੇਣ ਨੂੰ
ਬਹੁਤ ਜ਼ੋਰ ਹੈ ਮੇਰੀਆਂ ਬਾਹਵਾਂ ਵਿਚ
ਮੇਰੀਆਂ ਆਹਵਾਂ ਨੇੜੇ-
ਓਦੋਂ ਏਧਰ ਓਧਰ ਨਾ ਤੱਕੀਂ-
ਜਲ ਲੈਣ ਦੇਵੀਂ ਦੁਨੀਆਂ
ਭਸਮ ਹੋ ਲੈਣ ਦੇਵੀਂ ਸੰਸਾਰ-
ਸਾਡੀ ਆਪਣੀ ਧਰਤ
ਸਾਡਾ ਆਪਣਾ ਅਰਸ਼
ਬੱਦਲਾਂ ਚ ਅੱਠਖੇਲੀਆਂ ਕਰਦੇ
ਅਸੀਂ ਕੀ ਕਰਨੀਂ ਦੇਖ 2 ਸੜ੍ਹਦੀ ਬਲਦੀ ਧਰਤ-
-
ਡਾ. ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.