ਊਨੀ ਕਪੜੇ ਕੁਦਰਤੀ ਇੰਨਸੂਲੇਟਰ ਹੁੰਦੇ ਹਨ । ਜਿਸ ਕਰਕੇ ਉਹ ਸਾਡੇ ਸਰੀਰ ਨੂੰ ਠੰਡੇ ਮੋਸਮ ਵਿਚ ਨਿੱਘਾ ਰੱਖਦੇ ਹਨ। ਇਸ ਖਾਸੀਅਤ ਕਰਕੇ ਹੀ ਊਨੀ ਕਪੜੇ ਸਰਦੀਆਂ ਵਿਚ ਸਾਡੀ ਕੱਪੜਾਂ ਸ਼ੈਲੀ ਦਾ ਇਕ ਅਨਿਖੜਵਾਂ ਅੰਗ ਬਣ ਜਾਂਦੇ ਹਨ। ਊਨੀ ਕਪੜਿਆਂ ਦੀ ਖਰੀਦਦਾਰੀ ਕਰਦੇ ਸਮੇਂ ਗ੍ਰਾਹਕ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਖਰੀਦਦਾਰੀ ਤੇ ਲਗਾਏ ਪੈਸਿਆਂ ਦਾ ਸਹੀ ਮੁੱਲ ਮਿਲ ਸਕੇ। ਅੱਜ ਕੱਲ ਬਾਜਾਰ ਵਿਚ ਊਨੀ ਰੇਸ਼ਿਆਂ ਵਰਗਾ ਇਕ ਸਿੰਥੇਟਿਕ ਰੇਸ਼ਾ ਉਪਲਬੱਧ ਹੈ, ਜਿਸਨੂੰ ਅਕਰੈਲਿਕ ਰੇਸ਼ੇ ਦੇ ਨਾਮ ਤੋ ਜਾਣਿਆ ਜਾਂਦਾ ਹੈ। ਸਿੰਥੇਟਿਕ ਰੇਸ਼ਿਆਂ ਨੂੰ ਊਨੀ ਰੇਸ਼ਿਆਂ ਨਾਲ ਮਿਲਾਕੇ ਘੱਟ ਰੇਟ ਵਾਲਾ ਮਿਲਾਵਟੀ ਕੱਪੜੇ ਤਿਆਰ ਕੀਤੇ ਜਾਂਦੇ ਹਨ ਅਤੇ ਦੁਕਾਨਦਾਰ ਇਨਾਂ ਮਿਲਾਵਟੀ ਰੇਸ਼ਿਆਂ ਤੋ ਤਿਆਰ ਧਾਗਾ , ਕੱਪੜਾ ਜਾਂ ਹੋਰ ਵਸਤਰਾਂ ਨੂੰ ਸ਼ੁੱਧ ਊਨੀ ਰੇਸ਼ਿਆਂ ਤੋ ਤਿਆਰ ਕਹਿਕੇ ਹੀ ਵੇਚਦਾ ਹੈ। ਇਸ ਲਈ ਗ੍ਰਾਹਕ ਲਈ ਬਹੁਤ ਜ਼ਰੂਰੀ ਹੈ ਕਿ ਉਹ ਇਨਾਂ ਧੋਖੇਬਾਜ਼ ਦੁਕਾਨਦਾਰਾਂ ਤੋਂ ਆਪਣੇ ਆਪ ਨੂੰ ਬਚਾਵੇ ਅਤੇ ਵੂਲਮਾਰਕ (Wool Mark) ਤੋ ਜਾਣੂ ਹੋਵੇ।
ਵੂਲਮਾਰਕ ਰਾਹੀ ਊਨੀ ਰੇਸ਼ਿਆਂ ਦੀ ਪਹਿਚਾਣ
ਇਹ ਵੂਲਮਾਰਕ ਊਨੀ ਉਤਪਾਦਾ ਦੀ ਸ਼ੁਧਤਾਂ ਅਤੇ ਗੁਣਵਤਾ ਨੂੰ ਯਕੀਨੀ ਬਨਾਉਂਦਾ ਹੈ। ਇਹ ਵੂਲਮਾਰਕ ਦਾ ਨਿਸ਼ਾਨ ਅਸਟ੍ਰੇਲੀਅਨ ਵੂਲ ਐਸੋਸੀਏਸ਼ਨ ਲਿਮਟਿਡ (AWI) ਦੇ ਇਕ ਉਦਯੋਗ ਦਾ ਵਪਾਰਕ ਨਿਸ਼ਾਨ ਹੈ। ਇਹ ਉਹਨਾਂ ਉਤਪਾਦਾ ਤੇ ਲਾਗੂ ਹੁੰਦਾ ਜੋ ਜਾਂਚ ਅਧੀਨ 100 % ਸ਼ੁੱਧਨਵੀਂ ਊਨ ਤੋ ਤਿਆਰ ਪਾਏ ਜਾਂਦੇ ਹਨ। ਅਸਲੀ ਵੂਲਮਾਰਕ ਦੇ ਨਿਸ਼ਾਨ ਵਿਚ ਪੰਜ ਕਾਲੀਆਂ ਸਤਰਾਂ (ਲਾਈਨਾਂ) ਅਤੇ ਚਾਰ ਚਿਟੀਆਂ ਸਤਰਾਂ (ਲਾਈਨਾਂ) ਹੁੰਦੀਆਂ ਹਨ। ਇਹ ਸਤਰਾਂ ਬਹੁਤ ਧਿਆਨ ਨਾਲ ਗਿਣਿਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਵੂਲਮਾਰਕ ਦੀ ਨਕਲ ਲਈ ਕਈ ਨਿਰਮਾਤਾ ਨਿਸ਼ਾਨ ਦੇ ਲਗਭਗ ਬਿਲਕੁਲ ਸਮਾਨ ਸ਼ਕਲ ਦੀ ਵਰਤੋ ਕਰਦੇ ਹਨ, ਪਰ ਲਾਈਨਾਂ ਵਿੱਚ ਕੁੱਲ ਸੰਖਿਆਂ ਵਿਚ ਅੰਤਰ ਦੇ ਨਾਲ ਨਕਲੀ ਵੂਲਮਾਰਕ ਦੇ ਨਿਸ਼ਾਨ ਨੂੰ ਪਹਿਚਾਣਿਆਂ ਜਾ ਸਕਦਾ ਹੈ।
ਵੂਲਮਾਰਕ (Wool Mark)
ਬਰਨਿੰਗ ਨਿਰਿਖਣ ਰਾਹੀ ਊਨੀ ਰੇਸ਼ਿਆਂ ਦੀ ਪਹਿਚਾਣ
ਕਈ ਵਾਰੀ ਦੁਕਾਨਦਾਰ ਆਪਣਾ ਸਿੰਥੇਟਿਕ ਉਤਪਾਦ ਊਨੀ ਉਤਪਾਦ ਦੇ ਨਾਮ ਨਾਲ ਵੇਚਣ ਲਈ ਉਸ ਉਪਰੋ ਲੇਬਲ ਉਤਾਰ ਦਿੰਦਾ ਹੈ। ਜੇਕਰ ਊਨੀ ਕੱਪੜਾ ਖਰੀਦਣ ਸਮੇਂ, ਉਸ ੳੱਪਰ ਲੇਬਲ ਨਹੀਂ ਵੀ ਲਗਿਆ ਹੋਇਆ, ਪਰ ਖਰੀਦਦਾਰ ਸ਼ੁੱਧਤਾ ਦੀ ਪੜਤਾਲ ਕਰਨਾ ਚਾਹੁੰਦਾ ਹੋਵੇ ਤਾਂ ਉਹ ਉਸ ਉਤਪਾਦ ਜਾਂ ਕੱਪੜੇ ਵਿਚਂੋ ਇਕ ਧਾਗਾਂ ਜਾਂ ਰੇਸ਼ਾ ਕੱਢਕੇ ਉਸ ਨੂੰ ਸਾੜ ਕੇ ਪਤਾ ਕਰ ਸਕਦਾ ਹੈ ਕਿ ਉਹ ਉਤਪਾਦ ਸ਼ੁੱਧ ਊਨੀ ਹੈ ਜਾਂ ਨਹੀ। ਜੇਕਰ ਧਾਗੇ ਨੂੰ ਅੱਗ ਲਗਾਉਣ ਨਾਲ ਸੜੇ ਹੋਏ ਵਾਲਾਂ ਵਰਗੀ ਗੰਧ ਆਉਂਦੀ ਹੈ ਤਾਂ ਉਹ ਸ਼ੁੱਧ ਊਨੀ ਉਤਪਾਦ ਹੈ ਅਤੇ ਜੇਕਰ ਉਸ ਵਿਚੋ ਸਾੜਨ ਤੇ ਕਿਸੇ ਕੈਮੀਕਲ ਦੀ ਗੰਧ ਆਵੇ ਅਤੇ ਧਾਗਾ ਪਿੱਘਲਣ ਲਗ ਜਾਵੇ ਤਾਂ ਉਹ ਸਿੰਥੇਟਿਕ ਰੇਸ਼ਿਆਂ ਤੋ ਬਣਿਆ ਉਪਤਾਦ ਹੁੰਦਾ ਹੈ।
ਬਰਨਿੰਗ ਨਿਰਿਖਣ
ਊਨੀ ਕੱਪੜਿਆਂ ਦੀ ਸਾਂਭ ਸੰਭਾਲ
ਊਨੀ ਕੱਪੜਿਆਂ ਦੀ ਸਾਂਭ ਸੰਭਾਲ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ, ਜੋ ਇਨਾ ਦੀ ਉਮਰ ਨੂੰ ਵਧਾਉਣ ਵਿਚ ਸਹਾਇਕ ਹੁੰਦੀ ਹੈ। ਹਲਕੇ ਅਤੇ ਘੱਟ ਖਾਰ ਵਾਲੇ ਸਾਬਣ ਜਾਂ ਪਾਊਡਰ ਨਾਲ ਊਨੀ ਕੱਪੜਿਆਂ ਨੂੰ ਧੋਣਾ ਚਾਹੀਦਾ ਹੈ ਕਿਉਂਕਿ ਭਾਰੀ ਜਾਂ ਜ਼ਿਆਦਾ ਖਾਰ ਵਾਲੇ ਸਾਬਣ ਜਾਂ ਪਾਊਡਰ ਦੀ ਵਰਤੋ ਕਰਨ ਨਾਲ ਊਨੀ ਕੱਪੜਿਆ ਦੀ ਦਿੱਖ ਖਰਾਬ ਹੋ ਜਾਂਦੀ ਹੈ, ਫਿਰ ਉਹ ਪਹਿਲਾ ਵਰਗੇ ਨਹੀ ਰਹਿੰਦੇ।ਊਨੀ ਕੱਪੜਿਆਂ ਦੀ ਧੁਲਾਈ ਕਰਨ ਤੋ ਪਹਿਲਾ ਕੱਪੜਿਆਂ ਉੱਪਰ ਲਗੇ ਲੇਬਲ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾ ਹੈ ਕਿ ਉਹ ਮਸ਼ੀਨ ਵਿਚ ਧੋਣੇ ਹਨ ਜਾਂ ਨਹੀ। ਜੇਕਰ ਮਸ਼ੀਨ ਧੁਲਾਈ ਲਿਖੀ ਹੋਵੇ ਤਾਂ ਸਭ ਤੋ ਪਹਿਲਾ ਮਸ਼ੀਨ ਦੀ ਸੈਟਿੰਗ ਬਦਲ ਕੇ ਊਨੀ ਗੇੜ ਵਿਚ ਕਰੋ ਅਤੇ ਫਿਰ ਇਨਾਂ ਨੂੰ ਧੋਵੋਂ। ਧਿਆਨ ਰੱਖੋ ਕਿ ਊਨੀ ਕੱਪੜਿਆਂ ਦੀ ਧੁਲਾਈ ਸਿਰਫ ਠੰਡੇ ਜਾਂ ਕੋਸੇ ਪਾਣੀ ਵਿਚ ਕਰੋ ਕਿਉਂਕਿ ਗਰਮ ਪਾਣੀ ਦੀ ਵਰਤੋ ਕਰਨ ਨਾਲ ਇਨਾਂ ਦੀ ਬਣਤਰ ਹਿੱਲ ਜਾਂਦੀ ਹੈ। ਇਹਨਾਂ ਕੱਪੜਿਆਂ ਨੂੰ ਜ਼ਿਆਦਾ ਮਲਣ ਜਾਂ ਰੱਗੜਣ ਦੀ ਜ਼ਰੂਰਤ ਨਹੀ ਹੁੰਦੀ, ਬਲਕਿ ਬਹੁਤ ਹਲਕੇ ਹੱਥਾਂ ਨਾਲ ਧੋਣਾ ਚਾਹੀਦਾ ਹੈ, ਖਾਸ ਕਰਕੇ ਸਵੈਟਰਾ ਅਤੇ ਸ਼ਾਲਾਂ ਨੂੰ। ਊਨੀ ਕੱਪੜਿਆਂ ਨੂੰ ਸੁਕਾਉਣ ਲਈ ਉਨ੍ਹਾਂ ਨੂੰ ਚਿੱਟੇ ਜਾਂ ਹਲਕੇ ਰੰਗ ਦੇ ਤੋਲੀਏ ਵਿਚ ਲਪੇਟ ਕੇ ਦਬਾਉਣਾ ਚਾਹੀਦਾ ਹੈ ਜਿਸ ਨਾਲ ਸਾਰਾ ਪਾਣੀ ਨੁਚੱੜ ਜਾਂਦਾ ਹੈ।ਫਿਰ ਇਨਾਂ ਕੱਪੜਿਆਂ ਨੂੰ ਮੇਜ਼ ਜਾਂ ਬੈਡ ਤੇ ਸਿੱਧਾ ਸੁਕਾਉਣ ਲਈ ਪਾ ਦੇਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਦੀ ਬਣਤਰ ਠੀਕ ਰਹਿੰਦੀ ਹੈ। ਪਰ ਜੇਕਰ ਇਨਾਂ ਨੂੰ ਰੱਸੀ ਉੱਤੇ ਸੁਕਾਉਣ ਲਈ ਲਟਕਾਇਆ ਜਾਵੇ ਤਾਂ ਇਹ ਆਪਣੀ ਬਣਤਰ ਤੋ ਹਿੱਲ ਜਾਂਦੇ ਹਨ। ਊਨੀ ਕੱਪੜਿਆਂ ਨੂੰ ਉਸ ਜਗ੍ਹਾਂ ਤੇ ਸੁਕਾਉਣਾ ਚਾਹੀਦਾ ਹੈ ਜਿਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ ਨਹੀ ਤਾਂ ਗੂੜੇ ਰੰਗਾਂ ਵਾਲੇ ਕੱਪੜੇ ਫਿੱਟ ਜਾਂਦੇ ਹਨ।
ਜਦ ਸਰਦੀਆਂ ਦਾ ਮੌਸਮ ਖਤਮ ਹੂੰਦਾ ਹੈ ਤਾਂ ਸਾਨੂੰ ਊਨੀ ਕੱਪੜਿਆਂ ਨੂੰ ਬਹੁਤ ਸਾਵਧਾਨੀ ਨਾਲ ਸੰਭਾਲਨਾ ਚਾਹੀਦਾ ਹੈ। ਕਿਉਂਕਿ ਊਨੀ ਕੱਪੜਿਆਂ ਨੂੰ ਕੀੜਾ ਪੈਣ ਦਾ ਡਰ ਸਭ ਤੋ ਜ਼ਿਆਦਾ ਹੁੰਦਾ ਹੈ। ਸੰਭਾਲਣ ਤੋ ਪਹਿਲਾ ਕੱਪੜਿਆਂ ਨੂੰ ਧੋ ਕੇ , ਸਾਫ ਕਰਕੇ , ਚੰਗੀ ਤਰਾਂ ਸੁੱਕਾ ਕੇ, ਤਹਿ ਲਗਾ ਲੈਣਾ ਚਾਹੀਦਾ ਹੈ, ਕਿਉਂਕਿ ਥੋੜੀ ਜਿਹੀ ਨਮੀ ਅਤੇ ਹਵਾ ਵੀ ਕੀੜਿਆਂ ਨੂੰ ਹਮਲਾ ਕਰਨ ਲਈ ਸੰਵੇਦਨਸ਼ੀਲ ਕਰ ਦਿੰਦੇ ਹਨ। ਜਿਸ ਕਰਕੇ ਊਨੀ ਕੱਪੜਿਆਂ ਨੂੰ ਹਵਾ ਬੰਦ ਡੱਬੇ ਜਾਂ ਲਿਫਾਫਿਆਂ ਵਿਚ ਬੰਦ ਕਰਕੇ ਸੰਭਾਲਣ ਦੀ ਹਿਦਾਇਤ ਦਿੱਤੀ ਜਾਂਦੀ ਹੈ।ਊਨੀ ਕੱਪੜਿਆਂ ਦੀ ਸੰਭਾਲ ਸਮੇਂ ਸਾਬਣ ਦਾ ਟੁੱਕੜਾ, ਲੌਂਗ, ਦਾਲਚੀਨੀ, ਸਿਡਰ ਸਟਿਕ ਜਾਂ ਲਵੈਨਡਰ ਦੀਆਂ ਗੋਲਿਆਂ ਜ਼ਰੂਰ ਰੱਖਣੀਆਂ ਚਾਹਿਦੀਆਂ ਹਨ। ਇਨਾਂ ਦੀ ਸੁੰਗਧ ਊਨੀ ਕੱਪੜਿਆਂ ਉਪਰ ਕੀੜਿਆਂ ਦਾ ਹਮਲਾ ਰੋਕ ਦਿੰਦੀ ਹੈ। ਇਨ੍ਹਾਂ ਚੀਜ਼ਾਂ ਦਾ ਸੰਪਰਕ ਸਿੱਧਾ ਕੱਪੜਿਆਂ ਨਾਲ ਨਹੀ ਕਰਨਾ ਚਾਹੀਦਾ। ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀ ਆਪਣੇ ਊਨੀ ਕੱਪੜਿਆਂ ਨੂੰ ਅਗਲੇ ਸੀਜ਼ਨ ਵਿੱਚ ਪਾਉਣ ਲਈ ਚੰਗੀ ਤਰ੍ਹਾਂ ਸੰਭਾਲ ਸਕਦੇ ਹੋ।
-
ਸੁਰਭੀ ਮਹਾਜਨ ਅਤੇ ਮਨੀਸ਼ਾ ਸੇਠੀ, ਸਹਾਇਕ ਪ੍ਰੋਫੈਸਰ ਅਤੇ ਰਿਸਰਚ ਫੈਲੌ, ਵਸਤਰ ਵਿਗਿਆਨ ਵਿਭਾਗ,ਕਮਿਉਨਿਟੀ ਸਾਇੰਸ ਕਾਲਜ, ਪੀ.ਏ.ਯੂ, ਲੁਧਿਆਣਾ
adcomm@pau.edu
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.