ਕੁਝ ਦਿਨ ਪਹਿਲਾਂ ਪੰਜਾਬੀ ਦੇ ਇੱਕ ਅਖਬਾਰ ਵਿੱਚ ਤਲਵਿੰਦਰ ਸਿੰਘ ਬੁੱਟਰ ਜੀ ਦਾ ਲਿਖਿਆ ਹੋਇਆ ਇੱਕ ਲੇਖ ਦੋ ਕਿਸ਼ਤਾਂ ਵਿੱਚ ਪੜ੍ਹਿਆ। ਲੇਖ ਦਾ ਵਿਸ਼ਾ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੀਰਤਨ ਪ੍ਰੰਪਰਾ ਦੀ ਮੌਲਿਕਤਾ ਬਹਾਲ ਰੱਖਣ ਬਾਰੇ ਸੀ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਕਵੀ ਰਬਿੰਦਰ ਨਾਥ ਟੈਗੋਰ ਸ੍ਰੀ ਦਰਬਾਰ ਸਾਹਿਬ ਆਏ ਤਾਂ ਇੱਥੇ ਰਾਗਾਂ ਵਿੱਚ ਹੋ ਰਹੇ ਗੁਰਬਾਣੀ ਕੀਰਤਨ ਨੂੰ ਸੁਣ ਕੇ ਇੱਥੋਂ ਇੱਕ ਰਾਗੀ ਨੂੰ ਆਪਣੇ ਨਾਲ ਲਿਜਾਣ ਦੀ ਇੱਛਾ ਜ਼ਾਹਰ ਕੀਤੀ। ਕੁਝ ਸਮਾਂ ਪਹਿਲਾਂ ਮੈਨੂੰ ਤੰਤੀ ਸਾਜ਼ਾਂ ਦੀ ਮਦਦ ਨਾਲ ਤੇ ਰਾਗਾਂ ਵਿੱਚ ਗਾਇਨ ਕੀਰਤਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਪਰ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਦੇਖੀ ਤਾਂ ਉਸਦੀ ਸ਼ੁਰੂਆਤ ਵਿੱਚ ਭਾਈ ਸਮੁੰਦ ਸਿੰਘ ਜੀ ਰਾਗੀ ਦਾ ਗਇਨ ਸ਼ਬਦ ‘ਕਲਿ ਤਾਰਣ ਗੁਰ ਨਾਨਕ ਆਇਆ' ਸੁਣਿਆ ਤਾਂ ਸੁਣਨ ਵਿੱਚ ਬੜਾ ਹੀ ਅਨੰਦ ਆਇਆ ਅਤੇ ਇਹ ਸ਼ਬਦ ਵਾਰ ਵਾਰ ਸੁਣਿਆਂ। ਕਾਰਨ ਇਹ ਸੀ ਕਿ ਇਹ ਸ਼ਬਦ ਤੰਤੀ ਸਾਜ਼ਾਂ ਦੀ ਮਦਦ ਨਾਲ ਰਾਗਾਂ ਵਿੱਚ ਗਾਇਨ ਕੀਤਾ ਗਿਆ ਸੀ। ਭਾਈ ਸਮੁੰਦ ਸਿੰਘ ਜੀ ਰਾਗੀ ਦਾ ਇਹ ਮੰਨਣਾ ਸੀ ਕਿ ਤੰਤੀ ਸਾਜ਼ ਕੀਰਤਨ ਵਿੱਚ ਰਸ ਭਰ ਦਿੰਦੇ ਹਨ ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਤੁਸੀਂ ਤੰਤੀ ਸਾਜ਼ਾਂ ਨਾਲ ਗਾਇਨ ਕਿਸੇ ਵੀ ਸ਼ਬਦ ਨੂੰ ਸੁਣਕੇ ਇਹ ਮਹਿਸੂਸ ਕਰ ਸਕਦੇ ਹੋ। ਇਸ ਤਰ੍ਹਾਂ ਹੋਰ ਪਤਾ ਕਰਨ ਤੇ ਇਹ ਗੱਲ ਪਤਾ ਲੱਗੀ ਕਿ ਹੁਣ ਆਮ ਰਾਗੀਆਂ ਵੱਲੋਂ ਵਰਤਿਆਂ ਜਾਣ ਵਾਲਾ ਸਾਜ਼ ਹਾਰਮੋਨੀਅਮ ਇੱਕ ਵਿਦੇਸ਼ੀ ਸਾਜ਼ ਹੈ ਜੋ ਪੱਛਮ ਤੋਂ ਆਇਆ ਹੈ ਤੇ ਹੌਲੀ ਹੌਲੀ ਇਸਨੇ ਆਪਣੀ ਜਗ੍ਹਾ ਅਜਿਹੀ ਬਣਾਈ ਕਿ ਤੰਤੀ ਸਾਜ਼ਾਂ ਦੀ ਵਰਤੋਂ ਬਹੁਤ ਘੱਟ ਜਾਂ ਬਿਲਕੁਲ ਬੰਦ ਹੋ ਗਈ।
ਮੈਨੂੰ ਰਾਗਾਂ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਕੀਰਤਨ ਸੁਣਕੇ ਪਤਾ ਜ਼ਰੂਰ ਲੱਗ ਜਾਂਦਾ ਹੈ ਕਿ ਗੁਰਬਾਣੀ ਕੀਰਤਨ ਰਾਗਾਂ ਵਿੱਚ ਹੋ ਰਿਹਾ ਹੈ ਜਾਂ ਨਹੀਂ। ਸ੍ਰ. ਬੁੱਟਰ ਜੀ ਨੇ ਇਹ ਵੀ ਬੜੇ ਬੇਬਾਕ ਹੋ ਕੇ ਲਿਖਿਆ ਕਿ ਹੁਣ ਵਾਲੇ ਬਹੁਤੇ ਰਾਗੀ ਫ਼ਿਲਮੀ ਜਾ ਹੋਰ ਗੀਤਾਂ ਦੀ ਤਰਜ਼ ਤੇ ਹੀ ਗੁਰਬਾਣੀ ਕੀਰਤਨ ਕਰਦੇ ਹਨ, ਜੋ ਕਿ ਸਹੀ ਨਹੀਂ ਹੈ। ਰਾਗਾਂ ਵਿੱਚ ਸ਼ਬਦ ਗਾਇਨ ਕਰਨ ਤੇ ਸਖ਼ਤ ਮਿਹਨਤ ਤੇ ਅਭਿਆਸ ਦੀ ਜ਼ਰੂਰਤ ਹੈ, ਜਿਸਤੋਂ ਬਹੁਤੇ ਰਾਗੀ ਸਿੰਘ ਹੁਣ ਕੰਨੀ ਕਤਰਾਉਂਦੇ ਹਨ। ਬਹੁਤੇ ਕੀਰਤਨੀਏ ਜੱਥਿਆਂ ਨਾਲ ਇੱਕ ਤੰਤੀ ਸਾਜ਼ ਵਜਾਉਣ ਵਾਲਾ ਸਿੰਘ ਅਲੱਗ ਤੋਂ ਬੈਠਾ ਹੁੰਦਾ ਹੈ, ਜੋ ਜਿਆਦਾਤਰ ਖੱਬੇ ਪਾਸੇ ਬੈਠਾ ਰਬਾਬ,ਦਿਲਰੁਬਾ ਜਾਂ ਤਾਊਸ ਵਜਾਉਂਦਾ ਹੈ।
ਪਰ ਉਸਦੇ ਵਜਾਏ ਜਾਂਦੇ ਸਾਜ਼ ਦੀ ਅਵਾਜ਼ ਪਤਾ ਨਹੀਂ ਕਿਉਂ ਜਿਆਦਾਤਰ ਮੱਧਮ ਹੀ ਸੁਣਾਈ ਦਿੰਦੀ ਹੈ? ਇੱਕ ਦਿਨ ਮੈਂ ਲਾਈਵ ਟੈਲੀਕਾਸਟ ਦੇਖਦੇ ਹੋਏ ਨੋਟ ਕੀਤਾ ਕਿ ਦੋਂ ਵਿੱਚੋਂ ਇੱਕ ਹਾਰਮੋਨੀਅਮ ਵਜਾਉਣ ਵਾਲਾ ਰਾਗੀ ਸਿੰਘ ਅਚਾਨਕ ਕਿਸੇ ਕਾਰਨ ਕੁਝ ਸਕਿੰਟ ਲਈ ਰੁਕ ਗਿਆ ਤਾਂ ਉਸਦੇ ਨਾਲ ਬੈਠੇ ਸਿੰਘ ਵੱਲੋਂ ਵਜਾਈ ਜਾ ਰਹੀ ਰਬਾਬ ਦੀ ਅਵਾਜ਼ ਬੜੀ ਸਾਫ਼ ਸੁਣਾਈ ਦਿੱਤੀ, ਜੋ ਸੁਣਨ ਵਿੱਚ ਵੀ ਬਹੁਤ ਚੰਗੀ ਲੱਗੀ। ਸ੍ਰ. ਬੁੱਟਰ ਨੇ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨੀਆਂ ਦੀ ਚੋਣ ਅਤੇ ਅਦਲਾ ਬਦਲੀ ਵੇਲੇ ਸਿਆਸੀ ਸਿਫ਼ਾਰਸ਼ਾਂ ਭਾਰੂ ਹੋਣ ਕਰਕੇ ਇੱਥੇ ਰਵਾਇਤੀ ਜਾਂ ਤੰਤੀ ਸਾਜ਼ਾਂ ਨਾਲ ਸ਼ੁੱਧ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਕੀਰਤਨੀਆਂ ਦੇ ਅਣਗੌਲੇ ਜਾਣ ਨਾਲ ਵੀ ਇਲਾਹੀ ਕੀਰਤਨ ਪ੍ਰੰਪਰਾ ਦੇ ਮਿਆਰ ਨੂੰ ਸੱਟ ਵੱਜੀ ਹੈ। ਮੈਂ ਆਪਣੇ ਉਹਨਾਂ ਸਾਰੇ ਸਾਥੀਆਂ ਤੇ ਪਿਆਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਦੇ ਸਮੇਂ ਵਿੱਚ ਇੰਟਰਨੈੱਟ ਦੀ ਮਦਦ ਨਾਲ ਤੁਸੀਂ ਜਦ ਵੀ ਚਾਹੋ ਤਾਂ ਸਰਚ ਕਰਕੇ ਇਸ ਵੰਨਗੀ ਦੇ ਗੁਰਬਾਣੀ ਕੀਰਤਨ ਦਾ ਅਨੰਦ ਮਾਣ ਸਕਦੇ ਹੋ ਜੋ ਤੁਹਾਡੀ ਰੂਹ ਤੱਕ ਅਸਰ ਕਰੇਗਾ।
ਫ਼ਿਲਮੀ ਗਾਣਿਆਂ ਅਤੇ ਮਨਘੜਤ ਤਰਜ਼ਾਂ ਤੇ ਕੀਰਤਨ ਕਰਦੇ ਕੀਰਤਨੀਏ ਸਿੰਘਾਂ ਨੂੰ ਤੰਤੀ ਸਾਜ਼ਾਂ ਤੇ ਰਾਗਾਂ ਵਿੱਚ ਕੀਰਤਨ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤੇ ਨਾਲ ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੀਰਤਨੀਏ ਸਿੰਘਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਹੁਣ ਦੀ ਪੀੜ੍ਹੀ ਵਿੱਚੋਂ ਭਾਰੀ ਸ੍ਰੀਪਾਲ ਸਿੰਘ ਜੀ ਦੇ ਇੱਕ ਕੀਰਤਨ ਵੀਡੀਓ ਹੇਠਾਂ ਯੂ ਟਿਊਬ ਉੱਤੇ ਮੈਂ ਇੱਕ ਸੋਹਣੀ ਟਿੱਪਣੀ ਕੀਤੀ ਤਾਂ ਭਾਈ ਸਾਹਬ ਵੱਲੋਂ ਓਨਾ ਹੀ ਸੋਹਣਾ ਧੰਨਵਾਦ ਵੀ ਮਿਲਿਆ। ਇਸ ਵੰਨਗੀ ਦਾ ਗੁਰਬਾਣੀ ਕੀਰਤਨ ਅਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਸ਼ੁਰੂ ਕਰਵਾ ਸਕਦੇ ਹਾਂ, ਬੱਸ ਲੋੜ ਹੈ ਸਿਰਫ ਰਲ ਮਿਲਕੇ ਇਸ ਬਾਰੇ ਸੋਚਣ ਅਤੇ ਕੁਝ ਕਰਨ ਦੀ।
-
ਲਖਵਿੰਦਰ ਜੌਹਲ ‘ਧੱਲੇਕੇ’, ਲੇਖਕ
johallakwinder@gmail.com
+91 9815959476
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.