ਕੀ ਕੋਵਿਡ ਖਾਣੇ ਤੋਂ ਵੀ ਹੋ ਸਕਦਾ ਹੈ-
ਕੋਵਿਡ ਵਿੱਚ ਭੋਜਨ ਦਾ ਖਿਆਲ ਕਿਵੇਂ ਰੱਖੀਏ-
ਐਸੇ ਕਈ ਪ੍ਰਸ਼ਨ ਸਾਡੇ ਮਨ ਵਿੱਚ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਜੁਆਬ ਕਈ ਵਾਰ ਸਾਡੇ ਕੋਲ ਸਾਫ-ਸਾਫ ਨਹੀਂ ਹੁੰਦੇ. ਕਿਓਂਕਿ ਇਸ ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ ਇਸ ਲਈ ਇਸ ਦੇ ਬਚਾਅ ਵਿੱਚ ਹੀ ਸਾਡਾ ਭਲਾ ਹੈ. ਚੰਗਾ ਖਾਣਾ ਹੀ ਸਰੀਰ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਵਧਾਉਂਦਾ ਹੈ, ਇਸ ਲਈ ਇਸ ਬਿਮਾਰੀ ਵਿੱਚ ਖਾਣੇ ਦਾ ਬਹੁਤ ਹੀ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹ?. ਖਾਣੇ ਨਾਲ ਸੰਬੰਧਤ ਕਈ ਪ੍ਰਸ਼ਨ ਜਿਨ੍ਹਾਂ ਬਾਰੇ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ, ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਇਸ ਆਰਟੀਕਲ ਦੇ ਜ਼ਰੀਏ ਕਰ ਰਿਹਾ ਹਾਂ.
ਕੀ ਮੈਨੂੰ ਭੋਜਨ ਤੋਂ ਕੋਵਿਡ ਹੋ ਸਕਦਾ ਹੈ-
ਅਜੇ ਤੱਕ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਪਤਾ ਲੱਗੇ ਕਿ ਕੋਵਿਡ ਭੋਜਨ ਨਾਲ ਵੀ ਫੈਲਦਾ ਹੈ ਜਿਵੇਂ ਕਿ ਹੋਰ ਬਿਮਾਰੀਆਂ ਜਿਵੇਂ ਕਿ ਹੈਪੇਟਾਈਟਸ, ਟਾਈਫਾਈਡ, ਹੈਜ਼ਾ ਆਦਿ.ਚੂੰਕਿ ਕੋਵਿਡ ਦਾ ਵਾਇਰਸ ਸਾਡੇ ਸਾਹ ਦੇ ਰਸਤੇ ਹੁੰਦਾ ਹੈ, ਇਸ ਲਈ ਇਹ ਮਰੀਜ਼ ਦੀ ਥੁੱਕ ਨਾਲ, ਜਦੋਂ ਕਿ ਬੰਦਾ ਖਾਂਸੀ ਕਰਦਾ ਹੈ ਜਾਂ ਛਿੱਕ ਮਾਰਦਾ ਹੈ, ਤਾਂ ਹੀ ਫੈਲਦਾ ਹੈ.
ਕੀ ਕੋਵਿਡ ਦਾ ਵਾਇਰਸ ਖਾਣੇ ਦੀ ਸਤਿਹ ਜਿਵੇਂ ਕਿ ਫਲ ਤੇ ਸਬਜੀਆਂ, ਫ੍ਰੋਜ਼ਨ ਫੂਡ ਅਤੇ ਪੈਕ ਫੂਡ ਆਦਿਕ ਦੇ ਉਪਰ ਵੀ ਰਹਿ ਸਕਦਾ ਹੈ ਅਤੇ ਇਸ ਨਾਲ ਸਾਨੂੰ ਕੋਵਿਡ ਹੋ ਸਕਦਾ ਹੈ-
ਇਹ ਠੀਕ ਹੈ ਕਿ ਕੋਵਿਡ ਵਾਇਰਸ ਫਲ ਤੇ ਸਬਜੀਆਂ, ਫ੍ਰੋਜ਼ਨ ਫੂਡ ਅਤੇ ਭੋਜਨ ਦੇ ਪੈਕਟਾਂ ਤੇ ਰਹਿ ਸਕਦਾ ਹੈ ਅਤੇ ਬਾਕੀ ਕਰੋਨਾ ਵਾਇਰਸ ਵਾਂਗ ਕਾਫੀ ਦੇਰ ਤੱਕ ਉਥੇ ਰਹਿ ਸਕਦਾ ਹੈ ਪਰ ਉਹ ਉਥੇ ਵੱਧ ਫੁੱਲ ਨਹੀਂ ਸਕਦਾ ਅਤੇ ਕੁੱਝ ਕੁ ਸਮੇਂ ਮਗਰੋਂ ਇਹ ਮਰ ਜਾਂਦਾ ਹੈ.ਜੇ ਅਸੀਂ ਇਹ ਵਾਇਰਸ ਵਾਲਾ ਭੋਜਨ ਖਾਂਦੇ ਵੀ ਹਾਂ ਤਾਂ ਇਹ ਵਾਇਰਸ ਸਾਡੇ ਮਿਹਦੇ ਦੇ ਐਸਿਡ ਦੇ ਸੰਪਰਕ ਵਿੱਚ ਆ ਕੇ ਮਰ ਜਾਂਦਾ ਹੈ ਅਤੇ ਅਜੇ ਤੱਕ ਇਹੋ ਜਿਹਾ ਕੋਈ ਕੇਸ ਦੇਖਣ ਨੂੰ ਨਹੀਂ ਮਿਲਿਆ ਜਿਸ ਤੋਂ ਪਤਾ ਲਗਦਾ ਹੋਵੇ ਕਿ ਇਹ ਬਿਮਾਰੀ ਖਾਣੇ ਤੋਂ ਵੀ ਹੋ ਸਕਦੀ ਹੈ. ਹਾਂ ਪਰ ਇਹ ਖਾਣੇ ਦੇ ਪੈਕਟ ਜਾਂ ਫਲ ਸਬਜੀਆਂ ਜਿਸ ਤੇ ਵਾਇਰਸ ਹੋਵੇ ਅਤੇ ਅਜੇ ਮਰਿਆ ਨਾ ਹੋਵੇ ਅਤੇ ਇਹ ਸਾਡੇ ਹੱਥਾਂ ਤੇ ਲੱਗ ਜਾਵੇ ਅਤੇ ਇਹ ਗੰਦੇ ਹੱਥਾਂ ਨੂੰ ਅੱਖਾਂ ਤੇ, ਮੂੰਹ ਤੇ ਜਾਂ ਨੱਕ ਨੂੰ ਛੂਹਣ ਨਾਲ ਇਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ. ਇਸ ਲਈ ਇਨ੍ਹਾਂ ਚੀਜ਼ਾਂ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਜਾਂ ਸੈਨੇਟਾਈਜ਼ਰ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਸਾਡੇ ਹੱਥਾਂ ਤੋਂ ਇਹ ਸਾਨੂੰ ਨਾ ਫੈਲੇ. ਖਾਣੇ ਤੋਂ ਇਹ ਵਾਇਰਸ ਨਹੀਂ ਫੈਲਦਾ.
ਫਲਾਂ ਤੇ ਸਬਜੀਆਂ ਨੂੰ ਵੀ ਧੋਣ ਦਾ ਕੀ ਕੋਈ ਅਲੱਗ ਤਰੀਕਾ ਹੈ ਜਾਂ ਆਮ ਵਾਂਗ ਹੀ ਧੋਈਏ ਅਤੇ ਖਾਣਾ ਬਣਾਉਣ ਵਿੱਚ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ-
ਫਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਨਾਲ ਧੋਣਾ ਹੀ ਕਾਫੀ ਹੈ. ਧੋਣ ਵੇਲੇ ਇਹ ਗੱਲ ਧਿਆਨ ਵਿੱਚ ਰੱਖੀ ਜਾਏ ਕਿ ਇਨ੍ਹਾਂ ਨੂੰ ਥੋੜ੍ਹਾ ਜਿਹਾ ਸਮਾਂ ਲਗਾ ਕੇ ਚੰਗੀ ਤਰ੍ਹਾਂ ਨਾਲ ਧੋਇਆ ਜਾਵੇ.ਇਸ ਤੋਂ ਇਲਾਵਾ ਹੇਠ ਲਿਖੀਆਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ.ਜਿਵੇਂ ਕਿ
· ਫਲ ਤੇ ਸਬਜੀਆਂ ਨੂੰ ਸਾਫ ਰੱਖੋ.
· ਕੱਚਾ ਅਤੇ ਪੱਕਾ ਭੋਜਨ ਅਲੱਗ ਅਲੱਗ ਰੱਖੋ, ਕਿਓਂਕਿ ਕੱਚੇ ਭੋਜਨ ਵਿੱਚ ਜਿਵੇਂ ਕਿ ਮੀਟ ਆਦਿਕ ਵਿੱਚ ਕਈ ਖਤਰਨਾਕ ਜੀਵਾਣੂ ਹੋ ਸਕਦੇ ਹਨ ਜੋ ਕਿ ਪੱਕੇ ਭੋਜਨ ਵਿੱਚ ਜਾ ਸਕਦੇ ਹਨ ਅਤੇ ਸਾਨੂੰ ਬਿਮਾਰੀ ਕਰ ਸਕਦੇ ਹਨ.
· ਖਾਣੇ ਨੂੰ ਚੰਗੀ ਤਰ੍ਹਾਂ ਪਕਾਓ, ਜਿਸ ਨਾਲ ਕਈ ਖਤਰਨਾਕ ਜੀਵਾਣੂ ਅਸਾਨੀ ਨਾਲ ਮਰ ਜਾਂਦੇ ਹਨ.ਖਾਣੇ ਨੂੰ ਅੰਦਰੋਂ ਘੱਟੋ^ ਘੱਟ 75 ਡਿਗਰੀ ਤੱਕ ਪਕਾਉਣਾ ਜ਼ਰੂਰੀ ਹੈ.
· ਖਾਣੇ ਨੂੰ ਸਹੀ ਤਾਪਮਾਨ ਤੇ ਸਟੋਰ ਕਰਨਾ ਵੀ ਜ਼ਰੂਰੀ ਹੈ.ਭੋਜਨ ਨੂੰ ਗਲਤ ਤਾਪਮਾਨ ਤੇ ਰੱਖਣ ਕਰਕੇ ਇਸ ਵਿੱਚ ਜੀਵਾਣੂਆਂ ਦਾ ਵਾਧਾ ਬੜ੍ਹੀ ਹੀ ਜਲਦੀ ਹੁੰਦਾ ਹੈ.
· ਖਾਣੇ ਦੀ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ, ਖਾਸ ਕਰਕੇ ਪੈਕ ਫੂਡ ਆਦਿਕ, ਇਸ ਦੀ ਮਿਆਦ ਪੁੱਗਣ ਦੀ ਤਰੀਕ ਚੰਗੀ ਤਰ੍ਹਾਂ ਚੈੱਕ ਕਰਨੀ ਜ਼ਰੂਰੀ ਹੈ.
· ਸਾਫ ਪਾਣੀ ਅਤੇ ਹੋਰ ਸਮਾਨ ਸਾਫ ਰੱਖੋ.
ਕੀ ਕੋਵਿਡ ਵਾਇਰਸ ਫੂਡ ਪੈਕਟਾਂ ਤੇ ਰਹਿ ਸਕਦਾ ਹੈ.ਜੇ ਹਾਂ ਤਾਂ ਕਿੰਨਾ ਚਿਰ ਅਤੇ ਕੀ ਇਨ੍ਹਾਂ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੈ-
ਇਹ ਗੱਲ ਬਿਲਕੁਲ ਦਰੁਸਤ ਹੈ ਕਿ ਖਾਣੇ ਦੇ ਪੈਕਟਾਂ ਤੇ ਵਾਇਰਸ ਰਹਿ ਸਕਦਾ ਹੈ, ਪਰ ਜਿਵੇਂ ਕਿ ਅਸੀਂ ਪਹਿਲਾਂ ਵੀ ਚਰਚਾ ਕੀਤੀ ਹੈ, ਇਹ ਉਥੇ ਵੱਧ ਫੁੱਲ ਨਹੀਂ ਸਕਦਾ ਅਤੇ ਕੁੱਝ ਇੱਕ ਘੰਟਿਆਂ ਜਾਂ ਦਿਨਾਂ ਮਗਰੋਂ ਮਰ ਜਾਂਦਾ ਹੈ.ਇਸ ਲਈ ਭੋਜਨ ਦੇ ਪੈਕਟ ਨੂੰ ਡਿਸਇਨਫੈਕਟ $ ਸੈਨੇਟਾਈਜ਼ ਕਰਨ ਦੀ ਕੋਈ ਲੋੜ ਨਹੀਂ ਹੈ. ਹਾਂ ਆਪਣੇ ਹੱਥਾਂ ਨੂੰ ਖਾਣਾ ਕੱਢਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾ ਚੰਗੀ ਤਰ੍ਰਾਂ ਸਾਬਣ ਨਾਲ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨਾ ਜ਼ਰੂਰੀ ਹੈ ਤਾਂ ਕਿ ਇਹ ਸਾਡੇ ਹੱਥਾਂ ਤੋਂ ਨੱਕ ਦੇ ਰਸਤੇ ਸਾਡੇ ਸਾਹ ਦੇ ਰਸਤੇ ਵਿੱਚ ਨਾ ਪਹੁੰਚ ਜਾਵੇ.
ਖਾਣਾ ਕਿਨੇ ਸਮੇਂ ਤੱਕ ਪਕਾਉਣਾ ਚਾਹੀਦਾ ਹੈ.ਕਿੰਨੇ ਤਾਪਮਾਨ ਤੇ ਇਹ ਵਾਇਰਸ ਮਰ ਸਕਦਾ ਹੈ-
ਇਹ ਵਾਇਰਸ ਵੀ ਬਾਕੀ ਜੀਵਾਣੂਆਂ ਵਾਂਗ ਗਰਮੀ ਨਾਲ ਜਲਦੀ ਮਰ ਜਾਂਦਾ ਹੈ. ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਭੋਜਨ ਨੂੰ ਘੱਟੋ^ਘੱਟ 70^75 ਡਿਗਰੀ ਤੇ ਪਕਾਉਣਾ ਚਾਹੀਦਾ ਹੈ. ਇਹ ਤਾਪਮਾਨ ਖਾਣੇ ਦੇ ਅੰਦਰ ਦਾ ਤਾਪਮਾਨ ਹੈ, ਨਾ ਕਿ ਖਾਣੇ ਦੀ ਸਤਿਹ ਦਾ.
ਕਰਿਆਨੇ ਦੀਆਂ ਦੁਕਾਨਾਂ ਤੇ ਖਪਤਕਾਰਾਂ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ-
ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਅਜੇ ਤੱਕ ਕੋਈ ਦਵਾਈ ਨਹੀਂ ਆਈ, ਇਸ ਲਈ ਇਸ ਦੇ ਬਚਾਅ ਵਿੱਚ ਹੀ ਸਾਡਾ ਭਲਾ ਹੈ. ਕੁੱਝ ਇੱਕ ਚੀਜ਼ਾਂ ਜਿਹੜੀਆਂ ਅਸੀਂ ਕਰਿਆਨੇ ਦੀਆਂ ਦੁਕਾਨਾਂ ਤੇ ਕਰ ਸਕਦੇ ਹਾਂ ਉਹ ਇਸ ਤਰ੍ਹਾਂ ਹਨ.
· ਖਪਤਕਾਰਾਂ ਨੂੰ ਇੱਕ ਦੂਜੇ ਤੋਂ ਘੱਟੋ-ਘੱਟ ਇੱਕ ਮੀਟਰ ਦਾ ਫਾਸਲਾ ਬਣਾ ਕੇ ਰੱਖਣਾ ਚਾਹੀਦਾ ਹੈ.
· ਸਟੋਰ ਵਿੱਚ ਹਮੇਸ਼ਾ ਮਾਸਕ ਦੀ ਵਰਤੋਂ ਜ਼ਰੂਰੀ ਹੈ.
· ਕਿਸੇ ਟਰਾਲੀ ਜਾਂ ਬਾਸਕਟ ਵਰਤੋਂ ਕਰ ਰਹੇ ਹੋ ਤਾਂ ਉਸ ਦੇ ਹੈਂਡਲ ਨੂੰ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ.
· ਸਟੋਰ ਵਿੱਚ ਵੜ੍ਹਨ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਰਾਂ ਸੈਨੇਟਾਈਜ਼ ਕਰ ਲਓ.
· ਜੇ ਸਟੋਰ ਵਿੰਚ ਖਾਂਸੀ ਜਾਂ ਛਿੱਕ ਆਉਂਦੀ ਹੈ ਤਾਂ ਉਸ ਨੂੰ ਕੂਹਣੀ ਵਿੱਚ ਖੰਘੋ ਜਾਂ ਆਪਣੇ ਕੋਲ ਇੱਕ ਟਿਸ਼ੂ ਪੇਪਰ ਰੱਖੋ ਅਤੇ ਖੰਘਣ ਜਾਂ ਛਿੱਕ ਮਾਰਨ ਤੋਂ ਬਾਅਦ ਉਸ ਨੂੰ ਡਸਟ- ਬਿਨ ਵਿੱਚ ਸੁੱਟ ਦਿਓ.
· ਖਰੀਦਦਾਰੀ ਕਰਦੇ ਸਮੇਂ ਆਪਣਾ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰੋ.
· ਜਿਤਨੀ ਹੋ ਸਕੇ ਕੈਸ਼ ਦੀ ਜਗ੍ਹਾ ਤੇ ਕਾਰਡ ਦੀ ਵਰਤੋਂ ਕਰੋ.
· ਜਿਤਨਾ ਹੋ ਸਕੇ ਸਟੋਰ ਤੇ ਇਕੱਲੇ ਹੀ ਜਾਓ, ਬੱਚਿਆਂ ਨੂੰ ਨਾਲ ਲੈ ਕੇ ਜਾਣ ਤੋਂ ਗੁਰੇਜ਼ ਕਰੋ.
· ਸਬਜੀਆਂ ਜਾਂ ਫਲਾਂ ਨੂੰ ਬੇਲੋੜੇ ਹੱਥ ਨਾ ਲਾਓ.ਜਿਹੜੀ ਚੀਜ਼ ਖਰੀਦਣੀ ਹੈ, ਉਸ ਨੂੰ ਹੀ ਹੱਥ ਲਾਓ.
· ਜੇ ਤੁਸੀਂ ਆਪਣੇ ਨਾਲ ਆਪਣਾ ਥੈਲਾ ਲੈ ਕੇ ਜਾਂਦੇ ਹੋ ਤਾਂ ਉਸ ਨੂੰ ਵੀ ਨਿਯਮਤ ਸਮੇਂ ਤੇ ਧੋਂਦੇ ਰਹੋ.
ਕੀ ਖਾਣੇ ਦੀ ਜਾਂ ਕਰਿਆਨੇ ਦੀ ਡਿਲਿਵਰੀ ਸੇਫ ਹੈ-
ਹਾਂ, ਜੇ ਇਹ ਪੂਰੀ ਇਹਤਾਇਤ ਨਾਲ ਕੀਤੀ ਜਾਵੇ ਅਤੇ ਡਿਲਿਵਰੀ ਵਾਲੇ ਨੇ ਪੂਰੀਆਂ ਸਾਵਧਾਨੀਆਂ ਵਰਤੀਆਂ ਹੋਣ ਜਿਵੇਂ ਕਿ ਮਾਸਕ ਲਾਇਆ ਹੋਵੇ, ਹੱਥਾਂ ਵਿੱਚ ਦਸਤਾਨੇ ਪਾਏ ਹੋਣ ਅਤੇ ਹਰ ਸਤਿਹ ਨੂੰ ਚੰਗੀ ਤਰ੍ਰਾਂ ਸੈਨੀਟਾਈਜ਼ ਕੀਤਾ ਹੋਵੇ. ਡਿਲਿਵਰੀ ਲੈਣ ਤੋਂ ਬਾਅਦ ਖਰੀਦਦਾਰ ਦਾ ਵੀ ਫਰਜ਼ ਹੈ ਕਿ ਉਹ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਜਾਂ ਸੈਨੀਟਾਈਜ਼ਰ ਨਾਲ ਸਾਫ ਕਰੇ.
ਰੇਸਤਰਾਂ ਜਾਂ ਹੋਟਲਾਂ ਵਿੱਚ ਕੀ^ਕੀ ਇਹਤਿਆਤ ਰੱਖ ਸਕਦੇ ਹਾਂ-
ਅੱਜ ਕੱਲ ਹਰ ਰੇਸਤਰਾਂ, ਹੋਟਲ ਜਾਂ ਖਾਣ ਪੀਣ ਵਾਲੀਆਂ ਜਗ੍ਹਾਵਾਂ ਤੇ ਇਹ ਜ਼ਰੂਰੀ ਹੈ ਕਿ ਉਹ ਸਾਫ^ਸਫਾਈ ਦਾ ਪੂਰਾ ਖਿਆਲ ਰੱਖਣ.ਪਰ ਸਾਡਾ ਵੀ ਕੁੱਝ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੀਏ.
· ਆਪਣਾ ਮਾਸਕ ਪਾ ਕੇ ਜਾਵੋ.
· ਜੇ ਤੁਸੀਂ ਕਿਸੇ ਲਾਈਨ ਵਿੱਚ ਖੜ੍ਹੇ ਹੋ ਤਾਂ ਜ਼ਰੂਰੀ ਸਰੀਰਕ ਦੂਰੀ ਬਣਾ ਕੇ ਰੱਖੋ.
· ਜੇ ਬਿਮਾਰ ਹੋ ਜਾਂ ਤੁਹਾਨੂੰ ਵੱਖਰਾ ਰਹਿਣ ਲਈ ਕਿਹਾ ਗਿਆ ਹੈ ਤਾਂ ਬਾਹਰ ਨਾ ਨਿਕਲੋ.
· ਰੇਸਤਰਾਂ ਜਾਂ ਹੋਟਲ ਮਾਲਕ ਨੂੰ ਵੀ ਚਾਹੀਦਾ ਹੈ ਕਿ ਜੇ ਉਸ ਦਾ ਕੋਈ ਸਟਾਫ ਮੈਂਬਰ ਬਿਮਾਰ ਹੈ ਜਾਂ ਠੀਕ ਮਹਿਸੂਸ ਨਹੀਂ ਕਰ ਰਿਹਾ ਤਾਂ ਉਸ ਤੋਂ ਕੰਮ ਨਾ ਲਿਆ ਜਾਵੇ ਅਤੇ ਰੇਸਤਰਾਂ ਸਟਾਫ ਨੂੰ ਵੀ ਖਾਣੇ ਦੀ ਸਾਫ ਸਫਾਈ, ਤਾਪਮਾਨ ਆਦਿਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ.
· ਖਾਣੇ ਦੇ ਮੇਜ਼ ਤੇ ਹੋਰ ਜਗ੍ਹਾਵਾਂ ਨਿਯਮਤ ਤੌਰ ਤੇ ਸਾਫ ਕਰਨੀਆਂ ਜ਼ਰੂਰੀ ਹਨ.
ਘਰ ਲਈ ਸਭ ਤੋਂ ਵਧੀਆ ਕੀਟਾਣੂਨਾਸ਼ਕ ਕਿਹੜਾ ਹੈ-
ਘਰ ਦੀ ਨਿਯਮਤ ਸਮੇਂ ਤੇ ਸਫਾਈ ਅਤੇ ਕੀਟਾਣੂ ਨਾਸ਼ਕਾਂ ਦੇ ਪ੍ਰਯੋਗ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ.ਘਰਾਂ ਵਿੱਚ ਕੋਈ ਵੀ ਐਸਾ ਕੀਟਾਣੂਨਾਸ਼ਕ ਜਿਸ ਵਿੱਚ ਘੱਟੋ ਘੱਟ 70# ਇਥੈਨੋਲ (ਐਲਕੋਹਲ ਦੀ ਇੱਕ ਕਿਸਮ) ਹੋਵੇ ਜਾਂ 0H05# ਹਾਈਪੋਕਲੋਰਾਈਟ (ਜੋ ਕਿ ਰੰਗਕਾਟ ਦਾ ਵੀ ਇੱਕ ਹਿੱਸਾ ਹੁੰਦਾ ਹੈ) ਹੋਵੇ, ਡਿਸਇਨਫੈਕਸ਼ਨ ਵਾਸਤੇ ਸਹੀ ਹੈ.
ਇਸ ਤਰ੍ਹਾਂ ਉਪਰ ਲਿਖੀਆਂ ਸਾਵਧਾਨੀਆਂ ਵਰਤ ਕੇ ਅਤੇ ਚੰਗਾ ਖਾਣਾ ਖਾ ਕੇ ਅਸੀਂ ਕੋਵਿਡ ਤੋ ਬਚਾ ਕਰ ਸਕਦੇ ਹਾਂ.
ਹਵਾਲਾ^
· “Food Safety.” BC Centre for Disease Control, www.bccdc.ca/health-info/diseases-conditions/covid-19/prevention-risks/food-safety.
· “Coronavirus Disease (COVID-19): Food Safety for Consumers.” World Health Organization, World Health Organization, www.who.int/news-room/q-a-detail/coronavirus-disease-covid-19-food-safety-for-consumers.
-
ਡਾ. ਪਰਵਿੰਦਰ ਸਿੰਘ ਐਮ.ਡੀ., ਡਾਕਟਰ
drperrysingh@gmail.com
(604) 802-9532
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.