ਦਿੱਲੀ, 'ਲੋਕ ਰਾਜ ਦੇ ਮੰਦਰ', ਪੋਹ ਦੀ ਠਰੀ ਰਾਤਰੀ ਅੰਦਰ।
ਧਰਤੀ ਮਾਂ ਦੀ ਗੋਦ 'ਚ ਬਹਿ ਕੇ, ਅੰਬਰ ਚਾਦਰ ਸਿਰ 'ਤੇ ਲੈ ਕੇ।
ਬਾਬੇ ਗੱਭਰੂ ਮਾਵਾਂ ਬੱਚੇ, ਦਿਲ ਤੋਂ ਸਬਰ ਸਿਦਕ ਦੇ ਪੱਕੇ।
ਪਾਲਾ ਕੱਕਰ ਹੁਣ ਨਾ ਪੋਹੇ, ਕੋਰੋਨਾ ਵੀ ਜਿਸਮ ਨਾ ਛੂਹੇ।
ਅਸਲ ਕੋਰੋਨਾ ਫਾਸ਼ੀਵਾਦ, ਉਸ ਤੋਂ ਹੋਣਾ ਪਊ ਆਜ਼ਾਦ।
ਉਸ ਦਾ ਦਿੱਲੀ ਵਿੱਚ ਟਿਕਾਣਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
ਕਿਧਰੇ ਡਾਂਗਾਂ ਦੀਆਂ ਨੇ ਚੋਟਾਂ, ਕਿਧਰੇ ਪਾਣੀ ਦੀਆਂ ਨੇ ਤੋਪਾਂ।
ਕਿਧਰੇ ਰੋਕਾਂ ਕਿਧਰੇ ਪੱਥਰ, ਕਿਧਰੇ ਵਿਛੇ ਪਏ ਨੇ ਸੱਥਰ।
ਕਿਧਰੇ ਪੈਣ ਪੁਲਿਸ ਦੇ ਧੱਕੇ, ਪਰ ਕਿਰਸਾਨ ਨਾ ਮੂਲੋਂ ਅੱਕੇ।
ਗੁਰਬਾਣੀ ਨੂੰ ਰਹਿਣ ਧਿਆਉਂਦੇ, ਭਾਈ ਘਨ੍ਹੱਈਆ ਚੇਤੇ ਆਉਂਦੇ।
'ਪਾਣੀ ਤੋਪਾਂ ਲੱਖ ਵਰ੍ਹਾਓ, ਪਹਿਲਾਂ ਲੰਗਰ ਛੱਕ ਕੇ ਜਾਓ'।
ਨਾ ਕੋਈ ਵੈਰੀ ਨਹੀਂ ਬਿਗਾਨਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
ਬਾਬਾ ਬੰਦਾ ਸਿੰਘ ਬਹਾਦਰ, ਹਲ-ਵਾਹਕ ਨੂੰ ਦਿੱਤਾ ਆਦਰ।
ਕਿਰਸਾਨਾਂ ਨੂੰ ਮਿਲੀ ਜ਼ਮੀਨ, ਰਿਹਾ ਕੋਈ ਨਾ ਕਿਸੇ ਅਧੀਨ।
ਕਿਰਤੀ ਸੀ ਤਦ ਮਾਲੋ-ਮਾਲ, ਰਾਜ ਖ਼ਾਲਸਾ ਸੀ ਖੁਸ਼ਹਾਲ।
ਪਰ ਅੱਜ ਗਰਕ ਗਿਆ ਹੈ ਬੇੜਾ, ਮੋਦੀ ਦਿੱਤਾ ਪੁੱਠਾ ਗੇੜਾ।
ਪਾਈ ਫ਼ਿਰੰਗੀ ਤਾਈਂ ਮਾਤ, ਝੂਠੀ ਨਿਕਲੀ 'ਮਨ ਕੀ ਬਾਤ'।
'ਰਾਜ ਹਲੇਮੀ' ਪਊ ਲਿਆਣਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
ਜਨਤਾ ਦੀ ਸੇਵਕ ਸਰਕਾਰ, ਜਨਤਾ ਤਾਈਂ ਰਹੀ ਉਜਾੜ।
ਘੜ ਲਏ ਕਾਲੇ ਤਿੰਨ ਕਨੂੰਨ, ਜੋ ਕਿਰਤੀ ਦਾ ਚੂਸਣ ਖ਼ੂਨ।
ਵੇਚ ਜ਼ਮੀਰ ਅਤੇ ਕਿਰਦਾਰ, ਖੁਸ਼ ਕੀਤੇ ਸਰਮਾਏਦਾਰ।
ਦੇਸ਼ ਨੂੰ ਲੁੱਟੀ ਜਾਣ ਅਡਾਨੀ, ਧਰਤ ਹੜੱਪੀ ਜਾਣ ਅੰਬਾਨੀ
ਪੂੰਜੀਪਤੀਆਂ ਲੁੱਟ ਮਚਾਈ, ਕਿਰਤੀ ਪਾਉਂਦੇ ਹਾਲ ਦੁਹਾਈ।
ਗੱਦੀਓਂ ਲਹੁਣਾ ਲੋਟੂ ਲਾਣਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
ਆਖੋ ਚਾਹੇ ਖ਼ਾਲਿਸਤਾਨੀ, ਚਾਹੇ ਆਖੋ ਪਾਕਿਸਤਾਨੀ।
ਮੰਨੋ ਚਾਹੇ ਨਕਸਲਬਾੜੀ ਅਸਾਂ ਹੈ ਮੌਤ ਵਿਆਹੁਣੀ ਲਾੜੀ।
ਸਭ ਏਕਾ ਹਾਂ ਕਰਕੇ ਚੱਲੇ, ਸੀਸ ਤਲੀ 'ਤੇ ਧਰ ਕੇ ਚੱਲੇ।
ਨਾ ਪਛਤਾਵਾ ਨਾ ਹੈ ਝੋਰਾ, ਨਾ ਹਾਕਮ ਦਾ ਡਰ ਹੀ ਭੋਰਾ।
ਛੱਡਣਾ ਸੱਚ ਦਾ ਰਾਹ ਨਹੀਂ ਹੈ, ਦੋਸ਼ਾਂ ਦੀ ਪਰਵਾਹ ਨਹੀਂ ਹੈ।
ਜ਼ਾਲਮ ਤਾਈਂ ਸਬਕ ਸਿਖਾਣਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
ਸਾਰੇ ਦੇਸ਼ ਦਾ ਪੇਟ ਜੋ ਭਰਦਾ, ਅੰਨਦਾਤਾ ਭੁੱਖਾ ਕਿਉਂ ਮਰਦਾ।
ਜਦੋਂ ਜ਼ਮੀਨ ਹੜੱਪੀ ਸਾਰੀ, ਅੰਨਦਾਤਾ ਬਣ ਜਾਊ ਭਿਖਾਰੀ।
ਮਿਹਨਤਕਸ਼ ਹੁਣ ਜਾਗ ਪਿਆ ਹੈ, ਹਾਕਮ ਖੁੱਡ ਵਿੱਚ ਜਾ ਵੜਿਆ ਹੈ।
ਮੋਹਰੀ ਬਣ ਪੰਜਾਬ ਹੈ ਤੁਰਿਆ, ਸਾਰਾ ਮੁਲਕ ਨਾਲ ਆ ਰਲਿਆ।
ਹੱਕਾਂ ਦੀ ਹੈ ਜੰਗ ਅਸਾਡੀ, ਦਿੱਲੀ ਅੰਤ ਰਹੇਗੀ ਫਾਡੀ ।
ਅੱਜ ਦਾ ਨਹੀਂ, ਇਤਿਹਾਸ ਪੁਰਾਣਾ, ਦਿੱਲੀ ਜਿੱਤੇ ਬਿਨਾਂ ਨਾ ਜਾਣਾ।
-
ਡਾ ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
singhnewscanada@gmail.com
001 -604-825-1550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.